ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੀ ਮੂਲ ਸੰਭਾਵਨਾ : ਪ੍ਰਗਤੀਸ਼ੀਲਤਾ

 ਵਿਪਸਾਅ ਕਾਨਫ਼ਰੰਸ, ਅਕਤੂਬਰ 3-4-5, ਦੇ ਮੌਕੇ ‘ਤੇ:

ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੀ ਮੂਲ ਸੰਭਾਵਨਾ: ਪ੍ਰਗਤੀਸ਼ੀਲਤਾ    

                              —-ਡਾ. ਸੁਖਪਾਲ ਸੰਘੇੜਾ ਓਰਫ਼ ਪਰਖ਼ਾ



ਮਨੁੱਖ, ਧਰਤੀ ਉੱਪਰ ਜਿੰਦਗੀ ਦੇ ਵਿਕਾਸ ਦੌਰਾਨ, ਇੱਕ ਜੂਨ, ਯਾਣਿ species, ਦੇ ਰੂਪ ਵਿੱਚ ਪ੍ਰਗਟ ਹੋਇਆ। ਉਦੋਂ ਤੋ ਹੀ, ਮਨੁੱਖੀ ਬੁੱਧੀ ਤੇ ਇਹਦੀ ਕਲਪਨਾ ਯੋਗਤਾ ਸਦਕੇ, ਇੱਕ ਸਫ਼ਰ ਸ਼ੁਰੂ ਹੋ ਗਿਆ ਜੋ ਅੱਜ ਵੀ ਜਾਰੀ ਹੈ। ਇਹ ਉਹੀ ਸਫ਼ਰ ਹੈ ਜੋ ਸਾਨੂੰ, ਮਨੁੱਖੀ ਜੂਨ ਵਜੋਂ, ਜੰਗਲਾਂ-ਗੁਫ਼ਾਵਾਂ ਤੋਂ ਕੱਢ ‘ਅੱਜ’, ਯਾਣਿ ਆਧੁਨਿਕ ਯੁੱਗ, ਤੱਕ ਲੈ ਆਇਆ ਹੈ। ਭਾਵੇਂ ਇਸ ਮਨੁੱਖੀ ਜੂਨ ਦੇ ਸਫ਼ਰ ਦਾ ਰਾਹ ਇੰਨਾ ਸਿੱਧਾ ਨਹੀਂ ਰਿਹਾ ਤੇ ਨਾ ਹੀ ਹਰ ਦੇਸ਼ ਦਾ ‘ਅੱਜ’ ਵੀ ਸੰਸਾਰ ਪੱਧਰ ‘ਤੇ ਸਾਂਵਾ ਹੈ, ਫਿਰ ਵੀ ਔਸਤਨ ਰੂਪ ਵਿੱਚ, ਡੈਟਾ ਦੇ ਆਧਾਰ ਤੇ, ਵਿਗਿਆਨਕ ਤੌਰ ‘ਤੇ ਸਿੱਧ ਕੀਤਾ, ਜਾਂ ਵਿਖਾਇਆ, ਜਾ ਸਕਦਾ ਹੈ ਕਿ ਇਹ ਰਾਹ ਮਨੁੱਖੀ ਤਰੱਕੀ ਦਾ ਰਾਹ ਰਿਹਾ ਹੈ [1], ਜਿਸਨੂੰ ਮਨੁੱਖੀ ਵਿਕਾਸ, ਮਨੁੱਖੀ ਪ੍ਰਗਤੀ, ਜਾਂ ਪ੍ਰਗਤੀਸ਼ੀਲਤਾ, ਦਾ ਰਾਹ ਵੀ ਕਿਹਾ ਗਿਆ ਹੈ। ਮਨੁੱਖੀ ਤਜਰਬੇ ਦੇ ਅਨੁਸਾਰ, ਮਨੁੱਖਤਾ ਦੀ ਪ੍ਰਗਤੀ ਦਾ ਇਹ ਰਾਹ ਰਿਹਾ ਹੈ: ਅਗਿਆਨਤਾ ਤੋਂ ਗਿਆਨ, ਅੰਧ-ਵਿਸ਼ਵਾਸ਼/ਵਿਸ਼ਵਾਸ਼ ਤੋਂ ਵਿਗਿਆਨ, ਭੇਤਾਂ ਤੋਂ ਖੁੱਲ੍ਹੇਪਣ, ਰਾਜਾਸ਼ਾਹੀ/ਤਾਨਾਸ਼ਾਹੀ ਤੋ ਜਮਹੂਰੀਅਤ, ਗ਼ੁਲਾਮੀ ਤੋਂ ਆਜ਼ਾਦੀ, ਤੇ ਮਨੁੱਖੀ ਲੁੱਟ-ਖਸੁੱਟ ਤੋਂ ਮਨੁੱਖੀ ਹੱਕਾਂ ਦੀ ਮਾਨਤਾ ਆਦਿ ਵੱਲ ਨੂੰ। ਕਿਸੇ ਵੀ ਸਮਾਜ ਦੀ ਮੌਜੂਦਾ ਸਥਿਤੀ ਅਨੁਸਾਰ, ਜਿਹੜੀ ਕਵਿਤਾ ਮਨੁੱਖੀ ਪ੍ਰਗਤੀ ਦਾ ਇਹ ਰਾਹ ਪਛਾਣੇ, ਇਹ ਰਾਹ ਪਛਾਣਨ ‘ਚੇ ਲੋਕਾਂ ਦੀ ਮੱਦਦ ਕਰੇ, ਤੇ ਇਸ ਰਾਹੇ ਪੈਣ ਲਈ ਲੋਕਾਂ ਨੂੰ ਪ੍ਰੇਰੇ ਜਾਂ ਉਤਸ਼ਾਹਿਤ ਕਰੇ, ਉਹੀ ਪ੍ਰਗਤੀਸ਼ੀਲ ਕਵਿਤਾ ਹੁੰਦੀ ਹੈ; ਪ੍ਰਗਤੀਸ਼ੀਲਤਾ ਦੀ ਇਹ ਪ੍ਰੀਭਾਸ਼ਾ ਸਾਹਿਤ ਦੇ ਸਾਰੇ ਰੂਪਾਂ ‘ਤੇ ਲਾਗੂ ਹੁੰਦੀ ਹੈ। ਪੰਜਾਬੀ ਕਵਿਤਾ ਦੇ ਖੇਤਰ ਵਿੱਚ ਹੀ ਨਹੀਂ, ਸਗੋਂ ਸੰਸਾਰ ਪੱਧਰ ‘ਤੇ ਚੱਲੀਆਂ ਪ੍ਰਗਤੀਵਾਦੀ ਕਵਿਤਾ ਤੇ ਕ੍ਰਾਂਤੀਕਾਰੀ ਕਵਿਤਾ ਦੀਆਂ ਲਹਿਰਾਂ ਦਾ ਕਾਵਿ ਪ੍ਰਗਤੀਸ਼ੀਲ ਕਵਿਤਾ ਸੀ। ਇਸ ਪ੍ਰਸੰਗ ਵਿੱਚ, ਕਵਿਤਾ ਦੀ ਮੂਲ ਸੰਭਾਵਨਾ ਉਹਦੀ ਪ੍ਰਗਤੀਸ਼ੀਲਤਾ ਵਿੱਚ ਹੀ ਹੁੰਦੀ ਹੈ, ਕੋਈ ਵੀ ਭਾਸ਼ਾ ਤੇ ਕੋਈ ਵੀ ਦੇਸ਼ ਹੋਵੇ। ਇਹ ਲੇਖ ਵਿੱਚ, ਅਸੀਂ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੀ ਮੂਲ ਸੰਭਾਵਨਾ, ਯਾਣਿ ਪ੍ਰਗਤੀਸ਼ੀਲਤਾ, ਦਾ ਵਿਸ਼ਲੇਸ਼ਣ ਪੇਸ਼ ਕਰਾਂਗੇ।   


ਜਾਣਕਾਰੀ: ਕਿਹੜੀ ਆਲੋਚਨਾ?

ਉੱਪਰ,  ਕੁਦਰਤੀ ਢੰਗ ਨਾਲ, ਮਨੁੱਖੀ ਵਿਕਾਸ ‘ਚੋਂ, ਖਿੱਚੀ ਪ੍ਰਗਤੀਸ਼ੀਲ ਕਵਿਤਾ ਦੀ ਪ੍ਰੀਭਾਸ਼ਾ, ਕਵਿਤਾ ਦਾ ਰਿਸ਼ਤਾ ਮਨੁੱਖਤਾ ਨਾਲ ਜੋੜਦੀ ਹੋਈ, “ਕਵਿਤਾ ਕੇਵਲ ਕਵਿਤਾ ਲਈ ਹੀ ਨਹੀਂ, ਸਮਾਜ ਤੇ ਮਨੁੱਖਤਾ ਲਈ ਵੀ” ਦੇ ਥੀਸਿਸ, ਯਾਣਿ thesis, ‘ਤੇ ਵੀ ਹਸਤਾਖ਼ਰ ਕਰ ਜਾਂਦੀ ਹੈ, ਚਾਹੇ ਲੁਪਤ ਢੰਗ, ਭਾਵ implication, ਨਾਲ ਹੀ। ਇਸ ਲਈ, ਮੈਂ ਉਨ੍ਹਾਂ ਵਿੱਚੋਂ ਨਹੀਂ, ਜੋ ਕਵਿਤਾ ਦੇ ਸਾਰੇ ਸੰਬੰਧਾਂ ਦੀ ਡੂੰਘਿਆਈ ਵਿੱਚ ਨਾ ਜਾਂਦੇ ਹੋਏ, ਇਸ ਨੂੰ ਕੇਵਲ ਮਨੁੱਖੀ-ਭਾਵਾਂ ਤੇ ਆਤਮਕ ਵ੍ਰਿਤੀਆਂ ਦੇ ਕੀਲੇ ਨਾਲ ਬੰਨ, ਇਹਦਾ ਪ੍ਰਭਾਵ-ਘੇਰਾ ਬਹੁਤ ਸੀਮਿਤ ਕਰ ਦਿੰਦੇ ਨੇ। ਇਸ ਦੇ ਓਲਟ,  ਮੈਂ ਸੰਤ ਸਿੰਘ ਸੇਖੋਂ ਦੇ ਕਥਨ ਨਾਲ ਖੜ੍ਹਦਾ ਹਾਂ, “ਕਵਿਤਾ ਜਾਂ ਕਲਾ ਕੇਵਲ ਜਾਤੀ ਦੀ ਸੰਸਕ੍ਰਿਤੀ ਤੇ ਪਰੰਪਰਾ ਉੱਪਰ ਆਧਾਰ ਹੀ ਨਹੀਂ ਰੱਖਦੀ, ਇਸ ਦੇ ਵਿਕਾਸ ਵਿੱਚ ਹਿਸਾ ਪਾਂਦੀ ਹੈ [2]”। ਇਸ ਤਰ੍ਹਾਂ ਹੀ,  ਆਪਣੇ ਸਮਾਜ ਰਾਹੀ, ਤੇ ਖ਼ਾਸ ਸਮਾਜ ਤੋਂ ਉੱਪਰ ਉੱਠ ਕੇ ਵੀ, ਕਵਿਤਾ ਮਨੁੱਖੀ ਵਿਕਾਸ ਵੀ ਹਿੱਸਾ ਪਾਉਂਦੀ ਹੈ, ਨਕਾਰਾਤਮਕ ਜਾਂ ਸਕਾਰਾਤਮਕ; ਪ੍ਰਗਤੀਵਾਦੀ ਕਵਿਤਾ, ਆਪਣੀ ਪ੍ਰਭਾਸ਼ਾ ਤੋਂ ਹੀ, ਸਕਾਰਾਤਮਕ ਹਿੱਸਾ ਪਾਉੰਦੀ ਹੈ। 


 ਗ਼ੈਰ-ਪ੍ਰਗਤੀਸ਼ੀਲ ਜਾਂ ਉਲਟ-ਪ੍ਰਗਤੀਸ਼ੀਲ ਕਾਵਿ ਦੀਆਂ ਕਈ ਕਿਸਮਾਂ, ਯਾਣਿ genres, ਹੋ ਸਕਦੇ ਨੇ; ਉਨ੍ਹਾਂ ‘ਚੋਂ ਇੱਕ ਨੂੰ, ਜੋ ਪੰਜਾਬੀ ਕਵਿਤਾ ‘ਤੇ ਭਾਰੂ ਰਿਹਾ ਹੈ, ਅਸੀਂ ਕਹਿ ਸਕਦੇ ਹਾਂ: ‘ਗ਼ੁਲਾਮ ਮਾਨਸਿਕਤਾ’ ਕਾਵਿ [3, 4], ਕਾਵਿ ਜੋ ਗ਼ੁਲਾਮੀ ਜਾਂ ‘ਗ਼ੁਲਾਮ ਮਾਨਸਿਕਤਾ’ ਨੂੰ ਪ੍ਰਸਾਰਦਾ ਜਾਂ ਪ੍ਰਚਾਰਦਾ ਹੈ, ਜਾਂ ਲੋਕਾਂ ਪਹਿਲਾਂ ਹੀ ਮੌਜੂਦ ‘ਗ਼ੁਲਾਮ ਮਾਨਸਿਕਤਾ’ ਨੂੰ ਹੱਲਾ-ਸ਼ੇਰੀ ਦਿੰਦਾ ਹੈ। ਪਰ, ਇਸ ਲੇਖ ਦਾ ਮਕਸਦ ਹੈ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਵਿੱਚ ਪੜਤਾਲ ਕਰਨਾ। ਇੱਥੇ ਅਮਰੀਕਾ ਤੋਂ ਸਾਡਾ ਮੱਤਲਬ ਸੰਯੁਕਤ ਰਾਜ ਅਮਰੀਕਾ,  ਯਾਣਿ United States of America,  ਦੇਸ਼ ਹੈ, ਨਾ ਕਿ ਉੱਤਰੀ ਅਮਰੀਕਾ ਮਹਾਂਦੀਪ। ਉੱਤਕ ਤਰਕ ‘ਤੇ ਆਧਾਰਿਤ, ਇਸ ਲੇਖ ਨੂੰ ਕਵਿਤਾ ਦੀ ਸਮਾਜਕ ਆਲੋਚਨਾ ਜਾਂ ਸਮੀਖਿਆ ਦੇ ਖ਼ੇਤਰ ਵਿੱਚ ਰੱਖਿਆ ਜਾ ਸਕਦਾ ਹੈ; ਸਮਾਜ ਕੋਈ ਵੀ ਹੋ ਸਕਦਾ  ਹੈ: ਪੰਜਾਬੀ, ਭਾਰਤੀ, ਜਾਂ ਮਨੁੱਖੀ ਯਾਨਿ ਸੰਸਾਰਪੁਰੀ ਭਾਵ Global Village, ਅੱਜਕੱਲ ਦੇ ਸੂਚਨਾ ਯੁੱਗ ਦਾ।      


ਪਿੱਠਭੂਮੀ: ਕਿਹੜਾ ਸਮਕਾਲੀਨ ਕਾਲ ਤੇ ਕਿਨ੍ਹਾਂ ਦਾ? 

ਅਮਰੀਕਾ ਵਿੱਚ ਪੰਜਾਬੀ ਕਵਿਤਾ ਦਾ ਆਗਮਨ, 20ਵੀਂ ਦੇ ਪਹਿਲੇ ਚੌਥਾਈ ਭਾਗ ਵਿੱਚ, ਗ਼ਦਰ ਲਹਿਰ ਨਾਲ ਹੋਇਆ, ਜਿਸ ਦਾ ਮੁੱਢ ਕੈਲਿਫੋਰਨੀਆਂ ਦੇ ਸ਼ਹਿਰ ਸੈਨ ਫਰਾਂਸਿਸਕੋ ਤੋਂ ਬੱਝਾ, ਭਾਰਤ ਵਿੱਚ ਘਟਣ ਲਈ। ਇਹ ਗ਼ਦਰੀ ਪੰਜਾਬ ਦੇ ਸਾਧਾਰਨ ਮੱਧ-ਵਰਗੀ, ਤੇ ਜ਼ਿਆਦਾਤਰ, ਕਿਸਾਨ ਪਰਵਾਰਾਂ ਤੋਂ ਆਏ ਇੰਮੀਗਰੈਂਟਾਂ, ਵਿੱਚੋਂ ਸਨ। ਅਮਰੀਕਾ ਸੰਨ 1917 ਦੇ ਇਮੀਗ੍ਰੇਸ਼ਨ ਐਕਟ ਨੇ ਗੈਰ-ਯੂਰਪੀਅਨ ਇੰਮੀਗਰੈਂਟਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ, ਜਿਸ ਨਾਲ ਭਾਰਤੀ ਇਮੀਗ੍ਰੇਸ਼ਨ ਨੂੰ ਬੁਰੀ ਤਰ੍ਹਾਂ ਘਟਾਇਆ ਗਿਆ। ਸੰਨ 1965 ਦੇ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਨੇ ਇਨ੍ਹਾਂ ਪਾਬੰਦੀਆਂ ਹਟਾਉਂਦੇ ਹੋਏ ਹੁਨਰਾਂ ਅਤੇ ਪਰਿਵਾਰਕ ਪੁਨਰ-ਏਕੀਕਰਨ ਦੇ ਅਧਾਰ 'ਤੇ ਪ੍ਰਵਾਸੀਆਂ ਲਈ ਅਮਰੀਕਾ ਗੈਰ-ਯੂਰਪੀਅਨਾਂ ਲਈ ਵੀ ਖੋਲ੍ਹ ਦਿੱਤਾ। ਇਸ ਲਈ,  ਗ਼ਦਰੀਆਂ ਤੋਂ ਬਾਅਦ, ਗਿਣਤੀ ਦੇ ਕੁੱਝ ਪੰਜਾਬੀ ਕਵੀ ਉਨੀਂ ਸੌ 70ਵਿਆਂ ਦੌਰਾਨ ਅਮਰੀਕਾ ਆਏ, ਜਿਵੇਂ ਗੁਰੂਮੇਲ ਸਿੱਧੂ ਤੇ ਜਗਜੀਤ ਬਰਾੜ। ਆਮ ਆਉਣਾ, ਆਮ ਲੋਕਾਂ ਦੇ ਨਾਲ, ਉਨੀਂ ਸੌ 80ਵਿਆਂ ਵਿੱਚ ਸ਼ੁਰੂ ਹੋਇਆ, ਜਿਸ ਦੌਰਾਨ ਆਪਣੇ ਸਮੇਂ ਦਾ ਲਾਸਾਨੀ, ਯਾਨਿ unmatched, ਪੰਜਾਬੀ ਕਵੀ ਪਾਸ਼ ਜੁਲਾਈ 1986 ਨੂੰ ਅਮਰੀਕਾ ਦੇ ਸੂਬੇ ਕੇਲਿਫੋਰਨੀਆਂ ਪਹੁੰਚਿਆ।  


ਸੂਚਨਾ ਯੁੱਗ ਵਿੱਚ ਰਹਿੰਦੇ ਹੋਏ, ਸਾਨੂੰ ਕਿਸੇ ਵੀ ਕੌਮੀ ਜਾਂ ਸਥਾਨਿਕ ਮਸਲੇ ਜਾਂ ਮੁੱਦੇ ਨੂੰ ਕੌਮੀ/ਸਥਾਨਿਕ ਹਾਲਾਤਾਂ ਵਿੱਚ ਰੱਖ ਕੇ ਵਿਸ਼ਵ ਪ੍ਰਸੰਗ ਵਿੱਚ ਵਿਚਾਰਨਾ ਚਾਹੀਦਾ ਹੈ। ਇਸ ਭਾਵਨਾ ਨਾਲ,  ਅਸੀਂ ਨੋਟ ਕਰਦੇ ਹਾਂ ਕਿ ਸਮਕਾਲੀ ਅਮਰੀਕੀ ਅੰਗਰੇਜ਼ੀ ਕਵਿਤਾ ਦੇ ਘੇਰੇ ਵਿੱਚ ਆਮ ਤੌਰ 'ਤੇ 1945 ਤੋਂ ਲੈ ਕੇ ਅੱਜ ਤੱਕ ਲਿਖੀ ਗਈ ਕਵਿਤਾ ਆਉਂਦੀ ਹੈ। ਇਸ ਕਾਲ ਨੂੰ ਦੂਜੇ ਵਿਸ਼ਵ ਯੁੱਧ ਦੇ ਨਤੀਜਿਆਂ ਯਾਨਿ aftermath ਨੇ, ਅਤੇ ਉਸ ਤੋਂ ਬਾਅਦ ਦੇ ਸਮੇਂ ਨੂੰ ਪ੍ਰਤੀਬਿੰਬਤ ਕਰਦੀਆਂ ਵਿਭਿੰਨ ਸ਼ੈਲੀਆਂ ਤੇ ਥੀਮਾਂ ਦੀਆਂ ਸ਼੍ਰੇਣੀਆਂ ਨੇ,  ਪ੍ਰਭਾਸ਼ਤ ਕੀਤਾ। ਇਸ ਸਮਕਾਲੀ ਕਵਿਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਰਹੀਆਂ ਨੇ: ਰਵਾਇਤੀ ਰੂਪਾਂ ਤੋਂ ਹਟਣਾ, ਨਿੱਜੀ ਤੇ ਸਮਾਜਿਕ ਮੁੱਦਿਆਂ ਦੀ ਖੋਜ, ਵਿਅਕਤੀਗਤ ਆਵਾਜ਼ਾਂ, ਪ੍ਰਯੋਗਾਤਮਕ ਤਕਨੀਕਾਂ ਨੂੰ ਅਪਣਾਉਣਾ, ਅਤੇ ਆਧੁਨਿਕ ਸੰਸਾਰ 'ਤੇ ਧਿਆਨ ਕੇਂਦਰਿਤ ਕਰਨਾ। ਆਮ ਥੀਮਾਂ, ਯਾਨਿ themes, ਵਿੱਚ ਸ਼ਾਮਲ ਹਨ: 1) ਮਨੁੱਖੀ ਚੇਤਨਾ: ਮਨੁੱਖੀ ਮਨ ਅਤੇ ਅਨੁਭਵ ਦੀਆਂ ਗੁੰਝਲਾਂ ਦੀ ਪੜਚੋਲ ਕਰਨਾ ਅਤੇ 2) ਸਮਾਜਿਕ/ਰਾਜਨੀਨਿਕ ਮੁੱਦੇ: ਨਸਲਵਾਦ, ਯੁੱਧ, ਅਤੇ ਸੱਭਿਆਚਾਰਕ ਪਛਾਣ ਵਰਗੇ ਮੁੱਦਿਆਂ ਨੂੰ ਸੰਬੋਧਿਤ ਕਰਨਾ। ਇਨ੍ਹਾਂ ਵਿਸ਼ਵ ਪ੍ਰਸੰਗ ਦੀਆਂ ਕਾਵਿ-ਵਿਸ਼ੇਸ਼ਤਾਵਾਂ ‘ਤੇ  ਵੀ ਅਸੀਂ ਅੱਖ ਰੱਖਾਂਗੇ, ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦਾ ਵਿਸ਼ਲੇਸਣ ਕਰਦੇ ਹੋਏ, ਪ੍ਰਗਤੀਸ਼ੀਲਤਾ ਦੇ ਸੰਦਰਭ ਵਿੱਚ।


ਧਰਤੀ ਉੱਪਰ ਜਿੰਦਗੀ ਦੇ ਵਿਕਾਸ,  ਯਾਣਿ evolution ,  ਦੌਰਾਨ ਮਨੁੱਖ ਦੇ ਪ੍ਰਗਟ ਹੋਣ ਤੋਂ ਬਾਅਦ, ਮਨੁੱਖੀ ਆਬਾਦੀ ਦੇ ਵਧਣ ਫੁੱਲਣ ਦੌਰਾਨ ਇਮੀਗ੍ਰੇਸ਼ਨ, ਜਿਹਨੂੰ ਪੰਜਾਬੀ ਵਿੱਚ  ‘ਪਰਵਾਸ’ ਨੇ, ਗਲਤ ਤੌਰ ‘ਤੇ। ਇਮੀਗ੍ਰੇਸ਼ਨ ਤੋਂ ਭਾਵ ਮਨੁੱਖ ਜਾਂ ਮਨੁਖੀ-ਆਬਾਦੀ ਦਾ ਇਕ ਤੋਂ ਦੂਜੀ ਥਾਂ ਨੂੰ ਸਥਾਈ ਤੌਰ ‘ਤੇ ਤੁਰ ਜਾਣ ਦੀ ਪ੍ਰਕਿਰਿਆ ਹੁੰਦੀ ਹੈ, ਜਿਸਦੀ ਭੂਮੀਕਾ ਮਨੁੱਖੀ ਵਿਕਾਸ ਵਿੱਚ, ਕੁੱਲ ਮਿਲਾ ਕੇ, ਹਾਂ-ਪੱਖੀ ਰਹੀ ਹੈ। ਅਜੋਕੇ ਯੁੱਗ ਵਿੱਚ ਵੀ ਧਰਤੀ ਦੇ ਵੱਖ ਵੱਖ ਖਿੱਤਿਆਂ ਦੇ ਦੇਸ਼ਾ ਵਿੱਚ ਮਨੁੱਖਤਾ ਦੀ ਅਸਾਵੀਂ ਤਰੱਕੀ ਕਰਕੇ ਮੌਕਿਆਂ ਦੀ ਉਪਲੱਭਤਾ ਵਿੱਚ ਅਸਾਵੇਂਪਣ ਨੂੰ ਹੁੰਘਾਰਾ ਭਰਦੇ ਕੁਝ ਮਨੁੱਖ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਕੂਚ ਕਰ ਜਾਂਦੇ ਨੇ, ਸਥਾਈ ਤੌਰ ‘ਤੇ। ਜੇ ਪਹਿਲਾ ਦੇਸ਼ ਉਨ੍ਹਾਂ ਦਾ ਜਨਮ-ਭੂਮੀ ਦੇਸ਼ ਹੁੰਦਾ ਹੈ ਤੇ ਰਹਿੰਦਾ ਹੈ, ਅਤੇ ਦੂਜਾ ਦੇਸ਼, ਉਸ ਦੇ ਨਾਗਰਿਕ ਬਣਨ ਤੋਂ ਬਾਅਦ, ਉਨ੍ਹਾਂ ਦਾ ਨਵਾਂ ਦੇਸ਼ ਬਣ ਜਾਂਦਾ ਹੈ, ਉਨ੍ਹਾਂ ਦੀ ਚੋਣ ਦਾ ਦੇਸ਼। ਦੋਨੋਂ ਉਨ੍ਹਾਂ ਦੇ ਦੇਸ਼ ਹੁੰਦੇ ਨੇ, ਬਿਦੇਸ਼ ਕੋਈ ਨਹੀਂ ਹੁੰਦਾ। ਤੇ ਉਹ ਆਪਣੇ ਨਵੇਂ ਦੇਸ਼ ਦੇ ਨਾਗਰਿਕ ਹੁੰਦੇ ਨੇ, ਪਰਵਾਸੀ ਨਹੀਂ; ਪਰਵਾਸ ਤਾਂ ਇੱਕ ਪ੍ਰਕਿਰਿਆਂ ਹੈ, ਪਹਿਲੇ ਦੇਸ਼ ਤੋਂ ਦੂਜੇ ਦੇਸ਼ ਨੂੰ ਕੂਚ ਕਰਨ ਦੀ, ਜਿਸ ਵਿੱਚੋਂ ਉਹ ਗੁਜ਼ਰ ਚੁੱਕੇ ਹੁੰਦੇ ਨੇ। ਪਰ, ਪੰਜਾਬੀ ਸਾਹਿਤ ਦੀ ਪੰਜਾਬ/ਭਾਰਤ ਵਿੱਚਲੀ ਸਥਾਪਤੀ ਨੂੰ ਇਨ੍ਹ੍ਹਾਂ ਉੱਤਕ ਪ੍ਰੀਭਾਸ਼ਾਵਾਂ ਤੇ ਇਨ੍ਹਾਂ ਦੀ ਸਾਧਾਰਨ ਸਮਝ,  ਯਾਣਿ common sense, ਦੀ ਕੋਈ ਪਰਵਾਹ ਨਹੀਂ ਸੀ, ਜਦੋਂ ਉਹ ਭਾਰਤ ਤੋਂ ਪੰਜਾਬੀ ਸਾਹਿਤਕਾਰਾਂ ਨੂੰ ਵੱਖ-ਵੱਖ ਦੇਸ਼ਾਂ ਨੂੰ ਕੂਚ ਕਰਦਿਆਂ,  ਤੇ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀ ਲੇਖਕਾਂ ਦੀਆਂ ਜਥੇਬੰਦੀਆਂ ਨੂੰ ਉਗਮਦਿਆਂ, ਤੱਕ ਰਹੇ ਸਨ। ਦੁਨੀਆਂ ਭਰ ਵਿੱਚ ਫ਼ੈਲ ਰਹੇ ਪੰਜਾਬੀਆਂ, ਜਿਨ੍ਹਾਂ ਵਿੱਚ ਪੰਜਾਬੀ ਲੇਖਕ ਵੀ ਸ਼ਾਮਲ ਸਨ, ਕਾਰਨ ਗਲੋਬਲ ਬਣ ਪੰਜਾਬੀ ਬੋਲੀ ਉੱਪਰ ਆਪਣਾ ਗਲਬਾ ਤੇ ਇਜਾਰੇਦਾਰੀ ਖੁਸਣ ਦੇ ਭੈਅ ਵਿੱਚ ਉਨ੍ਹਾਂ ਦੇ ਦਿਲਾਂ ਨੂੰ ਡੋਬੂ ਪੈ ਰਹੇ ਸਨ। ਨਤੀਜਣ, ਉਨ੍ਹਾਂ ਨੇ ਇਮੀਗ੍ਰੇਸ਼ਨ, ਜਿਹਨੂੰ ਉਹ ਪਰਵਾਸ ਕਹਿੰਦੇ ਸਨ, ਦੀ ਪ੍ਰਕਿਰਿਆ ਨੂੰ ਜ਼ਿੰਦਗੀ ਭਰ ਦੀ ਉਪਾਧੀ, ਜਾਂ ਗਾਲ੍ਹ, ਵਿੱਚ ਬਦਲ ਦੇਣਾ ਚਾਹਿਆ। ਉਨ੍ਹਾਂ ਦਾ ਵੱਸ ਚੱਲਦਾ ਤਾਂ ਭਾਰਤ/ਪਾਕਿਸਤਾਨ ਤੋਂ ਬਾਹਰਲੇ, ਜ਼ਿਆਦਾਤਰ ਪੱਛਮੀ, ਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਸਾਹਿੱਤਕਾਰਾਂ ਦੇ ਗਲਾਂ ਵਿੱਚ ਪਟੇ ਪਾ ਕੇ ਉਨ੍ਹਾਂ ਉੱਪਰ ਲਿਖ ਦਿੰਦੇ: ਪਰਵਾਸੀ ਕਵੀ, ਪਰਵਾਸੀ ਕਹਾਣੀਕਾਰ, ਪਰਵਾਸੀ ਲੇਖਕ, ਪਰਵਾਸੀ ਸਾਹਿਤਕਾਰ, ਆਦਿ। ਬਾਹਰ ਵਸਦੇ, ਜੇ ਸਾਰੇ ਨਹੀਂ ਤਾਂ,  ਬਹੁਤੇ ਪੰਜਾਬੀ ਸਾਹਿਤਕਾਰ ਸ਼ੁਰੂ ਤੋਂ ਹੀ ਜਾਣਦੇ ਰਹੇ ਨੇ ਕਿ ‘ਪਰਵਾਸੀ’  ਟਾਈਟਲ ਦੀ ਕੀ ਕਹਾਣੀ ਰਹੀ ਹੈ, ਪਰ ਉਨ੍ਹਾਂ ‘ਚੋਂ ਬਾਹਲੇ ਸਮਝੌਤੇ ਕਰ ਗਏ,  ਕੁਝ ਨਿੱਜੀ ਲਾਹਾਂ ਲੈਣ ਲਈ ਵੀ,  ਤੇ ਕੁਝ ਆਪਣੀ ਵਿੱਤ ਮੂਜਬ ‘ਪਰਵਾਸੀ’  ਟਾਈਟਲ ਜਾਂ ਗਾਲ੍ਹ ਦਾ ਵਿਰੋਧ ਕਰਦੇ ਰਹੇ। ਹੇਠਾਂ ਦੋ ਮੁਕਾਬਲਤਨ ਅਗੇਤੀਆਂ ਮਿਸਾਲਾਂ ਪੇਸ਼ ਨੇ।

1. “ਅਮਰੀਕਨ ਪੰਜਾਬੀ ਕਵਿਤਾ” ਦੀ ਪੁਸਤਕ ‘ਚੋਂ. “ਇਸ ਪੁਸਤਕ ਵਿੱਚ ਸ਼ਾਮਲ ਸਾਰੇ ਪੰਜਾਬੀ ਕਵੀ ਭੌਤਿਕ ਅਤੇ ਨਿਰਵਾਹਕ ਤੌਰ ‘ਤੇ ਅਮਰੀਕਾ ਦੀ ਮਿੱਟੀ ਨਾਲ ਬੱਝੇ ਹੋਏ ਹਨ ਪਰ ਇਹ ਮਾਨਸਿਕ ਤੌਰ ‘ਤੇ ਇਹ ਅਜੇ ਵੀ ਆਪਣਾ ਨਾੜੂ ਆਪਣੀ ਜੰਮਣ-ਭੋਂ ਨਾਲੋਂ ਕੱਟ ਨਹੀਂ ਸਕੇ। ਇਨ੍ਹਾਂ ਦਾ ਤਨ ਪਰਦੇਸੀ ਹੈ ਮਨ ਅਜੇ ਵੀ ਦੇਸੀ ਹੈ। ਇਸ ਲਈ ਇਨ੍ਹਾਂ ਕਵੀਆਂ ਨੂੰ ਸਹੀ ਅਰਥਾਂ ਵਿੱਚ ਪਰਦੇਸੀ, ਪਰਵਾਸੀ ਜਾਂ ਬਦੇਸ਼ੀ ਕਵੀ ਨਹੀਂ ਆਖਿਆ ਜਾ ਸਕਦਾ।”…(ਡਾ. ਗੁਰੂਮੇਲ, ‘ਗਲੋਬਲ ਸਰੋਕਾਰ ਅਤੇ ਕਵਿਤਾ’, ਸੰਪਾਦਕੀ, ‘ਸ਼ਬਦਾਂ ਦਾ ਸ਼ਗਨ’, ਪ੍ਰਕਾਸ਼ਕ: ਓਪੀਨੀਅਨ ਮੇਕਰਜ਼, ਅਪਰੈਲ 1999)

 ਉੱਤਕ, ਭਾਵੇਂ ਗੁਰੂਮੇਲ ‘ਪਰਵਾਸੀ’ ਲੇਬਲ ਦੀ ਦੁਰਵਰਤੋਂ ਦਾ ਵਿਰੋਧ ਠੀਕ ਕਰ ਰਿਹਾ ਹੈ, ਪਰ ਤਰਕ ਵਿੱਚ ਕਮਜ਼ੋਰੀ ਵਰਤੀ ਜਾ ਰਹੀ ਹੈ। ਮੇਰਾ ਤਰਕ ਬੜਾ ਸਾਧਾਰਨ ਹੋਏਗਾ: ਪੰਜਾਬ/ਭਾਰਤ ਸਾਡੀ ਮਾਤ-ਭੂਮੀ ਹੈ ਤੇ ਸਦਾ ਰਹੇਗੀ; ਬਾਕੀ ਦੀ ਧਰਤੀ ਵੀ ਸਾਡੇ ਨਵੇਂ/ਦੂਜੇ ਦੇਸ਼ ਤੇ ਮਨੁੱਖਤਾ ਸਮੇਤ ਸਾਡੀ ਹੈ। ਅਸੀਂ ਤਾਂ ਆਪਣੇ-ਆਪ ਨੂੰ ਸਿਰਫ਼ ‘ਪੰਜਾਬੀ ਲੇਖਕ’ ਸਮਝਦੇ ਹਾਂ। ਜੇ ਤੁਸੀਂ ਆਪਣੀ ਕਿਸੇ ਮਜ਼ਬੂਰੀ ਸਦਕੇ, ਸਾਡੀਆਂ ਕਲਮਾਂ ‘ਤੇ ਪੰਜਾਬੋਂ ਬਾਹਰ ਰਹਿਣ ਦਾ ਠੱਪਾ ਲਾਉਣਾ ਹੀ ਚਾਹੁੰਦੇ ਹੋ, ਤਾਂ ਚਲੋ ਵੱਧੋ-ਵੱਧ ਕਹਿ ਛੱਡੋ: ਅਮਰੀਕੀ ਪੰਜਾਬੀ ਲੇਖਕ, ਕੈਨੇਡੀਅਨ ਪੰਜਾਬੀ ਲੇਖਕ, ਆਦਿ; ਕਿਉਂਕਿ ਅਸੀਂ ਇਨ੍ਹਾਂ ਦੇਸ਼ਾ ਦੇ ਵਾਸੀ ਹਾਂ, ਪਰਵਾਸੀ ਨਹੀਂ। ਪਰ, ਫਿਰ ਉਨ੍ਹਾਂ ਪੰਜਾਬੀ ਲੇਖਕਾਂ ਦਾ ਕੀ ਕਰੋਗੇ ਜੋ ਪੰਜਾਬੋਂ ਬਾਹਰਲੇ ਭਾਰਤ ਵਿੱਚ ਰਹਿੰਦੇ ਨੇ; ਭਾਰਤੀ ਪੰਜਾਬੀ ਲੇਖਕ ਜਾਂ ਹਿਮਾਚਲੀ ਪੰਜਾਬੀ ਲੇਖਕ, ਯੂ.ਪੀ. ਪੰਜਾਬੀ ਲੇਖਕ, ਦਿੱਲਵੀਂ ਪੰਜਾਬੀ ਲੇਖਕ, ਆਦਿ?     

ਖੈਰ, ਇਹਤੋਂ ਪਹਿਲਾਂ ਵੀ।

2. 1994 ਦੀ ਪਰਵਾਸਵਾਦ ਉੱਪਰ ਇਤਿਹਾਸਕ ‘ਟੇਬਲਟਾਕ’.  ਉਨ੍ਹਾਂ ਦਿਨ੍ਹਾਂ ਦੌਰਾਨ, ਘੱਟੋ-ਘੱਟ ਕੈਨੇਡਾ ਤੇ ਅਮਰੀਕਾ ਵਿੱਚ, ਸਾਹਿਤ ਵਿੱਚ ‘ਪਰਵਾਸ’ ਦੇ  ਅਰਥ ਤੇ ਸੰਕਲਪ  “ਉਸਾਰੀ ਅਧੀਨ” ਅਵਸਥਾ ਵਿੱਚ ਹੀ ਸਨ।  ਬਾਅਦ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ [5] ਅਨੁਸਾਰ  “ਇਹ ਟੇਬਲਟਾਕ ਨਿਊ ਯਾਰਕ ਵਿਖੇ ਸ੍ਰੀ ਦਲਜੀਤ ਮੋਖਾ ਦੇ ਘਰ ਰਵਿੰਦਰ ਸਹਿਰਾਅ, ਦਲਜੀਤ ਮੋਖਾ, ਤੇ ਡਾਕਟਰ ਸੁਖਪਾਲ ਸੰਘੇੜਾ ਦੇ ਉੱਦਮ ਨਾਲ ਪਹਿਲੀ ਮਈ 1994 ਨੂੰ ਕੀਤੀ ਗਈ। ਗੱਲਬਾਤ ਵਿਚ ਇਹਨਾਂ ਸਥਾਨਕ ਲੇਖਕਾਂ ਦੇ ਨਾਲ ਬਾਹਰੋ ਆਏ ਲੇਖਕ ਡਾਕਟਰ ਸਤਿੰਦਰ ਸਿੰਘ ਨੂਰ (ਦਿੱਲੀ, ਭਾਰਤ), ਡਾਕਟਰ ਮੋਹਨਜੀਤ (ਦਿੱਲੀ, ਭਾਰਤ), ਨਵਤੇਜ ਭਾਰਤੀ (ਲੰਡਨ, ਕੈਨੇਡਾ), ਬਲਰਾਜ ਚੀਮਾ (ਸਟਰੇਟਫੋਰਡ, ਕੈਨੇਡਾ), ਤੇ ਸਾਧੂ ਬਿਨਿੰਗ (ਵੈਨਕੂਵਰ, ਕੈਨੇਡਾ) ਨੇ ਹਿੱਸਾ ਲਿਆ। ਬਾਹਰਲੇ ਲੇਖਕ ਅਪ੍ਰੈਲ 30 ਨੂੰ ਕੋਲੰਬੀਆ ਯੂਨੀਵਰਸਿਟੀ, ਨਿਊ ਯਾਰਕ ਵਿਖੇ ਹੋਈ ‘ਪੋਸਟ ਪਾਰਟੀਸ਼ਨ ਪੰਜਾਬੀ ਲਿਟਰੇਚਰ' ਨਾਂ ਦੀ ਕਾਂਨਫਰੰਸ ਵਿਚ ਹਿੱਸਾ ਲੈਣ ਆਏ ਸਨ।”

    

ਇਸ ‘ਟੇਬਲਟਾਕ’ [5] ‘ਚੋਂ  ਕੁਝ ਸੁਰਖ਼ੀਆਂ:

ਮੋਹਨਜੀਤ: "ਜਿਨ੍ਹਾਂ ਨੇ ਸ਼ਬਦ ਪਰਵਾਸ ਨੂੰ ਕੰਸੈਪਰੂਅਲ ਲੈਵਲ `ਤੇ ਪੇਸ਼ ਕੀਤਾ ਉਨ੍ਹਾਂ ਲੋਕਾਂ ਦੇ ਆਪਣੇ ਕੁਝ ਪੈਟੀ ਮਕਸਦ ਹਨ ਜੋ ਉਹ ਪੂਰੇ ਕਰਨਾ ਚਾਹੁੰਦੇ ਹਨ।...ਮੇਰਾ ਖਿਆਲ ਹੈ ਇਸਟੈਬਲਿਸ਼ਮੈਂਟ ਵੀ ਕਿਸੇ ਤਰ੍ਹਾਂ ਵੰਡੀਆਂ ਪਾਉਣੀਆਂ ਚਾਹੁੰਦੀ ਹੈ।"

ਸੁਖਪਾਲ ਸੰਘੇੜਾ: “…ਇਸੇ ਤਰ੍ਹਾਂ ਪਰਵਾਸੀ ਸ਼ਬਦ ਦਾ ਦੁਰਉਪਯੋਗ ਹੋ ਰਿਹਾ ਹੈ, ਇਕ ਫਰਾਡ ਕੀਤਾ ਜਾ ਰਿਹਾ ਹੈ।... ਪਰ ਇਹ ਲਫ਼ਜ਼ ਸਾਨੂੰ ਦਿੱਤਾ ਗਿਆ, ਅਸੀ ਨਹੀਂ ਇਥੋਂ ਬਣਾ ਕੇ ਭੇਜਿਆ। ਸਾਨੂੰ ਇਸ ਸ਼ਬਦ ਨੇ ਇਕ ਪਾਸੇ ਕੱਢ ਕੇ ਰੱਖ ਦਿੱਤਾ ਹੈ, ਕੈਟਾਗੋਰੀ ਕਾਇਮ ਕਰ ਦਿੱਤੀ ਹੈ।”


ਸਾਧੂ ਬਿਨਿੰਗ:"ਪੰਜਾਬੀ ਬੋਲੀ ਇਕ ਗਲੋਬਲ ਬੋਲੀ ਬਣ ਗਈ ਹੈ। ਜਿਨ੍ਹਾਂ ਇੰਡੀਆ ਬੈਠੇ ਲੇਖਕਾਂ ਆਲੋਚਕਾਂ ਨਾਲ ਸਾਡਾ ਸੰਬੰਧ ਹੈ, ਉਨ੍ਹਾਂ ਨੂੰ ਇਹ ਗੱਲ ਐਕਸੈਪਟ ਕਰਨੀ ਅਜੇ ਜ਼ਰਾ ਮੁਸ਼ਕਿਲ ਲੱਗਦੀ ਹੈ ਕਿ ਉਨ੍ਹਾਂ ਦੀ ਪੰਜਾਬੀ ਉੱਪਰ ਮਨੌਪਲੀ ਨਹੀਂ ਹੈ।”


ਰਵਿੰਦਰ ਸਹਿਰਾਅ: "ਪਰਵਾਸੀ ਲਫ਼ਜ਼ ਸਾਨੂੰ ਦਿੱਤਾ ਗਿਆ ਪੰਜਾਬ ਦੇ ਆਲੋਚਕਾਂ ਵਲੋਂ।... ਮੈਂ ਸਾਧੂ ਦੀ ਗੱਲ ਵਿਚ ਜ਼ਰਾ ਐਡ ਕਰਨਾ ਚਾਹੁੰਦਾ ਕਿ ਸਿਰਫ ਗੁਲਾਮ ਜ਼ਹਿਨੀਅਤ ਹੀ ਨਹੀਂ ਉਸਦੇ ਨਾਲ ਨਾਲ ਜਗੀਰੂ ਕਦਰਾਂ ਕੀਮਤਾਂ ਸਾਡੇ ਆਲੋਚਕਾਂ ਉੱਪਰ ਬਹੁਤ ਭਾਰੂ ਹਨ ਜੋ ਅਜਿਹੀ ਟਰਮਨੌਲੋਜੀ ਨੂੰ ਜਨਮ ਦਿੰਦੀਆਂ ਹਨ ਜਿਵੇਂ' ‘ਉੱਚੀ ਪਧਰ ਦਾ ਸਾਹਿਤ’ ਜਾਂ ‘ਨੀਵੀਂ ਪਧਰ ਦਾ ਸਾਹਿਤ’। ਉੱਚੀ ਨੀਵੀਂ ਪੱਧਰ ਦੋਸਤੀ ਦੇ ਹਿਸਾਬ ਨਾਲ ਮਿੱਥੀ ਜਾਂਦੀ ਹੈ। ਬਹੁਤ ਆਲੋਚਕ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।”

 ਰਵਿੰਦਰ ਤੇ ਸਾਧੂ ਜਿਵੇਂ ਮੇਰੇ ਮਨ ਵਿੱਚਲੀਆਂ ਕਹਿ ਗਏ ਸਨ।


ਸਤਿੰਦਰ ਸਿੰਘ ਨੂਰ: "ਪਰਵਾਸੀ ਸ਼ਬਦ ਉਹ ਕੋਈ ਇੱਜ਼ਤ ਦੇ ਨਾਲ ਨਹੀਂ ਵਰਤ ਰਹੇ। ਬਿਲਕੁਲ ਜਿਵੇਂ ਮਹਾਂਤਮਾ ਗਾਂਧੀ ਨੇ ਸ਼ਬਦ ‘ਹਰੀਜਨ’ ਬਣਾ ਦਿੱਤਾ, ਸਿਚੁਏਸ਼ਨ ਉਹੀ ਹੈ। ਇਹ ਸਮਸਿਆ ਕਾਫੀ ਗੰਭੀਰ ਹੈ ਜੋ ਅਜ ਡਿਸਕੱਸ ਹੋ ਰਹੀ ਹੈ। ਇਹ ਕਾਫੀ ਦੇਰ ਪਹਿਲਾਂ ਡਿਸਕੱਸ ਹੋਣੀ ਚਾਹੀਦੀ ਸੀ। ਉਹ ਲੋਕ ਓਪੋਜ਼ ਰੋਣੇ ਚਾਰੀਦੇ ਹਨ ਜਿਵੇਂ ਫ਼ਰਜ਼ ਕਰੋ ਪਰਵਾਸ ਮੈਗਜ਼ੀਨ ਕੱਢ ਰਹੇ ਆ ਉਨ੍ਹਾਂ ਨੇ ਇਕ ਸਿਧਾਂਤਕ ਟਰਮ ਬਣਾ ਕੇ ਇਸਟੈਬਲਿਸ਼ ਕਰ ਦਿੱਤਾ। ਇਰ ਗੱਲ ਸੋਚੀ ਜਾਣੀ ਬੜੀ ਇੰਪਾਰਟੈਂਟ ਹੈ।”


ਜਿਹੜੀਆਂ ਗੱਲਾਂ ਦਾ ਸਤਿੰਦਰ ਸਿੰਘ ਨੂਰ ਨੇ ਫ਼ਿਕਰ ਜ਼ਾਹਰ ਕੀਤਾ ਸੀ, ਉਹ ਤੇ ਉੱਦਾਂ ਦੀਆਂ ਹੋਰ ਇੱਕਵੀਂ ਸਦੀ ਵਿੱਚ ਵੀ ਵਾਪਰ ਰਹੀਆਂ ਰਹੀਆਂ ਨੇ। ਨੂਰ ਨੇ ਕਿਹਾ,  “ਫ਼ਰਜ਼ ਕਰੋ ਪਰਵਾਸ ਮੈਗਜ਼ੀਨ ਕੱਢ ਰਹੇ ਆ…”,  ਇੱਕ਼ੀਵੀਂ ਸਦੀ ਵਿੱਚ,  ਫ਼ਰਜ਼ ਕਰਨ ਹੀ ਲੋੜ ਨਹੀਂ, ਕੇਵਲ ਪਰਵਾਸ ਮੈਗਜ਼ੀਨ ਹੀ ਨਹੀਂ ਨਿੱਕਲ ਰਿਹਾ, ਜਾਂ ਨਿੱਕਲ ਰਹੇ, ਸਗੋ ਗ਼ੈਰ-ਪਰਵਾਸੀ ਮੈਗਜ਼ੀਨ ਵੀ ਪਰਵਾਸੀ ਵਿਸ਼ੇਸ਼ ਅੰਕ ਕੱਢਦੇ ਰਹਿੰਦੇ ਨੇ, ਜਿਨ੍ਹਾਂ ਵਿੱਚ ਛਪਣ ਲਈ ਪਰਵਾਸੀ ‘ਹਰੀਜਨਾਂ’ ਦੀਆਂ ਕਤਾਰਾਂ ਲੱਗੀਆਂ ਰਹਿੰਦੀ ਨੇ। ਨੂਰ ਨੇ ਜਿਨ੍ਹਾਂ ਲੋਕਾਂ ਬਾਰੇ ਕਿਹਾ, “ਉਹ ਲੋਕ ਓਪੋਜ਼ ਰੋਣੇ ਚਾਰੀਦੇ ਹਨ”, ਉਨ੍ਹਾਂ ਲੋਕਾਂ ਨੂੰ ਤਾਂ ‘ਹਰੀਜਨ’ ਪੂਜਦੇ ਨੇ। ਉਹ ਲੋਕ ‘ਹਰੀਜਨਾਂ’ ਲਈ ਵਿਸ਼ੇਸ਼ ਮੈਗਜ਼ੀਨ ਹੀ ਨਹੀ ਕੱਢਦੇ, ‘ਹਰੀਜਨਾਂ’ ਨੂੰ ਵਿਸ਼ੇਸ਼ ਸਾਹਿਤਕ ਇਨਾਮ-ਸਨਮਾਨ ਵੀ ਦਿੰਦੇ ਨੇ। ‘ਉਹਨਾਂ’ ਦਾ ‘ਪਰਵਾਸੀ’ ਲੇਖਕਾਂ ਨਾਲ ‘ਹਰੀਜਨਾਂ’ ਵਾਲਾ ਵਰਤਾਓ ਅਕਸਰ ਨੰਗਾ ਹੋ ਜਾਂਦਾ ਹੈ, ਮਿਸਾਲ ਵਜੋ, ਜਦੋਂ ਉਹ ਕਦੀ ਸਾਹਿਤਕ ਮੈਗਜ਼ੀਨ ‘ਪਰਵਾਸ’ ਸਾਰਾ ਅੰਕ ‘ਹਰੀਜਨਾਂ’ ਦੀਆਂ ਸਾਹਿਤਕ ਕਿਰਤਾਂ ਦੀ ਥਾਂ ‘ਹਰੀਜਨਾਂ’ ਦੇ ਐਡਰੈੱਸਾਂ ਤੇ ਸੰਖੇਪ ਜੀਵੀਨੀਆਂ, ਯਾਣਿ bio’s, ਨਾਲ ਭਰ ਦਿੰਦੇ ਨੇ।


ਖ਼ੈਰ, ‘ਪਰਵਾਸੀ’ ਦਾ ਸੰਕਲਪ, ਜਾਂ ‘ਨੂਰ’ ਅਨੁਸਾਰ ਸਿਧਾਂਤ ਯਾਣਿ ‘ਪਰਵਾਸਵਾਦ’, ਤਾਂ ਇੰਡੀਆ ਬੈਠੀ ਪੰਜਾਬੀ ਸਾਹਿਤ ਸਥਾਪਤੀ ਦੀ ਸਮੱਸਿਆ ਹੈ, ਅਸੀਂ ਬਾਹਲੇ ਸ਼ਪਸ਼ਟ ਹਾਂ ਪਛਾਣ ਬਾਰੇ। ਮਿਸਾਲ ਵਲੋਂ, ਹੁਣ ਤੱਕ, ਅਮਰੀਕੀ ਪੰਜਾਬੀ ਕਵਿਤਾ ਦੇ ਤਿੰਨ ਮੁੱਖ ਸਾਂਝੇ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਨੇ: ਅਮਰੀਕੀ ਪੰਜਾਬੀ ਕਵਿਤਾ (1993), ਸੰਪਾਦਕ: ਸੁਖਵਿੰਦਰ ਕੰਬੋਜ ਤੇ ਰਵਿੰਦਰ ਸਹਿਰਾਅ; ਅਮਰੀਕੀ ਪੰਜਾਬੀ ਕਵਿਤਾ-ਭਾਗ ਦੂਜਾ (2019), ਸੰਪਾਦਕ: ਸੁਖਵਿੰਦਰ ਕੰਬੋਜ,  ਰਵਿੰਦਰ ਸਹਿਰਾਅ, ਤੇ ਕੁਲਵਿੰਦਰ; ‘ਸ਼ਬਦਾਂ ਦਾ ਸ਼ਗਨ’ (1999), ਜਿਹਨੂੰ ਇਸ ਦੇ ਸੰਪਾਦਕ ਡਾ. ਗੁਰੂਮੇਲ ਨੇ ਇਸ ਕਵਿਤਾ ਨੂੰ “ਅਜੋਕੀ ਅਮਰੀਕਨ ਪੰਜਾਬੀ ਕਵਿਤਾ” ਕਿਹਾ। ਇਸ ਤਰ੍ਹਾਂ, ਅਸਾਂ ਪੰਜਾਬੀ ਕਵੀਆਂ ਨੂੰ ਧੱਕਕੇ ਜੇ ਧਰਤੀ ਦੇ ਇਸ ਖੂੰਜੇ ਦੀ ਕੰਧ ਨਾਲ ਲਾ ਕੇ ਪੁੱਛਿਆ  ਜਾਵੇ ਕਿ ਅਸੀਂ ਕੌਣ ਹਾਂ, ਤਾਂ ਸਾਡੀ ਜ਼ੁਬਾਨੋਂ ਨਿੱਕਲੇਗਾ: ਅਮਰੀਕੀ ਪੰਜਾਬੀ ਕਵੀ, ਨਾ ਕਿ ਪਰਵਾਸੀ ਕਵੀ। ਉੱਤਕ ਡੇਟਾ ਇਸ ਦਾਅਵੇ ਦੀ ਗਵਾਹੀ ਭਰਦਾ ਹੈ।


ਅਕਸਰ ਬੰਦਾ ਜਦ ਆਪਣੀ ਮਾਤ-ਭੂਮੀ ਤੋਂ ਪਰਾਂ ਕਿਸੇ ਦੂਜੇ ਦੇਸ਼ ਜਾ ਵਸੇ ਤਾਂ ਇਸ ਪ੍ਰਕਿਰਿਆ ਦੌਰਾਨ ਬੰਦੇ ਨੂੰ ਮਾਤਭੂਮੀ ਦੀ ਯਾਣ ਸਤਾ ਸਕਦੀ ਹੈ, ਉਹ ਜਿੱਦਾਂ ਅੰਗਰੇਜ਼ੀ ਵਿੱਚ ਕਹਿੰਦੇ ਆ ਕਿ home sick, ਯਾਣਿ ਘਰ-ਬੀਮਾਰ, ਮਹਿਸੂਸ ਕਰ ਸਕਦਾ। ਜੇ ਬੰਦਾ ਕਵੀ ਹੋਵੇ ਤਾਂ ਘਰ-ਬੀਮਾਰਪੁਣੇ ਉੱਪਰ ਕਵਿਤਾਵਾਂ ਵੀ ਲਿਖ ਸਕਦਾ ਹੈ। ਜੇ ਇਹ ਹੱਦੋਂ ਪਰਾਂ ਵੱਧ ਜਾਏ, ਤਾਂ ਇਹ ਕਸਰ ਨੂੰ ਆਪਾਂ ਰੋਗ ਤਾਂ ਕਹਿ ਸਕਦੇ ਹਾਂ, ਪਰ ਇਹ ਬੰਦੇ ਨੂੰ ਪਰਵਾਸੀ ਨਹੀਂ ਬਣਾ ਦਿੰਦਾ, ਉਹ ਵੀ ਉਮਰ ਭਰ ਲਈ।  ਜੇ ਇਹਨੂੰ ‘ਉਹ’ ਪਰਵਾਸ ਕਹਿੰਦੇ ਨੇ, ਤਾਂ ਚਲੋ ਉਹਨਾਂ ਨੂੰ ਖ਼ੁਸ਼ ਲਈ ਇਹਨੂੰ ਸਥਾਨਿਕ ਪਰਵਾਸ ਕਹਿ ਲਈਏ, ਕਿਉਂਕਿ ਇਹ ਸਥਾਨ ਦੇ ਕਰਕੇ ਹੈ। ਏਸੇ ਤਰਕ ਨਾਲ ਅਸੀਂ ਕਹਿ ਸਕਦੇ ਹਾਂ ਕਿ ‘ਉਹ’, ਯਾਣਿ ਇੰਡੀਆ ਬੈਠੇ ਲੇਖਕਾਂ, ਆਲੋਚਕ, ਤੇ ਸਾਹਿਤ-ਸਥਾਪਤੀ,  ਸਾਰੇ ਨਹੀਂ ਤਾਂ ਕਰੀਬ ਸਾਰੇ  ਸਮਾਇਕ  ‘ਪਰਵਾਸਵਾਦ’  ਦੇ ਸ਼ਿਕਾਰ ਨੇ। ਪਰਵਾਸ ਕਿਹਤੋਂ?  ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ, ਜਾਂ ਹਿੰਦੂ ਫ਼ਲਸਫ਼ੇ, ਅਨੁਸਾਰ “ਪਹਿਲਾਂ ਯੁੱਗ ਸੱਤਯੁਗ ਸੀ ਅਤੇ ਤ੍ਰੇਤਾ ਤੇ ਦੁਆਪਰ ਤੋਂ ਬਾਅਦ ਹੁਣ ਦਾ ਯੁੱਗ ਕਲਯੁੱਗ ਹੈ।” ਇਹ ਵਿਸ਼ਵਾਸ ਭੂਤਮੁੱਖੀ ਸੋਚ ਤੇ ਪਹੁੰਚ ਨੂੰ ਜਨਮ ਦਿੰਦਾ ਹੈ, ਜਿਹਦੇ ਧਾਰਨੀ ‘ਅੱਜ’ ਦੀਆਂ ਸਮੱਸਿਆਵਾਂ ਦੇ ਹੱਲ ਭੂਤ ਕਾਲ ਵਿੱਚੋਂ ਲੱਭਦੇ ਆ। ਜੇ ਸੱਤਯੁੱਗ ਤਾਂ ਪਿੱਛੇ ਰਹਿ ਗਿਆ, ਅੱਜ ਕਲਯੁੱਗ, ਯਾਣਿ ਭੈੜਾ ਯੁੱਗ, ਆ; ਤਾਂ ਪਿਛਲ-ਝਾਕ ਤਾਂ ਲੱਗਣੀ ਹੀ ਹੋਈ “ਭਲੇ ਜ਼ਮਾਨਿਆਂ” ਵੱਲ ਨੂੰ। ਮਿਸਾਲ ਦੇ ਤੌਰ ‘ਤੇ, ਸਾਡੇ ‘ਉਨ੍ਹਾਂ’ ਵਿੱਚੋਂ ਵੱਡਾ ਹਿੱਸਾ, ਵਾਰਿਸਸ਼ਾਹ, ਬਾਬਾ ਨਾਨਕ, ਬੁਲੇ ਸ਼ਾਹ, ਤੇ ਸ਼ਿਵ ਆਦਿ ਨੂੰ ਹਾਕਾਂ ਮਾਰਦੇ ਆ, ਜਾਂ ਉਨ੍ਹਾਂ ਨੂੰ ਮਾਰੀਆਂ ਜਾ ਰਹੀਆਂ ਹਾਕਾਂ ਉੱਪਰ ਤਾੜੀਆਂ ਮਾਰਦੇ ਨਹੀਂ ਥੱਕਦੇ। ‘ਉਹ’ ‘ਅੱਜ’ ਵਿੱਚ ਭੂਤ ਦੇ ਪਰਵਾਸੀ ਨੇ। ਅਸਲ ਵਿੱਚ, ਇੱਕ ਕੌਮ ਦੇ ਤੌਰ ‘ਤੇ, ਸਾਡਾ ਇਹ ਪਰਵਾਸ, ਯਾਣਿ ਭੂਤਮੁੱਖਤਾ ਵਾਲਾ ਪਰਵਾਸ ਮੂਲ ਹੈ; ਇੰਡੀਆ ਬੈਠਿਆਂ ਦਾ ਸਥਾਨਿਕ ਪਰਵਾਸ ਏਸੇ ਸਮਾਇਕ ਪਰਵਾਸ ‘ਚੋਂ ਨਿੱਕਲਦਾ ਹੈ ਜੋ ਉਹ ਸਾਡੇ ਸਿਰ ਮੜ੍ਹ ਦਿੰਦੇ ਨੇ, ਯਾਣਿ ਉਹ ਆਪਣੇ ਭੂਤਮੁੱਖਤਾ-ਪਰਵਾਸ, ਜਾਂ ਭੂਤ-ਪਰਵਾਸ ਦੀਆਂ ਅੱਖਾਂ ਨਾਲ ਸਾਨੂੰ ਦੇਖਦੇ ਨੇ ਤਾਂ ਅਸੀਂ ਉਨ੍ਹਾਂ ਨੂੰ ਪਰਵਾਸੀ ਦਿਸਦੇ ਹਾਂ। ਇਸ ਲਈ, ਮੈਂ ਕਹਿੰਦਾ ਹਾਂ ‘ਪਰਵਾਸ’ ਉਨ੍ਹਾਂ ਦੀ ਸਮੱਸਿਆ ਹੈ, ਜੋ ਸਾਨੂੰ ਪਰਵਾਸੀ ਕਹਿੰਦੇ ਨੇ।


ਜਿਵੇਂ ਮੈਂ ਆਪਣੀ ਹਾਲੀਆ ਮੁਲਾਕਾਤ [6] ਵਿੱਚ ਕਿਹਾ ਹੈ  ਕਿਓਂਕਿ ਸਾਡਾ ‘ਪਰਵਾਸਵਾਦ’ ਦਾ ਮੁੱਦਾ ਆਪਣੇ ਪਿਛਲੇ ਦੇਸ਼, ਜਾਂ ਇਹਦੇ ਲੇਖਕਾਂ,  ਨਾਲ ਹੈ, ‘ਪਰਵਾਸਵਾਦ’ ਦੇ ਸਿੱਕੇ ਦਾ ਦੂਜਾ ਪਾਸਾ ਹੈ: ਬਸਤੀਵਾਦ। ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਨੇ, ਜਿਵੇਂ ਅਸੀਂ ਭਾਰਤ ਤੋਂ ਬਾਹਰਲੇ ਦੇਸ਼ਾ ਵਿੱਚ ਰਹਿਣ ਵਾਲੇ ਪੰਜਾਬੀ ਲੇਖਕ ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਬਸਤੀਆਂ, ਯਾਣਿ ਕਲੋਨੀਆਂ, ਹੋਈਏ। ਮਿਸਾਲ ਉਹ ਸਾਨੂੰ ਦੱਸਦੇ ਨੇ ਅਸੀਂ ਪੰਜਾਬੀ ਸਾਹਿਤ ਵਿੱਚ ਕੀ ਕਰ ਸਕਦੇ ਹਾਂ ਤੇ ਕੀ ਨਹੀਂ। ਇੱਥੇ, ਪਿੱਛੇ ਜਿਹੇ ਇੰਡੀਆ ਤੋਂ ਇੱਕ ਲੇਖਕ ਬੰਦਾ ਆਇਆ ਸੀ, ਜਿਹਨੂੰ ਸਟੇਜ ਸਕੱਤਰ ਨੇ ਪੰਜਾਬੀ ਕਹਾਣੀਕਾਰ ਤੇ ਚਿੰਤਕ ਵਜੋਂ ਪੇਸ਼ ਕੀਤਾ ਅਸਾਂ ਅਮਰੀਕੀ ਪੰਜਾਬੀ ਲੇਖਕਾਂ ਦੀ ਮੀਟਿੰਗ ਵਿੱਚ। ਉਹ ਬਿਨ੍ਹਾਂ ਪੁੱਛਿਆਂ ਹੀ, ਸਾਨੂੰ ਦੱਸ ਗਿਆ ਕਿ ਅਸੀਂ ਪੰਜਾਬੀ ਵਿੱਚ ਕਵੀ ਤੇ ਕਹਾਣੀਕਾਰ ਤਾਂ ਬਣ ਸਕਦੇ ਆ, ਪਰ ਪੰਜਾਬੀ ਚਿੰਤਕ/ਆਲੋਚਕ ਨਹੀਂ। ਖੈਰ, ਮੈਂ ਜਿੱਦਾਂ ਆਪਣੀ ਮੁਲਾਕਾਤ [6] ਵਿੱਚ ਕਿਹਾ ਕਿ ਸਾਨੂੰ ਇੰਡੀਆ ਬੈਠਿਆਂ ਦੇ ਪਰਵਾਸਵਾਦੀ ਸੌੜੇਪਣ ਦੇ ਰੱਦ ਕਰਦੇ ਹੋਏ, ਅਪਣਾਉਣਾ ਚਾਹੀਦਾ ਹੈ ਅੰਤਰਰਾਸ਼ਟਰੀਵਾਦ, ਜਿਹਦਾ ਹਿੱਸਾ ਹੈ: ਵਿਸ਼ਵੀਕਰਨ, ਜਿਹਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆ, ਕਿਉਕਿ ਇਹ ਹੋ ਰਿਹਾ ਆ; ਕਬੂਤਰਾਂ ਵਾਗੂੰ ਅੱਖਾਂ ਮੀਟਣ ਦੀ ਥਾਂ, ਸਾਨੂੰ ਇਸ ਨਾਲ ਸਿੱਧੇ ਮੱਥੇ ਟੱਕਰਨਾ ਚਾਹੀਦਾ ਹੈ।


ਗਾਥਾ ਹਵਾਲਾ ਫਰੇਮਾਂ ਦੀ: ਪਰਵਾਸੀ ਜਾਂ ਸੰਸਾਰਵਾਸੀ?

ਜਿਵੇਂ ਮੈਂ ਲੇਖ ਦੇ ਪਿਛਲੇ ਭਾਗ ਵਿੱਚ ਕਿਹਾ, ਇੰਡੀਆ ਬੈਠਿਆਂ ਲੇਖਕਾਂ, ਆਲੋਚਕਾਂ, ਤੇ ਸਥਾਪਤੀ ਨੂੰ ਅਸੀਂ, ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੇਖਕ, ਪਰਵਾਸੀ ਦਿਸਦੇ ਹਾਂ, ਕਿਉਂਕਿ ਉਹ ਸਾਨੂੰ ਆਪਣੀ ਭੂਤਮੁੱਖਤਾ ਦੀਆਂ ਅੱਖਾਂ ਨਾਲ ਦੇਖ ਰਹੇ ਹੁੰਦੇ ਨੇ।  ਭੂਤਮੁੱਖਤਾ ਵਿਚ ਪਰਵਾਸ ਹੁੰਦਾ ਹੈ: ਭੂਤਕਾਲ ਤੋਂ ਵਰਤਮਾਨ ਨੂੰ ਪਰਵਾਸ। ਪੰਜਾਬ ਵਿੱਚ ਹੀ ਨਹੀਂ, ਭਾਰਤ ਵਿੱਚ ਕਿਧਰੇ ਵੀ ਜੰਮੇ ਲੋਕ, ਜਨਮੋ ਹੀ ਪਰਵਾਸੀ ਹੁੰਦੇ ਹਾਂ,  ਕਿਉਂਕਿ 

ਭੂਤਮੁੱਖਤਾ ਵਿਰਸੇ ਵਿੱਚ ਮਿਲਦੀ ਹੈ, ਪੀੜ੍ਹੀ ਦਰ ਪੀੜ੍ਹੀ। ਕਿਉਂਕਿ ਅਸੀਂ ਜਨਮੋ ਹੀ ਪਰਵਾਸੀ, ਸਾਨੂੰ ਪਤਾ ਹੀ ਨਹੀਂ ਵਾਸੀ ਕਿੰਝ ਹੋਇਆ ਜਾਂਦਾ ਹੈ। ਭਾਰਤ ਦੇ ਅੰਦਰ ਹੀ ਕਿਸੇ ਸੂਬੇ ਤੋਂ ਭਾਰਤੀ ਨਾਗਰਿਕ ਕੋਈ ਮਜ਼ਦੂਰ ਸਾਡੇ ਸੂਬੇ ‘ਚੇ ਆ ਜਵੇ ਮਜ਼ਦੂਰੀ ਕਰਨ, ਤਾਂ ਅਸੀੰ ਉਹਨੂੰ ਵੀ ਪਰਵਾਸੀ ਕਹਿਦੇ ਆਂ, ਜੇ ਕੋਈ ਸਾਡੇ ਸੂਬੇ,  ਤੇ ਭਾਰਤ, ਤੋਂ  ਬਾਹਰਲੇ ਕਿਸੇ ਦੇਸ਼ ਨੂੰ ਚਲਿਆ ਜਾਵੇ, ਤਾਂ ਉਹ ਵੀ ਪਰਵਾਸੀ। ਅਸੀਂ ਖ਼ੁਦ ਮਨੋਂ ਪਰਵਾਸੀ, ਭੂਤਮੁੱਖਤਾ ਵਾਲੇ ਪਰਵਾਸੀ,  ਇਸ ਲਈ, ਸਾਨੂੰ ਹਰ ਕੂਚ ਕਰਨੇ ਵਾਲਾ ਪਰਵਾਸੀ ਦਿਸਦਾ;  ਜਿੱਦਾਂ ਸਾਵਣ ਦੇ ਅੰਨ੍ਹੇ ਨੂੰ ਹਰਾ ਹੀ ਹਰਾ ਦਿਖਾਈ ਦਿੰਦਾ ਹੈ। ਸੋ, ਇੰਡੀਆ ਵਿੱਚ ਜੰਮੇ ਅਸੀ ਕਰੀਬ ਸਾਰੇ ਭੂਤਮੁੱਖਤਾ ਦੇ ਸਦਾ-ਬਹਾਰ ਸਾਵਣ ਦੇ ਅੰਨ੍ਹੇ ਹੁੰਦੇ ਹਾਂ।


ਭਾਰਤ ਵਿੱਚ ਤਾਂ ਅਸੀਂ ਅਕਸਰ ਭੂਤਮੁੱਖੀਏ ਹੁੰਦੇ ਹਾਂ, ਭੂਤਮੁੱਖੀਆਂ ਵਿਚਕਾਰ, ਜਾਂ ਭੂਤਮੁੱਖੀਏ ਸਮਾਜ ਵਿੱਚ, ਰਹਿ ਰਹੇ। ਹੁਣ ਜਿਹੜੇ ਅਸੀਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੇਖਕ ਹਾਂ, ਜਿੱਦਾਂ ਮੈਂ ਆਪਣੀ ਮੁਲਾਕਾਤ [6] ਵਿੱਚ ਕਿਹਾ, ਇਸ ਰਹਿਣੇ ਸੰਗ ਭੂਤਮੁੱਖੀ ਸੋਚ ਤੇ ਪਹੁੰਚ ਨਾਲ ਨਾ ਨਿਪਟੀਏ, ਤਾਂ ਪੰਜਾਬੀ ਸਾਹਿਤ ਦੀ ਸਥਾਪਤੀ ਵਲੋਂ ਸਾਡੇ ਉੱਪਰ ਸੁੱਟੇ ‘ਪਰਵਾਸਵਾਦ’ ਦੇ ‘ਸਰਾਪ’ ਦਾ ਸ਼ਿਕਾਰ ਹੁੰਦੇ ਰਵ੍ਹਾਂਗੇ। ਵਿਸ਼ਵ ਪੱਧਰ ‘ਤੇ, ਸਾਡੇ ਵਿੱਚੋਂ ਭਾਰੀ-ਗਿਣਤੀ, ਜੇ ਕਰੀਬ ਸਾਰੇ ਨਹੀਂ, ਉਸ ‘ਪਰਵਾਸਵਾਦ’ ਦਾ ਸ਼ਿਕਾਰ ਆਂ। ਲੇਕਿਨ, ਬਾਹਰ ਆਉਣ ਕਰਕੇ, ਸਾਨੂੰ ਮਿਲੇ ਇਸ ‘ਸਰਾਪ’ ਦੀ ਹੋਣੀ ਅਟੱਲ ਨਹੀਂ। ਇਸ ਨੂੰ ਅਸੀਂ ਬਦਲ ਸਕਦੇ ਹਾਂ ‘ਵਰਦਾਨ’ ਹੋਣੀ ਵਿੱਚ। ਕਿੱਦਾਂ? ਭੂਤਮੁੱਖੀ ਦੀ ਥਾਂ ਭਵਿੱਖਮੁੱਖੀ ਸੋਚ ਤੇ ਪਹੁੰਚ ਅਪਣਾ ਕੇ, ਜਿਸ ਦੇ ਅਨੁਸਾਰ ਅਸੀਂ ਆਪਣੀ ਸੋਚ ਨੂੰ ਪਿਛਲ-ਝਾਤ ਦੇ ਕੀਲ੍ਹੇ ਨਾਲ ਨਾ ਬੰਨਦੇ ਹੋਏ, ਅੱਜ ਦੇ ਮੁੱਦਿਆਂ ਤੇ ਮਸਲਿਆਂ ਦੇ ਹੱਲ ਭੂਤ ‘ਚੋਂ ਤਲਾਸ਼ਣ ਦੀ ਬਜਾਇ, ਮੁੱਦਿਆਂ ਤੇ ਮਸਲਿਆਂ ਨੂੰ ਉਨ੍ਹਾਂ ਦੇ ਮੌਜੂਦਾ ਲੋਕਲ ਹਾਲਾਤਾਂ ਵਿੱਚ ਰੱਖ ਕੇ, ਉੱਚਿੱਤ ਵਿਸ਼ਵ ਪ੍ਰਸੰਗ ਵਿੱਚ, ਵਿਗਿਆਨਕ ਸੋਚ ਦੀ ਲੋਏ, ਉਨ੍ਹਾਂ ਦੇ ਹੱਲ ਖੋਜਾਂਗੇ। ਇੰਝ ਕਰਨਾ ਇੱਧਰ ਮੁਸ਼ਕਲ ਨਹੀਂ। ਭਾਰਤ ਦੇ ਭੂਤਮੁੱਖੀਆਂ ਅਵਾਂਗ, ਇਧਰਲੇ ਸਮਾਜਾਂ ਵਿੱਚ ਅਕਸਰ ਬਾਹਲੇ ਬੰਦਿਆਂ ਤੇ ਅਦਾਰਿਆਂ ਨੇ ਉੱਤਕ ਵਿਗਿਆਨਕ ਤੇ ਭਵਿੱਖਮੁੱਖੀ ਸੋਚ ਤੇ ਪਹੁੰਚ ਨੂੰ ਅਪਨਾ ਲਿਆ ਹੁੰਦਾ ਹੈ, ਘੱਟੋ ਘੱਟ ਕਿਸੇ ਨਾ ਕਿਸੇ ਹੱਦ ਤੀਕਰ, ਆਪਣੀ ਲੋੜਾਂ ਪੂਰੀਆਂ ਕਰਨ ਲਈ, ਤੇ ਆਪਣੀ ਹੋਂਦ ਬਹਾਲ ਰੱਖਦੇ ਹੋਏ, ਵਧਣ ਫੁੱਲਣ ਲਈ। ਵਿਗਿਆਨਕ ਤੇ ਭਵਿੱਖਮੁੱਖੀ ਸੋਚ ਤੇ ਪਹੁੰਚ ਸਾਨੂੰ ‘ਪਰਵਾਸਵਾਦ’ ਦੇ ‘ਸਰਾਪ’ ਤੋਂ ਮੁਕਤ ਕਰਵਾ ਦਿੰਦੀ ਆ; ਤੇ ਅਸੀਂ ਪਰਵਾਸੀ ਹੋਣ ਦੇ ਕੱਫ਼ਣ ‘ਚੋਂ ਨਿੱਕਲ ਕੇ ਆਪਣੇ ਇੱਧਰਲੇ ਨਵੇਂ ਦੇਸ਼/ਸਮਾਜ ਦੇ ਵਾਸੀ ਬਣ ਅੱਜ ਵਿੱਚ ਜੀਣ ਲੱਗ ਪੈਂਦੇ ਆਂ। ਆਪਣੇ ਹੀ ਸਿਰਫ ਪੰਜਾਬੀ/ਭਾਰਤੀ ਭਾਈਚਾਰੇ ਤੱਕ ਹੀ ਸੀਮਿਤ ਨਾ ਰਹਿ ਕੇ, ਘੇਰਾ ਵਿਸ਼ਾਲ ਕਰਦੇ ਹੋਏ, ਇਸ ਸਮਾਜ/ਦੇਸ਼ ਦੇ ਸਮਾਜਿਕ ਤੇ ਰਾਜਨੀਨਿਕ ਜੀਵਨ ਵਿੱਚ ਦਿਲਚਸਪੀ, ਸੰਭਾਵਿਤ ਹਿੱਸਾ, ਲੈਣ ਲੱਗ ਜਾਂਦੇ ਆਂ; ਇਸ ਦੇਸ਼ ਤੇ ਧਰਤੀ ਦੇ ਇਸ ਖ਼ਿੱਤੇ ਦੇ ਇਤਿਹਾਸ ਬਾਰੇ ਜਾਗਰੂਕ ਹੋਣ ਲੱਗਦੇ ਆਂ, ਇਤਿਆਦਿ। ਇੰਝ ਚੱਲਦੇ ‘ਅੱਜ’ ਦੇ ਤੇ ‘ਅੱਜ’ ਤੱਕ ਦੇ ਜੀਵਨ ਤਜਰਬੇ ਤੋਂ ਉੱਸਰਣ ਲੱਗਦਾ ਹੈ, ਇੱਕ ਨਵਾਂ ਤੇ ਅਲਿਹਦਾ ਸੋਚ ਹਵਾਲਾ-ਫਰੇਮ, ਯਾਣੀ thinking reference frame। ਇੰਝ ਇਹ ਵਿਗਿਆਨਕ ਤੇ ਭਵਿੱਖਮੁੱਖੀ ਸੋਚ ਤੇ ਪਹੁੰਚ ਸਾਨੂੰ ਬਿੱਲਕੁੱਲ ਨਵਾਂ, ਜਾਣਿ brand new, ਤੇ ਅਲਿਹਦਾ ਹਵਾਲਾ-ਫਰੇਮ ਮੁਹੱਈਆ ਕਰਦੀ ਹੈ, ਜਿਹੜਾ ਪੁਰਾਣੇ ‘ਭੂਤਮੁੱਖੀ ਹਵਾਲਾ-ਫਰੇਮ’ ਦੀ ਥਾਂ ਲੈ ਲੈਂਦਾ ਹੈ [6]। ਇਹ ਹਵਾਲਾ-ਫਰੇਮ ਹੀ ਵਰਦਾਨ ਹੈ, ਭਵਿੱਖਮੁੱਖੀ ਸੋਚ ਦਾ ਸਾਡੇ ਲਈ; ਇਸ ਦੇ ਸੁਭਾਅ ਤੇ ਘੇਰੇ (scope) ਵਜੋਂ, ਜਿਸ ਨੂੰ ਅਸੀਂ ‘ਵਿਸ਼ਵ ਹਵਾਲਾ-ਫਰੇਮ’ ਕਹਿ ਸਕਦੇ ਆ। ਜੇ ਅਸੀਂ ਇੰਡੀਆ ਦੀ ਸਥਾਪਤੀ ਵਲੋਂ ਸਾਡੇ ਉੱਪਰ ਥੋਪੇ ਪਰਵਾਸਵਾਦ ਦੇ ਕੱਫ਼ਣ ਕੈਦ ਨਾ ਹੋਈਏ, ਤਾਂ ਇਧਰਲੇ ਵਸਣੇ/ਜੀਣੇ ਵਿੱਚੋਂ ਇਹ ‘ਵਿਸ਼ਵ ਹਵਾਲਾ-ਫਰੇਮ’ ਕਿਸੇ ਹੱਦ ਤੱਕ ਆਪ ਹੀ ਉਸਰਨ ਲੱਗ ਜਾਂਦਾ ਹੈ। ਇਹ ਨਵਾਂ ਹਵਾਲਾ-ਫਰੇਮ ਹਰ ਖੇਤਰ ਵਿੱਚ ਬੰਦੇ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ, ਪਰ ਇੱਥੇ ਅਸੀਂ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੀ ਗੱਲ ਕਰ ਰਹੇ ਹਾਂ।


ਮਿਸਾਲ ਵਜੋਂ ਰੁੱਖ, ਆਪਣੀ ਸਥਿਰਤਾ ਤੇ ਜੜ੍ਹਤਾ ਕਰਕੇ ਬੇਬੱਸ ਤੇ ਕਮਜ਼ੋਰ, ਯਾਨਿ vulnerable, ਹੁੰਦਾ ਹੈ, ਮਨੁੱਖ ਦੀ ਨਜ਼ਰੋਂ; ਇਸ ਕਰਕੇ ਗ਼ੁਲਾਮ ਦਾ ਉਚਿਤ ਬਿੰਬ ਬਣਦਾ ਹੈ। ‘ਰੁੱਖ’ ਨੂੰ ਗ਼ੁਲਾਮ ਜਾਂ ਗ਼ੁਲਾਮੀ ਦੇ ਪ੍ਰਤੀਕ ਵਜੋਂ, ਸੁਚੇਤ ਜਾਂ ਅਚੇਤ ਤੌਰ ‘ਤੇ, ਵਰਤਣਾ ਪੰਜਾਬੀ ਕਵਿਤਾ ਵਿੱਚ ਫ਼ਰੀਦ-ਕਾਵਿ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਇਕਸਾਰਤਾ ਦਾ ਸਿਧਾਂਤ ਵਰਤਕੇ ਦਿਖਾਇਆ ਜਾ ਸਕਦਾ ਹੈ ਕਿ ਪੰਜਾਬੀ ਕਵਿਤਾ ਵਿੱਚ ਆਮ ਤੌਰ ‘ਤੇ ‘ਰੁੱਖ’ ਗ਼ੁਲਾਮ ਜਾਂ ‘ਗ਼ੁਲਾਮ ਮਾਨਸਿਕਤਾ’ ਦੇ ਬਿੰਬ ਵਜੋਂ ਅਸਲੋਂ ਹੀ ਵਰਤਿਆ ਜਾਂਦਾ ਰਿਹਾ ਹੈ [4]; ਪੰਜਾਬੀ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਸੱਭ ਪਿਆਰਾ ਗ਼ੁਲਾਮੀ-ਬਿੰਬ[3, 4]। ਪੰਜਾਬੀ ਕਵਿਤਾ ਵਿੱਚ, ਬਹੁਤੀ ਵਾਰੀ ਜਦ ਕੋਈ ਕਾਵਿ-ਟੋਟਾ ‘ਰੁੱਖ’ ਬਿੰਬ ਵਰਤਦਾ ਹੈ, ਤਾਂ ਉਹ ‘ਗ਼ੁਲਾਮ ਮਾਨਸਿਕਤਾ’ ਕਾਵਿ  ਹੁੰਦਾ ਹੈ, ਪਰ ਹਰ ਵਾਰੀ ਨਹੀਂ। ਇਹ ਇਸ ਕਾਰਕ ‘ਤੇ ਨਿਰਭਰ ਕਰਦਾ ਹੈ ਕਿ ਬਿੰਬ ਲਾਗੂ ਕਿਸ  ਤਰ੍ਹਾਂ ਕੀਤਾ ਜਾਂਦਾ ਹੈ। ਆਮ ਤੌਰ ‘ਤੇ, ਰੁੱਖ ਜਾਂ ਹੋਰ ਲੱਛਣ ਵਰਤ ਕੇ, ਜੋ ਕਾਵਿ-ਟੋਟਾ ਗ਼ੁਲਾਮੀ ਜਾਂ ‘ਗ਼ੁਲਾਮ ਮਾਨਸਿਕਤਾ’ ਦਾ ਪ੍ਰਸਾਰ ਜਾਂ ਪ੍ਰਚਾਰ ਕਰਦਾ ਹੈ, ਉਹ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਹਿੱਸਾ ਹੁੰਦਾ ਹੈ। ਪਰ, ਜੇ ਕਾਵਿ-ਟੋਟਾ ਵਿੱਚ ਕੋਈ ਗ਼ੁਲਾਮੀ ਹੰਢਾਉਂਦਾ ਹੈ, ਤੇ ਇਹ ਵਿਅੰਗ ਜਾਂ ਕਿਸੇ ਹੋਰ ਰੂਪ ਵਿੱਚ ਗ਼ੁਲਾਮੀ ਦਾ ਵਿਰੋਧ, ਜਾਂ ਇਸ ਨੂੰ ਨੰਗਿਆਂ, ਕਰ ਰਿਹਾ ਹੋਵੇ,  ਤਾਂ ਉਹ ਕਾਵਿ-ਟੋਟਾ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਹਿੱਸਾ ਨਹੀਂ ਹੁੰਦਾ ਹੈ। ਪੰਜਾਬੀ ਇਸ ਤਰ੍ਹਾਂ ਦੀਆਂ ਕਵਿਤਾਵਾਂ ਵਿਰਲੀਆਂ ਨੇ ਜਿਨ੍ਹਾਂ ਵਿੱਚਲੇ ਰੁੱਖ ਉਨ੍ਹਾਂ ਨੂੰ ਪ੍ਰਗਤੀਸ਼ੀਲ ਕਵਿਤਾਵਾਂ ਬਣਾ ਦੇਣ।

ਹਾਲਾਂਕਿ ਐਸੀ ਇੱਕ ਮਿਸਾਲ, ਸ਼ਿਵ ਕੁਮਾਰ ਦੀ ਕਵਿਤਾ ‘ਫਾਂਸੀ’ ਵਿੱਚਲਾ ਰੁੱਖ  ਹੈ, ਜੋ ਕਵਿਤਾ ਨੂੰ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਹਿੱਸਾ ਬਣਾਉਣ ਦੀ ਥਾਂ ਪ੍ਰਗਤੀਸ਼ੀਲ ਕਵਿਤਾ ਬਣਾ ਦਿੰਦਾ ਹੈ, ਕਿਉਂਕਿ ਇਸ ਰੁੱਖ ਦੇ ਪੈਰ ਹਨ ਤੇ ਉਹ ਹੋਰਾਂ ਰੁੱਖਾਂ ਨੂੰ ਨਿਜ਼ਾਮ ਦੀ ਗ਼ੁਲਾਮੀ ਵਿਰੁੱਧ ਜਥੇਬੰਦ ਕਰਦਾ ਹੈ [3]। ਪੰਜਾਬੀ ਕਵਿਤਾ ਵਿੱਚ ਗ਼ੁਲਾਮੀ-ਬਿੰਬ ਰੁੱਖ ਨੂੰ ਵਰਤ ਕੇ ‘ਗ਼ੁਲਾਮ ਮਾਨਸਿਕਤਾ’ ਕਾਵਿ ਉਪਜਾਉਣ ਦੀ ਰੀਤ ਪੰਜਾਬੀ ਦੇ ਪਹਿਲੇ ਜਾਣੇ ਜਾਂਦੇ ਪ੍ਰਮੁੱਖ ਕਵੀ ਸ਼ੇਖ ਫ਼ਰੀਦ ਤੋਂ ਹੀ ਸ਼ੁਰੂ ਹੋ ਗਈ ਸੀ; ਮਿਸਾਲ ਵਜੋਂ ਉਹ ਕਹਿੰਦੇ ਨੇ:

“ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥

ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।”

ਭਾਵ ਦਿਲ ਦੀ ਭਟਕਣਾ ਦੂਰ ਕਰਨ ਲਈ, ਮਾਲਕ ਦੀ ਚਾਕਰੀ/ਅਧੀਨਗੀ ਕਰ; ਫ਼ਕੀਰਾਂ ਦਾ ਰੁੱਖਾਂ ਵਰਗਾ ਜਿਗਰਾ ਹੋਣਾ ਚਾਹੀਦਾ ਹੈ, ਯਾਣਿ ਸੱਭ ਕੁੱਛ ਸਹਿਣ ਦਾ, ਕੁਛ ਵੀ ਨਾ ਕਹਿਣ ਦਾ ਜਿਗਰਾ, ਗ਼ੁਲਾਮ ਦਾ ਜਿਗਰਾ। 

ਸਮਕਾਲੀ ਸਮੇਤ ਆਧੁਨਿਕ ਪੰਜਾਬੀ ਕਵਿਤਾ ਵਿੱਚ ਭਾਈ ਵੀਰ ਸਿੰਘ, ਹਰਿਭਜਨ ਸਿੰਘ, ਪਾਤਰ, ਤੇ ਹੁਣ ਤੱਕ, ‘ਗ਼ੁਲਾਮ-ਮਾਨਸਿਕਤਾ’ ਕਾਵਿ ਪੁਰਖੇ/ਰਿਸ਼ੀ ਤੇ ਰੁੱਖ ਨੂੰ ਜੜ੍ਹਤਾ/ਗ਼ੁਲਾਮੀ ਦੇ ਬਿੰਬਾਂ ਤੇ ਪ੍ਰਤੀਕਾਂ ਵਜੋਂ ਵਰਤਦਾ ਰਿਹਾ ਹੈ। ਭਾਵੇਂ ਇਨ੍ਹਾਂ ਦੀ ਕਵਿਤਾ ਵਿੱਚ, ਰੁੱਖ, ਜਾਂ ਬਿਰਖ, ਬਿੰਬ ਇਨ੍ਹਾਂ ਕਿਤਾਬਾਂ ਤੱਕ ਹੀ ਸੀਮਿਤ ਨਹੀਂ, ਫਿਰ ਵੀ, ਇੱਕ ਸਧਾਰਨ ਯਾਣਿ simple ਅਭਿਆਸ ਹਿੱਤ, ਵਿਚਾਰੋ ਦੋ ਕਿਤਾਬਾਂ ਦੇ ਟਾਈਟਿਲ, ਯਾਣਿ tiltes: ਸੁਰਜੀਤ ਪਾਤਰ ਦੁਆਰਾ ‘ਬਿਰਖ ਅਰਜ਼ ਕਰੇ’ ਤੇ ਹਰਿਭਜਨ ਸਿੰਘ ਦੁਆਰਾ ‘ਰੁੱਖ ਤੇ ਰਿਸ਼ੀ’।ਸਮੱਗਰੀ ਤੋਂ ਹੀ ਨਹੀਂ, ਪਾਤਰ ਦੇ ਸੰਖੇਪ ਮੁੱਖਬੰਦ ਤੇ ਟਾਈਟਿਲ ‘ਬਿਰਖ ਅਰਜ਼ ਕਰੇ’ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਪਾਤਰ ਦਾ ਬਿਰਖ ਤੋਂ ਗ਼ੁਲਾਮੀ ਮੁਹਾਵਰਾ,  ਥੋੜਾ ਜਾਂ ਜ਼ਿਆਦਾ, ਸ਼ੇਖ ਫ਼ਰੀਦ ਦੇ ਰੁੱਖ ਦੇ ਗ਼ੁਲਾਮੀ ਮੁਹਾਵਰੇ  ਦੁਆਲੇ ਹੀ ਘੁੰਮਦਾ ਹੈ:

“ਖੜਕ  ਹੋਵੇ  ਜੇ  ਡਿਗੇ   ਪੱਤਾ    ਵੀ

ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ”…(ਸੁਰਜੀਤ ਪਾਤਰ)

ਇਹ ਤਰ੍ਹਾਂ ਹੀ, ਟਾਈਟਲ ‘ਰੁੱਖ ਤੇ ਰਿਸ਼ੀ’ ਤੋਂ ਪਤਾ ਚਲ ਜਾਂਦਾ ਹੈ ਕਿ ਹਰਿਭਜਨ-ਕਾਵਿ ਬਾਬਾ ਫ਼ਰੀਦ ਦੀ ‘ਰੁਖਾਂ ਦੀ ਜੀਰਾਂਦਿ’ ਤੋ ‘ਰੁੱਖ ਦੀ ਸਮਾਧੀ’ ਤੱਕ ਵੱਧ ਆਇਆ ਹੈ:

“ਹੇ ਪਰਮ ਦੇਸ

ਹੇ ਪਰਮ ਕਾਲ

ਰੁੱਖ ਦੀ ਸਮਾਧੀ ਹੋ ਜਾਏ ਮੇਰਾ ਜੀਵਨ”—-(ਹਰਿਭਜਨ ਸਿੰਘ: ‘ਰੁੱਖ ਤੇ ਰਿਸ਼ੀ’, ਪਹਿਲੀਆਂ ਤਿੰਨ ਸ਼ਤਰਾਂ)

ਉੱਤਕ ਕਾਵਿ-ਟੋਟਾ ਵਿਚਲਾ ‘ਮੈਂ’ ਰੁੱਖ ਦੀ ਸਮਾਧੀ ਜੈਸੀ ਜ਼ਿੰਦਗੀ ਲੋਚਦਾ ਹੈ, ਯਾਣਿ ਪੂਰੀ ਬੰਦਿਸ਼ ਵਾਲੀ ਜ਼ਿੰਦਗੀ; ਰੁੱਖ ਆਮ ਅਵੱਸਥਾ ਵਿੱਚ ਕੁੱਝ  ਤਾਂ ਆਜ਼ਾਦੀ ਮਾਣ ਸਕਦਾ ਹੈ: ਮਿਸਾਲ ਵਜੋਂ ਧੁੱਪ ਵੱਲ ਨੂੰ ਵਧ ਸਕਦਾ ਹੈ, ਹਵਾ/ਨ੍ਹੇਰੀ ਸੰਗ ਝੂਲ ਸਕਦਾ ਹੈ, ਫੁੱਲ/ਫ਼ਲ/ਪੱਤੇ ਗੁਰੂਤਾ ਦੀ ਝੋਲੀ ਪਾ ਜਮੀਂ ‘ਤੇ ਸੁੱਟ ਸਕਦਾ ਹੈ, ਆਦਿ। ਪਰ, ਸਮਾਧੀ ਲੱਗਾ ਰੁੱਖ ਇਸ ਸੱਭ ਵੀ ਨਹੀਂ ਕਰ ਸਕਦਾ, ਮੂਕ ਅਵੱਸਤਾ ਵਿੱਚ ਹੁੰਦਾ ਹੁੰਦਾ ਹੈ, ਮਾਨੋ ਗ਼ੁਲਾਮੀ ਦੀ ਸਿਖਰ ਦਾ ਬਿੰਬ: ਸਮਾਧੀ ਲੱਗਾ ਰੁੱਖ।


ਉੱਤਕ ਦੋਵੇ ਟਾਈਟਲ ਮਿਸਾਲਾਂ, ਪੰਜਾਬੀ ਕਵਿਤਾ ਵਿੱਚ ਗ਼ੁਲਾਮੀ-ਬਿੰਬ ਰੁੱਖ ਨੂੰ ਵਰਤ ਕੇ ‘ਗ਼ੁਲਾਮ ਮਾਨਸਿਕਤਾ’ ਕਾਵਿ ਉਪਜਾਉਣ ਦੀ ਰੀਤ ਨੂੰ ਜਾਰੀ ਰੱਖਦੀਆਂ ਜੋ ਸ਼ੇਖ ਫ਼ਰੀਦ ਦੇ ਸਮੇਂ ਤੋਂ ਚਲੀ ਆਉਂਦੀ ਹੈ। ਇਹ ਦੋਵੇਂ  ‘ਭੂਤਮੁੱਖੀ ਹਵਾਲਾ-ਫਰੇਮ’ ਵਿੱਚ ਹੀ ਵਾਪਰਦੀਆਂ ਹਨ, ਕਿਉਂਕਿ ਸਦੀਆਂ ਪੁਰਾਣੀ ਗ਼ੁਲਾਮੀ ਜਾਂ ‘ਗ਼ੁਲਾਮ ਮਾਨਸਿਕਤਾ’ ਰੀਤ ਨੂੰ ਢੋਂਦੇ ਰਹਿਣ ਲਈ ਭੂਤਮੁੱਖੀ ਸੋਚ ਤੇ ਪਹੁੰਚ ਦਾ ਹੋਣਾ ਜ਼ਰੂਰੀ ਹੈ। ਹੁਣ, ਉੱਤਕ ਟਾਈਟਲਾਂ ‘ਬਿਰਖ ਅਰਜ਼ ਕਰੇ’ ਤੇ ‘ਰੁੱਖ ਤੇ ਰਿਸ਼ੀ’ ਦੀ ਤੁਲਨਾ ਕਰੋ ਟਾਈਟਲ ‘ਬਿਰਛਾਂ ਅੰਦਰ ਉੱਗੇ ਖ਼ੰਡਰ’ ਨਾਲ, ਟਾਈਟਲ ਪੱਧਰ ‘ਤੇ ਹੀ। ਪ੍ਰਸ਼ਨ: ਬਿਰਛਾਂ ਅੰਦਰ ਖ਼ੰਡਰ ਉੱਗਾਉਣ ਦੀ ਕੀ ਜ਼ਰੂਰਤ ਪੈ ਗਈ? ਇਸ ਨੁਕਤੇ ‘ਤੇ, ਪਹਿਲਾਂ ਇਸ ਗੱਲ ‘ਤੇ ਸਹਿਮਤ ਹੋ ਲਈਏ ਕੋਈ ਰਚਨਾ ਭਾਵੇਂ ਵਿਗਿਆਨ/ਟੈਕਨਾਲੋਜੀ ਦੇ ਖ਼ੇਤਰ ਵਿੱਚ ਹੋਵੇ, ਚਾਹਵੇ ਆਰਟ/ਕਲਾ ‘ਚੇ,  ਜੇ ਉਸ ਨੂੰ ਉਸਾਰਣ ਵਿੱਚ ਕਲਪਨਾ-ਉਡਾਰੀ ਸ਼ਾਮਲ ਹੁੰਦੀ ਹੈ, ਤਾਂ ਉਸ ਦੀ ਉਸਾਰੀ ਪ੍ਰਕਿਰਿਆ ਵਿੱਚ ਅਕਸਰ ਸੁਚੇਤ ਤੇ ਅਚੇਤ ਦੋਨੋਂ ਮਨ ਸ਼ਾਮਲ ਹੁੰਦੇ ਨੇ। ਰਿਵਾਇਤੀ ਤੌਰ ‘ਤੇ ਤਾਂ ਸਧਾਰਨ ਰੁੱਖ ਗ਼ੁਲਾਮੀ-ਬਿੰਬ ਹੈ। ਹਰਿਭਜਨ ਸਿੰਘ ਸਧਾਰਨ ਰੁੱਖ ਨਾਲ ਰਿਸ਼ੀ ਜੋੜ ਕੇ, ਇੰਝ ਰੁੱਖ ਦੀ ਸਮਾਧੀ ਲੱਗਵਾ ਕੇ, ਉਹਦੀ ਗ਼ੁਲਾਮੀ ਨੂੰ ਹੋਰ ਵੀ ਤੀਖਣ ਕਰ ਦਿੰਦਾ ਹੈ, ਤੇ ਇਸ ਤਰ੍ਹਾਂ ਫਿਰ ਵੀ ‘ਭੂਤਮੁੱਖੀ ਹਵਾਲਾ-ਫਰੇਮ’ ਵਿੱਚ ਹੀ ਰਹਿੰਦਾ ਹੈ। ਪਰ, ਇਹਦੇ ਉਲਟ, ਸ਼ਿਵ ਕੁਮਾਰ ਦੀ ਕਵਿਤਾ ‘ਫਾਂਸੀ’ ਵਿੱਚ, ਰੁੱਖ ਦੇ ਪੈਰ ਨੇ, ਇੰਝ ਉਹ ਜੜ੍ਹਤਾ ਤੋੜ੍ਹ ਕੇ, ਹੋਰ ਰੁੱਖਾਂ ਨੂੰ ਨਿਜ਼ਾਮ ਦੀ ਗ਼ੁਲਾਮੀ ਵਿਰੁੱਧ ਜਥੇਬੰਦ ਕਰਦਾ ਹੈ; ਕਵਿਤਾ ਪ੍ਰਗਤੀਸ਼ੀਲ ਬਣ ਜਾਂਦੀ ਹੈ [3]। ਨਿਸ਼ਚੇ ਹੀ, ਇਸ ਕਵਿਤਾ ਵਿੱਚ, ਸ਼ਿਵ ਕੁਮਾਰ  ‘ਭੂਤਮੁੱਖੀ ਹਵਾਲਾ-ਫਰੇਮ’ ਦੀ ਥਾਂ, ‘ਭਵਿੱਖਮੁੱਖੀ ਹਵਾਲਾ-ਫਰੇਮ’  ਵਿੱਚ ਵਿਚਰ ਰਿਹਾ ਹੈ। 


ਉੱਤਕ ਪ੍ਰਸੰਗ ਵਿੱਚ, ਅਸੀਂ ‘ਬਿਰਛਾਂ ਅੰਦਰ ਉੱਗੇ ਖ਼ੰਡਰ’, ਅਮਰੀਕੀ ਪੰਜਾਬੀ ਕਵੀ ਕੁਲਵਿੰਦਰ ਦੇ ਪਹਿਲੇ ਗਜ਼ਲ-ਸੰਗ੍ਰਹਿ ਦਾ ਟਾਈਟਲ, ਬਾਰੇ ਕੀ ਕਹਿ ਸਕਦੇ ਹਾਂ? ਫਿਰ ਉਹੀ ਪ੍ਰਸ਼ਨ: ਬਿਰਛਾਂ ਅੰਦਰ ਖ਼ੰਡਰ ਉੱਗਾਉਣ ਦੀ ਕੀ ਜ਼ਰੂਰਤ ਪੈ ਗਈ? ਕਵੀ, ਚਾਹੇ ਸੁਚੇਤ ਜਾਂ ਅਚੇਤ ਮਨ ਨਾਲ ਕਰ ਰਿਹਾ ਹੋਵੇ, ਕੋਈ ਫ਼ਰਕ ਨਹੀਂ ਪੈਂਦਾ, ਉਹ ਬਿਰਛ ਵਿੱਚ ਖ਼ੰਡਰ ਪਾਉਂਦਾ ਹੈ ਬਿਰਛ ਦੇ ਪਛਾਣ ਪੱਤਰ ਵਜੋਂ। ਇਹ ਪਛਾਣ ਪੱਤਰ ਦੋਹਰਾ, ਯਾਣਿ dual, ਹੈ। ਇੱਕ ਪਾਸਿਓਂ ਕਹਿੰਦਾ ਹੈ ਕਿ ਮੈਂ ਆਪਣੀ ਜੜ੍ਹਤਾ ਕਰਕੇ ਗ਼ਲਾਮੀ ਦਾ ਬਿੰਬ ਹਾਂ; ਤੁਸੀਂ ‘ਮੈਂ’ ਹੋ ਸਕਦੇ ਹੋ ਜਦੋਂ ਤੁਹਾਡਾ ਇਸ਼ਕ ਸਾਥੀ ਪੌਣ ਹੋ ਜਵੇ: 


“ਮੈਂ ਬਿਰਖ ਬਣ ਗਿਆ ਸਾਂ ਉਹ ਪੌਣ ਹੋ ਗਈ ਸੀ

ਕਿੱਸਾ ਹੈ ਸਿਰਫ਼ ਏਨਾ ਆਪਣੀ ਤਾਂ ਆਸ਼ਕੀ ਦਾ।”…(ਪਾਤਰ: ਗਜ਼ਲ)

ਜਾਂ

“ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ

ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ…

ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ

ਵੰਝਲੀ ਦੇ ਰੂਪ ਵਿੱਚ ਮੈ ਉਸ ਜੰਗਲ ਦੀ ਚੀਕ ਹਾਂ”….(ਸੁਰਜੀਤ ਪਾਤਰ: ਗਜ਼ਲ) 

ਪਰ, ਇਹ ਕੁਝ ਕਰਨ ਲਈ, ਤੁਹਾਨੂੰ ਇਤਿਹਾਸ, ਯਾਣਿ ਬੀਤੇ, ਦੇ ਖ਼ੰਡਰਾਂ ਨੂੰ ਜਾਣਾ ਪਵੇਗਾ, ਯਾਣਿ ਭੂਤਮੁੱਖੀ ਬਣਨਾ ਪਏਗਾ, ਕਿਓਂਕਿ ਆਧੁਨਿਕ ਯੁੱਗ ਦੀ ਨਜ਼ਰੇ ਗ਼ਲਾਮੀ ਅਤੀਤ ਦੀ ਸ਼ੈਅ ਹੈ, ਜਾਂ ਹੋਣੀ ਚਾਹੀਦੀ ਹੈ (ਉੱਤਕ ਦੋਨੋਂ ਕਾਵਿ-ਟੋਟੇ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਹਿੱਸਾ ਬਣ ਜਾਂਦੇ ਨੇ [3, 4])। ਇੰਝ, ‘ਬਿਰਛਾਂ ਅੰਦਰ ਉੱਗੇ ਖ਼ੰਡਰ’ ਦੇ ਪਛਾਣ ਪੱਤਰ ਦਾ ਦੂਜਾ ਪਾਸਾ ਆਪਣੇ ਅਤੀਤ ਪੱਖ ਦੀ ਪਛਾਣ ਕਰਵਾਉਂਦਾ ਹੈ। ਮਿਸਾਲ ਵਜੋਂ,  ਇਸ ਪਛਾਣ ਪੱਤਰ ਦੂਜੇ ਪਾਸਿਓਂ ਕਹਿਦਾ ਹੈ: ਜੇ ਮੈਨੂੰ ਵੱਢੋਗੇ ਤਾਂ ਮੈਂ ਆਪਣੇ ਅੰਦਰਲਾ ਖ਼ੰਡਰ ਪਿੱਛੇ ਛੱਡ ਜਾਵਾਂਗਾ, ਤੁਹਾਡੇ ਵਾਸਤੇ:

“ਬਿਰਛ ਘਰ ਦੇ ਵੱਢ ਕੇ ਤੇ  ਕਰ ਕੇ ਗ਼ੁਲ ਦੀਵੇ ਤਮਾਮ।

ਬਹਿ ਕੇ ਹੁਣ ਖੰਡਰਾਤ ‘ਤੇ ਸੋਚਾਂ,  ਕੀ ਹੈ ਮੇਰਾ ਮੁਕਾਮ?”…(ਕੁਲਵਿੰਦਰ: ਗਜ਼ਲ)

 ਉੱਤਕ ਕਾਵਿ-ਟੋਟਾ ਭਵਿੱਖ ਤੇ ਪ੍ਰਗਤੀਸ਼ੀਲ ਹੈ ਕਿਉਂਕਿ ਇਹ ‘ਅੱਜ’ ਰੁੱਖਾਂ ਨੂੰ ਵੱਢਣ ਦੇ ਭਲਕ ‘ਤੇ ਪੈਂਦੇ ਮਾਰੂ ਅਸਰ ਵੱਲ ਇਸ਼ਾਰਾ ਕਰਦੇ ਹੋਏ ਸਾਨੂੰ ਰੁੱਖ ਨਾ ਵੱਢਣ ਲਈ ਪ੍ਰੇਰਦਾ ਹੈ। ਇੰਝ, ‘ਬਿਰਛਾਂ ਅੰਦਰ ਉੱਗੇ ਖ਼ੰਡਰ’ ਟਾਈਟਲ, ਇਕ ਹੱਥ ‘ਰੁੱਖ’ ਦੇ ਗ਼ੁਲਾਮੀ ਬਿੰਬ ਨੂੰ ਪੂਰਣ ਦਿੰਦਾ ਹੈ, ਗ਼ੁਲਾਮੀ ਸੰਗ ਅਤੀਤ (ਇੰਝ ਭੂਤਮੁੱਖਤਾ) ਨੱਥੀ ਕਰਕੇ, ‘ਖ਼ੰਡਰ’ ਦੇ ਰੂਪ ਵਿੱਚ; ਤੇ ਦੂਸਰੇ ਹੱਥ ਕਵੀ ਨੂੰ ਇੱਕ ਹੋਰ ਪੈਰਾਮੀਟਰ (parameter), ‘ਖ਼ੰਡਰ’, ਵੀ ਦੇ ਜਾਂਦਾ ਹੈ, ਕਵਿਤਾ ਵਿੱਚ ਲੋੜੀਂਦਾ ਸੰਤੁਲਨ ਬਣਾਈ ਰੱਖਣ ਲਈ। 


ਖ਼ੰਡਰ ਦੇ ਰੂਪ ਵਿੱਚ ਬਿਰਛ ਦੇ ਪਛਾਣ ਪੱਤਰ ਦੇ ਦੂਜੇ ਪਾਸੇ , ਯਾਣਿ ਭੂਤਮੁੱਖੀ ਸੋਚ ਤੇ ਪਹੁੰਚ, ਦੀ ਇੱਕ ਮਿਸਾਲ, ਕੁਲਵਿੰਦਰ-ਕਾਵਿ ‘ਚੋਂ:

“ਚਲੋ  ਚਲੀਏ  ਤੇ ਆਪਾਂ   ਘਰ ਬਣਾਈਏ  ਜੰਗਲਾਂ ਵਿੱਚ।

ਕਿ ਹੁਣ ਜੰਗਲ ਹੀ ਜੰਗਲ ਉਗ ਪਏ ਨੇ ਬਸਤੀਆਂ ਵਿੱਚ।…

ਉਹ ਮਲਬੇ  ਹੇਠ ਬੇਸ਼ਕ ਦਫ਼ਨ   ਹੋ ਚੁੱਕਿਆਂ  ਹੈ ਚਿਰ ਤੋਂ,

ਅਜੇ ਤਕ  ਚੀਕ  ਉਸਦੀ    ਸੁਣ ਰਹੀ ਹੈ  ਖ਼ੰਡਰਾਂ   ਵਿੱਚ।”…(ਕੁਲਵਿੰਦਰ: ਗਜ਼ਲ)


 ਉੱਤਕ ‘ਬਸਤੀਆਂ ਵਿੱਚ ਜੰਗਲਾਂ ਦਾ ਉਗ ਪੈਣਾ’  ਭੂਤਮੁੱਖੀ ਸੋਚ ਤੇ ਪਹੁੰਚ ਦੇ ਪਸਾਰੇ ਹੀ ਦੂਜਾ ਨਾਮ ਹੈ, ਜੋ ਸਾਡੇ ਅਰਧ-ਜਾਗੀਰੂ ਪੰਜਾਬੀ ਸਮਾਜ ਵਿੱਚ ਹਕੀਕਤ ਹੈ। ਆਖਰੀ ਦੋ ਸ਼ਤਰਾਂ ਅਤੀਤ ਦੇ ਝਗੜਿਆਂ ਨੂੰ ਅੱਜ ਵਿੱਚ ਨੂੰ ਘੜੀਸ ਲਿਆਉਣ ਜਾਂ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਅਤੀਤ ਵਿੱਚੋਂ ਢੂੰਢਣ ਵੱਲ ਇਸ਼ਾਰਾ ਕਰਦੀਆਂ ਨੇ। ‘ਅਜੇ ਤਕ ਚੀਕ ਉਸਦੀ ਸੁਣ ਰਹੀ ਹੈ ਖ਼ੰਡਰਾਂ ਵਿੱਚ’ ਜੜ੍ਹਤਾ ਦੀ ਨਿਸ਼ਾਨੀ ਹੈ। ਉੱਤਕ ਕਾਵਿ-ਟੋਟਾ, ਵਿਅੰਗ ਰੂਪ ਵਿੱਚ ਭੂਤਮੁੱਖੀ ਸੋਚ ਤੇ ਪਹੁੰਚ ‘ਤੇ ਕਰਾਰੀ ਸੱਟ ਮਾਰਦਾ ਹੋਇਆ ਭਵਿੱਖਮੁੱਖੀ ਬਣ ਜਾਂਦਾ ਹੈ। ਇੰਝ ‘ਬਿਰਛਾਂ ਅੰਦਰ ਉੱਗੇ ਖ਼ੰਡਰ’ ਟਾਈਟਲ ਵਿੱਚਲਾ ‘ਖ਼ੰਡਰ’ ਬਿਰਛ ਦੇ ਪਛਾਣ ਪੱਤਰ ਵਜੋਂ ਕੰਮ ਆਉਂਦਾ ਹੈ, ਜਿਸ ਪਛਾਣ ਪੱਤਰ ਦੇ ਦੋਨੋਂ ਪਾਸੇ ਭਵਿੱਖਮੁੱਖੀ ਸੋਚ ਵਾਲੀ ਪ੍ਰਗਤੀਸ਼ੀਲ ਕਵਿਤਾ ਉਪਜਾ ਸਕਦੇ ਨੇ, ਜਿਵੇਂ ਦਿਖਾਉਂਦੇ ਨੇ ਉੱਤਕ ਦੋਵੇਂ ਕਾਵਿ-ਟੋਟੇ,  ਕੁਲਵਿੰਦਰ ਦੇ ਇਸ ਟਾਈਟਲ ‘ਚੋਂ। ਪਰਵਾਸਵਾਦ ਦੀ ਪ੍ਰਸੰਗ ਵਿੱਚ, ਇਹ ‘ਵਿਸ਼ਵ ਹਵਾਲਾ-ਫਰੇਮ’ ਵਿੱਚ ਹੀ ਵਾਪਰ ਸਕਦਾ ਹੈ।


ਜਿਵੇਂ ਉੱਤਕ ਕਾਵਿ-ਟੋਟਿਆਂ ਤੋਂ ਸਪਸ਼ਟ ਹੈ, ਕੁਲਵਿੰਦਰ-ਕਾਵਿ ਦੇ ‘ਮੈਂ’ ਨੂੰ ਖ਼ੁਦ ਹੀ ਰੁੱਖ ਹੋ ਜਾਣ ਦਾ ਹਮੇਸ਼ਾ ਝੱਸ ਨਹੀਂ ਉੱਠਿਆ ਰਹਿੰਦਾ, ਜਦੋਂ ‘ਮੈਂ’ ਨੇ ਰੁੱਖ ਬਣਨਾ ਹੀ ਹੋਵੇ ਤਾਂ ਇਹ ਸੂਖਮ, ਯਾਣਿ subtle, ਢੰਗ ਨਾਲ ਵੀ ਹੋ ਸਕਦਾ ਹੈ:

“ਹਾਲੇ  ਏਸ  ਉਦਾਸੇ  ਰੁੱਖ ਨੂੰ   ਕੁਝ ਨਾ  ਕਹਿਣਾ ਯਾਰੋ।

ਇਸ ਉੱਪਰ ਵੀ ਪੰਛੀ ਨੇ ਇਕ ਦਿਨ ਆ ਬਹਿਣਾ ਯਾਰੋ।”…(ਕੁਲਵਿੰਦਰ: ਗਜ਼ਲ)


‘ਮੈ’ ਦੇ ਖ਼ੁਦ ਰੁੱਖ ਬਣਨ ਵਿੱਚ ਕਾਹਲੀ ਦਾ ਨਾ ਹੋਣਾ, ਕਈ ਵਾਰ ਰੁੱਖ ਨੂੰ ਗ਼ੁਲਾਮੀ-ਬਿੰਬ ਵਜੋੰ ਵਰਤਣ ਲਈ ਦਿਲਚਸਪੀ ਦੀ ਘਾਟ ‘ਚੋਂ ਨਿੱਕਲਦਾ ਹੈ। ਪਰ ਜੇ ‘ਮੈਂ’ ਸਿੱਧੇ-ਮੂੰਹ ਵੀ ਰੁੱਖ ਬਣ ਜਾਵੇ, ਤਾਂ ਵੀ ਉਹ ਭਵਿੱਖਮੁੱਖੀ ਸੋਚ ਦੇ ਪ੍ਰਗਤੀਸ਼ੀਲਤਾ ਕਾਇਮ ਰੱਖ ਸਕਦਾ ਹੈ, ਸ਼ਿਵ ਦੀ ਕਵਿਤਾ ‘ਫਾਂਸੀ’ ਵਿੱਚਲੇ ਰੁੱਖ ਵਾਂਗ, ਜਿਵੇਂ:

“ਹਰਾ  ਬੂਟਾ  ਹਾਂ,   ਸੜਦੇ  ਜੰਗਲਾਂ  ਵਿੱਚ   ਖੜ੍ਹਾਂ  ਹਾਂ।

ਮੈਂ  ਕੀਕਣ  ਬਿਰਖ ਘਣਛੱਤਾ  ਬਣਗਾ,  ਸੋਚਦਾ  ਹਾਂ।

ਮਿਰੇ  ਰਾਹਾਂ  ‘ਚ  ਹੁਣ   ਹਰ  ਪੈਰ  ਉੱਪਰ  ਹੈ  ਨੇਰਾ,

ਮੈਂ ਰੰਗਾਂ ‘ਚੋਂ ਗ਼ੁਜ਼ਰ ਕੇ ਕਿਸ ਪੜਾ ‘ਤੇ ਆ ਗਿਆ ਹਾਂ।”…(ਕੁਲਵਿੰਦਰ: ਗਜ਼ਲ)

ਉੱਤਕ ਕਾਵਿ-ਟੋਟਾ ਵਿੱਚਲਾ ਬੂਟਾ/ਬਿਰਖ, ‘ਫਾਂਸੀ’ ਵਿੱਚਲੇ ਰੁੱਖ ਵਾਂਗ, ਸੋਚਦਾ ਵੀ ਤੇ ਚੱਲਦਾ ਵੀ। ਉਹਦੇ ਪੈਰ, ਰਾਹ, ਪੜਾ, ਤੇ ਇਸ ਲਈ ਸਫ਼ਰ ਵੀ, ਹੈ। ਉਹ ਗ਼ੁਜ਼ਰ ਚੁੱਕਾ ਹੈ ਰੰਗਾਂ ਵਿੱਚ ਦੀ, (ਜੋ ਨੰਗੀ ਅੱਖ ਨੂੰ ਦਿਖਣਯੋਗ ਹੁੰਦੇ);  ਯਾਣਿ ਉਹ ਅਤੀਤ ਵਿੱਚੋਂ ਲੰਘ ਕੇ ‘ਅੱਜ’ ਦੇ ਪੜਾਅ ‘ਤੇ ਪਹੁੰਚ ਚੁੱਕਿਆ ਹੈ। ਜੋ ਰੰਗ ਅਜੇ ਦਿਖਣਯੋਗ ਨਹੀ ਉਹ ਭਵਿੱਖ ਦੇ ਰੰਗ ਨੇ। “ਕਿਸ ਪੜਾ ‘ਤੇ ਆ ਗਿਆ ਹਾਂ” ਪ੍ਰਸ਼ਨ ਤੋਂ ਸਫਰਧਾਰੀ ਬੰਦੇ ਦਾ ਅਕਸਰ ਭਾਵ ਹੁੰਦਾ ਹੈ: ਮੈਂ ਕਿੱਥੇ ਜਾ ਰਿਹਾਂ ਹਾਂ? ਉੱਤਕ ਕਾਵਿ-ਟੋਟਾ ਵਿੱਚਲੇ ‘ਮੈਂ’ ਦੀ ਦਿਸ਼ਾ, ਯਾਣਿ ਅਤੀਤ ਤੋਂ ‘ਅੱਜ’, ਤੋਂ ਸਪਸ਼ਟ ਹੈ ਕਿ ਉਹ ਭਵਿੱਖ ਨੂੰ ਜਾਂਦੇ ਰਾਹ ‘ਤੇ ਚੱਲ ਰਿਹਾ ਹੈ; ਇਸ ਤਰ੍ਹਾਂ ਉਹ ਭੂਤਮੁੱਖੀ ਹੋਣ ਥਾਂ ਭਵਿਖਮੁੱਖੀ, ਯਾਣਿ ਪ੍ਰਗਤੀਸ਼ੀਲ ਹੈ। ਕੁਲਵਿੰਦਰ-ਕਾਵਿ ਵਿੱਚਲਾ ‘ਮੈਂ’, ਚਾਹੇ ਰੁੱਖ ਹੋ ਜਾਂ ਕੁਝ ਹੋਰ, ਅਤੀਤ ਵਿੱਚ ਨੂੰ ਵੀ ਉੱਤਰ ਜਾਵੇ, ਤਾਂ ਵੀ ਆਪਣੇ ਭਵਿੱਖਮੁੱਖੀ ਸਫ਼ਰ ਸਦਕਾ, ਜਾਣਦਾ ਹੈ ਕਿ ‘ਅੱਜ’ ਨੂੰ ਕਿੱਦਾਂ ਆਉਣਾ ਹੈ: 

“ਉਹ  ਮੈਨੂੰ  ਖੰਡਰਾਂ  ਵਿੱਚ  ਰਾਖ਼ ਕਰਕੇ  ਤੁਰ ਗਏ ਸਨ,

ਮੈਂ ਹੁਣ ਪੌਣਾਂ ‘ਚ,  ਮਿੱਟੀ ਵਿੱਚ ਵੀ ਕਿੰਨਾਂ ਮਹਿਕਦਾ ਹਾਂ।”…(ਕੁਲਵਿੰਦਰ: ਗਜ਼ਲ)

ਕਿਉਂਕਿ ‘ਮੈਂ’ ਭੂਤਮੁੱਖੀ ਨਹੀਂ ਹੈ, ਉਸ ਅੱਜ ਦੇ ‘ਮੈਂ’ ਨੂੰ ਅਤੀਤ ਵਿੱਚ ਖ਼ਤਮ ਨਹੀਂ ਕੀਤਾ ਜਾ ਸਕਦਾ;  ਉਹ ਅੱਜ ਵਿੱਚ ਆ ਕੇ ਇਹਦੀ ਮਿੱਟੀ ਤੇ ਪੌਣ ਨਾਲ ਸਵਭਾਵਨਾ ਦਾ ਰਿਸ਼ਤਾ ਬਣਾ ਲੈਂਦਾ, ਪਾਤਰ-ਕਾਵਿ ਵਿੱਚਲੇ ‘ਮੈਂ’ ਦੇ ਪੌਣ ਸਾਹਵੇਂ ਬਿਰਖ ਹੋ ਜਾਣ ਅਵਾਂਗ! ਜਿਵੇਂ ਮੈਂ ਆਪਣੇ ਇੱਕ ਹੋਰ ਲੇਖ ਵਿੱਚ [4], ਅਮਰਜੀਤ ਚੰਦਨ ਦੀ ਇੱਕ ਕਵਿਤਾ ਰਾਹੀਂ ਦਿਖਾਇਆ ਹੈ ਕਿ ਸਿਰਫ਼ ਅਤੀਤ ਕੋਈ ਯਾਦ ਤਾਜ਼ਾ ਕਰ ਲੈਣ ਨਾਲ ਹੀ ਕੋਈ ਭੂਤਮੁੱਖੀ ਨਹੀ ਬਣ ਜਾਂਦਾ। ਇਸ ਤਰਾਂ ਹੀ, ਹੇਠਲੇ ਕਾਵਿ-ਟੋਟਾ ਵਿੱਚਲੀ ਯਾਦ ਕਵੀ ਨੂੰ ਭੂਤਮੁੱਖੀ ਨਹੀ ਬਣਾ ਜਾਂਦੀ:

‘ਬੀਤ ਚੁੱਕੀ ਜ਼ਿੰਦਗੀ ਦੀ ਜਦ ਵੀ ਆ ਜਾਂਦੀ ਹੈ  ਯਾਦ।

ਦੋਸਤੋ ਭਾਂਬੜ ਜਿਹਾ ਦਿਲ ਵਿੱਚ ਮਚਾ ਜਾਂਦੀ ਹੈ ਯਾਦ।…

ਦੋਸਤੋ  ਹਰਿਆਂ  ਨੇ ਤਾਂ  ਉਂਜ ਝੂਮਣਾ  ਹੋਇਆ  ਜ਼ਰੂਰ,

ਸੁੱਕਿਆਂ ਬਿਰਖ਼ਾਂ ਨੂੰ ਵੀ ਅਕਸਰ ਝੁਲਾ ਜਾਂਦੀ ਹੈ ਯਾਦ।”…(ਕੁਲਵਿੰਦਰ: ਗਜ਼ਲ)

ਯਾਦ ਤਾਂ ਸਿਰਫ਼ ਯਾਦ ਹੈ। ਕੁੱਝ ਯਾਦਾਂ ਤੋਂ ਸਿੱਖਿਆ ਜਾ ਸਕਦਾ ਹੈ, ਬਾਕੀ ਦੀਆਂ ਬਾਂਝ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਸਿਖਿਆ ਤੋਂ। ਇੱਥੇ ਤਾਂ ‘ਕਾਵਿ-ਟੋਟਾ’ ਵਿੱਚਲਾ ‘ਮੈਂ’,  ਯਾਦ ਦੀ ਤਾਕਤ ਮਹਿਸੂਸ ਕਰਦਾ ਹੋਇਆ ਵੀ, ਉਹਨੂੰ ‘ਹੋਊ-ਪਰ੍ਹੇ’ ਕਰਨ ਜਿੰਨੀ ਹੀ ਅਹਿਮੀਅਤ ਦਿੰਦਾ ਹੈ:

“ਮੈਂ ਨਹੀਂ  ਸ਼ਾਇਰ  ਕਿ ਮੇਰਾ   ਨਾਮ ਨਾ ਗਿਣਿਓ ਹਜ਼ੂਰ,

ਇਹ  ਝਰੀਟਾਂ  ਤਾਂ ਕਿਤੇ   ਐਂਵੇ  ਪੁਆ  ਜਾਂਦੀ ਹੈ ਯਾਦ।”…(ਕੁਲਵਿੰਦਰ: ਉੱਤਲੀ ਗਜ਼ਲ)

ਉੱਤਕ ਕਾਵਿ-ਟੋਟਿਆਂ ਤੋਂ ਸਪਸ਼ਟ ਹੈ  ਕਿ ‘ਯਾਦਾਂ’ ਤੇ  ਖ਼ੰਡਰਾਂ ਰਾਹੀਂ ਭੂਤ ਦੀ ਯਾਤਰਾਂ ਕਰਦਾ ਵੀ ਹੈ ਤਾਂ ਝਰੀਟਾਂ, ਕਾਗਜ਼ ਜਾਂ ਸੋਚ ‘ਤੇ, ਪਵਾ ਕੇ,  ਜਾਂ ਕਿਸੇ ਤਰ੍ਹਾਂ ਦੀ ‘ਮੌਤ’ ਵਿੱਚੋਂ ਲੰਘ ਕੇ ਪਰਤਦਾ ਹੈ, ਅੱਜ ਨੂੰ,  ਭੂਤਮੁੱਖੀ ਦੀ ਥਾਂ ਭਵਿੱਖਮੁੱਖੀ ਪ੍ਰਗਤੀਸ਼ੀਲ ਸੋਚ ਤੇ ਪਹੁੰਚ ਨਾਲ। ਇੰਝ ਕੁੱਲ ਮਿਲਾ ਕੇ, ਕੁਲਵਿੰਦਰ ਆਪਣੇ ਕਾਵਿ ਸੰਸਾਰ ਵਿੱਚ ਪਰਵਾਸਵਾਦ ‘ਤੇ ਕਾਬੂ ਪਾ, ਹੁਣ ਤੱਕ. ‘ਵਿਸ਼ਵ ਹਵਾਲਾ-ਫਰੇਮ’  ਉਸਾਰਦਾ ਤੇ ਵਰਤਦਾ ਰਿਹਾ ਹੈ।


ਇਸ ਤਰ੍ਹਾਂ ਹੀ, ਜਦ ਰਵਿੰਦਰ ਸਹਿਰਾਅ ਦੇ ਕਾਵਿ ਵਿੱਚ ‘ਮੈਂ’ ‘ਰੁੱਖ’ ਨੂੰ ਮਿਲਦਾ ਹੈ, ਤਾਂ ਉਹਨੂੰ ‘ਗ਼ੁਲਾਮ ਮਾਨਸਿਕਤਾ’ ਕਾਵਿ ਦੀ ਉਤਪਾਦਨ ਮਸ਼ੀਨ ਵਜੋਂ ਵਰਤਣ ਦੀ ਥਾਂ, ਮਨੁੱਖੀ ਹਮਦਰਦੀ ਯਾਣਿ human compassion, ਤੇ  ‘ਸੁਣੀਆਂ ਸੁਣਾਈਆ’ ਵਿੱਚ ਵਿਸ਼ਵਾਸ ਕਰਨ ਦੀ ਥਾਂ ਡੈਟਾ ਇਕੱਠਾ ਕਰਨ, ਦਾ ਤਾਰਕਿਕ/ਵਿਗਿਆਨਕ ਢੰਗ ਅਪਨਾਉਂਦਾ ਹੈ:

“ਹਨ੍ਹੇਰੀਆਂ ਦੇ ਧੱਫਿਆਂ ਨਾਲ

ਲੜਖੜਾ ਕੇ

ਜ਼ਮੀਨ ‘ਤੇ ਡਿੱਗੇ ਪੱਤਿਆਂ ਤੇ

ਕੋਈ ਵੀ ਨਾਂ ਲਿਖ ਦਿਉ

ਮੈਂ ਤਾਂ ਰੁੱਖਾਂ ਤੋਂ ਪੁੱਛਾਂਗਾ

ਉਨ੍ਹਾਂ ਦੀ ਚੁੱਪ ਦੀ ਦਾਸਾਤਾਂ

ਚੱਤੋ ਪਹਿਰ ਭੋਗ ਰਹੇ ਸੰਤਾਪ ਦਾ

ਸਾਂਝੀਵਾਲ ਬਣਾਂਗਾ”…(ਰਵਿੰਦਰ ਸਹਿਰਾਅ: ਰੁੱਖ ਤੇ ਮੈਂ [7])

ਉੱਤਕ ਕਾਵਿ-ਟੋਟਾ ਵਿੱਚ ਵੀ ‘ਰੁੱਖ’ ਗ਼ੁਲਾਮ ਦਾ ਬਿੰਬ ਹੈ ਤੇ ‘ਮੈਂ’  ਉਹਦੀ ਗਾਥਾ ਖ਼ੁਦ ਉਹਤੋਂ ਸੁਣਨਾ ਚਾਹੁੰਦਾ ਹੈ। ‘ਤੇ ਫਿਰ ਆਪਣਿਆਂ ਵਾਂਗ ਗੱਲਾਂ ਹੋਣਗੀਆਂ ਖਾਣ-ਪੀਣ, ਭਰਮਾਂ, ਤੇ ਭਵਿੱਖ ਨੂੰ ਬਦਲਣ, ਯਾਣਿ ਕ੍ਰਾਂਤੀ, ਦੀਆਂ ਵੀ:


“ਦੂਰ ਦੁਮੇਲਾਂ ਤੱਕ ਦੌੜਦੀ 

ਨਜ਼ਰ ਸੰਗ ਬੱਝਾ

ਭੂਕ ਪੀਲੇ ਪੱਤਿਆਂ ਸੰਗ ਗੱਲਾਂ ਕਰਾਂਗਾ

ਆਹਾਰ ਦੀਆਂ

ਭਰਾਂਤੀ ਦੀਆਂ

ਕਰਾਂਤੀ ਦੀਆਂ”…(ਰਵਿੰਦਰ ਸਹਿਰਾਅ: ਰੁੱਖ ਤੇ ਮੈਂ [7])

‘ਰੁੱਖ’, ਜਾਂ ਹੋਰ ਕੋਈ ਵੀ ਗ਼ੁਲਾਮੀ ਬਿੰਬ, ਇੱਕ ਅਤਿ ‘ਤੇ ਵਰਤਿਆ ਜਾ ਸਕਦਾ ਹੈ ‘ਗ਼ੁਲਾਮ ਮਾਨਸਿਕਤਾ’ ਕਾਵਿ ਦੀ ਰਚਣ ਲਈ [3, 4], ਪਰ ਦੂਜੇ ਅਤਿ ‘ਤੇ ਗ਼ੁਲਾਮੀ ਬਿੰਬ ਵਰਤਿਆ ਜਾ ਸਕਦਾ ਹੈ ਗ਼ੁਲਾਮੀ ਵਿਰੁੱਧ, ਜਿਵੇਂ ਸ਼ਿਵ ਦੀ ਕਵਿਤਾ ‘ਫਾਂਸੀ’[3] ਜਾਂ ਇੱਥੇ ਉੱਤਕ ਦੋ ਕਾਵਿ-ਟੋਟੇ। ‘ਗ਼ੁਲਾਮ ਮਾਨਸਿਕਤਾ’ ਵਾਲੇ ਸਮਾਜ ਵਿੱਚ ਜੰਮ-ਪਲ ਕੇ ਗ਼ੁਲਾਮੀ ਬਿੰਬ ਨੂੰ ਸਹਿਜ ਜਾਂ ਅਚੇਤ ਵਿੱਚ ਗ਼ੁਲਾਮੀ ਵਿਰੁੱਧ ਵਰਤਣ ਲਈ ਕਿਸੇ ਨਾ ਕਿਸੇ ਪੱਧਰ ‘ਤੇ ‘ਵਿਸ਼ਵ ਹਵਾਲਾ-ਫਰੇਮ’ ਉੱਪਰ ਖੜ੍ਹਣ ਦੀ ਜ਼ਰੂਰਤ ਪੈਂਦੀ ਹੈ।


ਇੱਥੇ ਸਪਸ਼ਟ ਕਰ ਦਿਆਂ ਕਿ ਭਾਵੇਂ ਭਾਰਤ ਹੋਵੇ ਜਾਂ ਭਾਰਤ ਤੋਂ ਬਾਹਰਲੇ ਦੇਸ਼, ਜ਼ਿਆਦਾਤਰ ਪੱਛਮੀ, ਪੰਜਾਬੀ ਕਵੀਆਂ ਨੂੰ, ਹਵਾਲਾ-ਫਰੇਮਾਂ ਦੇ ਲਿਹਾਜ਼ ਤੋਂ, ਤਿੰਨ ਧੜ੍ਹਿਆਂ ਵਿੱਚ ਵੰਡਿਆ ਜਾ ਸਕਦਾ:

ਭੂਤਮੁੱਖੀ ਹਵਾਲਾ-ਫਰੇਮ ਧਾਰਨੀ. ਇਸ ਧੜ੍ਹੇ ਦਾ ਹਰ ਕਵੀ ਦੁਨੀਆਂ ਅਤੇ ਇਸ ਵਿੱਚਲੀਆਂ ਚੀਜ਼ਾਂ ਤੇ ਵਰਤਾਰਿਆਂ ਨੂੰ ਭੂਤਮੁੱਖੀ ਹਵਾਲਾ-ਫਰੇਮ ਤੋਂ ਦੇਖਦਾ ਹੈ।

ਵਿਸ਼ਵ ਹਵਾਲਾ-ਫਰੇਮ ਧਾਰਨੀ. ਜਿੱਦਾਂ ਇਸ ਲੇਖ ਵਿੱਚ ਪ੍ਰਭਾਸ਼ਿਤ ਕੀਤਾ ਗਿਆ ਹੈ, ‘ਵਿਸ਼ਵ ਹਵਾਲਾ-ਫਰੇਮ’ ਦੀ ਸੋਚ ਭੂਤਮੁੱਖੀ ਥਾਂ ਭਵਿਖਮੁੱਖੀ ਹੁੰਦੀ ਹੈ, ਪਰ ਕੋਈ ਜਾਂ ਹਰ ਭਵਿਖਮੁੱਖੀ ਹਵਾਲਾ-ਫਰੇਮ ਜ਼ਰੂਰੀ ਕਿ ਵਿਸ਼ਵ ਹਵਾਲਾ-ਫਰੇਮ ਹੀ ਹੋਵੇ। ਇਸ ਧੜ੍ਹੇ ਦਾ ਹਰ ਕਵੀ ਸੰਸਾਰ ਅਤੇ ਇਸ ਵਿੱਚਲੀਆਂ ਚੀਜ਼ਾਂ ਤੇ ਵਰਤਾਰਿਆਂ ਨੂੰ ‘ਵਿਸ਼ਵ ਹਵਾਲਾ-ਫਰੇਮ’ ਤੋਂ ਦੇਖਦਾ ਹੈ। 

ਹਾਈਬ੍ਰਿਡ ਹਵਾਲਾ-ਫਰੇਮ ਧਾਰਨੀ. ਇਸ ਧੜ੍ਹੇ ਦਾ ਹਰ ਕਵੀ ਸੰਸਾਰ ਅਤੇ ਇਸ ਵਿੱਚਲੀਆਂ ਚੀਜ਼ਾਂ ਤੇ ਵਰਤਾਰਿਆਂ ਨੂੰ ਕਦੀ ਭੂਤਮੁੱਖੀ ਹਵਾਲਾ-ਫਰੇਮ, ਤੇ ਕਦੀ ਵਿਸ਼ਵ ਹਵਾਲਾ-ਫਰੇਮ, ਤੋਂ ਦੇਖਦਾ ਹੈ। 


ਭਾਰਤ ਵਿੱਚ ਰਹਿ ਰਹੇ ਭੂਤ-ਪਰਵਾਸੀ, ਤੇ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਵਸ ਰਹੇ ਤੇ ਆਪਣੇ-ਆਪ ਨੂੰ ਪਰਵਾਸੀ ਸਮਝ ਰਹੇ, ਕਵੀ ਅਕਸਰ ‘ਭੂਤਮੁੱਖੀ ਹਵਾਲਾ-ਫਰੇਮ ਧਾਰਨੀ’ ਧੜ੍ਹੇ ਨਾਲ ਸੰਬੰਧਤ ਹੁੰਦੇ ਨੇ। ਸਮਕਾਲੀ ਪੰਜਾਬੀ ਕਵਿਤਾ ਦੇ ਅਧਿਅਨ ਤੋਂ ਵੀ, ਮੈਂ ਕਹਿ ਸਕਦਾ ਹਾਂ ਕਿ ਪੰਜਾਬ ਸਮੇਤ ਭਾਰਤ ਦੇ ਸਮਕਾਲੀ ਪੰਜਾਬੀ ਕਵੀ ਜ਼ਿਆਦਾਤਰ ‘ਭੂਤਮੁੱਖੀ ਹਵਾਲਾ-ਫਰੇਮ ਧਾਰਨੀ’ ਧੜ੍ਹੇ ਨਾਲ ਸੰਬੰਧਿਤ ਰਹਿੰਦੇ ਚਲੇ ਆਉਦੇ ਨੇ। ਗਦਰ ਲਹਿਰ ਦੀ ਕਵਿਤਾ ਤੋੰ ਬਾਅਦ, ਸਾਰੀ ਅਮਰੀਕੀ ਪੰਜਾਬੀ ਕਵਿਤਾ ਸਮਕਾਲੀ ਕਵਿਤਾ-ਕਾਲ ਵਿੱਚ ਆਉਂਦੀ ਹੈ, ਤੇ ਇਸ ਕਾਲ ਦੇ ਪੰਜਾਬੀ ਕਵੀਆਂ ਵਿੱਚੋਂ ਉੱਤਕ ਤਿੰਨਾਂ ਧੜ੍ਹਿਆਂ ਨਾਲ ਸੰਬੰਧਿਤ ਕਵੀ ਲੱਭੇ ਜਾ ਸਕਦੇ ਨੇ: ਕੋਈ ਭੂਤਮੁੱਖੀ ਹਵਾਲਾ-ਫਰੇਮ ਵਾਲਾ, ਕੋਈ ਵਿਸ਼ਵ ਹਵਾਲਾ-ਫਰੇਮ ਦਾ ਧਾਰਨੀ, ਤੇ ਬਾਕੀ ਹਾਈਬ੍ਰਿਡ, ਯਾਣਿ ਵੇਰੜੇ, ਧੜ੍ਹੇ ਵਾਲੇ। ਪਰ, ਇਸ ਲੇਖ ਵਿੱਚ, ਅਸੀਂ ਉੱਤਕ ਤਿੰਨ ਤਰ੍ਹਾਂ ਦੇ ਹਵਾਲਾ-ਫਰੇਮਾਂ ਦੇ ਪ੍ਰਸੰਗ ਵਿੱਚ, ‘ਵਿਸ਼ਵ ਹਵਾਲਾ-ਫਰੇਮ’ ਦੀ ਧਾਰਨੀ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ‘ਤੇ ਕੇਂਦਰਿਤ, ਯਾਣਿ focused, ਰਹਾਂਗੇ, ਸਿਰਲੇਖ ਨਾਲ ਇਨਸਾਫ਼ ਕਰਨ ਲਈ। ਇਹ ਇਸ ਲਈ ਕਿਉਂਕਿ ਪੰਜਾਬੀ ਕਵਿਤਾ ਦੇ ਵਿਕਾਸ ਦੀ ਮੂਲ ਸੰਭਾਵਨਾ ਇਹਦੀ ਪ੍ਰਗਤੀਸ਼ੀਲਤਾ ਵਿੱਚ ਹੈ, ਤੇ ਭੂਤਮੁੱਖੀ ਭਾਰਤ ਦੇ ਜੰਮਪਲ ਅਸੀਂ ਜੋ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਹਾਂ, ਸਾਡੇ ਲਈ ‘ਵਿਸ਼ਵ ਹਵਾਲਾ-ਫਰੇਮ’ ਨੂੰ ਉਸਾਰਨਾ ਜ਼ਰੂਰੀ, ਪ੍ਰਗਤੀਸ਼ੀਲ ਕਵਿਤਾ ਦੀ ਰਚਨਾ ਲਈ।


ਪੁਰਾਤਨ ਭਾਰਤੀ ਸਮਾਜ ਵਿੱਚ, ਇਸ਼ਕ-ਹਕੀਕੀ ਦਾ ਇੱਕ ਰੂਪ ਗ੍ਰਹਸਥ ਧਰਮ ਵਾਲੇ ਜੀਵਨ ਵਿੱਚ ਲਾਗੂ ਸੀ, ਜਿਸ ਵਿੱਚ ਮਰਦ ਰੱਬ ਦਾ ਰੂਪ ਹੁੰਦਾ ਸੀ ਤੇ ਔਰਤ ਉਹਦੀ ਦਾਸੀ [2]। ਮਿਸਾਲ ਵਜੋਂ, ਉਸੇ ਸਮੇਂ ਤੋਂ ਚਲੀ ਆ ਰਹੀ ਔਰਤ-ਗ਼ੁਲਾਮੀ ਦੇ ਅਜੇ ਤੱਕ ਬਚੇ-ਖੁਸੇ ਮਾਹੌਲ ਦੇ ਰੋਮਾਂਸੀਕਰਨ ਵਿੱਚ   ਰੁੱਝੇ ਰਹਿੰਦੇ ਨੇ,  ਭਾਰਤ ਵਿੱਚ ਬਥੇਰੇ ਸਮਕਾਲੀ ਪੰਜਾਬੀ ਕਵੀ: ਜਿਵੇਂ ਧੀਆਂ ਤਾਂ ਧਨ ਬਿਗਾਨਾ, ਧੀਆਂ ਅਸ਼ੀਲ ਗਊਆਂ ਵਰਗੀਆਂ, ਕੁੜ੍ਹੀਆਂ ਚਿੜ੍ਹੀਆਂ, ਜਾਂ “ਸਾਡਾ ਚਿੜੀਆਂ ਦਾ ਚੰਭਾ ਵੇ, ਬਾਬਲ ਅਸਾਂ ਉੱਡ ਵੇ ਜਾਣਾ”, ਆਦਿ । ਪਰ, ਭਾਰਤ ਤੋਂ ਧਰਤੀ ਦੇ ਦੂਜੇ ਪਾਸੇ ਰਹਿੰਦੇ ਕਵੀ ਦਾ ‘ਵਿਸ਼ਵ ਹਵਾਲਾ-ਫਰੇਮ’  ਜੇ  ਕਿਰਿਆਸ਼ੀਲ, ਯਾਣਿ activate, ਹੋ ਜਾਵੇ ਤਾਂ ਦੋ ਸ਼ਤਰਾਂ ਵਿੱਚ ਹੀ ਢੋਲ ਦੇ ਪੋਲ ਖੋਲ੍ਹ ਸਕਦੀਆਂ ਨੇ:

“ਕੁੜੀਆਂ-ਚਿੜੀਆਂ ਹੁੰਦੀਆਂ ਨੇ ਪਰ, ਪਰ ਨਹੀਂ ਹੁੰਦੇ ਕੁੜੀਆਂ ਦੇ।

ਪੇਕੇ-ਸਹੁਰੇ  ਹੁੰਦੇ  ਨੇ    ਪਰ,    ਘਰ  ਨਹੀਂ   ਹੁੰਦੇ   ਕੁੜੀਆਂ  ਦੇ।” …(ਹਰਜਿੰਦਰ ਕੰਗ) 


ਧਰਤੀ ਦੇ ਦੂਜੇ ਪਾਸਿਓਂ ਹੀ, ਜਦੋਂ  ਉਹ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾਂ ਹੋਵੇ,  ਤਾਂ ਉਹਨੂੰ ਸਾਰੇ ਭਾਰਤ ਵਿੱਚ ਵਿਛੀ ਭੂਤਮੁੱਖਤਾ ਦੀ ਚਾਦਰ ਦਿਸ ਹੀ ਨਹੀਂ ਪੈਂਦੀ, ਸਗੋਂ ਉਹ ਕਵੀ ਇਸਨੂੰ ਪੇਸ਼ ਵੀ ਕਰ ਸਕਦਾ ਹੈ, ਸਪਸ਼ਟ ਦ੍ਰਿਸ਼ਟੀਕੋਨ ਸੰਗ, ਚਾਹੇ ਗਜ਼ਲ ਲਿਖ ਰਿਹਾ ਹੋਵੇ ਜਾਂ ਖੁੱਲ੍ਹੀ ਕਵਿਤਾ ਹੀ:

“ਅਸੀਂ ਜੋ ਕੀਤਾ ਹੈ ਆਰੰਭ

ਉਹ ਨਹੀਂ ਹੈ ਯਾਤਰਾ

ਹਾਂ, ਤੁਰ ਪਏ ਹਾਂ

ਵੱਖ ਵੱਖ ਸੜਕਾਂ ‘ਤੇ

ਦਿਸ਼ਾਹੀਣ!

ਬੇਮਕਸਦ!”…(ਸੁਰਿੰਦਰ ਸੀਰਤ: ਸੜਕ ਬਨਾਮ ਯਾਤਰਾ [8])

ਅੱਜ ਦੀਆਂ ਸਮੱਸਿਆਵਾਂ ਦੇ ਹੱਲਾਂ ਦੀ ਤਲਾਸ਼ ਵਿੱਚ ਭੂਤਮੁੱਖੀਏ ਅਕਸਰ ਭੂਤ ਦੇ ਵੱਖ ਵੱਖ ਖ਼ੰਡਰਾਂ ਵੱਲ ਨੂੰ ਨਿੱਕਲ ਤੁਰਦੇ ਨੇ, ਵੱਖ ਵੱਖ ਰਾਹਵਾਂ ‘ਤੇ। ਇਸ ਰਾਹ ਬੇਮਕਸਦ ਸਾਬਤ ਹੁੰਦੇ ਨੇ ਕਿਉਂਕਿ ਅਤੀਤ ਕੋਲ ਅੱਜ ਦੇ ਮਸਲਿਆਂ ਦੇ ਹੱਲ ਨਹੀਂ ਹੁੰਦੇ। ਇਸ ਰਾਹ ਦਿਸ਼ਾਹੀਣ ਵੀ ਹੁੰਦੇ ਨੇ ਕਿਓਂਕਿ ਗੇੜ੍ਹਿਆਂ, ਯਾਣਿ loops, ਦੀ ਕੋਈ ਦਿਸ਼ਾ ਨਹੀਂ ਹੁੰਦੀ:

“ਆਪਣੇ ਆਦਿ ਤੋਂ ਆਪਣੇ ਹੀ ਅੰਤ ਤੀਕ

ਕੱਟ ਰਹੇ ਹਾਂ ਗੇੜ੍ਹੇ 

ਇਹ ਯਾਤਰਾ ਨਹੀਂ 

ਸਿਰਫ਼ ਹੈ ਇੱਕ ਇੰਤਖਾਬ

ਸੜਕਾਂ ‘ਚੋਂ ਸੜਕਾਂ ਦਾ।” …(ਸੁਰਿੰਦਰ ਸੀਰਤ: ਸੜਕ ਬਨਾਮ ਯਾਤਰਾ [8])

ਭੂਤਮੁੱਖੀਏ ਆਪਣੇ, ਤੇ ਆਪਣੇ ਸਮਾਜ ਦੇ, ਆਦਿ ਤੋਂ ‘ਅੱਜ’ ਤੀਕ ਗੇੜ੍ਹੇ ਮਾਰਦੇ ਨੇ, ਭਾਵ, ‘ਭਲਕ’ ਵੱਲ ਵਧਣ ਦੀ ਬਜਾਏ, ਬੀਤ ਗਏ ਕੱਲ੍ਹ ਤੇ  ਆਉਣ ਵਾਲੇ ਕੱਲ੍ਹ ਵਿੱਚਕਾਰ ਘੁੰਮਦੇ ਰਹਿੰਦੇ ਨੇ।

ਇਸ ਤਰ੍ਹਾਂ ਹੀ, ਭਾਰਤ ਦੇ ਭੂਤਮੁੱਖੀਆਂ ਅਵਾਂਗ, ’ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹੇ ਕਵੀ ਨੂੰ,  ਉਹ ਜੰਡ ਅੱਜ ਦੇ ਪੰਜਾਬ ਅਣਖ ਨਹੀਂ ਲੱਗਦਾ, ਜਿਸ ਜੰਡ ਥੱਲੇ ਮਿਰਜ਼ਾ ਵੱਢਿਆ ਗਿਆ ਸੀ। ਉਹ ਇਤਿਹਾਸਕ ਪਾਤਰਾਂ ਨੂੰ ਮਿਲਦਾ ਹੈ ਤਾਂ ਇਤਿਹਾਸ ਨੂੰ ਪਿਛਾਂਅ ਨੂੰ ਪੁੱਠਾ ਗੈੜਾ ਦੇਣ ਦੀ ਬਜਾਇ, ਉਨ੍ਹਾਂ ਪਾਤਰਾਂ ਨੂੰ ਭੂਤ ਵਿੱਚੋਂ ਭਵਿੱਖਮੁੱਖੀ ਦਿਸ਼ਾ ਵਿੱਚ ਲਿਆ ਕੇ ‘ਅੱਜ’ ਵਿੱਚ ਮਿਲਦਾ ਹੈ, ‘ਉਹ’ ਭਾਵੇਂ ਭਾਰਤ ਦਾ ਪਾਸ਼ ਹੋਵੇ, ਇਹ ਕਹਿੰਦਾ ਹੋਇਆ:

“ਹੋ ਸਕਦੈ ਕਿ ਤੇਨੂੰ ਕੱਢਣ ਤੋਂ ਪਹਿਲਾਂ

ਮੇਨੂੰ ਰੋਟੀ ਉਧਾਲ ਲਏ

ਤੇ ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਥੱਲੇ

ਜਾਗਦਾ ਹੀ ਵੱਢ ਦਿੱਤਾ ਜਾਵਾਂ”

 ਹੋ ਸਕਦੈ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ…(ਪਾਸ਼: ਕਲਾਮ ਮਿਰਜ਼ਾ, ਸਾਡੇ ਸਮਿਆਂ ਵਿੱਚ)


ਤੇ  ਜਾਂ ਭਾਰਤ ਤੋਂ ਧਰਤੀ ਦੇ ਦੂਜੇ ਪਾਸੇ ਰਹਿੰਦਾ ਕੋਈ ਸਮਕਾਲੀ ਅਮਰੀਕੀ ਪੰਜਾਬੀ ਕਵੀ ਹੋਵੇ, ਇਹ ਕਹਿੰਦਾ ਹੋਇਆ:

“ਹੁਣ ਮਿਰਜ਼ਾ ਜੰਡ ਥੱਲੇ ਨਹੀਂ

ਬੈਂਕ ਦੀਆਂ ਮਿਸਲਾਂ ‘ਚ ਵੱਢ ਹੁੰਦਾ ਹੈ

ਤੇ ਸਾਹਿਬਾਂ ਵਿਚਾਰੀ ਤਾਂ

ਮੰਡੀਆਂ ‘ਚ ਵਿਕਣ ਲਈ ਮਜਬੂਰ ਹੈ”…(ਸੁਖਵਿੰਦਰ ਕੰਬੋਜ,  [9])

 

ਜਿਵੇਂ ਐਂਟੀ-ਭੂਤਮੁੱਖੀ ਸਟੈਂਡ ਪਾਸ਼ ਦੇ ਉੱਤਕ ਕਾਵਿ-ਟੋਟਾ ਤੋਂ ਵੀ ਸਪਸ਼ਟ ਹੈ, ਪਰ ਉਸਦੀ ਭੂਤਮੁੱਖਤਾ ਵਿਰੁੱਧ ਬਗਾਵਤ ਉਸ ਦੇ ਪਹਿਲੇ ਕਾਵਿ ਸੰਗ੍ਰਹਿ ‘ਲੋਹ ਕਥਾ’ ਤੋਂ ਸ਼ੁਰੂ ਹੋ ਗਈ ਸੀ,  ਜਿਵੇ ਮਿਸਾਲ ਵਜੋਂ:

“ਅੱਜ ਵਾਰਸ ਸ਼ਾਹ ਦੀ ਲਾਸ਼ 

ਕੰਡਿਆਲੀ ਥੋਹਰ ਬਣ ਕੇ 

ਸਮਾਜ ਦੇ ਪਿੰਡੇ ਤੇ ਉੱਗ ਆਈ ਹੈ- 

ਉਸ ਨੂੰ ਕਹੋ ਕਿ 

ਇਹ ਯੁੱਗ ਵਾਰਸ ਦਾ ਯੁੱਗ ਨਹੀਂ 

ਵੀਤਨਾਮ ਦਾ ਯੁੱਗ ਹੈ 

ਹਰ ਖੇੜੇ ਵਿਚ ਹੱਕਾਂ ਦੇ ਸੰਗ੍ਰਾਮ ਦਾ ਯੁੱਗ ਹੈ।”—-(ਪਾਸ਼: ਖੁੱਲ੍ਹੀ ਚਿੱਠੀ)

ਉੱਤਕ ‘ਕਾਵਿ ਟੋਟਾ’ ਵਿੱਚ ‘ਕੰਡਿਆਲੀ ਥੋਹਰ’ ਤੋਂ ਪਾਸ਼ ਦਾ ਭਾਵ ਇਸੇ ਟਾਈਟਲ ਵਾਲੀ ਸ਼ਿਵ ਕੁਮਾਰ ਇੱਕ ਕਵਿਤਾ ਤੋੰ ਹੈ, ਜਿਹਨੂੰ ਮੈਂ ‘ਗ਼ੁਲਾਮ ‘ਮਾਨਸਿਕਤਾ’ ਕਾਵਿ ਵਿੱਚ ਰੱਖਦਾ ਹੈ[4]. ਖ਼ੈਰ, ਉੱਤਕ ‘ਕਾਵਿ ਟੋਟਾ’ ਸਿਰਫ਼ ਭੂਤਮੁੱਖਤਾ ਵਿਰੁੱਧ ਬਗਾਵਤ ਨਹੀਂ, ਬਲਕਿ ਪਾਸ਼ ਦੇ ‘ਵਿਸ਼ਵ ਹਵਾਲਾ-ਫਰੇਮ’ ਉਸਾਰੀ ਦੀ ਸ਼ੁਰੂਆਤ  ਦਾ ਵੀ ਸੂਚਕ ਸੀ। ਸਮਕਾਲੀ ਅਮਰੀਕੀ ਪੰਜਾਬੀ ਕਵੀ ਦੇ ਤੌਰ ‘ਤੇ, ਮਿਸਾਲ ਵਜੋਂ, ਹੇਠਲਾ ਕਾਵਿ-ਟੋਟਾ ਵੀ ਪਾਸ਼ ਨੂੰ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾ ਦਿਖਾਉਂਦਾ ਹੈ:

“ਸਭ ਤੋਂ ਖ਼ਤਰਨਾਕ ਹੁੰਦਾ ਹੈ

ਮੁਰਦਾ ਸ਼ਾਂਤੀ ਨਾਲ ਭਰ ਜਾਣਾ

ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ

ਘਰਾਂ ਤੋਂ ਨਿਕਲਣਾ ਕੰਮ ਤੇ

ਤੇ ਕੰਮ ਤੋਂ ਘਰ ਜਾਣਾ,

ਸਭ ਤੋਂ ਖਤਰਨਾਕ ਹੁੰਦਾ ਹੈ

ਸਾਡੇ ਸੁਪਨਿਆਂ ਦਾ ਮਰ ਜਾਣਾ…(ਪਾਸ਼:ਸਭ ਤੋਂ ਖ਼ਤਰਨਾਕ [8])


ਡਾ. ਗੁਰੂਮੇਲ ਸਿੱਧੂ, ਜਦੋਂ ਕੋਈ ਕਵਿਤਾ ਦੀ ਕਿਬਾਤ ਸੰਪਾਦਤ ਕਰੇ ਜਾਂ ਕਵਿਤਾ ‘ਤੇ ਕੋਈ ਲੇਖ ਲਿਖੇ, ਤਾਂ ਆਪਣੀ ਕਵਿਤਾ ਬਾਰੇ ਕੁਝ ਕਹਿਣ ਦੀ ਬਜਾਏ ਜਾਂ ਹਵਾਲਾ ਦੇਣ ਤੋਂ ਪਹਿਲਾਂ ਪਾਠਕਾਂ ਨਾਲ ਸਾਂਝਾ ਕਰ ਲੈਂਦਾ ਸੀ ਕਿ ਕਿਸੇ ਹੋਰ ਸਾਹਿਤਕਾਰ, ਆਲੋਚਕ, ਜਾਂ ਚਿੰਤਕ ਉਸਦੀ ਕਵਿਤਾ ਬਾਰੇ ਕੀ ਸੋਚਦਾ ਸੀ। ਇਸ ਲੇਖ ਵਿੱਚ, ਮੈਂ ਵੀ ਆਪਣੀ ਕਵਿਤਾ ਦਾ ਹਵਾਲਾ ਦੇਣ ਲੱਗਿਆ ਡਾ. ਗੁਰੂਮੇਲ ਦੀ ਵਿਧੀ ਨੂੰ ਵਰਤਣ ਦੀ ਕੋਸ਼ਿਸ਼ ਕਰਾਂਗਾ। ਪੰਜਾਬ ਦੇ ਨਾਟਕਕਾਰ, ਅਭਿਨੈ ਕਲਾਕਾਰ, ਤੇ ਚਿੰਤਕ ਗੁਰਸ਼ਰਨ ਸਿੰਘ ਨੇ, ਮੇਰੇ ਕਾਵਿ-ਸੰਗ੍ਰਹਿ ‘ਕਿੱਸਿਆਂ ਦੇ ਕੈਦੀ’ ਬਾਰੇ ਲਿਖਣ ਦੌਰਾਨ ਕਿਹਾ ਸੀ: “ ‘ਇਹੁ ਹਮਾਰਾ ਜੀਵਣਾ’ ਦਾ ਇਹ ਕਾਲਮ ਲਿਖਦਿਆਂ ਹੋਇਆਂ ਮੈਂ ਸੁਖਪਾਲ ਦੀ ਕਵਿਤਾ ਨੂੰ ਇਕ ਇਤਿਹਾਸਕ ਘਟਨਾ ਸਵੀਕਾਰ ਕਰਦਾ ਹੋਇਆ ਸੁਖਪਾਲ ਨੂੰ ਮੁਬਾਰਕ ਦਿੰਦਾ ਹਾਂ। ਇਹੋ ਜਿਹੀ ਕਵਿਤਾ ਰੋਜ਼-ਰੋਜ਼ ਪੜ੍ਹਨੀ ਨਹੀਂ ਮਿਲਦੀ, ਇਹ ਅੱਜ ਦੇ ਸਮੇਂ ਦੀ ਅਵਾਜ਼ ਹੈ। ਇਹ ਤਰਕਸ਼ੀਲਤਾ ਦੀ ਅਵਾਜ਼ ਹੈ।”

ੳਸੇ ਲਿਖਤ ਵਿੱਚ ਗੁਰਸ਼ਰਨ ਭਾਜੀ ਨੇ ਵਲੋਂ ਵਰਤਿਆ ਇੱਕ ਕਾਵਿ-ਕਾਵਿ ਹੇਠਾਂ ਪੇਸ਼ ਹੈ, ‘ਕਿੱਸਿਆਂ ਦੇ ਕੈਦੀ’ ਦੇ ਦੂਜੇ ਸੰਸਕਰਣ ਵਿੱਚੋਂ:                                                      

“ਅਸੀਂ ਇੱਕ ਹੱਥ ਦੀ ਉਂਗਲ ਕੰਨ ‘ਤੇ ਧਰਕੇ

 ਦੂਜਾ ਹੱਥ ਅਸਮਾਨ ਵੱਲ ਕਰਕੇ

 ਜੇ ਸੱਥ ਵਿਚ ਹੀਰ ਗਾਉਂਦੇ ਹਾਂ, 

 ਘਰ ਵਿਚ ਧੀ ਦੇ ਨੱਕ ਨਕੇਲ ਪਾਉਂਦੇ ਹਾਂ, 

 ਕੋਈ ਜੁਰਮ ਨਹੀਂ ਕਰਦੇ, 

 ਕਿੱਸਿਆਂ ਦੇ ਕੈਦੀ ਹਾਂ 

 ਕੈਦ ਦਾ ਕਾਇਦਾ ਨਿਭਾਉਂਦੇ ਹਾਂ”…(ਡਾ. ਸੁਖਪਾਲ ਸੰਘੇੜਾ: ਕਿੱਸਿਆਂ ਦੇ ਕੈਦੀ [10])

ਉਸੇ ਲਿਖਤ ਵਿੱਚ ਹੇਠਲੇ ਕਾਵਿ-ਟੋਟਾ ਦਾ ਵੀ ਚਲੰਤ ਹਵਾਲਾ ਦਿੱਤਾ ਗਿਆ ਸੀ:

“ਜਿਹਨੂੰ ਅਸੀਂ ਕੌਮ ਸਮਝਦੇ ਰਹੇ 

 ਉਹ ਆਪਸ ਵਿਚ ਖ਼ਹਿਬੜਦੇ 

 ਇਕ ਸੌ ਚਾਲੀ ਕਰੋੜ 

 ਹਾਰੇ ਹੋਏ ਲੋਕਾਂ ਦੀ ਭੀੜ 

 ਤੁਹਾਡੇ ਚਰਨਾਂ ਵਿਚ ਅਰਦਾਸ ਹੈ

ਸੱਚੇ ਪਾਤਸ਼ਾਹ ਜੀ…(ਡਾ. ਸੁਖਪਾਲ ਸੰਘੇੜਾ: ਹਾਰਧਾਰੀ ਲੋਕ [10])


ਇਸੇ ਤਰਜ਼ ‘ਤੇ, ‘ਵਿਸ਼ਵ ਹਵਾਲਾ-ਫਰੇਮ’ ਦੇ ਪ੍ਰਸੰਗ ਵਿੱਚ ਹੀ, ਇੱਕ ਹੋਰ ਕਾਵਿ-ਟੋਟਾ ਪੇਸ਼ ਹੈ:

“ਅਸੀਂ ਨਾ ਨਾਨਕ ਨੂੰ ਨੈਣਾਂ 'ਤੇ ਬਿਠਾਇਆ ਸੀ, 

 ਨਾ ਬੁਲ੍ਹੇ ਦੇ ਪੈਰੀਂ ਹੱਥ ਲਾਇਆ ਸੀ, 

 ਅਸੀਂ ਅੱਜ ਜੋ ਉਨ੍ਹਾਂ ਦੇ ਕਿੱਸੇ ਗਾਉਂਦੇ ਹਾਂ 

 ਉਦੋਂ ਉਨ੍ਹਾਂ ਨੂੰ ਵੀ ਕੋਈ ਕਿੱਸਾ ਹੀ ਸੁਣਾਇਆ ਸੀ।…

ਅਸੀਂ ਜੋ ਭਲਕ ਨੂੰ ਭੈਂਗੀ ਅੱਖ ਨਾਲ ਦੇਖਦੇ ਹਾਂ 

 ਅੱਜ ਦੀ ਅੱਖ ਮੀਚ ਮੀਚ ਕੇ 

 ਕੱਲ੍ਹ ਦੀ ਕਹਾਣੀ ਪਾਉਂਦੇ ਹਾਂ, 

 ਕੋਈ ਜੁਰਮ ਨਹੀਂ ਕਰਦੇ 

 ਕਿੱਸਿਆਂ ਦੇ ਕੈਦੀ ਹਾਂ 

 ਕੈਦ ਦਾ ਕਾਇਦਾ ਨਿਭਾਉਂਦੇ ਹਾਂ।…(ਡਾ. ਸੁਖਪਾਲ ਸੰਘੇੜਾ: ਕਿੱਸਿਆਂ ਦੇ ਕੈਦੀ [10])

ਉੱਤਕ ਕਾਵਿ-ਟੋਟਿਆਂ ਦੇ ‘ਵਿਸ਼ਵ ਹਵਾਲਾ-ਫਰੇਮ’ ਦੇ ਪ੍ਰਸੰਗ ਬਾਰੇ, ਇੱਥੇ ਮੈਂ ਇੰਨਾਂ ਹੀ ਕਹਿਣਾ ਚਾਹਾਂਗਾ: ਜੇ ਮੈਂ ਭਾਰਤ ਤੋਂ ਬਾਹਰ ਨਾ ਰਿਹਾ ਹੁੰਦਾ ਤਾਂ ‘ਕਿੱਸਿਆਂ ਦੇ ਕੈਦੀ’, ‘ਭੂਤ ਨਗਰੀ’, ਤੇ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨੇਸਾਂਸ ਦੇ ਪ੍ਰਸੰਗ ਵਿੱਚ’ ਨਾ ਉਪਜਦੀਆਂ। ‘ਵਿਸ਼ਵ ਹਵਾਲਾ-ਫਰੇਮ’ ਦਾ ਸਿੱਧਾ ਸਬੰਧ ਮਨੁੱਖੀ ਅਨੁਭਵ ਤੇ ਚੇਤਨਾ ਨਾਲ ਹੁੰਦਾ ਹੈ।


ਮਨੁੱਖੀ ਅਨੁਭਵ ਤੇ ਚੇਤਨਾ 

ਸਿੱਧੇ-ਸਾਦੇ  ਸ਼ਬਦਾਂ ਵਿੱਚ, ਯਾਣਿ simply put, ਮਨੁੱਖੀ ਚੇਤਨਾ, ਮੂਲ ਰੂਪ ਵਿੱਚ, ਮਨੁੱਖ ਦਾ ਆਪਣੇ-ਆਪ, ਆਪਣੇ ਆਲੇ-ਦੁਆਲੇ, ਤੇ ਦੁਨੀਆ/ਬ੍ਰਹਿਮੰਡ,  ਨੂੰ ਸਮਝਣ ਦਾ ਗੁਣ ਹੁੰਦਾ ਹੈ। ਕਵੀਆਂ, ਆਮ ਤੌਰ ‘ਤੇ,  ਯਾਨਿ, in general,  ਲੇਖਕਾਂ, ਦੀ ਚੇਤਨਾ-ਕਿਸਮ ਤੇ ਚੇਤਨਾ-ਪੱਧਰ ਉਨ੍ਹਾ ਦੇ ਰਚਨਾ ਵਿਸ਼ੇ ਤੇ ਗੁਣਵੱਤਾ ਤੈਅ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਨੇ। ਸਮੁੱਚੇ ਤੌਰ ‘ਤੇ, ਜਿਵੇਂ ਪਹਿਲਾਂ ਹੀ ਇਸ਼ਾਰਾ ਕੀਤਾ ਗਿਆ ਹੈ ਕਿ ਪੰਜਾਬ ਸਮੇਤ ਇੰਡੀਆ ਦੇ ਬਾਹਲੇ ਪੰਜਾਬੀ ਕਵੀਆਂ ਦੀ ਚੇਤਨਾ ‘ਭੂਤਮੁੱਖੀ ਹਵਾਲਾ-ਫਰੇਮ’ ‘ਤੇ ਆਧਾਰਿਤ ਹੈ [3, 4], ਅਤੇ ਸਮਕਾਲੀ ਅਮਰੀਕੀ ਪੰਜਾਬੀ ਕਵੀਆਂ ਨੂੰ ਸੰਬੰਧਿਤ, ਯਾਣਿ relevant, ਚੇਤਨਾ ਦੇ ਲਿਹਾਜ਼ ਤੋਂ, ਤਿੰਨ ਧੜ੍ਹਿਆਂ ਵਿੱਚ ਵੰਡਿਆ ਜਾ ਸਕਦਾ ਹੈ: ‘ਭੂਤਮੁੱਖੀ ਹਵਾਲਾ-ਫਰੇਮ’ ਦੇ ਧਾਰਨੀ,  ‘ਵਿਸ਼ਵ ਹਵਾਲਾ-ਫਰੇਮ’ ਦੇ ਧਾਰਨੀ, ਤੇ ਹਾਈਬ੍ਰਿਡ ਹਵਾਲਾ-ਫਰੇਮ ਦੇ ਧਾਰਨੀ। ਪਰ, ਜਿਵੇਂ ਪਹਿਲਾਂ ਹੀ ਦੱਸਿਆ ਗਿਆਂ ਕਿ ਇੱਥੇ ਅਸੀਂ ‘ਵਿਸ਼ਵ ਹਵਾਲਾ-ਫਰੇਮ’ ਵਾਲੀ ਕਵਿਤਾ, ਨਤੀਜਣ ‘ਵਿਸ਼ਵ ਹਵਾਲਾ-ਫਰੇਮ’ ਤੇ ਹਾਈਬ੍ਰਿਡ ਹਵਾਲਾ-ਫਰੇਮ ਦੇ ਧਾਰਨੀ ਕਵੀਆਂ, ‘ਤੇ ਕੇਂਦਰਿਤ ਰਹਿ ਰਹੇ ਹਾਂ। ਮਿਸਾਲ ਵਜੋਂ:

“ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੁੰਦੀ ਹੈ

ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ

ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ

ਸਭ ਤੋਂ ਖ਼ਤਰਨਾਕ ਓਹ ਅੱਖ ਹੁੰਦੀ ਹੈ

ਜੋ ਸਭ ਦੇਖਦੀ ਹੋਈ ਵੀ ਠੰਡੀ ਯੱਖ਼ ਹੁੰਦੀ ਹੈ

ਜਿਸ ਦੀ ਨਜ਼ਰ ਦੁਨੀਆਂ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ

ਜੋ ਚੀਜ਼ਾਂ 'ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ

ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ

ਇੱਕ ਮੰਤਕਹੀਣ ਦੁਹਰਾਅ ਦੇ ਗਧੀ-ਘੇੜ ਵਿਚ ਹੀ ਰੁਲ ਜਾਂਦੀ ਹੈ” …(ਪਾਸ਼: ਸਭ ਤੋਂ ਖ਼ਤਰਨਾਕ [8])

ਉੱਤਕ ਕਾਵਿ-ਟੋਟਾ, ਇਸ ਕਵਿਤਾ ਸਮੇਤ, ਮਨੁੱਖੀ ਚੇਤਨਾ ਤੇ ਅਨੁਭਵ ਨਾਲ ਸਿੱਧਾ ਜੁੜਿਆ ਹੋਇਆ ਹੈ। ਇਸੇ ਤਰ੍ਹਾਂ, ਹੇਠਲਾ ਕਾਵਿ-ਟੋਟਾ, ਜਾਂ ਲਘੂ ਕਵਿਤਾ, ਵੀ: 

“ਸੁਪਨੇ ਹਰ ਕਿਸੇ ਨੂੰ ਨਹੀਂ ਆਉਂਦੇ

ਬੇਜਾਨ ਬਰੂਦ ਦੇ ਕਣਾਂ ‘ਚ

ਸੁੱਤੀ ਅੱਗ ਨੂੰ ਸੁਪਨੇ ਨਹੀਂ ਆਉਂਦੇ

ਬਦੀ ਲਈ ਉੱਠੀ ਹੋਈ ਹਥੇਲੀ ਉਤਲੇ

ਮੁੜ੍ਹਕੇ ਨੂੰ ਸੁਪਨੇ ਨਹੀਂ ਆਉਂਦੇ

ਸੈਲਫਾਂ ‘ਚ ਪਏ ਇਤਿਹਾਸ ਦੇ ਗ੍ਰੰਥਾਂ ਨੂੰ

ਸੁਪਨੇ ਨਹੀਂ ਆਉਂਦੇ

ਸੁਫਨਿਆਂ ਲਈ ਲਾਜ਼ਮੀਂ ਹੈ

ਝਾਲੂ ਦਿਲ ਦਾ ਹੋਣਾ

ਸੁਫ਼ਨਿਆਂ ਲਈ ਨੀਂਦ ਦੀ ਨਜ਼ਰ

ਹੋਣੀ ਲਾਜ਼ਮੀ ਹੈ,

ਸੁਫ਼ਨੇ ਇਸੇ ਲਈ

ਹਰੇਕ ਨੂੰ ਨਹੀਂ ਆਓਂਦੇ”…(ਪਾਸ਼: ਸਭ ਤੋਂ ਖ਼ਤਰਨਾਕ [8])

ਉੱਤਕ ਦੋਨੋਂ ਕਾਵਿ-ਟੋਟੇ, ਮੂਲ ਰੂਪ ਵਿੱਚ, ਕਿਸੇ ਵਿਸ਼ੇਸ਼ ਸੱਭਿਆਚਾਰ ਤੇ ਨਸਲ ਤੋਂ ਆਜ਼ਾਦ ਮਨੁੱਖੀ ਚੇਤਨਾ ਤੇ ਅਨੁਭਵ ਨਾਲ ਸਬੰਧਿਤ ਨੇ, ਪ੍ਰਗਤੀਸ਼ੀਲਤਾ ਦੀ ਨਜ਼ਰੇ। ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ‘ਚੋਂ ਹੀ ਇੱਕ ਹੋਰ ਮਿਸਾਲ:

“ਇਸ ਤਰ੍ਹਾਂ ਕਿਉਂ ਲੱਗਦਾ ਹੈ ਮੈਨੂੰ?

ਜਿਵੇਂ ਮੈਂ ਸਦੀਆਂ ਤੋਂ ਤੁਰ ਰਹੀ ਹੋਵਾਂ

ਕਿਉਂ ਲੱਗਦਾ ਹੈ ਮੈਨੂੰ

ਜਦੋਂ ਮੋਨਾ ਲੀਸਾ ਦੀ ਤਸਵੀਰ ਉਲੀਕੀ ਜਾ ਰਹੀ ਸੀ

ਤਾਂ ਮੈ ਹੀ ਮੁਸਕਾਨ ਬਣ ਉਸ ਦੇ ਚਿਹਰੇ ‘ਤੇ ਬੈਠ ਗਈ ਸੀ

ਕਿਉਂ ਲੱਗਦਾ ਹੈ ਮੈਨੂੰ

ਅਜੰਤਾ ਏਲੋਰਾ ਦੀਆਂ ਗੁਫ਼ਾਵਾਂ ਵਿੱਚ 

ਜਦ ਚਿਤਰਕਾਰ ਨੇ ਰੰਗ ਭਰੇ ਸਨ 

ਤਾਂ ਉਸ ਤੋਂ ਪਹਿਲਾਂ ਉਸ ਨੇ ਇਕ ਨਜ਼ਰ 

ਮੇਰੇ ਵੱਲ ਹੀ ਤੱਕਿਆ ਸੀ…

ਕਿਉਂ ਲੱਗਦਾ ਹੈ ਕਿ ਰਾਂਝੇ ਦੀ ਚੂਰੀ

ਮੇਰੇ ਹੱਥੋਂ ਹੀ ਕੁੱਟੀ ਜਾਂਦੀ ਸੀ…

ਕਿਉਂ ਲੱਗਦਾ ਹੈ ਮੈਨੂੰ?

ਜਦ ਬੁੱਲ੍ਹੇ ਸ਼ਾਹ ਨੱਚਦਾ ਸੀ

ਤਾਂ ਨੇੜੇ ਤੇੜੇ ਫ਼ਿਜ਼ਾ ਵਿੱਚ 

ਕਿਤੇ ਮੈਂ ਹੀ ਨਸ਼ਾ ਬਣ ਘੁਲਦੀ ਸੀ”…(ਗ਼ੁਲਸ਼ਨ ਦਿਆਲ: ਇਹ ਭਟਕਣ [9])

ਉੱਤਕ ਕਾਵਿ-ਟੋਟਾ ਦੀ ਪ੍ਰਗਤੀਸ਼ੀਲਤਾ ਇਹਦੇ ਦਰਸਾਉਣ/ਦਿਖਾਉਣ ਵਿੱਚ ਹੈ ਕਿ ਮਨੁੱਖੀ ਜੂਨ, ਯਾਣਿ ਇਨਸਾਨੀਅਤ,  ਗ਼ੁਲਾਮ/ਆਜ਼ਾਦ ਵੱਖ ਵੱਖ ਰੂਪਾਂ, ਸੱਭਿਅਤਾਵਾਂ, ਤੇ ਯੁੱਗਾਂ ਵਿੱਚ ਦੀ ਗੁਜ਼ਰਦੀ ਵਿਕਾਸ ਦੀ ਰਾਹ ‘ਤੇ ਅੱਗੇ ਵਧਦੀ ਆਈ ਹੈ। ਹੇਠਲਾ ਕਾਵਿ-ਟੋਟਾ ਮਨੁੱਖੀ ਚੇਤਨਾ ਤੇ ਅਨੁਭਵ ਦੇ ਕੁਝ ਮਾਰੂ, ਯਾਣਿ ਨਾਹ-ਵਾਚਿਕ, ਪੱਖਾਂ ਨੂੰ ਵੰਗਾਰਦਾ ਹੈ:

 “ਜੇ ਅਸੀਂ ਜਾਣਦੇ ਕਿ ਮਨੁੱਖ ਹੋ ਕੇ ਅਸੀਂ 

 ਸਮੇਂ ਦੇ ਅੱਗੇ ਢੱਗਿਆਂ ਵਾਂਗ ਜੁੜਨਾ ਸੀ, 

 ਕਿ ਮਨੁੱਖ ਹੋਣ ਦਾ ਅਰਥ ਸਿਰਫ਼ 

 ਦੋ ਲੱਤਾਂ ਦੇ ਭਾਰ ਤੁਰਨਾ ਸੀ, 

 ਕਿ ਮਨੁੱਖ ਹੋ ਕੇ ਅਸੀਂ ਸਿਰਾਂ ਦੀ ਥਾਂ 

 ਬੰਬਾਂ ਬੰਦੂਕਾਂ ਸੰਗ ਸੋਚਣਾ ਸੀ, 

 ਤਾਂ ਅਸੀਂ ਮਨੁੱਖ ਹੋਣਾ ਕਦੀ ਨਹੀਂ ਲੋਚਣਾ ਸੀ, 

 ਜੇ ਮਨੁੱਖ ਹੋਣਾ 

 ਇਕ ਦੂਜੇ ਦੀ ਸਿਰੀ ਫੇਹਣ ਹੈ 

 ਤਾਂ ਮਨੁੱਖ ਨਾ ਹੋਣਾ 

 ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਹੈ।”…(ਡਾ. ਸੁਖਪਾਲ ਸੰਘੇੜਾ: ਭੇਡਧਾਰੀ ਆਦਮੀ[10])

ਹੇਠਲੇ ਕਾਵਿ-ਟੋਟਾ ਦੀ ਪ੍ਰਗਤੀਸ਼ੀਲਤਾ ਚੰਗਾ ਮਨੁੱਖ ਬਨਣ ਦੇ ਸੰਘਰਸ਼ ਵਿੱਚ ਹੈ:

“ਸਫ਼ਰ ਦੀ ਤਾਂਘ ਕੁੱਖੋਂ

 ਮਨੁੱਖ ਹੈ ਜੰਮਦਾ

  

ਸੁਰਤ ਸੰਭਾਲਦਿਆਂ ਹੀ ਮਨੁੱਖ

 ਹਾਲਾਤਾਂ ਸਾਹਮਣੇ

 ਪਸ਼ੂ ਹੋ ਖੜ੍ਹ ਜਾਂਦਾ ਹੈ

  

ਮਨੁੱਖ ਬਣਨ ਵਾਸਤੇ

 ਹਾਲਾਤਾਂ ਨਾਲ ਔਝੜਦਾ ਔਝੜਦਾ

 ਪਸ਼ੂ ਮਰ ਜਾਂਦਾ ਹੈ।”…(ਡਾ. ਸੁਖਪਾਲ ਸੰਘੇੜਾ: ਮਨੁੱਖ ਦੀ ਜੀਵਨ ਕਥਾ [10])


ਇਹ ਸਮਝਣਾ ਮੁਸ਼ਕਲ ਨਹੀਂ ਹੋਣਾ ਚਾਹੀਦਾ ਕਿ ਇਸ ਭਾਗ ਦੇ ਉੱਤਕ ਸਾਰੇ ਕਾਵਿ-ਟੋਟੇ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਕੇ ਹੀ ਰਚੇ ਜਾ ਸਕਦੇ ਨੇ, ਨਾ ਕਿ ‘ਭੂਤਮੁੱਖੀ ਹਵਾਲਾ-ਫਰੇਮ’ ‘ਤੇ। ਕਿਉਂਕਿ ‘ਵਿਸ਼ਵ ਹਵਾਲਾ-ਫਰੇਮ’ ਦਾ ਸੋਚ-ਘੇਰਾ ਵਿਸ਼ਾਲ ਹੁੰਦਾ ਹੈ, ਇਸ ਲਈ ਇਹਦੇ ਨਾਲ ਸਬੰਧਿਤ ਕਵੀਆਂ ਦੀ, ਕੁਦਰਤੀ ਹੀ, ਦੁਨੀਆਵੀ ਮਸਲਿਆਂ ਵਿੱਚ ਦਿਲਚਸਪੀ ਹੁੰਦੀ ਹੈ।


ਦੁਨੀਆਵੀ ਮਸਲੇ

ਮੇਰੀ ਰਾਏ ਮੁਤਾਬਕ ਸਾਨੂੰ ਹੋਰ ਲਿਖਣਾ ਚਾਹੀਦਾ ਹੈ, ਉਂਝ ਅੰਤਰਰਾਸ਼ਟਰੀ ਜਾਂ ਦੁਨੀਆਵੀ ਪੱਧਰ ਦੇ ਮਸਲਿਆਂ ਬਾਰੇ ਅਸੀ ਬਿੱਲਕੁਲ ਚੁੱਪ ਵੀ ਨਹੀਂ ਹਾਂ। ਇੱਕ ਦੁਨੀਆਵੀ ਪੱਧਰ ਦਾ ਵਿਸ਼ਾ ਹੈ ਧਰਮ, ਜਿਸ ਨਾਲ ਸਬੰਧਿਤ ਲੋਕ ਅਕਸਰ ਮਸਲੇ ਖੜ੍ਹੇ ਰੱਖਦੇ ਨੇ। ਧਰਮ ਲੋਕਾਂ ਨੂੰ ਅਕਸਰ ਵਿਰਸੇ ਵਿੱਚ ਮਿਲ ਜਾਂਦਾ ਹੈ। ਇਸ ਪ੍ਰਸੰਗ ਵਿੱਚ, ਮਿਸਾਲ ਵਜੋਂ, ਇਕ ਸਮਕਾਲੀ ਅਮਰੀਕੀ ਪੰਜਾਬੀ ਕਵਿੱਤਰੀ ਦਾ ਕਾਵਿ-ਟੋਟਾ, ਜ਼ਰਾ ਵਿਅੰਗਮਈ ਅੰਦਾਜ਼ ਵਾਲਾ, ਪੇਸ਼ ਹੈ:

“ਲੈ ਆਹ ਪਾ

ਆਪਣੀ ਸ਼ਨਾਖ਼ਤ ਦਾ ਆਹਲਾ ਬਸਤਰ

ਤੇ ਅੱਜ ਤੋਂ ਤੂੰ ਇੱਕ ਧਰਮ ਦਾ ਠੇਕਾ ਹੋ ਜਾ

ਤੇ ਇਕ ਇਨਸਾਨ ਦੇ ਵਜੋਂ ਮਰ ਜਾ

ਅੱਜ ਤੋਂ ਤੇਰੀ ਤੋਤਾ ਰਟਨ ਜ਼ੁਬਾਨ ਹੈ

ਤੇ ਸੋਚ ਵਿੱਚ ਇੱਕ ਖੂੰਜਾ ਤੇ ਇਮਾਨ ਹੈ

ਅੱਜ ਤੋਂ ਬਾਕੀ ਦੁਨੀਆਂ ਤੇਰੇ ਲਈ ਵਸਦੀ ਹੀ ਨਹੀਂ

ਉਨ੍ਹਾਂ ਦੀ ਕੋਈ ਵੀ ਗੱਲ ਜਚਦੀ ਹੀ ਨਹੀਂ

ਅੱਜ ਤੋਂ ਆਪਣਾ ਧਰਮ ਬਚਾਉਣ ਲਈ 

ਤੂੰ ਸਭ ਦਾ ਫ਼ਾਹਾ ਵੱਢਦਾ ਜਾਈਂ

ਮੇਰੇ ਬੱਚੇ, ਇਕ ਮਾਂ ਹੋ ਕੇ

ਇਹ ਤੋਂ ਵੱਧ ਦੁਆ

ਮੈਂ ਤੈਨੂੰ ਕੀ ਦੇਵਾਂਗੀ”…(ਸ਼ਸ਼ੀ ਪਾਲ ਸਮੁੰਦਰਾ: ਅਸ਼ੀਰਵਾਦ [9])

ਉੱਤਕ ਕਾਵਿ-ਟੋਟਾ ਧਰਮਾਂ ਦੀ ਸੰਕੀਰਨਤਾ, ਕਠੋਰਤਾ, ਤੇ ਠੇਕਾ-ਸੁਭਾਅ ‘ਤੇ ਉਂਗਲ ਧਰਦਾ ਹੋਇਆ, ਲੁਪਤ ਤੌਰ ‘ਤੇ, ਧਰਮਾਂ ਦੁਆਰਾ ਦੁਨੀਆਂ ਨੂੰ ਵੱਖ ਵੱਖ ਧਰਮਾਂ ਵਿੱਚ ਵੰਡ ਕੇ ਮਨੁੱਖਤਾ ਵਿਰੁੱਧ ਭਗਤਾਉਣ ਦੇ ਕਾਰਿਆਂ ਵੱਲ ਇਸ਼ਾਰਾ ਕਰਦਾ ਹੈ; ਇਸ ਵਿੱਚ ਹੀ ਇਸਦੀ ਪ੍ਰਗਤੀਸ਼ੀਲਤਾ ਹੈ। ਹੋਰ, ਸਾਡੇ ਗ੍ਰਹਿ, ਧਰਤੀ, ਦਾ ਬਿਗੜ੍ਹਦਾ ਵਾਤਾਵਰਨ ਇੱਕ ਹੋਰ ਲਗਾਤਾਰ ਦੁਨੀਆਵੀ ਵਿਸ਼ਾ/ਮਸਲਾ ਹੈ, ਜਿਸਨੂੰ ਵੀ ਅਮਰੀਕੀ ਪੰਜਾਬੀ ਦੇ ਕਵੀਆਂ ਛੋਹਿਆ ਹੈ; ਮਿਸਾਲ ਵਜੋਂ:

ਵਾਤਾਵਰਨੋਂ  ਡਰੀ  ਹਵਾ    ਛੁਪ ਜਾਣ  ਨੂੰ  ਲੱਭੇ ਥਾਂ

ਇੱਕੋ ਸਾਹ ਖੜਕਾਈ ਜਾਵੇ   ਮੇਰੇ  ਘਰ   ਦਾ ਬਾਰ…

ਇਕਨਾਂ ਦੇ ਹਥਿਆਰ ਬਣੇ ਨੇ  ਉਹਨਾਂ ਦੀ ਆਵਾਜ਼

ਮੇਰੀ  ਤਾਂ  ਆਵਾਜ਼  ਦੋਸਤੋ,   ਹੈ  ਮੇਰਾ  ਹਥਿਆਰ…(ਡਾ. ਜਗਜੀਤ ਬਰਾੜ: ਗ਼ਜ਼ਲ [9])


ਫ਼ਲਸਤੀਨ ਮਸਲਾ ਬਹੁਤ ਗੰਭੀਰ ਕੌਮਾਂਤਰੀ ਮਸਲਾ ਹੈ, ਮਨੁੱਖਤਾ ਦਾ। ਗੱਲ ਇੱਕ ਕੌਮ, ਫ਼ਲਸਤੀਨ, ਦੀ ਨਸਲਕੁਸ਼ੀ ਤੱਕ ਆਣ ਪੁੱਜੀ ਹੈ, ਤਾਂ ਹਰ ਕਲਾਕਾਰ, ਜਥੇਬੰਦੀ, ਤੇ ਮਨੁੱਖ ਦਾ ਫਰਜ਼ ਬਣਦਾ ਹੈ ਇਸ ਮਨੁੱਖ-ਘਾਤ ਵਿਰੁੱਧ ਤੇ ਫ਼ਲਸਤੀਨੀ ਕੌਮ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦਾ।ਮੇਰੇ ਜਾਂਚੇ ਅਸੀਂ, ਪੰਜਾਬੀ ਕਵੀਆਂ ਨੇ ਇਸ ਮਸਲੇ ਨੂੰ ਵੀ ਇੰਨੀ ਗੰਭੀਰਤਾ ਨਹੀਂ ਲਿਆ, ਜਿੱਦਾਂ ਲੈਣਾ ਬਣਦਾ ਸੀ/ਹੈ। ਤਾਂ ਵੀ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਵਿੱਚ ਇਸ ਮਸਲੇ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਨਹੀਂ ਕੀਤਾ ਗਿਆ। ਮਿਸਾਲ ਵਜੋਂ, ਇੱਕ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਵਿੱਚ, ਇੱਕ ਫ਼ਲਸਤੀਨੀ ਕੁੜੀ ਘਰੋਂ ਸੌਦਾ-ਪੱਤਾ ਲੈਣ ਨਿੱਕਲੀ ਹੈ, ਬਾਜ਼ਾਰ ਵਿੱਚ ਹੋਰ ਲੋਕਾਂ ਸਮੇਤ, ਇਜ਼ਰਾਈਲੀ ਫ਼ੌਜੀ ਜਹਾਜ਼ ਵਲੋਂ ਕੀਤੀ ਬੰਬਾਰੀ ਦਾ ਸ਼ਿਕਾਰ ਹੋ ਜਾਂਦੀ ਹੈ;  ਉਹਦੇ ਘਰ ਨਾ ਪਰਤਣ ‘ਤੇ, ਘਰ ਵਾਲੇ ਉਹਨੂੰ ਲੱਭਣ ਨਿਕਲਦੇ ਨੇ, ਆਪਣੀ ਛੋਟੀ ਕੁੜੀ ਸਮੇਤ:

“ਲੱਭਣ ਨਿਕਲੇ ਤਾਂ ਛੋਟੀ ਵੀ ਨਾਲ ਤੁਰੀ

ਪਰ ਲਾਸ਼ਾਂ ਦੇ ਚੀਥੜ੍ਹਿਆਂ ‘ਚੋਂ

ਕਿਵੇਂ ਪਛਾਣ ਕਰਦੇ ਕੌਣ ਕਿਹੜਾ ਹੈ…

ਪਰਤ ਰਹੇ ਸੀ ਘਰ ਨੂੰ

ਤਾਂ ਛੋਟੀ ਦੀ ਨਿਗਾਹ ਕਿਸੇ ਚੀਜ਼ ‘ਤੇ ਪਈ

ਦੌੜ ਕੇ ਉਸ ਨੇ ਚੁੱਕਿਆ

ਤੇ ਆਪਣੇ ਝੱਗੇ ਥੱਲੇ ਲੁਕੋ ਲਿਆ

ਬਾਪ ਨੇ ਪੁੱਛਿਆ—-

ਤੂੰ  ਕੀ ਲੁਕੋਇਆ ਹੈ?

ਕੁਝ ਵੀ ਤਾਂ ਨਹੀਂ

ਉਹ ਡੌਰ-ਭੌਰ ਹੋਈ ਆਖਦੀ

ਬਾਪ ਫਿਰ ਜ਼ੋਰ ਨਾਲ ਪੁੱਛਦਾ ਹੈ

ਤਾਂ ਛੋਟੀ ਕਹਿੰਦੀ ਹੈ—-

ਇਹ ਮੇਰੀ ਦੀਦੀ ਦੀ ਚੱਪਲ ਹੈ।…

ਤੇ ਉਹ ਛੋਟੀ ਨੂੰ ਚੁੰਮਦੇ ਚੱਟਦੇ

ਭਰੀਆਂ ਅੱਖਾਂ ਨਾਲ 

ਘਰ ਪਰਤ ਜਾਂਦੇ ਹਨ…।”…(ਰਵਿੰਦਰ ਸਹਿਰਾਅ: ‘ਪਲਸਤੀਨੀ ਕੁੜੀ ਤੇ ਚੱਪਲ’, ‘ਕੁਝ ਨਾ ਕਹੋ’, ਚੇਤਨਾ ਪ੍ਰਕਾਸ਼ਨ: 2018)


ਜਦੋਂ ਕੋਈ ਸਟੇਟ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਵੇ ਤੇ ਬੰਬ ਵਰ੍ਹਾਵੇ, ਉਹ ਸਟੇਟ ਵੀ ਦਹਿਸ਼ਤਵਾਦੀ ਹੁੰਦੀ ਹੈ:

“ਜ਼ਾਲਮ ਹੱਥ ਹਥਿਆਰ ਹੈ ਹੁੰਦਾ,

ਮਾਸੂਮ ਦੀ ਖ਼ਾਲੀ ਬਾਂਹ ਹੁੰਦੀ ਹੈ,

ਗੋਲੀਆਂ ਸੰਗ ਰੋੜੇ ਟੱਕਰਾਉਦੇ

ਦਹਿਸ਼ਤ ਦਹਿਸ਼ਤ ਤਾਂ ਹੁੰਦੀ ਹੈ।…

ਦਹਿਸ਼ਤਵਾਦੀ ਹੋ ਸਕਦਾ ਹੈ

ਬੰਦਾ ਦਹਿਸ਼ਤ ਨਹੀਂ ਹੁੰਦਾ,

ਮਨੁੱਖ ਦੇ ਹੱਥੋਂ ਲੁੱਟ ਮਨੁੱਖ ਦੀ

ਦਹਿਸ਼ਤਵਾਦ ਦੀ ਮਾਂ ਹੁੰਦੀ ਹੈ।” …(ਡਾ. ਸੁਖਪਾਲ ਸੰਘੇੜਾ: ‘ਹਿਟਲਰ ਅਜੇ ਮੋਇਆ ਨਹੀਂ’, ‘ਫ਼ਲਸਤੀਨ ਦੀ ਆਵਾਜ਼’, ਸੰਪਾਦਕ: ਅਮੋਲਕ ਸਿੰਘ ਤੇ ਯਸ਼ ਪਾਲ, 2025)


ਗੱਲ ਇੱਕ ਕੌਮ, ਫ਼ਲਸਤੀਨ, ਦੀ ਨਸਲਕੁਸ਼ੀ ਤੱਕ ਆਣ ਪੁੱਜੀ ਹੈ, ਤੇ ਇਜ਼ਰਾਈਲੀ ਸਟੇਟ ਹਿਟਲਰਸ਼ਾਹੀ ਦਾ ਰੋਲ ਨਿਭਾ ਰਹੀ ਹੈ:

“ਸੁਣੋ ਵੇ ਦੁਨੀਆ ਵਾਲਿਓ,

ਮਨੁੱਖਤਾ ਦੇ ਰਖਵਾਲਿਓ!

ਸੁਣੋ ਆਸਤਕੋ, ਸੁਣੋ ਨਾਸਤਕੋ

ਤੇ ਵਿੱਚ ਵਿਚਾਲੇ ਆਲਿਓ!

ਨਸਲਕੁਸ਼ੀ ਦੇ ਕੰਢਿਓਂ

ਇੱਕ ਕੌਮ ਪਈ ਪੁਕਾਰਦੀ,

ਕਿੱਥੇ ਛੁਪੀ ਹੋਈ ਹੈ ਉਹ

ਮਨੁੱਖਤਾ ਨੂੰ ਹਾਂਕਾਂ ਮਾਰਦੀ।”…(ਡਾ. ਸੁਖਪਾਲ ਸੰਘੇੜਾ: ‘ਹਿਟਲਰ ਅਜੇ ਮੋਇਆ ਨਹੀਂ’ , ‘ਫ਼ਲਸਤੀਨ ਦੀ ਆਵਾਜ਼’, ਸੰਪਾਦਕ: ਅਮੋਲਕ ਸਿੰਘ ਤੇ ਯਸ਼ ਪਾਲ, 2025)


ਇੱਕ ਕਵਿਤਾ ਦਾ ‘ਮੈਂ’ ਸ਼ੰਘਰਸ਼ ਭਰੇ ਜਿੰਦਗੀ-ਸਫ਼ਰ ਦੌਰਾਨ “ਸਾਰੀ ਦੁਨੀਆਂ ਗਾਹ ਕੇ, ਯੁੱਗਾਂ ਯੁੱਗਾਂ ਤੋਂ ਬਾਅਦ, ਘਰ ਪਰਤ ਰਿਹਾ” ਹੈ, ਤਾਂ ਸੋਚਾਂ ਲੜਾ ਰਿਹਾ ਕਿ ਘਰ ਉਹਨੂੰ ਉਡੀਕਦੀ ਆਪਣੀ ਮੁਹੱਬਤ ਲਈ ਕੀ ਤੋਹਫਾ ਲੈ ਕੇ ਜਾਏ। ਉਹਦੀ ਮੁਹੱਬਤ ਜੇ ‘ਭੂਤਮੁੱਖੀ ਹਵਾਲਾ-ਫਰੇਮ’ ਖੜ੍ਹੀ ਹੁੰਦੀ ਤਾਂ ਗੁੰਮ ਹੋ ਗਏ ਚਰਖਿਆਂ, ਤੀਆਂ, ਤੇ ਬੋਹੜਾਂ ਦੀਆਂ ਛਾਵਾਂ ਆਦਿ ਦੇ ਕੀਰਨੇ ਪਾਉਂਦੀ, ਪਰ ਜ਼ਾਹਰਾ ਤੌਰ ‘ਤੇ  ਉਹ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹੀ ਹੈ, ਤਾਂਹੀਓਂ ਉਹਦਾ ਹੁੰਘਾਰਾ ਕੁਝ ਇਸ ਤਰ੍ਹਾਂ ਹੈ:

“ਮੇਰੇ ਲਈ ਹਵਾ ਦਾ ਉਹ ਬੁੱਲ੍ਹਾ

ਲੈ ਕੇ ਆਵੀਂ

ਜਿਸ ‘ਚ ਮਾਸੂਮਾਂ ਦੀਆਂ ਚੀਕਾਂ

ਅਤੇ ਬੇ-ਗੁਨਾਹ ਕਤਲਾਂ ਦੀਆਂ ਕੁਰਲਾਹਟਾਂ ਨਾ ਹੋਣ…

ਮੇਰੇ ਲਈ ਉਹ ਖਿੜਕੀ ਲੈ ਕੇ ਆਵੀਂ  ਮੇਰੀ ਮੁਹੱਬਤ

ਜਿਸ ਵਿੱਚੋਂ 

ਮੈਂ ਉਹ ਦੁਨੀਆਂ ਦੇਖ ਸਕਾਂ

ਜਿੱਥੇ ਜੰਗਾਂ ਦੇ ਅਮੁੱਕ ਸਿਲਸਿਲੇ ਨਾ ਹੋਣ”…(ਅਮਰਜੀਤ ਪੰਨੂੰ: ਉਡੀਕ [9])


ਇਸ ਲੇਖ ਵਿੱਚ, ਹੁਣ ਤੱਕ, ਬੇਸ਼ੱਕ, ਸਪਸ਼ਟ ਹੋ ਗਿਆ ਹੋਵੇਗਾ ਕਿ ‘ਵਿਸ਼ਵ ਹਵਾਲਾ-ਫਰੇਮ’, ਨਜੀਤਣ ਪ੍ਰਗਤਾਸ਼ੀਲ ਕਵਿਤਾ, ਭਵਿੱਖਮੁੱਖਤਾ ਦਾ ਸ਼ਿਕਾਰ ਨਹੀਂ ਹੁੰਦੀ।


ਭੂਤਮੁੱਖਤਾ ਤੋਂ ਬਗਾਵਤ

ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਿਰਫ਼ ਅਤੀਤ ਨੂੰ ਚੇਤੇ ਕਰਨ ਤੇ ਇਹਦਾ ਰਿਵਿਊ ਕਰਨ ਨਾਲ ਹੀ ਬੰਦਾ ਭੂਤਮੁੱਖੀ ਨਹੀਂ ਬਣ ਜਾਂਦਾ; ਆਖ਼ਰ, ਯਾਣਿ after all, ਭਵਿੱਖਮੁੱਖੀਏ ਵੀ ਅਤੀਤ ਦਾ ਅਕਸਰ ਵਿਸ਼ਲੇਸ਼ਣ ਕਰਦੇ ਨੇ, ਤੇ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਇਹ ਤੱਥ ਜਾਣਦੀ ਹੈ; ਮਿਸਾਲ ਵਜੋਂ: 

“ਸੋਚ ਤਾਂ ਸਹੀ

ਜ਼ਿੰਦਗੀ ਦੇ ਕੋਈ ਲਕਸ਼ ਨਵੇਂ

ਤੇ ਸਬੰਧਿਤ ਹੁੰਦੀ ਹੈ ਸੋਚ

ਆਪਣੇ ਹੀ ਅਤੀਤ ਨੂੰ

ਬਿਖਰੇ ਰਾਹਾਂ ਦੀਆਂ ਠੋਕਰਾਂ

ਰਟਨਾਈਆਂ ਹਥੇਲੀਆਂ

ਉੱਚੜ੍ਹੇ ਪੈਰਾਂ ਦੀ  ਚੀਸ ਨੂੰ

ਚਿੱਤਰ ਤਾਂ ਸਹੀ, ਲੱਭ ਤਾਂ ਸਹੀ 

ਕੁਰਬਾਨੀ ਦੇ ਅਰਥ ਨਵੇਂ

ਨਵੇਂ ਰਾਹ ਤੇ ਨਕਸ਼ ਨਵੇਂ”…(ਪ੍ਰੋ. ਹਰਭਜਨ ਸਿੰਘ: ਆਤਮ ਯੁੱਧ [9])

ਉੱਤਕ ਕਾਵਿ-ਟੋਟਾ ਅਤੀਤ ਦਾ ਵਿਸ਼ਲੇਸ਼ਣ ਕਰਦਾ ਹੈ ਜ਼ਿੰਦਗੀ ਦੇ ਨਵੇਂ ਮੰਤਵ ਤੇ ਸੰਕਲਪ, ਜਿਵੇਂ ਕੁਰਬਾਨੀ, ਉਲੀਕਣ/ਉਸਾਰਨ ਲਈ, ਜੋ ਇਹਨੂੰ ਭਵਿੱਖਮੁੱਖੀ ਬਣਾ ਦਿੰਦਾ ਹੈ। ਹੇਠਲਾ ਕਾਵਿ-ਟੋਟਾ ਵੀ ਕੁਝ ਇਸ ਤਰ੍ਹਾਂ ਦਾ ਹੀ ਕਰਦਾ ਹੈ:

“ਦਮ          ਦਮ         `ਚ        ਦਮਨ  

ਕਦਮ    ਕਦਮ      `ਤੇ      ਸ਼ਹਾਦਤ   ਹੈ।

ਇਹ      ਕੋਈ       ਕੁਰਬਾਨੀ        ਨਹੀਂ, 

ਇਹ  ਤਾਂ  ਇਸ  ਆਦਮੀ ਦੀ    ਆਦਤ  ਹੈ।…

ਉਸ  ਇਤਿਹਾਸ  `ਚੋਂ  ਉਦੈ  ਮਨੁੱਖ ਕਿੰਝ ਹੋਵੇ

ਜਿਹਦੇ ਹਰ ਵਰਕੇ `ਤੇ ਪਸਰੀ ਬਾਦਸ਼ਾਹਤ ਹੈ।…

ਲੋੜ ਕੱਲ੍ਹ ਦੀ ਸੀ, ਬਣੀ ਹੈ ਰਸਮ ਅੱਜ ਦੀ ਜੋ

ਕੈਸੀ ਰਸਤੇ ਦੀ  ਸਫ਼ਰ   ਵਿਰੁੱਧ ਬਗ਼ਾਬਤ ਹੈ।

       

ਇਹ      ਕੋਈ       ਕੁਰਬਾਨੀ     ਨਹੀਂ…”…(ਡਾ. ਸੁਖਪਾਲ ਸੰਘੇੜਾ: ਆਦਤ [11]) 


‘ਪਰਵਾਸੀ’ ਸ਼ਬਦ, ਜੋ ਇੰਡੀਆ ਬੈਠੇ ਪੰਜਾਬੀ ਲੇਖਕ/ਆਲੋਚਕ ਤੇ ਸਥਾਪਤੀ ਆਖਦੀ/ਵਰਤਦੂ ਹੈ, ‘ਯੁੱਧਬੰਦੀ’ ਦਾ ਹਾਣੀ ਹੈ, ਆਪਣੀ ਸਹੀ ਅਰਥਾਂ ਵਜੋਂ, ਕਿਉਂਕਿ ਕਿਸੇ ਦੇਸ਼ ਵਿੱਚ ਉਹਦੇ ‘ਯੁੱਧਬੰਦੀ’ ਹੀ ਪਰਵਾਸੀ ਹੁਦੇ ਹਨ, ਸ਼ਬਦ ਦੇ ਸਹੀ ਅਰਥਾਂ, ਕਿਉਂਕਿ ਉਹ ਨਾਗਰਿਕ ਨਹੀਂ ਹੁੰਦੇ; ਜੋ ਨਾਗਰਿਕ ਹੁੰਦੇ ਨੇ, ਉਹ ਪਰਵਾਸੀ ਨਹੀਂ ਹੁੰਦੇ। ਜਦੋਂ ਲੋਕ ਆਪਣੀ ਮਾਤਭੂਮੀ ਛੱਡ ਕੇ ਕਿਸੇ ਹੋਰ ਦੇਸ਼, ਜਿਵੇ ਪੱਛਮੀ ਦੇਸ਼, ਨੂੰ ਜਾਂਦੇ ਨੇ ਤਾਂ ਉਹ ਅਕਸਰ ਆਪਣੀ ਮਰਜ਼ੀ ਨਾਲ ਜਾਂਦੇ ਨੇ; ਜਿਵੇ ਹੇਠਲੇ ਕਾਵਿ-ਟੋਟਾ ਦਾ ਸਮਕਾਲੀ ਅਮਰੀਕੀ ਕਵੀ ਇਕਬਾਲ ਕਰਦਾ ਹੈ:

“ਯੁੱਧਬੰਦੀ ਨਹੀਂ ਹਾਂ ਅਸੀਂ ਇੱਥੇ

ਸੱਤ ਸਮੁੰਦਰ ਪਾਰੋਂ

ਆਪਣੇ ਖੰਭਾਂ ਨਾਲ ਉੱਡ ਕੇ ਖ਼ੁਦ

ਇੱਥੇ ਆਏ ਹਾਂ ਅਸੀਂ 

ਖੰਭ, ਜਿਨ੍ਹਾਂ ਨਾਲ 

ਤੈਰਿਆ ਕਰਦੇ ਸਾਂ ਕਦੇ 

ਸੁ਼ਫ਼ਨਿਆਂ ਦੇ ਬ੍ਰਹਿਮੰਡ ਉਡਿਆ ਕਰਦੇ ਸਾਂ

ਦਿਸਹੱਦਿਆਂ ਦੇ ਆਰ-ਪਾਰ

ਧਰਤੀ ਤੋਂ ਅਸਮਾਨ ਤੱਕ

ਫ਼ਿਲਹਾਲ

ਲੁਕਾ ਕੇ ਰੱਖ ਦਿੱਤੇ ਹਨ

ਆਪਣੇ ਨਾਲ ਲਿਆਏ ਬੈਗਾਂ ਵਿੱਚ”…(ਪ੍ਰੋ. ਹਰਭਜਨ ਸਿੰਘ: ਪੰਖ, ਪਿੰਜਰਾ ਤੇ ਪਰਵਾਜ਼[9])

ਉੱਤਕ ਕਾਵਿ-ਟੋਟਾ ਵਿੱਚ ‘ਅਸੀਂ’ ਖੰਭਾਂ ‘ਤੇ ਉੱਡ ਕੇ ਮਰਜ਼ੀ ਦੇ ਦੇਸ਼ ਆਉਂਦੇ ਨੇ, ਪਰ ਆਉਣ ਬਾਅਦ ਖੰਭਾਂ ਨੂੰ ਨਾਲ ਲਿਆਏ ਬੈਗਾਂ ਵਿੱਚ ਛੁਪਾ ਦਿੰਦੇ ਨੇ। ਕਵਿਤਾ ਵਿੱਚ ‘ਅਸੀਂ’ ਤਰਕ ਕਰਦੇ ਨੇ ਕਿ ਰੋਜ਼ਨਾਮਚਾ ਜ਼ਿੰਦਗੀ ਦਾ ਸੰਘਰਸ਼ ਤੇ ਅਤੀਤ ਦੇ ਚੇਤੇ ਉਨ੍ਹਾਂ ਗੋਡਣੀਆਂ ਲਵਾਈ ਰੱਖਦੇ ਨੇ, ਉਨ੍ਹਾਂ ਨੂੰ ਉੱਡਣ-ਯੋਗ ਰਹਿਣ ਦਿੰਦੇ; ਤਾਂ ਹੀ ਉਨ੍ਹਾਂ ਨੇ ਉਹ ਖੰਭ ਬੈਗਾਂ ਵਿੱਚ ਲੁਕਾ ਦਿੱਤੇ ਨੇ। ਸ਼ਾਇਦ, ‘ਅਸੀਂ’ ਦੇ ਅਚੇਤ ਮਨਾਂ ਨੇ ਇਹ ਵੀ ਅਨੁਭਵ ਕਰ ਲਿਆ ਹੋਵੇ ਕਿ ਭੂਤਮੁੱਖੀ ਜਾਂ ਅਰਧ-ਭੂਤਮੁੱਖੀ ਉਹ ਖੰਭ ਐਧਰਲੇ, ਜਾਂ ਭਵਿੱਖ ਦੇ, ਆਸਮਾਨਾਂ ਵਿੱਚ ਉੱਡਣ ਲਈ ਐਨੇ ਸਹਾਈ ਨਾ ਹੋਣ। ਤਾਂਹੀਉਂ ‘ਅਸੀਂ’ ਨੇ ਉਹ ਖੰਭ ਸੰਭਾਲ ਕੇ ਰੱਖ ਲਏ ਨੇ ਤੇ:

“ਜਦੋਂ ਕਿਤੇ ਵਾਪਸ ਪਰਤਾਂਗੇ

ਇਹ ਖੰਭ ਮੁੜ ਲਾ ਜਾਵਾਂਗੇ”


ਤੇ ਤਾਂਹੀਉਂ ਤਾਂ ਇਧਰ ਨਵੇਂ ਖੰਭ ਉਗਾਉਣ ਦੇ ਖਿਆਲ ਆਉਣੇ ਸ਼ੁਰੂ ਹੋ ਗਏ ਨੇ:  

“ਜੇ ਨਾ ਪਰਤ ਸਕੇ ਤਾਂ, ਆਪਣੇ ਪਿੱਛੇ

ਆਪਣੀ ਨਿਸ਼ਾਨੀ ਲਾ ਜਾਵਾਂਗੇ

ਕਾਸ਼! ਉੱਗ ਪੈਣ ਜੇ ਨਵੇਂ ਤਾਂ

ਸਿਰਜਾਂਗੇ ਅਸੀਂ ਫਿਰ ਇਕ

ਸੁਪਨਿਆਂ ਦਾ ਨਵਾਂ ਬ੍ਰਹਿਮੰਡ

ਉੱਡਾਂਗੇ ਫਿਰ ਅਸੀਂ 

ਹਰ ਜ਼ਿੰਦਾ ਰਿਸ਼ਤੇ ਦੇ ਆਰ ਪਾਰ

ਤੇ ਡੀਕ ਲਾ ਕੇ ਪੀ ਜਾਵਾਂਗੇ 

ਸੱਤ ਸਮੁੰਦਰਾਂ ਦਾ ਫ਼ਾਸਲਾ”…(ਪ੍ਰੋ. ਹਰਭਜਨ ਸਿੰਘ: ਆਤਮ ਯੁੱਧ : ਪੰਖ, ਪਿੰਜਰਾ ਤੇ ਪਰਵਾਜ਼[9])


ਉੱਤਕ ਕਾਵਿ-ਟੋਟਾ ਵਿੱਚ ‘ਅਸੀਂ’ ਨਵੇ ਖੰਭ ਉਗਾਉਣ ਦਾ ਸੁਪਨਾ ਦੇਖਦੇ ਨੇ, ਇੰਝ ‘ਭੂਤਮੁੱਖੀ ਹਵਾਲਾ-ਫਰੇਮ’ ਦੀ ਥਾਂ ‘ਵਿਸ਼ਵ ਹਵਾਲਾ-ਫਰੇਮ’ ਦੇ ਖੰਭ ਦਾ ਖ਼ਾਬ ਵੇਖਦੇ ਨੇ। ਇਸ ‘ਵਿਸ਼ਵ ਹਵਾਲਾ-ਫਰੇਮ’ ਤੋਂ ਉਡਾਰੀ ਭਰੀ ਜਾ ਸਕਦੀ ਹੈ ਨਵੇਂ ਬ੍ਰਹਿਮੰਡ ਵੱਲ ਨੂੰ, ਜਿਸ ਵਿੱਚ ਰਿਸ਼ਤੇ ਦੇ ਆਰ ਪਾਰ ਉਡਿਆ ਸਕਦਾ ਹੈ ਸਮੁੰਦਰਾਂ ਦਾ ਫ਼ਾਸਲਾ ਮਿਟਾ ਕੇ। ਇਸ ਤਰ੍ਹਾਂ ਹੀ, ਮਿਸਾਲ ਵਜੋਂ, ਇੱਕ ਸਮਕਾਲੀ ਅਮਰੀਕੀ ਪੰਜਾਬੀ ਕਵੀ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹੇ ਹੋਣ ਦਾ ਪ੍ਰਦਰਸ਼ਨ ਕਰਦਾ ਹੈ, ਜਿਵੇਂ ਕਿ

“ਦੇਸ਼ ਪ੍ਰਦੇਸ਼ ਕੁਝ ਨਹੀਂਓਂ ਹੁੰਦਾ

ਨਾ ਵਾਸੀ ਪ੍ਰਵਾਸੀ।

ਬੰਦੇ  ਮਨ  ਲਕੀਰਾਂ  ਖਿੱਚੀਆਂ

ਕੁਦਰਤ ਫ਼ਰਕ ਨਾ ਕਾਸੀ।…

ਬ੍ਰਹਿਮੰਡ ਅੱਖ ਵਜ਼ੂਦ-ਏ-ਧਰਤੀ

ਬਿੰਦੀ ਤੋਂ ਵੀ ਛੋਟਾ,

ਕਿੰਨਾ  ਛੋਟਾ  ਮਨ  ਜੋ  ਸੋਚੇ

ਵਾਸੀ  ਤੇ ਪ੍ਰਵਾਸੀ।…

ਨਿੱਕੀ ਜਿਹੀ ਇਹ ਧਰਤ ‘ਪਰਖ਼ਿਆ’

ਅਣਗਣਿਤ ਜੂਨਾਂ ਦਾ ਵਾਸਾ,

ਕੋਈ ਨਹੀਂ ਪਰਵਾਸੀ ਕਿਧਰੇ

ਸੱਭ ਵਾਸੀ ਹੀ ਵਾਸੀ।”…(ਸੁਖਪਾਲ ਸੰਘੇੜਾ ਓਰਫ਼ ਪਰਖ਼ਾ: ਵਾਸੀ ਪ੍ਰਵਾਸੀ, ਸੰਵਾਦ, ਜੁਲਾਈ 2025.)


‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹੋ ਕੇ, ਪਿਛਾਂਹ ਨਜ਼ਰ ਮਾਰਿਆਂ ਵੀ, ਉਹ ਕੁਝ ਦਿਸਦਾ ਹੈ, ਜੋ ‘ਭੂਤਮੁੱਖੀ ਹਵਾਲਾ-ਫਰੇਮ’ ਤੋਂ ਦਿਸ ਸਕਦਾ, ਮਿਸਾਲ ਵਜੋਂ:

“ਯੁੱਗਾਂ ਲੰਬਾ ਇਹ ਯੁੱਗ ਜੋ ਬੀਤ ਚੱਲਿਆ ਹੈ 

ਨਾ ਸਦੀਆਂ, ਨਾ ਸਦੀ,  ਨਾ ਸਾਲ ਸੀ, 

ਇਹ ਮਨੁੱਖ ਕੋਲੋਂ ਹਾਰ ਚੁੱਕੇ ਪਸ਼ੂ ਵਲੋਂ 

ਮਨੁੱਖ ਵਿੱਚ ਵੜਕੇ

ਹਿਮਾਲਾ ਦੀ ਚੋਟੀ 'ਤੇ ਚੜ੍ਹਕੇ 

ਪੂਰੇ ਮੁਲਖ ਨੂੰ ਕੱਢੀ ਸਦੀਆਂ ਲੰਬੀ ਗਾਲ ਸੀ|…

ਇਹ ਗਾਲ ਹੀ ਸੀ 

ਜਿਹਨੂੰ ਪਤੀਦੇਵ ਸਮਝ ਕੇ ਪਤਨੀਆਂ ਭੋਗਦੀਆਂ ਰਹੀਆਂ, 

ਜਿਹਨੂੰ ਟੱਬਰ ਸਮਝ ਕੇ 

ਸੁਆਣੀਆਂ ਭੱਤਾ ਢੋਂਦੀਆਂ ਰਹੀਆਂ| 

ਇਹ ਗਾਲ ਹੀ ਸੀ 

ਮਾਂ ਸਮਝ ਕੇ ਜਿਹਦੀ ਗੋਦ ਵਿਚ 

ਮੁਲਖ ਦੇ ਭਵਿਖ ਦੀਆਂ ਅੱਖਾਂ ਰੋਂਦੀਆਂ ਰਹੀਆਂ| …(ਸੁਖਪਾਲ ਸੰਘੇੜਾ: ਗਾਲਧਾਰੀ ਯੁੱਗ [7])


ਆਧੁਨਿਕ ਵਿੱਚ ਵੀ, ਹਰਿਭਜਨ ਸਿੰਘ ਤੇ ਸੁਰਜੀਤ ਪਾਤਰ ਵਰਗਿਆਂ ਤੋਂ ਲੈਕੇ ਹੁਣ ਤੱਕ ਕਰੀਬ ਸਾਰੇ ਸਮਕਾਲੀ ਪੰਜਾਬੀ ਕਵੀ ਚਾਨਣ/ਗਿਆਨ ਦੇ ਬਿੰਬਾਂ ਵਜੋਂ ਜਾਗੀਰੂ/ਰਾਜਾਸ਼ਾਹੀ ਡਿਵਾਈਸਾਂ ਜਿਵੇਂ ਮਿਸ਼ਾਲਾਂ, ਜੋਤਾਂ/ਦੀਵੇ,  ਤੇ ਮੋਮਬੱਤੀਆਂ ਆਦਿ ਨੂੰ ਹੀ ਵਰਤਦੇ ਚਲੇ ਆ ਰਹੇ ਨੇ, ਜਦੋਂ ਕਿ ਆਧੁਨਿਕ ਯੁੱਗ ਵਿੱਚ ਰਾਤੀਂ ਧੁੱਪ ਵਰਗੀ ਰੌਸ਼ਨੀ ਕਰਨ ਵਾਲੇ ਬਿਜਲਈ ਬਲ੍ਹਬਾਂ ਤੇ ਟਿਊਬਾਂ ਵਰਗੇ ਡਿਵਾਈਸ ਉਪਲੱਬਦ ਨੇ, ਤੇ ਦੁਨੀਆਂ ਬਿਜਲੀ ਵੀ ਸੂਰਜ ਦੀ ਰੌਸ਼ਨੀ ਤੋਂ ਬਣਾਉਣ ਦੇ ਪੜਾਅ ‘ਤੇ ਪਹੁੰਚ ਰਹੀ ਹੈ। ਇਸ ਪ੍ਰਸੰਗ ਵਿੱਚ, ਹੇਠਲੇ ‘ਕਾਵਿ-ਟੋਟਾ’ ਦਾ ਅਮਰੀਕੀ ਪੰਜਾਬੀ ਕਵੀ ‘ਭੂਤਮੁੱਖੀ ਹਵਾਲਾ-ਫਰੇਮ’ ਦੀ ਥਾਂ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾ ਪ੍ਰਤੀਤ ਹੁੰਦਾ ਹੈ:

“ਹਨੇਰੀ ਰਾਤ ਵਿੱਚ ਧੁੰਦਲੀ ਜਿਹੀ ਇਕ ਲੋਅ ਨਜ਼ਰ ਆਈ

ਮੈ ਚਾਨਣ  ਵਲ ਨੂੰ ਤੁਰਿਆ  ਤੂੰ ਦੀਵਾ  ਦੂਰ  ਕਰ ਦਿੱਤਾ…

ਮੇਰੇ  ਮੱਥੇ ‘ਚ  ਹੈ  ਸੂਰਜ    ਤੇਰੇ  ਮਸਤਕ  ‘ਚ ਚੰਨ ਤਾਰੇ 

ਅਸਾਂ ਨੇ ਕਹਿਕਸ਼ਾਂ ਵਿੱਚ ਰਲ ਕੇ   ਕਿੰਨਾ ਨੂਰ ਕਰ ਦਿੱਤਾ”…(ਭੂਪਿੰਦਰ ਦਲੇਰ: ਗ਼ਜ਼ਲ [9])


ਅੱਜ ਪੰਜਾਬੀ ਕਵੀ ਭਾਵੇਂ ਕਿਸੇ ਵੀ ਦੇਸ਼ ਵਿੱਚ ਵਸਦੇ ਹੋਣ, ਅਸੀਂ ਕਰੀਬ ਸਾਰੇ ਹੀ ਭੂਤਮੁੱਖੀ ਭਾਰਤੀ ਸਮਾਜ ਦੇ ਜੰਮਪਲ ਹਾਂ। ਸੋ, ਜੋ ਵੀ ਪੰਜਾਬੀ ਕਵੀ ਕਦੀ ਵੀ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਿਆ, ਉਹਨੇ ਕਿਸੇ ਨਾ ਕਿਸੇ ਰੂਪ ਵਿੱਚ ‘ਭੂਤਮੁੱਖੀ ਹਵਾਲਾ-ਫਰੇਮ’ ਤੋ ‘ਵਿਸ਼ਵ ਹਵਾਲਾ-ਫਰੇਮ’ ਤੱਕ ਦਾ ਸਫਰ ਤੈਅ ਤਹਿ ਕੀਤਾ ਹੋਵੇਗਾ; ਇੱਥੋਂ ਤੱਕ ਕਿ ਪਾਸ਼ ਨੇ ਵੀ, ਮਿਸਾਲ ਵਜੋਂ, ‘ਅੰਤਿਕਾ’ ਤੋਂ ‘ਖੁੱਲ੍ਹੀ ਚਿੱਠੀ’ ਤੱਕ ਦਾ [6]। ਸੋ, ਇਸ ਸਫ਼ਰ ਦਾ ਕਿਸੇ ਨੂੰ ਕੋਈ ਮਿਹਣਾ ਨਹੀਂ;  ਕਿਉਂਕਿ ਇਹ ਸਫ਼ਰ ਆਪਣੇ ਆਪਣੇ-ਆਪ ਵਿੱਚ ‘ਭੂਤਮੁੱਖੀ’ ਦੀ ਥਾਂ ਭਵਿੱਖਮੁੱਖੀ ਹੁੰਦਾ ਹੈ, ਤੇ ਅਕਸਰ ਵਧੀਆ ਕਾਵਿ ਦੀ ਰਚਨਾ ਕਰ ਦਿੰਦਾ ਹੈ। ਮਿਸਾਲ ਵਜੋਂ, ਆਓ ਇੱਥੇ ਐਸੀ ਹੀ ਇੱਕ ਖੂਬਸੂਰਤ ਅਮਰੀਕੀ ਪੰਜਾਬੀ ਕਵਿਤਾ ਵਿਚਾਰੀਏ ਜੋ ‘ਭੂਤਮੁੱਖੀ ਹਵਾਲਾ-ਫਰੇਮ’ ਤੋ ‘ਵਿਸ਼ਵ ਹਵਾਲਾ-ਫਰੇਮ’ ਨੂੰ ਸਫ਼ਰ ਤੈਅ ਕਰਦੀ ਹੈ; ਕਵਿਤਾ ਦਾ ਦੂਜਾ ਕਾਵਿ-ਟੋਟਾ ਇਸ ਦ੍ਰਿਸ਼ ਸਥਾਪਤ ਕਰ ਦਿੰਦਾ ਹੈ:

“ਇਸ ਜੰਗਲ ਵਿੱਚ ਐਨਾਂ ਕੁਝ

ਹੈ ਸੁੱਕਿਆ ਟੁਟਿਆ

ਕਿ ਮੇਰੇ ਪੈਰਾਂ ਵਿੱਚ ਹੈ 

ਸਦੀਆਂ ਭਰ ਦਾ ਮਲਬਾ ਇਹਦਾ

ਥੋੜ੍ਹੀ ਜਿਹੀ ਚੰਗਿਆੜੀ ਨਾਲ 

ਬਲ ਸਕਦਾ ਏ

ਤੇ ਇਹ ਜੰਗਲ ਜਲ ਸਕਦਾ ਏ”…(ਜਗਜੀਤ ਨੌਸ਼ਹਿਰਵੀ: ‘ਸੰਸਾ’, ‘ਹਾਲ ਉਥਾਈਂ ਕਹੀਏ’, ਚੇਤਨਾ ਪ੍ਰਕਾਸ਼ਨ,  2025)

ਉੱਤਕ ਕਾਵਿ-ਟੋਟਾ ਵਿੱਚ, ਜੇ ਜੰਗਲ ਨੂੰ ਸਮਾਜ ਦਾ ਪ੍ਰਤੀਕ ਅਤੇ ‘ਸੁੱਕੇ-ਟੁੱਟੇ ਐਨਾਂ ਕੁਝ’ ਤੇ ‘ਸਦੀਆਂ ਭਰ ਦਾ ਮਲਬਾ’ ਨੂੰ ਉਸ ਸਮਾਜ ਦੀਆਂ ਗਲ੍ਹੀਆਂ ਸੜੀਆਂ,  ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਮੰਨ ਲਵਾਂ, ਤਾਂ ਮੈਂ ਐਸਾ ਕਰਨ ਵਾਲਾ ਪਹਿਲਾ ਕਵੀ ਜਾਂ ਵਿਸ਼ਲੇਸ਼ਕ ਨਹੀਂ ਹੋਵਾਂਗਾ। ਇਸ ਕਾਵਿ-ਟੋਟਾ ਦਾ ਪਾਤਰ ‘ਮੈਂ’ ਇੱਹ ਹਰਾ ਰੁੱਖ ਹੈ, ਯਾਣਿ ਸਮਾਜ ਦਾ ਨਾਗਰਿਕ। ਉੱਤਕ ਕਾਵਿ-ਟੋਟਾ ਵਿੱਚਲਾ ਸਮਾਜ ਮਨੁੱਖੀ ਵਿਕਾਸ ਦੀ ਰਾਹ ‘ਚੇ ਅੜ੍ਹ/ਖੜ੍ਹ ਗਿਆ ਸਮਾਜ ਭਾਸਦਾ ਹੈ, ਜੋ ਯੁੱਗ-ਪਲਟੇ ਬਗੈਰ ਅਗਾਂਹ ਨਹੀਂ ਵੱਧ ਸਕਦਾ। ‘ਮੈ’ ਕਿਉਂਕਿ ਹਰਾ ਹੈ, ਉਹ ਕੋਲ ਗੁਆਉਣ ਲਈ ਕੁਝ ਹੈ, ਕੋਈ ਗੜਬੜ/ਤਬਦੀਲੀ ਨਹੀਂ ਚਾਹੁੰਦਾ। ਹਵਾ, ਜੋ ਤਬਦੀਲੀ ਦੀ ਵਾਹਕ ਹੈ, ‘ਮੈਂ’ ਨੂੰ, ਕਵਿਤਾ ਦੇ ਪਹਿਲੇ ਕਾਵਿ-ਟੋਟਾ ਵਿੱਚ ਹੀ ਸਾਜ਼ਿਸ਼ੀ ਤੇ ਕੁਲੱਛਣੀ ਲੱਗਦੀ ਹੈ:

“ਸਾਜ਼ਿਸ਼ ਜਿਹੀ ਕੋਈ ਬਲ੍ਹਦੀ ਰਹਿੰਦੀ 

ਆਲ ਦੁਆਲੇ

ਸੂਹਾਂ ਲੈਂਦੀ ਪੌਣ ਕੁਲੱਛਣੀ ਚੱਲਦੀ ਰਹਿੰਦੀ

ਹੈ ਹਰ ਵੇਲੇ”


ਏਸੇ ਲਈ ਹੀ:

“ਆਪਣੇ ਪੱਤ ਮੈਂ 

ਸਾਂਭ ਸਾਂਭ ਕੇ ਰੱਖਦਾਂ”


ਉਂਝ ਤਾਂ

“ਜੀਅ ਤਾਂ ਕਰਦਾ

ਬੱਦਲਾਂ ਦੇ ਨਾਲ

ਨਵੀਂ ਕਰੂੰਬਲ 

ਕੋਈ ਛੁਹਾ ਕੇ

ਮੇਘਲਿਆਂ ਨੂੰ ਥੱਲੇ ਲਾਹਵਾਂ

ਪਰ ਬਿਜਲੀ ਦਾ ਇਕੋ ਤੁਪਕਾ

ਸਾਰਾ ਜੰਗਲ ਰਾਖ ਨਾ ਕਰ ਦਏ

ਏਹੋ ਸੰਸਾ ਮਾਰੀ ਜਾਂਦਾ”

ਕਵਿਤਾ ਦੀਆਂ ਆਖਰੀ ਦੀ ਸ਼ਤਰਾਂ ‘ਮੈਂ’ ਨੂੰ  ‘ਵਿਸ਼ਵ ਹਵਾਲਾ-ਫਰੇਮ’ ਦੇ ਵਸੀਮੇ ਲਿਆ ਖੜਾ ਕਰਦੀਆਂ ਨੇ:

“ਸੁੱਕ ਚੁੱਕੇ ਇਸ ਜੰਗਲ ਅੰਦਰ

ਹਰਿਆਂ ਬਿਰਖਾਂ ਦੀ ਵੀ ਕੋਈ ਜੂਨ ਨਹੀਂ ਹੈ”

ਇਸ ਖਿਆਲ/ਅਨੁਭਵ ਦੀ ਲੋਏ ਯੁੱਗ-ਪਲਟਾ ਵੇਖਿਆ ਜਾ ਸਕਦਾ ਹੈ, ਭਵਿੱਖ ਵਿੱਚ।


ਭਵਿੱਖਮੁੱਖੀਏ

 ਜਿਵੇਂ ਇਸ ਲੇਖ ਵਿੱਚ ਪਹਿਲਾਂ ਹੀ ਕਿਹਾ ਗਿਆ ਹੈ ਕਿ ‘ਵਿਸ਼ਵ ਹਵਾਲਾ-ਫਰੇਮ’, ਪ੍ਰਭਾਸ਼ਾ ਤੋਂ ਹੀ, ਭਵਿਖਮੁੱਖੀ ਹੁੰਦਾ ਹੈ। ਮਿਸਾਲ ਵਜੋਂ, ਹੇਠਲੇ ਕਾਵਿ-ਟੋਟਾ ਵਿੱਚ ‘ਮੈਂ’ ਅਤੀਤ ਦੇ ਆਜ਼ਾਦੀ ਘੁਲਾਟੀਆਂ ਦੇ ਨਾਮ ਵਰਤਦਾ ਹੈ, ਬਿੰਬਾਂ ਵਜੋਂ, ਮਨੁੱਖੀ ਲੁੱਟ ਤੇ ਜ਼ਬਰ ਵਿਰੁੱਧ ਸੰਘਰਸ਼ ਦਾ ਸਫ਼ਰ ਜਾਰੀ ਰੱਖਣ ਲਈ; ਇਹ ਬੇਸ਼ੱਕ ਭਵਿਖਮੁੱਖੀ ਪਹੁੰਚ ਹੈ:

“ਸਮਰਪਤ  ਹੈ  ਮੈਂ  ਕੀਤੀ  ਜਿੰਦਗੀ    ਇਹ  ਜੁਗਨੂੰਆਂ  ਦੇ  ਨਾਂ

ਮੈੰ  ਸੂਹੇ   ਬੋਲ  ਲਿਖਣੇ   ਹਨ     ਹਮੇਸ਼ਾ  ਸਰਘੀਆਂ  ਦੇ   ਨਾਂ…

ਨਾ ਆਏ ਸਨ, ਨਾ ਆਏ ਹਨ, ਨਾ ਆਵਣਗੇ ਉਹ ਘਰ ਵਾਪਿਸ

ਸਰਾਭਾ, ਭਗਤ,  ਊਧਮ ਸਿੰਘ  ਨੇ  ਅਸਲੀ  ਬਾਗ਼ੀਆਂ  ਦੇ  ਨਾਂ…

ਹਮੇਸ਼ਾ  ਆਲ੍ਹਣੇ  ਮੇਰੇ  ‘ਤੇ  ਕਿਉਂ     ਗਿਰੀਆਂ ਨੇ  ਆ ਆ  ਕੇ  

ਬ੍ਰਹਿਮੰਡ  ਵਿਚ  ਕਾਰਾਂਗਾ  ਕੇਸ ਹੁਣ   ਮੈਂ  ਬਿਜਲੀਆਂ  ਦੇ  ਨਾਂ”…(ਕੁੰਦਨ ਲਾਲ ਪਾਲ: ਗ਼ਜ਼ਲ [9])

ਆਪਣੇ ਘਰ/ਟਿਕਾਣੇ ਉੱਪਰ ਜ਼ਬਰ ਦਾ ਵਿਰੋਧ ਕਰਨ ਲਈ ‘ਮੈਂ’ ਦੀ ਪਹੁੰਚ ਸਥਾਨਕ ਦੀ ਥਾਂ ਗਲੋਬਲ ਜਾਂ ਬ੍ਰਹਿਮੰਡੀ ਹੈ; ਇਹ ਵੀ ‘ਵਿਸ਼ਵ ਹਵਾਲਾ-ਫਰੇਮ’ ਦੀ ਹਾਜ਼ਰੀ ਕਰਕੇ ਹੈ। ਹੇਠਲੇ ਕਾਵਿ-ਟੋਟਾ ਦਾ ‘ਮੈਂ’ ਅਤੀਤ ਵਿੱਚ ਮਿਲੇ ਮੁਕਟ ਪੁਰਸਕਾਰ ਤੋਂ ਭਵਿੱਖ ਵਿੱਚ ਆਪਣੇ ਸਿਰ ਦੀ ਲੋੜ ਨੂੰ ਜ਼ਿਆਦਾ ਮਹੱਤਵ ਦਿੰਦਾ ਹੈ:  

“ਤੁਸੀਂ ਜਿਹੜਾ ਮੁਕਟ 

ਮੈਨੂੰ ਪਰ੍ਹੇ ਦੇ ਵਿੱਚ

ਪੁਰਸਕਾਰ ਵਜੋਂ ਦਿਤਾ ਸੀ

ਉਹ ਕੱਲ ਜਦੋਂ ਮੈ ਪਹਿਨਿਆਂ

ਤਾਂ ਸਿਰ ਬਗਾਵਤ ਕਰ

ਤਲੀ ‘ਤੇ ਆਣ ਡਿਗਿਆ…

ਸਾਂਭ ਲਓ 

ਐਹ ਮੁਕਟ ਆਪਣਾ

ਅਜੇ ਮੈਨੂੰ 

ਆਪਣੇ ਸਿਰ ਦੀ ਵਧੇਰੇ ਲੋੜ ਹੈ।”…(ਡਾ. ਗੁਰੂਮੇਲ ਸਿੱਧੂ: ਮੁਕਟ [8])


ਜਦੋਂ ਨਵੇਂ  ਸ਼ਬਦਾਂ, ਪ੍ਰੀਭਾਸ਼ਾਵਾਂ , ਸੰਕਲਪਾਂ ਆਦਿ ਦੀ ਲੋੜ ਭਾਸਦੀ ਹੈ, ਤਾਂ ਅਸੀਂ ਅਕਸਰ ਭਵਿੱਖ ਨਾਲ ਸਿੱਜ ਰਹੇ ਹੁੰਦੇ ਹਾਂ:

“ਤੇ ਇਹ ਯੁੱਗ ਸਬੰਧਿਤ ਹੈ 

ਮੇਰੇ ਤਸੱਵਰ

ਮੈਨੂੰ ਪ੍ਰੀਭਾਸ਼ਤ ਕਰਨ ਲਈ

ਉਚਰ ਤਾਂ ਸਹੀ ਕੋਈ ਸ਼ਬਦ ਨਵੇਂ

ਮੇਰੇ ਪਿੰਡੇ ਤੋਂ ਉਤਾਰਨ ਲਈ

ਕਈ ਸਦੀਆਂ ਦਾ ਬੋਝ…

ਤੇ ਮੈਂ ਅੱਜਕਲ

ਆਪਣੇ ਅੰਦਰੇ ਅੰਦਰ ਤੁਰਦਾ ਹਾਂ 

ਗਾਹੁੰਦਾ ਹਾਂ ਨਿੱਤ ਨਵਾਂ ਪੈਡਾ

ਇਸ ਯੁੱਗ ਤੋਂ ਅਗਲੇ ਯੁੱਗ ਤੱਕ”…(ਪ੍ਰੋ. ਹਰਭਜਨ ਸਿੰਘ: ਆਤਮ ਯੁੱਧ [9])

ਇਸ ਤਰ੍ਹਾਂ, ਸਮਕਾਲੀ ਅਮਰੀਕੀ ਪੰਜਾਬੀ ਕਵਿਤਾ “ਇਸ ਯੁੱਗ ਤੋੰ ਅਗਲੇ ਯੁੱਗ ਤੱਕ” ਜਾਣ ਦੇ ਖ਼ਿਆਲ ਵਿੱਚ, ਅਗਲੇ ਯੁੱਗ ਦਾ ਸੁਪਨਾ ਵੀ ਵੇਖਦੀ ਹੈ:

“ਜਿੱਥੇ ਪਲ ਵਿਚ ਵਸਦੇ ਵਰ੍ਹੇ ਵਰ੍ਹੇ

ਇਕ ਹੋਰ ਵੀ ਦੁਨੀਆਂ ਹੁੰਦੀ ਹੈ।

ਇਸ  ਦੁਨੀਆ  ਤੋਂ   ਪਰ੍ਹੇ ਪਰ੍ਹੇ

ਇਕ ਹੋਰ ਵੀ ਦੁਨੀਆਂ ਹੁੰਦੀ ਹੈ।…

ਜਿੱਥੇ ਪਿਆਰ ਉੱਤੇ ਕੋਈ ਨਾਕਾ ਨਹੀਂ

ਨਾ  ਸੱਧਰਾਂ  `ਤੇ        ਪਾਬੰਦੀ  ਹੈ।

ਜਿੱਥੇ ਰੂਹ ਦੇ ਵਾਂਗ  ਆਜ਼ਾਦ  ਬੰਦਾ

ਉਹ  ਅਫ਼ਸਰ  ਹੈ ਜਾਂ  ਭੰਗੀ  ਹੈ।

ਇੱਥੇ ਸਦਾ   ਮੁਹੱਬਤ  ਦੇ    ਬੂਹੇ

`ਤੇ   ਆ  ਮਜ਼ਬੂਰੀ   ਖੰਘੀ  ਹੈ।

ਇੱਥੇ ਸਾਰੇ  ਦਰਿਆ  ਸੁੱਕ  ਜਾਂਦੇ

ਜਦ ਪਿਆਸ ਪਕੜਦੀ ਘੰਡੀ  ਹੈ।

ਉੱਥੇ ਦਰਿਆ ਰਹਿੰਦੇ  ਭਰੇ  ਭਰੇ

ਇਕ ਹੋਰ ਵੀ ਦੁਨੀਆਂ  ਹੁੰਦੀ ਹੈ…

ਜਿੱਥੇ ਮੁਲਖ਼ ਕੋਈ ਦੂਜੇ ਦੇਸ਼ ਉੱਪਰ

ਆਪਣੀ ਸੱਤਾ ਜਮਾਂਦਾ ਨਹੀਂ।

ਮਾਨਵ ਕਿਸੇ ਵੀ ਮਾਨਵ ਦਾ ਕੋਈ

ਹੱਕ ਖੋਹ ਕੇ ਲੈ ਜਾਂਦਾ ਨਹੀਂ।

ਜਿੱਥੇ ਧੱਕਿਆਂ ਦੀ ਥਾਂ ‘ਸੋਚਾਂ’ ਦਾ

ਚੱਲੇ ਤਰਕਸ਼ੀਲ ਬੋਲਬਾਲਾ ਹੈ,

ਹੱਕ ਇਨਸਾਫ਼ ਦੇ ਸੰਗ ਭਰਿਆ

ਮਨੁੱਖਤਾ ਦਾ ਭਾਈਚਾਰਾ ਹੈ,

ਘੁੱਗ ਵਸਦੀ ਹੈ  ਉਹ ਉਰ੍ਹੇ ਪਰ੍ਹੇ

ਇਕ ਹੋਰ ਵੀ ਦੁਨੀਆਂ  ਹੁੰਦੀ ਹੈ”…(ਡਾ. ਸੁਖਪਾਲ ਸੰਘੇੜਾ: ਇਸ ਦੁਨੀਆਂ ਤੋਂ ਪਰ੍ਹੇ ਪਰ੍ਹੇ [11])


ਭਵਿੱਖਮੁੱਖੀਏ ਤਬਦੀਲੀ ਤੇ ਸਫ਼ਰ ਤੋਂ ਕਦ ਡਰਦੇ ਨੇ? ਉਹ ਤਾਂ ਅਕਸਰ ਤਬਦੀਲੀ ਦੇ ਸਫਰ ‘ਤੇ ਹੁੰਦੇ ਨੇ।


ਤਬਦੀਲੀ ਤੇ ਸਫਰ

ਤਬਦੀਲੀ ਦਾ ਸਫ਼ਰ ਕੁਦਰਤ ਦਾ ਅਟੱਲ ਨਿਯਮ ਹੈ। ਪ੍ਰਗਤੀਸ਼ੀਲ ਕਵਿਤਾ, ਜੋ ਧਰਤੀ ਉੱਪਰ ਮਨੁੱਖੀ ਜੂਨ ਦੇ ਅਗਾਂਹ ਨੂੰ ਵਿਕਾਸ ਦਾ ਸਮਰਥਨ ਕਰਨ ਵਾਲੀ ਹੁੰਦੀ ਹੈ, ਦੇ ਲਈ ਤਬਦੀਲੀ ਤੇ ਸਫਰ ਚਾਲਕ ਊਰਜਾ, ਜਿਵੇਂ ਬਿਜਲੀ-ਕਾਰ ਦੀ ਬੈਟਰੀ ਜਾਂ ਬਿਜਲੀ, ਦਾ ਕੰਮ ਕਰਦੀ ਹੈ। ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ‘ਚੇ ਇਹ ਵੀ ਮਿਲ ਜਾਂਦਾ ਹੈ, ਮਿਸਾਲ ਵਜੋਂ, ਹੇਠਲਾ ਕਾਵਿ-ਟੋਟਾ ਮਿਹਣਿਆਂ-ਤਾਨਿਆਂ ਦੇ ਖ਼ੜੋਤ ਸੱਭਿਆਚਾਰ, ਯਾਣਿ 

static culture, ਛੱਡ ਕੇ ਤਬਦੀਲੀ ਦੇ ਰਾਹ ਪੈਣ ਲਈ ਪ੍ਰੇਰਦਾ ਹੈ:

“ਮੌਸਮ  ਨੂੰ  ਨਾ  ਐਵੇਂ  ਹੀ   ਬਦਨਾਮ  ਕਰੋ  ਯਾਰੋ

ਬੇਰੰਗ  ਬਗ਼ੀਚੇ  ਵਿੱਚ   ਖ਼ੁਦ  ਰੰਗ  ਭਰੋ   ਯਾਰੋ…

ਘਰ ‘ਤੇ ਬਰਫ਼ ਪਏ ਹਰ  ਰਾਹ ‘ਚ ਹੀ ਅੱਗ ਵਰ੍ਹੇ

ਆਰੰਭ  ਕਰੋ  ਤੁਰਨਾ     ਬੈਠੇ   ਨਾ   ਠਰੋ   ਯਾਰੋ”…(ਡਾ. ਜਗਜੀਤ ਬਰਾੜ: ਗ਼ਜ਼ਲ [9])

ਅਮਰੀਕੀ ਪੰਜਾਬੀ ਕਵਿਤਾ ਸਿਰਫ਼ ਮਨੁੱਖੀ ਪ੍ਰਗਤੀ ਤੱਕ ਹੀ ਸੀਮਿਤ ਨਾ ਰਹਿੰਦੀ ਹੋਈ, ਉਸ ਇੱਕ ਸੈੱਲ ਤੱਕ ਪਹੁੰਚ ਜਾਂਦੀ ਹੈ ਜਿੱਥੋਂ, ਪ੍ਰਮਾਣਤ   ਵਿਗਿਆਨਕ ਵਿਕਾਸਵਾਦੀ ਸਿਧਾਂਤ ਅਨੁਸਾਰ, ਧਰਤੀ ਉੱਪਰ ਜਿੰਦਗੀ ਦੀ ਸ਼ੁਰੂਆਤ ਹੋਈ:

“ਇੱਕ ਗੱਲ ਦੱਸਾਂ ਮੈ ਭੇਤ ਭਰੀ, ਗੱਲ  ਹੋਰ  ਕਿਸੇ ਨੂੰ  ਦੱਸਿਓ  ਨਾ।

ਅੱਜ ਤਿੰਨ ਸੌ ਸੱਠ ਕਰੋੜ ਵਰ੍ਹੇ, ਮੇਰੀ ਉਮਰ ਹੈ ਸੁਣ ਕੇ ਹੱਸਿਓ ਨਾ।

ਜਦ ਚੱਲਿਆ ਸੀ ਤਾਂ ਇੱਕ ਸੈੱਲ ਸਾਂ, ਜੋ ਚੱਲ ਚੱਲ ਹੋ ਕਰੋੜ ਗਿਆ,

ਮੇਰੇ ਸਫ਼ਰ ਦੇ ਵਿੱਚ  ਮੁਕਾਮ ਨਹੀਂ,  ਮੰਜ਼ਲ ਦੀ ਥਾਂ ‘ਤੇ  ਮੌੜ ਪਿਆ। 

ਕਦੇ ਕੀੜਾ ਬਣ ਬਣ ਰੀੰਘ ਪਿਆ,  ਕਦੇ ਪੰਛੀ ਬਣ ਕੇ  ਉੱਡਿਆ ਮੈਂ,

ਨਾ  ਜੇਤੂ  ਨਾ  ਸੰਪੂਰਨ ਹਾਂ,  ਪਰ ਸਫ਼ਰ  ਦੀ  ਬਾਜ਼ੀ   ਪੁੱਗਿਆ ਮੈਂ।

ਜ਼ੋਰਾਵਰ  ਅਰਸ਼ੋਂ  ਮਿੱਟੀ  ਹੋ,  ਜੋ  ਸਫ਼ਰਾਂ  ਦੇ  ਵਿੱਚ  ਘਸਿਓਂ    ਨਾ

ਅੱਜ ਤਿੰਨ ਸੌ ਸੱਠ ਕਰੋੜ ਵਰ੍ਹੇ, ਮੇਰੀ ਉਮਰ ਹੈ ਸੁਣ ਕੇ   ਹੱਸਿਓ ਨਾ।”…(ਡਾ. ਸੁਖਪਾਲ ਸੰਘੇੜਾ:'ਕਾਵਿ-ਸੰਸਾਰ', 9 ਜੂਨ 2024)


ਜਿਸ ਸਫ਼ਰ ਨੇ ‘ਭੂਤਮੁੱਖੀ ਹਵਾਲਾ-ਫਰੇਮ’ ਦੀ ਨਜ਼ਰੇ ਵੇਖਿਆਂ ਪਰਵਾਸਵਾਦ ਦਾ ਰੋਣਾ-ਧੋਣਾ ਬਣ ਕੇ ਰਹਿ ਜਾਣਾ ਸੀ, ੳਹੀ ਸਫ਼ਰ-ਅਨੁਭਵ ‘ਵਿਸ਼ਵ ਹਵਾਲਾ-ਫਰੇਮ’ ਦੀ ਨਜ਼ਰੇ ਕੁਝ ਇਸ ਤਰ੍ਹਾਂ ਦਾ ਲੱਗਦਾ ਹੈ:

“ਆਡ ਆਡ ਤੋਂ ਲੈ ਕੇ 

ਸਮੁੰਦਰ ਸਮੁੰਦਰ ਤੱਕ ਦਾ ਪਾਣੀ ਡੱਫਿਆ ਹੈ, 

ਫਿਰ ਵੀ ਹਰ ਸਫਰ ਦੇ ਹਰ ਅੰਤ 'ਤੇ 

ਪਿਆਸ ਤੋਂ ਬਿਨਾਂ ਸਾਡੇ ਕੋਲ 

ਕੁਝ ਨਹੀਂ ਬਚਿਆ ਹੈ।…

ਪਿਆਰ ਤਾਂ ਪਿਆਸ ਦਾ ਕੀਤਾ ਰੁਦਨ ਹੈ, 

ਪਿਆਰ ਤਾਂ ਪਿਆਸ ਦੀ ਮਾਰੀ ਬੜ੍ਹਕ ਹੈ, 

ਪਿਆਸ ਪਿਆਸ ਦਾ ਫ਼ਰਕ ਹੈ, 

ਹਰ ਪਿਆਸ ਦਾ ਆਪਣਾ ਤਰਕ ਹੈ, 

ਮੰਜ਼ਲਧਾਰੀਆਂ  ਨੂੰ ਮੰਜ਼ਲ ਮੁਬਾਰਕ 

ਸਾਡੀ ਪਿਆਸ ਤਾਂ ਸੜਕ ਹੈ।”…(ਡਾ. ਸੁਖਪਾਲ ਸੰਘੇੜਾ: ਪਿਆਰ ਤੇ ਪਿਆਸ [10])

ਫਿਰ ਡਾ. ਗੁਰੂਮੇਲ ਦੀ ਵਿਧੀ ਵਰਤਦੇ ਹੋਏ: ਉੱਤਕ ‘ਕਾਵਿ-ਟੋਟਾ’ ਮਿਸਾਲ ਵਜੋਂ ਵਰਤਦੇ ਹੋਏ, ਇਸ ਕਵਿਤਾ ਬਾਰੇ ਪੰਜਾਬ ਦੇ ਨਾਟਕਕਾਰ, ਅਭਿਨੈ ਕਲਾਕਾਰ, ਤੇ ਚਿੰਤਕ ਗੁਰਸ਼ਰਨ ਸਿੰਘ ਨੇ ਕਿਹਾ ਸੀ:

“ਚੰਗੀ ਜਿੰਦਗੀ ਲਈ ਸੰਘਰਸ਼ ਦੀ ਲੋੜ ਨੂੰ ਸੁਖਪਾਲ ਨੇ ਕਵਿਤਾ ‘ਪਿਆਸ’ ਵਿਚ ਜੋ ਕਾਵਿਕ ਜੁਬਾਨ ਦਿੱਤੀ ਹੈ, ਉਹ ਉਸ ਦੀ ਕਵਿਤਾ ਨੂੰ ਕਲਾਸਕੀ ਦਰਜ਼ਾ ਪ੍ਰਦਾਨ ਕਰਦੀ ਹੈ” [10]


‘ਵਿਸ਼ਵ ਹਵਾਲਾ-ਫਰੇਮ’, ਨਤੀਜਣ ਪ੍ਰਗਤੀਸ਼ੀਲ ਕਵਿਤਾ, ਦੀ ਸੱਭਿਆਚਾਰਕ ਪਛਾਣ ਨੂੰ ਕੀ ਦੇਣ ਹੈ?


ਸੱਭਿਆਚਾਰਕ ਪਛਾਣ    

‘ਵਿਸ਼ਵ ਹਵਾਲਾ-ਫਰੇਮ’ ਤੋਂ ਸੱਭਿਆਚਾਰਕ ਪਛਾਣ ਵਿੱਚ ਬੰਦਾ ਮਨੁੱਖਤਾ ਨਾਲ,  ਦੇਸ਼ਾਂ ਦੀਆਂ ਜ਼ਮੀਆਂ ਧਰਤੀ ਨਾਲ,  ਅਤੇ ਨਿੱਜੀ ਦੁੱਖ/ਸੁੱਖ ਮਨੁੱਖਤਾ ਤੇ ਧਰਤੀ ਦੋਵਾਂ ਨਾਲ, ਜੁੜ੍ਹੇ ਦਿਸਦੇ ਨੇ, ਮਿਸਾਲ ਵਜੋਂ:

“ਦਿਨੋ-ਦਿਨ ਵੱਧਦੀਆਂ ਲੀਕਾਂ ਤੋਂ ਘਾਇਲ ਹੋ ਚੁੱਕੀ ਧਰਤੀ

ਇਜਾਜ਼ਤ   ਦੇ,   ਮੈਂ    ਤੇਰੇ  ਜ਼ਖ਼ਮ  ਸਾਰੇ  ਫ਼ੋਲ  ਕੇ  ਤੱਕਾਂ

ਤੇਰੇ   ਨਾਸੂਰ   ਸਾਰੇ    ਹੰਝੂਆਂ   ਦੇ   ਨਾਲ   ਸਹਿਲਾਵਾਂ

ਮੈਂ   ਹਰਫ਼ਾਂ  ਨਾਲ  ਤੇਰਾ    ਨੋਚਿਆਂ   ਨੰਗੇਜ਼  ਤਾਂ  ਢੱਕਾਂ”…(ਸੁਰਜੀਤ ਸਖੀ: ਕਨਸੋਅ [9])


‘ਤੇ ਬੰਦਾ ਘਰ ਜਾਂ ਪਿਆਰਿਆਂ ਨਾਲ ਹੀ ਨਹੀਂ, ਜ਼ਮਾਨੇ ਨਾਲ ਵੀ ਜੁੜਿਆਂ ਹੁੰਦਾ ਹੈ:

“ਆਮ  ਇਨਸਾਨ  ਹਾਂ,  ਮੈਂ  ਸਿਕੰਦਰ  ਨਹੀ

ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖ਼ਾਹਿਸ਼ ਕੋਈ

ਇਹ  ਜ਼ਮਾਨਾ ਤਾਂ   ਐਵੇਂ  ਫ਼ਤਿਹ ਹੋ  ਗਿਆ 

ਸਿਰਫ਼ ਤੈਨੂੰ ਫ਼ਤਿਹ ਕਰਦਿਆਂ—ਕਰਦਿਆਂ”…(ਸੁਰਜੀਤ ਸਖੀ: ਕਨਸੋਅ [9])


‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾ ਕਵੀ ਆਪਣੀ ਅੱਖੋਂ ਮਨੁੱਖ ਤੇ ਧਰਤੀ ਹੀ ਨਹੀਂ, ਇਸ ਪਰੇ ਨਾਲ ਜੁੜਿਆਂ ਹੁੰਦਾ ਹੈ:

“ਆਕਾਸ਼ ਗੰਗਾ  ਨੂੰ  ਤਨ ਮੇਰੇ ਤੋੰ

ਭਰੂਣ ਦੀ  ਕਰ ਰਹੇ   ਨੇ ਸਾਜ਼ਿਸ਼

ਖ਼ਲਾਅ ਤੇ ਨ੍ਹੇਰਾ  ਜਦੋਂ ਵੀ ਮਿਲਦੇ

ਵਿਚਾਰਦੇ    ਨੇ    ਵਜੂਦ    ਮੇਰਾ”…(ਸੁਰਿੰਦਰ ਸੋਹਲ: ਗ਼ਜ਼ਲ [9])


‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹ ਕੇ  ਸੱਭਿਆਚਾਰਕ ਪਛਾਣ ਦੇ ਪ੍ਰਸੰਗ ਵਿੱਚ, ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਸੱਭਿਆਚਾਰਕ ਵੱਖਰੇਵੇਂ ਦੇਖਣ ਵਿੱਚ ਵਰਤੀ ਜਾ ਰਹੀ ‘ਸਮਝ’ ਨੂੰ ਵੀ ਵੰਗਾਰ ਸਕਦੀ ਹੈ, ਮਿਸਾਲ ਵਜੋਂ:

“ਪੁੱਤਰਾਂ ਤੇ ਧੀਆਂ ਵਿਚ 

ਗੋਰੇ ਤੇ ਕਾਲੇ ਵਿਚ, 

ਪੱਬਾਂ ਦੀ ਰੌਣਕ ਤੇ

ਭੰਗੜੇ ਦੇ ਹੁਲਾਰੇ ਵਿਚ


ਪੂਰਬ ਤੇ ਪੱਛਮ ਦੇ 

ਸੱਭਿਆਚਾਰੇ ਵਿਚ


ਦੱਸੋ ਫ਼ਰਕ ਹੈ ਕਿੱਡਾ ਜੀ?


ਸਾਡੀ ਸਮਝ ਸੀਮਾ ‘ਤੇ  ਖੜ੍ਹੀ

ਬੇਸਮਝੀ  ਜਿੱਡਾ ਜੀ।…(ਡਾ. ਸੁਖਪਾਲ ਸੰਘੇੜਾ: ਫ਼ਰਕ [11]) 


‘ਵਿਸ਼ਵ ਹਵਾਲਾ-ਫਰੇਮ’, ਨਤੀਜਣ ਪ੍ਰਗਤੀਸ਼ੀਲ ਕਵਿਤਾ, ਆਪਣੀ ਨਜ਼ਰ ਦੇ ਵਿਸ਼ਾਲ ਘੇਰੇ ਕਰਕੇ, ਜਿੱਥੇ ਬਾਹਰੋਂ ਬ੍ਰਹਿਮੰਡ ਦੇ ਆਰ ਪਾਰ, ਉੱਥੇ ਅੰਦਰੋਂ ‘ਨਿੱਜ’ ਤੱਕ, ਵੇਖ ਸਕਦੀ ਹੈ। 

 ਨਿੱਜ

ਜਿਵੇਂ ਪਹਿਲਾਂ ਵੀ ਕਿਹਾ ਗਿਆ ਹੈ,  ਪੁਰਾਤਨ ਭਾਰਤੀ ਸਮਾਜ ਵਿੱਚ, ਇਸ਼ਕ-ਹਕੀਕੀ ਦਾ ਇੱਕ ਰੂਪ ਗ੍ਰਹਸਥ ਧਰਮ ਵਾਲੇ ਜੀਵਨ ਵਿੱਚ ਲਾਗੂ ਸੀ, ਜਿਸ ਵਿੱਚ ਮਰਦ ਰੱਬ ਦਾ ਰੂਪ ਹੁੰਦਾ ਸੀ ਤੇ ਔਰਤ ਉਹਦੀ ਦਾਸੀ [2]। ਸਾਡੇ ਅਰਧ-ਜਾਗੀਰੂ ਪੰਜਾਬੀ ਸਣੇ ਭਾਰਤੀ ਸਮਾਜ ਵਿੱਚ, ਉਸ ਗ਼ੁਲਾਮੀ ਦੀ ਰਹਿੰਦ-ਖ਼ੂੰਦ ਕਈਆਂ ਰੂਪਾਂ ਵਿੱਚ ਅਜੇ ਬਾਕੀ ਹੈ। ਨਤੀਜਣ, ਔਰਤ ਦਾ ਨਿੱਜ ਅਕਸਰ ਕਿਸੇ ਮਰਦ ਨਾਲ ਬੱਝਾ ਹੁੰਦਾ ਹੈ, ਮਿਸਾਲ ਵਜੋ:

“ਤੂੰ ਚਾਹੁੰਦਾ ਹੈਂ ਮੈਂ ਮਿੱਟੀ ਹੋਵਾਂ

ਤੂੰ ਮੇਰੇ ਨਾਲ ਖੇਡੇਂ

ਮੈਂ ਵੀ ਚਾਹੁੰਦੀ ਹਾਂ ਕਿ ਕਦੇ ਕਦੇ

 ਮੈਂ ਮਿੱਟੀ ਹੋਵਾਂ ਤੇ ਤੂੰ ਮੇਰੇ ਨਾਲ ਖੇਡੇਂ

ਪਰ ਡਰ ਹੈ ਕਿ ਪਿਛੋਂ

ਝਾੜ ਪੂੰਝ ਕੇ ਮੂੰਹ ਹੱਥ ਧੋ ਕੇ

ਚਾਹ ਬਣਾਉਂਦੀ ਜਦ ਮੈਂ 

ਪਿਆਲੀ ਧੋਣ ਨੂੰ ਆਖਾਂਗੀ

ਤਾਂ ਉਦੋਂ ਵੀ ਤੂੰ  ਕਹਿਰੀ ਅੱਖੇ            

ਮੈਨੂੰ ਮਿੱਟੀ ਸਮਝਕੇ ਤੱਕੇਂਗਾ

ਏਸੇ ਲਈ ਮੈਂ ਡਰਦੀ ਹਾਂ

ਆਪਣੀ ਮਰਜ਼ੀ ਦੱਸਣ ਤੋਂ

ਏਸੇ ਲਈ

ਬਸ ਏਸੇ ਲਈ”…(ਸ਼ਸ਼ੀ ਪਾਲ ਸਮੁੰਦਰਾ:ਏਸੇ ਲਈ [7])

ਜਿੱਥੇ ‘ਵਿਸ਼ਵ ਹਵਾਲਾ-ਫਰੇਮ’ ਗ਼ੁਲਾਮੀ ਦੀ ਇਸ ਰਹਿੰਦ-ਖ਼ੂੰਦ ਨੂੰ ਪਛਾਣਨ ਵਾਲੀ ਨਜ਼ਰ ਬਖਸ਼ਦਾ ਹੈ, ਉੱਥੇ ਗ਼ੁਲਾਮੀ ਤੋਂ ਮੁਕਤ ਹੋਣ ਦਾ ਸਿਰੜ ਵੀ:

“ਤੇਰੇ ਬਿਨ ਅੱਜ ਪਹਿਲੀ ਵੇਰ

ਆਪਣੀ ਉਂਗਲ ਆਪ ਫੜ

ਮੈਂ ਇਸ ਰਾਹ ਤੁਰ ਪਈ ਹਾਂ

ਕਦੇ ਕਦੇ ਡੋਲਦੇ  ਨੇ ਪੈਰ

ਪਰ ਹੌਲੀ ਹੌਲੀ ਹੋ ਜਾਣਗੇ ਆਦਿ ਇਹ 

ਇਸ ਰਾਹ ਦੇ।

ਕਦੇ ਕਦੇ ਡੋਲਦਾ ਇਹ ਦਿਲ

ਪਰ ਹੌਲੀ ਹੌਲੀ ਸਿਖ ਜਾਏਗਾ ਇਹ ਵੀ

ਖੁਦ ਨਾਲ ਰਹਿਣਾ”…(ਸ਼ਸ਼ੀ ਪਾਲ ਸਮੁੰਦਰਾ: ਤੇਰੇ ਬਿਨ [8])


‘ਤੇ ਮੁਕਤ ਹੋਏ ‘ਨਿਜ’ ਦੇ ਖ਼ਾਬਾਂ ਦੀਆਂ ਜੜ੍ਹਾਂ ਮਿੱਟੀ/ਰੇਤ ਜਾਂ ਜ਼ਮੀਂ ਵਿੱਚ ਨਹੀਂ, ਸਗੋਂ ਧਰਤੀ ਵਿੱਚ ਲੱਗਦੀਆਂ ਨੇ, ਤੇ ਖ਼ਾਬ ਅੰਬਰਾਂ ਤੱਕ ਫ਼ੈਲਣ ਲਈ ਆਜ਼ਾਦ ਹੁੰਦੇ ਨੇ, ਤੇ ਉਨ੍ਹਾਂ ਦੀਆਂ ਯਾਦਾਂ ਵੀ:        :

“ਸਭਨਾਂ ਯਾਦਾਂ ਦੇ ਕਣ ਲੈ  ਕੇ

ਇਕ ਮੈਂ ਮਹਿਲ ਬਣਾਇਆ।

ਨੀਂਹ ਜਿਸਦੀ ਹੈ ਧਰਤੀ ਅੰਦਰ

ਅੰਬਰੀ ਕਲਸ ਝੁਲਾਇਆ।

ਗੱਲਾਂ ਵੇਲ ਬੂਟੀਆਂ ਜਿਹੀਆਂ

ਸ਼ਬਦ ਜਿਉਂ ਫੁੱਲ ਪੱਤੀਆ…

ਮਨ ਆਪਣੇ ਦੀ ਝੀਲ ਬਣਾਈ

ਵਿੱਚ ਰੀਝਾਂ ਝੁਰਮਟ ਪਾਇਆ।”…(ਨਵਤੀਨ ਨਿਰਮਾਨ: ਯਾਦਾਂ ਦਾ ਮਹਿਲ [7])

‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾ ਕਵੀ, ਜਦੋਂ ਮਾਤ-ਭੂਮੀ ਤੋਂ ਨਵੇਂ ਦੇਸ਼ ਦੇ ਸਫਰ ਵਿੱਚ ‘ਕੀ ਖੋਹਿਆ, ਕੀ ਪਾਇਆ’ ਦਾ ਪ੍ਰਸ਼ਨ ਪੁੱਛਦਾ ਤਾਂ ‘ਪਰਵਾਸਵਾਦ’ ਦਾ ਰੋਣਾ-ਧੋਣਾ ਕਰਨ ਦੀ ਥਾਂ ਆਪਣੀ ਸੋਚ ਨੂੰ ਚੈਲੰਜ ਕਰਦਾ ਹੈ:

“ਏਨਾ ਤਾਣ ਕਿੱਥੇ

ਮਸ਼ੀਨ ਦੀ ਜੂਨੇ ਪਈ ਦੇਹ ਵਿੱਚ

ਕਿ ਸਮਝ ਸਕੇ

ਕਬਰੀਂ ਪਈ ਮਾਂ ਦੀ 

ਛਾਤੀ ‘ਚ ਦਫ਼ਨ 

ਸੁਪਨਿਆਂ ਦੇ ਸੰਸਾਰ 

ਤੇ 

ਅਮਰੀਕਾ ਦੇ ਨਾਗਰਿਕ

ਹੋਣ ਵਿਚਲਾ ਫ਼ਰਕ”—-(ਰੇਸ਼ਮ ਸਿੱਧੂ: ਮੈਂ ਅਜੇ ਕਵਿਤਾ ਦੀ ਗੱਲ ਨਹੀਂ ਕਰਦਾ [9] )

‘ਵਿਸ਼ਵ ਹਵਾਲਾ-ਫਰੇਮ’ ਬੰਦੇ ਦੇ ‘ਨਿੱਜ’ ਨੂੰ ਉਸਦੀ ਮਨੁੱਖਤਾ ਨਾਲ ਜੋੜ ਦਿੰਦਾ ਹੈ।


ਅੰਤਿਕਾ: ਮੁੱਕਦੀ ਗੱਲ

ਮਨੁੱਖੀ ਵਿਕਾਸ ਦੇ ਪ੍ਰਸੰਗ ‘ਚੇ, ਕਿਸੇ ਵੀ ਭਾਸ਼ਾ ਤੇ ਦੇਸ਼ ਵਿੱਚ, ਕਵਿਤਾ ਦੀ ਮੂਲ ਸੰਭਾਵਨਾ ਉਹਦੀ ਪ੍ਰਗਤੀਸ਼ੀਲਤਾ ਵਿੱਚ ਹੀ ਹੁੰਦੀ ਹੈ।ਚੀਜ਼ਾਂ ਤੇ ਵਰਤਾਰਿਆਂ ਬਾਰੇ ਸੋਚਣ ਦਿਸ਼ਾ ਤੇ ਸਥਾਨ-ਘੇਰੇ ਦੇ ਢਾਂਚੇ ਨੂੰ ‘ਹਵਾਲਾ-ਫਰੇਮ’ ਕਹਿ ਸਕਦੇ ਹਾਂ। ਮੁੱਖ ਤੌਰ ‘ਤੇ, ਸੋਚ ਹਵਾਲਾ-ਫਰੇਮ ਦੋ ਤਰ੍ਹਾਂ ਦੇ ਹੁੰਦੇ ਨੇ: 1) ਮਨੁੱਖੀ ਵਿਕਾਸ ਦੀ ਦਿਸ਼ਾ ਵਿੱਚ ਸੇਧਤ ਤੇ ਗਲੋਬਲ ਸਥਾਨ-ਘੇਰੇ ਵਾਲਾ, ਜਿਸ ਨੂੰ ‘ਵਿਸ਼ਵ ਹਵਾਲਾ-ਫਰੇਮ’ ਕਹਿ ਸਕਦੇ, ਅਤੇ 2) ਮਨੁੱਖੀ ਵਿਕਾਸ ਦੀ ਉਲਟ-ਦਿਸ਼ਾ ਵਿੱਚ ਸੇਧਤ ਤੇ ਸੰਕੀਰਨ ਸਥਾਨ-ਘੇਰੇ ਵਾਲਾ, ਜਿਸ ਨੂੰ, ਭਾਰਤੀ ਸਮਾਜ ਦੇ ਸੰਦਰਭ ਵਿੱਚ, ‘ਭੂਤਮੁੱਖੀ ਹਵਾਲਾ-ਫਰੇਮ’ ਕਹਿ ਸਕਦੇ ਹਾਂ। ਮਿਸਾਲ ਦੇ ਤੌਰ ‘ਤੇ, ਪੰਜਾਬੀ ਵਿੱਚ ‘ਗ਼ੁਲਾਮ ਮਾਨਸਿਕਤਾ’ ਕਾਵਿ ਰਚਣ ਲਈ ਅਕਸਰ ‘ਭੂਤਮੁੱਖੀ ਹਵਾਲਾ-ਫਰੇਮ’ ਵਰਤਿਆ ਜਾਂਦਾ ਰਿਹਾ ਹੈ [3, 4]; ਇਸ ਦੇ ਉਲਟ, ਜਿਵੇਂ ਇਸ ਲੇਖ ਵਿਚ ਦਿਖਾਇਆ ਗਿਆ ਹੈ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੇ ਪ੍ਰਸੰਗ ਵਿੱਚ, ਪ੍ਰਗਤੀਸ਼ੀਲ ਕਵਿਤਾ ‘ਵਿਸ਼ਵ ਹਵਾਲਾ-ਫਰੇਮ’ ਵਰਤਦੀ ਹੈ।


ਸਮਕਾਲੀ ਅਮਰੀਕੀ ਪੰਜਾਬੀ ਕਵੀ, ਆਮ ਤੌਰ ‘ਤੇ, ਦੋਵੇਂ ‘ਭੂਤਮੁੱਖੀ ਹਵਾਲਾ-ਫਰੇਮ’ ਤੇ ‘ਵਿਸ਼ਵ ਹਵਾਲਾ-ਫਰੇਮ’ ਵਰਤਦੇ ਰਹੇ ਹਨ ਨੇ, ਕਾਵਿ ਰਚਣਾ ਕਰਨ ਲਈ: ਕਈ ‘ਵਿਸ਼ਵ ਹਵਾਲਾ-ਫਰੇਮ’, ਕੁਝ ‘ਭੂਤਮੁੱਖੀ ਹਵਾਲਾ-ਫਰੇਮ’, ਬਾਕੀ ਦੋਵੇਂ। ਨਤੀਜਣ, ਭੂਤਮੁੱਖੀ ਜਾਂ ‘ਗ਼ੁਲਾਮ ਮਾਨਸਿਕਤਾ’ ਕਾਵਿ ਲੱਭਣ ਵਿੱਚ ਵੀ ਕੋਈ ਔਖ ਨਹੀਂ ਆਏਗੀ, ਪਰ ਇਸ ਲੇਖ ਵਿੱਚ, ਅਸੀਂ ‘ਵਿਸ਼ਵ ਹਵਾਲਾ-ਫਰੇਮ’,  ਨਤੀਜਣ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੀ ਪ੍ਰਗਤੀਸ਼ੀਲ ਧਾਰਾ ‘ਤੇ ਹੀ ਕੇਂਦਰਿਤ ਰਹੇ ਹਾਂ।


ਅਜਿਹੇ ਪਰਚੇ ਪੰਜਾਬੀ ਕਵਿਤਾ ਵਿੱਚ ਹੋਣ, ਚਾਹੇ ਭੌਤਿਕ ਵਿਗਿਆਨ ਵਿੱਚ, ਹਮੇਸ਼ਾ ਅਪੂਰਨ ਹੀ ਹੁੰਦੇ ਨੇ। ਇਸ ਲਈ, ਅਸੀਂ ਪਰਚੇ ਨੂੰ ਸੰਪੂਰਨ ਕਰਨ ਦੀ ਕੋਸ਼ਿਸ਼ ਵਿੱਚ, ਅਸੀਂ ਹਰ ਸਾਲ ਇਸ ਦਾ ਸੋਧਿਆ ਹੋਇਆ ਅੱਪਡੇਟਿਡ ਵਰਜਨ (version), ਯਾਣਿ ਅਸਲੀ ਤੇ ਪੂਰੀ ਹੀਰ, ਕੱਢਿਆ ਕਰਾਂਗੇ।


ਸੌ ਹੱਥ ਰੱਸਾ, ਸਿਰੇ ‘ਤੇ ਗੰਢ 

1. ਮਨੁੱਖੀ ਵਿਕਾਸ ਦੇ ਪ੍ਰਸੰਗ ‘ਚੇ, ਕਿਸੇ ਵੀ ਭਾਸ਼ਾ ਤੇ ਦੇਸ਼ ਵਿੱਚ, ਕਵਿਤਾ ਦੀ ਮੂਲ ਸੰਭਾਵਨਾ ਉਹਦੀ ਪ੍ਰਗਤੀਸ਼ੀਲਤਾ ਵਿੱਚ ਹੀ ਹੁੰਦੀ ਹੈ।

2. ਮੁੱਖ ਸੋਚ ਹਵਾਲਾ-ਫਰੇਮ ਦੋ ਤਰ੍ਹਾਂ ਦੇ ਹੁੰਦੇ ਨੇ: 1) ਮਨੁੱਖੀ ਵਿਕਾਸ ਦੀ ਦਿਸ਼ਾ ਵਿੱਚ ਸੇਧਤ ‘ਵਿਸ਼ਵ ਹਵਾਲਾ-ਫਰੇਮ’ ਤੇ  2) ਮਨੁੱਖੀ ਵਿਕਾਸ ਦੀ ਉਲਟ-ਦਿਸ਼ਾ ਵਿੱਚ ਸੇਧਤ ‘ਭੂਤਮੁੱਖੀ ਹਵਾਲਾ-ਫਰੇਮ’।

3. ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਵਿੱਚ ਦੋਵੇਂ ਹਵਾਲਾ-ਫਰੇਮ ਸਰਗਰਮ ਨੇ: 1)‘ਭੂਤਮੁੱਖੀ ਹਵਾਲਾ-ਫਰੇਮ’, ਅਕਸਰ ‘ਗ਼ੁਲਾਮ ਮਾਨਸਿਕਤਾ’  ਕਾਵਿ ਉਪਜਾਉਂਦਾ ਹੈ, ਤੇ 2) ‘ਵਿਸ਼ਵ ਹਵਾਲਾ-ਫਰੇਮ’,  ਪ੍ਰਗਤੀਸ਼ੀਲ ਕਵਿਤਾ।

4. ਇਸ ਪਰਚੇ ਵਿੱਚ, ਅਸੀਂ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦਾ ਮੂਲ ਸੰਭਾਵਨਾ, ਪ੍ਰਗਤੀਸ਼ੀਲ ਕਵਿਤਾ, ਨੂੰ ਹੀ ਕਵਰ ਕੀਤਾ ਹੈ।

ਹਵਾਲੇ

1. Steven Pinker, Enlightenment Now: The Case for Reason, Science, Humanism, and Progress; 

Publisher  : Viking, February 13, 2018.

2. ਸੰਤ ਸਿੰਘ ਸੇਖੋਂ,  ਸਾਹਿਤਿਆਰਥ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1970.

3. ਡਾ. ਸੁਖਪਾਲ ਸੰਘੇੜਾ ਓਰਫ਼ ਪਰਖ਼ਾ, ‘ਸਮਕਾਲੀ ਪੰਜਾਬੀ ਕਵਿਤਾ ਵਿੱਚ ਗ਼ੁਲਾਮ-ਮਾਨਸਿਕਤਾ ਕਾਵਿ ਦਾ ਬਾਦਸ਼ਾਹ: ਸੁਰਜੀਤ ਪਾਤਰ’, ਲਿਖਾਰੀ,

11 May 2025.

https://likhari.net/samkali-punjabi-kavita-vich-gulam-mansikta-kav-da-badshah-surjit-patar-dr-sukhpal-sanghera-urf-parkha/

4.  ਡਾ. ਸੁਖਪਾਲ ਸੰਘੇੜਾ ਓਰਫ਼ ਪਰਖ਼ਾ, ‘ਸਮਕਾਲੀ ਪੰਜਾਬੀ ਕਵਿਤਾ ਦੀ ਮੂਲ ਸੀਮਾ: ਗ਼ੁਲਾਮ ਮਾਨਸਿਕਤਾ’, ਜਲਦੀ ਪ੍ਰਕਾਸ਼ਤ ਹੋਣ ਵਾਲਾ।

5. ਸਾਧੂ ਬਿਨਿੰਗ ਤੇ ਸੁਖਵੰਤ ਹੁੰਦਲ, ਪਰਵਾਸੀ ਸਾਹਿਤ ਸੰਬੰਧੀ: ਇਕ ਟੇਬਲਟਾਕ, ਵਤਨ-ਅਪ੍ਰੈਲ/ਮਈ/ਜੂਨ 1994.

 https://archive.org/details/watanaprmayjune94/page/18/mode/2up

6. ਰਵਿੰਦਰ ਸਿੰਘ ਸੋਢੀ, ‘ਡਾ. ਸੁਖਪਾਲ ਸੰਘੇੜਾ ਨਾਲ ਗੱਲਬਾਤ’, ਲਿਖਾਰੀ,  1 November 2024.

https://likhari.net/dr-sukhpal-sanghera-naal-gulbaat-ravinder-singh-sodhi/

7.  ਸੰਪਾਦਕ: ਡਾ. ਗੁਰੂਮੇਲ, ਸ਼ਬਦਾਂ ਦਾ ਸ਼ਗਨ (ਅਜੋਕੀ ਅਮਰੀਕਨ ਪੰਜਾਬੀ ਕਵਿਤਾ), ਪ੍ਰਕਾਸ਼ਕ: ਓਪੀਨੀਅਨ ਮੇਕਰਜ਼, ਅਪਰੈਲ 1999.

8.  ਸੰਪਾਦਕ: ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ; ਅਮਰੀਕੀ ਪੰਜਾਬੀ ਕਵਿਤਾ, Publisher: Kuldbir Singh Suri, 1993.

9.  ਸੰਪਾਦਕ: ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਕੁਲਵਿੰਦਰ; ਅਮਰੀਕੀ ਪੰਜਾਬੀ ਕਵਿਤਾ, ਭਾਗ ਦੂਜਾ,  publisher: ਸਪਰੈੱਡ ਪਬਲੀਕੇਸ਼ਨ, ਪਟਿਆਲਾ,  2019.

10. ਡਾ. ਸੁਖਪਾਲ ਸੰਘੇੜਾ, ਕਿਸਿਆਂ ਦੇ ਕੈਦੀ,  ਸੰਸਕਰਨ 2, ਤਰਕ ਭਾਰਤੀ ਪ੍ਰਕਾਸ਼ਨ, 2022; ਪਹਿਲਾ ਸੰਸਕਰਨ: 1997.

11. ਡਾ. ਸੁਖਪਾਲ ਸੰਘੇੜਾ, ਭੂਤ ਨਗਰੀ, ਚੇਤਨਾ ਪ੍ਰਕਾਸ਼ਨ, 2002.


Email: dr.paul.sanghera@gmail.com

The  End



Previous Post Next Post

نموذج الاتصال