ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੀ ਤਿੰਨ ਦਿਨਾਂ ਸਿਲਵਰ ਜੁਬਲੀ ਸਾਹਿਤਕ ਕਾਨਫਰੰਸ ਸ਼ੁਰੂ

ਪਹਿਲੇ ਦਿਨ ਗ਼ਜ਼ਲ ਗਾਇਕ ਸੁਖਦੇਵ ਸਾਹਿਲ, ਪਰਵਿੰਦਰ ਗੁਰੀ ਤੇ ਟੀਨਾ ਮਾਨ ਨੇ ਸਜਾਈ ਗਈ ਸੰਗੀਤਕ ਸ਼ਾਮ


ਹੇਵਰਡ, 5 ਅਕਤੂਬਰ (ਹਰਦਮ ਮਾਨ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਵੱਲੋਂ ਆਪਣੀ 25ਵੀਂ ਤਿੰਨ ਦਿਨਾਂ ਸਿਲਵਰ ਜੁਬਲੀ ਸਾਲਾਨਾ ਪੰਜਾਬੀ ਸਾਹਿਤਕ ਕਾਨਫਰੰਸ ਦਾ ਆਗਾਜ਼ ਅੱਜ ਸਫਾਈਰ ਬੈਂਕੁਇਟ ਹਾਲ ਹੇਵਰਡ (ਕੈਲੀਫੋਰਨੀਆ) ਵਿਖੇ ਹੋਇਆ। ਇਸ ਕਾਨਫਰੰਸ ਵਿੱਚ ਭਾਰਤ, ਪਾਕਿਸਤਾਨ, ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਵਾਨ, ਸਾਹਿਤਕਾਰ ਅਤੇ ਪੰਜਾਬੀ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।

ਕਾਨਫਰੰਸ ਦੀ ਸ਼ੁਰੂਆਤ ਪੰਜਾਬੀ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾਅ) ਕੈਲੀਫੋਰਨੀਆ ਦੇ ਰੂਹੇ-ਰਵਾਂ ਅਤੇ ਨਾਮਵਰ ਸ਼ਾਇਰ ਕੁਲਵਿੰਦਰ ਦੇ ਮੋਹ ਭਰੇ ਸ਼ਬਦਾਂ ਨਾਲ ਹੋਈ। ਕੁਲਵਿੰਦਰ ਨੇ ਅਕੈਡਮੀ ਦੀ ਸਥਾਪਨਾ, ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਅਕੈਡਮੀ ਦੇ ਮੁੱਢਲੇ ਮੈਂਬਰ ਮਰਹੂਮ ਗੁਰੂਮੇਲ ਸਿੱਧੂ ਨੂੰ ਯਾਦ ਕੀਤਾ ਅਤੇ ਸੁਖਵਿੰਦਰ ਕੰਬੋਜ ਤੇ ਸੁਰਿੰਦਰ ਸੀਰਤ ਦੀ ਯੋਗਦਾਨ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੈਲਸਨ ਮੰਡੇਲਾ ਦੇ ਕਥਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡਾ ਮਕਸਦ ਸਿਰਫ ਦਿਮਾਗ ਦੇ ਹੀ ਰਿਸ਼ਤੇ ਸਗੋਂ ਦਿਲ ਦੇ ਰਿਸ਼ਤੇ ਕਾਇਮ ਕਰਨਾ ਹੈ। ਕੁਲਵਿੰਦਰ ਨੇ ਕਿਹਾ ਕਿ ‘ਭਾਸ਼ਾ ਸਿਰਫ ਸ਼ਬਦਾਂ ਦਾ ਸਮੂਹ ਹੀ ਨਹੀਂ ਹੁੰਦੀ, ਇਹ ਸਾਡੀ ਪਹਿਚਾਣ ਹੈ, ਸਾਡਾ ਵਿਰਸਾ ਹੈ, ਸਾਡੀ ਰੂਹ ਦੀ ਖੁਰਾਕ ਹੈ। ਇਸ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ। ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਇਹ ਸੰਸਾਰ ਹਮੇਸ਼ਾ ਜਿਉਂਦਾ ਰਹੇ, ਅੱਗੇ ਵੱਧਦਾ ਰਹੇ’।

ਵਿਪਸਾਅ ਦੇ ਪ੍ਰਬੰਧਕਾਂ ਨੂੰ ਸਿਲਵਰ ਜੁਬਲੀ ਸਮਾਗਮ ਦੀ ਮੁਬਾਰਕਬਾਦ ਦਿੰਦਿਆਂ ਇਸ ਸੰਸਥਾ ਨੂੰ ਵੱਡਾ ਸਹਿਯੋਗ ਦੇ ਰਹੇ ਉੱਘੇ ਬਿਜ਼ਨਸਮੈਨ ਜਸਬੀਰ ਗਿੱਲ, ਨਾਵਲਕਾਰ ਡਾ. ਗੁਰਪ੍ਰੀਤ ਧੁੱਗਾ ਅਤੇ ਪੰਕਜ ਆਂਸਲ ਨੇ ਅਕੈਡਮੀ ਵੱਲੋਂ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਸਰਗਰਮੀਆਂ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਵੱਲੋਂ ਅਕੈਡਮੀ ਨੂੰ ਸਪਾਂਸਰ ਕਰਨ ਵਾਲੀਆਂ ਸ਼ਖ਼ਸੀਅਤਾਂ ਸਰਵ ਸ੍ਰੀ ਜਸਬੀਰ ਗਿੱਲ, ਸੁਰਿੰਦਰ ਧਨੋਆ, ਪ੍ਰੋ. ਸੁਖਦੇਵ ਸਿੰਘ, ਬਲਵਿੰਦਰ (ਲਾਲੀ) ਧਨੋਆ, ਐਸ਼ ਕੁਮ ਐਸ਼, ਡਾ. ਗੁਰਪ੍ਰੀਤ ਧੁੱਗਾ, ਪੰਕਜ ਆਂਸਲ, ਸਰਬਜੀਤ ਹੁੰਦਲ, ਬਲਜਿੰਦਰ ਸਵੈਚ, ਸੁਰਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ।

ਸੰਗੀਤਮਈ ਦਿਲਕਸ਼ ਸ਼ਾਮ ਵਿਚ ਗ਼ਜ਼ਲ ਗਾਇਕ ਸੁਖਦੇਵ ਸਾਹਿਬ, ਪਰਵਿੰਦਰ ਗੁਰੀ ਅਤੇ ਟੀਨਾ ਮਾਨ ਨੇ ਡਾ. ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਜਸਵਿੰਦਰ, ਕੁਲਵਿੰਦਰ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ ਅਤੇ ਹੋਰ ਪੰਜਾਬੀ ਸ਼ਾਇਰਾਂ ਦੇ ਕਲਾਮ ਨੂੰ ਆਪਣੇ ਸੁਰੀਲੇ ਸੁਰਾਂ ਦੀ ਛੋਹ ਨਾਲ ਬਹੁਤ ਖੂਬਸੂਰਤ ਸੰਗੀਤਕ ਮਾਹੌਲ ਸਿਰਜਿਆ। ਸੰਗੀਤਕ ਸ਼ਾਮ ਦਾ ਸੰਚਾਲਨ ਕਰ ਰਹੀ ਸਟੇਜ ਦੀ ਮਲਿਕਾ ਆਸ਼ਾ ਸ਼ਰਮਾ ਵੱਲੋਂ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੇ ਸ਼ਿਅਰਾਂ ਨੇ ਇਸ ਮਹਿਫ਼ਿਲ ਨੂੰ ਦਿਲਕਸ਼ ਬਣਾ ਦਿੱਤਾ। ਇਸ ਸੰਗੀਤਕ ਮਹਿਫ਼ਿਲ ਨੂੰ ਨਾਮਵਰ ਕਹਾਣੀਕਾਰ ਡਾ. ਵਰਿਆਮ ਸੰਧੂ, ਡਾ. ਰਾਜੇਸ਼ ਸ਼ਰਮਾ, ਡਾ. ਬਲਦੇਵ ਧਾਲੀਵਾਲ, ਡਾ. ਗੁਰਪਾਲ ਸੰਧੂ, ਡਾ. ਮਨਜਿੰਦਰ ਸਿੰਘ, ਸ਼ਾਇਰ ਦਰਸ਼ਨ ਬੁੱਟਰ, ਜਸਵਿੰਦਰ, ਡਾ. ਜਸਵਿੰਦਰ, ਡਾ. ਧਨਵੰਤ ਕੌਰ, ਡਾ. ਬਲਜੀਤ ਕੌਰ, ਦਵਿੰਦਰ ਗੌਤਮ, ਸੰਤੋਖ ਮਿਨਹਾਸ, ਹਰਜਿੰਦਰ ਕੰਗ, ਸਤੀਸ਼ ਗੁਲਾਟੀ, ਤਾਹਿਰਾ ਸਰਾ, ਲਾਜ ਨੀਲਮ ਸੈਣੀ, ਹਰਪ੍ਰੀਤ ਧੂਤ, ਚਰਨਜੀਤ ਗਿੱਲ, ਅਰਤਿੰਦਰ ਸੰਧੂ, ਲਖਵਿੰਦਰ ਲੱਕੀ, ਕੁਲਵਿੰਦਰ ਖਹਿਰਾ, ਭੁਪਿੰਦਰ ਦੂਲੇ, ਗੁਰਦੇਵ ਚੌਹਾਨ, ਸੁਖਜੀਤ ਸਖੀ, ਅਮਰਜੀਤ ਪੰਨੂ, ਗੁਲਸ਼ਨ ਦਿਆਲ ਅਤੇ ਹੋਰ ਬਹੁਤ ਸਾਰੇ ਲੇਖਕਾਂ ਤੇ ਕਲਾ ਪ੍ਰੇਮੀਆਂ ਨੇ ਰੂਹ ਨਾਲ ਮਾਣਿਆਂ। ਸਮੁੱਚੇ ਪ੍ਰੋਗਰਾਮ ਨੂੰ ਅਕੈਡਮੀ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਬਹੁਤ ਹੀ ਸਲੀਕੇ ਨਾਲ ਚਲਾਇਆ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال