ਕਹਾਣੀ-ਇਤਫ਼ਾਕ

 ਕਹਾਣੀ-ਇਤਫ਼ਾਕ


ਪਿੰਡ ਦੀ ਜੂਹ ਤੇ ਬੈਠਾ ਰਫ਼ੀਕ ਨੇੜੇ ਹੀ ਚਾਰਾ ਚੁੱਗ ਰਹੀਆਂ ਬੱਕਰੀਆਂ ਵੱਲ ਤੱਕਦਾ ਹੋਇਆ ਸੋਚਣ ਲੱਗਾ ਕਿ, "ਆਹ ਦੇਖ ਲੈ!ਇਨ੍ਹਾਂ ਬੇਜ਼ੁਬਾਨਾਂ ਨੂੰ ਵੀ ਪਤਾ ਕਿ ਢਿੱਡ ਭਰਨ ਲਈ ਕੀ ਖਾਣਾ ਤੇ ਕੀ ਨਹੀਂ ਖਾਣਾ!ਇਹ ਵੀ ਸੋਚ ਸਮਝ ਕੇ ਹੀ ਘਾਹ ਫੂਸ ਚਰਦੀਆਂ ਨੇ।ਇੱਕ ਸਾਡੇ ਵਾਲੇ ਜਵਾਕ ਨੇ ਜਿਹਨਾਂ ਨੂੰ ਪਤਾ ਹੀ ਨਹੀਂ ਜਿਉਣ ਲਈ ਕਿਵੇਂ ਵਿਉਂਤ ਘੜਨੀ ਤੇ ਰੁਜ਼ਗਾਰ ਦਾ ਕੋਈ ਹੀਲਾ ਕਰਨਾ।ਬਸ ਸਾਰੇ ਟੱਬਰ ਲਈ ਮੈਂ ਹੀ ਮਰੀਂ ਖਪੀ ਜਾਵਾਂ।ਪਤਾ ਨੀ ਕੀ ਬਣੂ ਮੇਰੇ ਜਵਾਕਾਂ ਦਾ?"ਆਪਣੇ ਆਪ ਨਾਲ ਹੀ ਗੱਲਾਂ ਕਰਦਾ ਤੇ ਡੂੰਘੀਆਂ ਸੋਚਾਂ ਵਿੱਚ ਖ਼ੁਬਿਆ ਹੋਇਆ ਰਫ਼ੀਕ ਘਰ ਵੱਲ ਨੂੰ ਤੁਰ ਪਿਆ।ਰਫ਼ੀਕ ਦੀ ਫਿਕਰ ਦਰਅਸਲ ਆਪਣੇ ਧੀ ਤੇ ਪੁੱਤ ਲਈ ਸੀ ਕਿਉਂਕਿ ਉਸਦੀ ਧੀ ਮੀਰਾ ਪੜ੍ਹੀ ਲਿਖੀ ਸਾਦਗੀ ਭਰਪੂਰ ਸੰਸਕਾਰੀ ਸੀ ਪਰ ਉਸਦੇ ਸਾਂਵਲੇ ਰੰਗ ਕਰਕੇ ਉਸ ਦਾ ਵਿਆਹ ਨਹੀਂ ਸੀ ਹੋ ਪਾ ਰਿਹਾ।ਰਿਸ਼ਤੇ ਵੇਖਣ ਵਾਲੇ ਕੁੜੀ ਦਾ ਰੰਗ ਰੂਪ ਵੇਖਣ ਤੱਕ ਹੀ ਸੀਮਿਤ ਰਹਿੰਦੇ,ਉਸਦੇ ਗੁਣਾਂ ਵੱਲ ਤੱਕਦੇ ਵੀ ਨਾ।ਧੀ ਕੰਨੀਓ ਰਫ਼ੀਕ ਫਿਰ ਵੀ ਸਬਰ ਕਰ ਜਾਂਦਾ ਕਿ ਭਾਈ ਰੱਬ ਦੇ ਰੰਗ ਨੇ ਇਹ ਸਭ ਪਰ ਉਸਦਾ ਪੁੱਤ ਵਿਹਲਾ ਘੁੰਮਦਾ ਅਜਾਂਈ ਸਮਾਂ ਬਰਬਾਦ ਕਰਦਾ ਰਹਿੰਦਾ ਕਿਸੇ ਵੀ ਕੰਮ ਧੰਦੇ ਨੂੰ ਹੱਥ ਨਾ ਪਾਉਂਦਾ।ਸੋਚਾਂ ਵਿੱਚ ਪਿਆ ਰਫ਼ੀਕ ਜਦ ਘਰ ਪਹੁੰਚਿਆ ਤਾਂ ਉਸਦੀ ਧੀ ਪਾਣੀ ਲੈ ਕੇ ਆਈ ਤੇ ਬੋਲੀ,"ਬਾਪੂ ਜੀ ਕੁੱਝ ਪ੍ਰੇਸ਼ਾਨ ਲੱਗ ਰਹੇ ਹੋ।

ਲੇਖਿਕਾ-ਮਨਪ੍ਰੀਤ ਨਵਾਂਸ਼ਹਿਰ

"ਰਫ਼ੀਕ ਨੇ ਕਿਹਾ,"ਧੀਏ ਜਿੰਦਗੀ ਦੇ ਕੁੱਝ ਪੰਨੇ ਬਿਖ਼ਰੇ ਪਏ ਨੇ।ਸਾਂਭਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਆਂ।"ਇੰਨਾ ਕਹਿੰਦੇ ਹੋਏ ਰਫ਼ੀਕ ਨੇ ਔਖੀ ਆਹ ਭਰਦੇ ਮੀਰਾ ਨੂੰ ਪੁੱਛਿਆ ਕਿ ਤੇਰਾ ਭਾਈ ਕਿੱਥੇ ਏ?ਕੋਈ ਕੰਮਕਾਰ ਦੀ ਵੀ ਸੁੱਧ ਕਰ ਲਵੇ।ਕਿਸੇ ਧੰਦੇ ਲੱਗ ਕੇ ਹੀ ਕੰਮ ਸਬਰ ਜਾਣਗੇ।ਮੀਰਾ ਨੇ ਰਫ਼ੀਕ ਦੀ ਪ੍ਰੇਸ਼ਾਨੀ ਸਮਝਦੇ ਹੋਏ ਕਿਹਾ,"ਬਾਪੂ ਜੀ ਕੋਈ ਨਹੀਂ।ਅੱਜ ਕਿਸਮਤ ਸਾਥ ਨਹੀਂ ਦੇ ਰਹੀ ਪਰ ਸੁਣਿਆ ਹੈ ਜੱਗ ਉੱਤੇ ਇਤਫ਼ਾਕ ਵੀ ਹੁੰਦੇ ਹਨ ਜੋ ਜਿੰਦਗੀ ਦੇ ਰੰਗ ਬਦਲ ਦਿੰਦੇ ਨੇ।ਰਫ਼ੀਕ ਨੇ ਮੀਰਾ ਨੂੰ ਕਿਹਾ ਧੀ ਰਾਣੀਏ ਗਰੀਬਾਂ ਨਾਲ ਇਤਫ਼ਾਕ ਵੀ ਨਹੀਂ ਹੁੰਦੇ।ਪਿਓ-ਧੀ ਗੱਲ ਕਰ ਹੀ ਰਹੇ ਸੀ ਕਿ ਅਚਾਨਕ ਦਰਵਾਜ਼ੇ ਤੇ ਦਸਤਕ ਹੋਈ,ਰਫ਼ੀਕ ਨੇ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਖੜ੍ਹੇ ਸਖ਼ਸ ਨੇ ਇੱਕ ਖ਼ਤ ਦਿੱਤਾ।ਰਫ਼ੀਕ ਨੇ ਖ਼ਤ ਪੜ੍ਹਿਆ ਤਾਂ ਉਸ ਵਿੱਚ ਲਿਖਿਆ ਸੀ ਕਿ,"ਮੈਂ ਇੱਥੇ ਖ਼ੁਸ਼ ਹਾਂ।ਅੱਲਾ ਦੀ ਮੇਹਰ ਨਾਲ ਮੇਰਾ ਕਾਰੋਬਾਰ ਵੀ ਭਲਾ ਚੰਗਾ ਹੈ।ਬੱਚੇ ਆਪਣੇ-ਆਪਣੇ ਧੰਦੇ ਵਿੱਚ ਮਸ਼ਰੂਫ ਹਨ।ਉਮੀਦ ਹੈ ਤੂੰ ਵੀ ਆਪਣੇ ਪਰਿਵਾਰ ਸਮੇਤ ਸਹੀ ਸਲਾਮਤ ਹੋਵੇਗਾ।ਮੈਂ ਖ਼ਤ ਵਿੱਚ ਆਪਣੇ ਪਤੇ ਦੇ ਨਾਲ-ਨਾਲ ਸਾਰੇ ਪਰਿਵਾਰ ਲਈ ਵਿਦੇਸ਼ ਵਿੱਚ ਆਉਣ ਲਈ ਰਾਹਦਾਰੀ ਤੇ ਕੁੱਝ ਰਾਸ਼ੀ ਭੇਜ ਰਿਹਾ ਹਾਂ।ਤੁਸੀਂ ਸਾਰੇ ਮੇਰੇ ਕੋਲ਼ ਆ ਜਾਓ।ਬਾਕੀ ਗੱਲਬਾਤ ਮਿਲਣ ਤੇ ਕਰਾਂਗੇ।"ਖ਼ਤ ਪੜ੍ਹ ਕੇ ਰਫ਼ੀਕ ਹੈਰਾਨ ਸੀ ਕਿ ਇਹ ਖ਼ਤ ਕਿਸਨੇ ਭੇਜਿਆ ਸੀ ਕਿਉਂਕਿ ਉਸਤੇ ਕਿਸੇ ਦਾ ਨਾਮ ਨਹੀਂ ਸੀ ਲਿਖਿਆ ਕੇਵਲ ਕਿਸੇ ਦੇ ਘਰ ਦਾ ਪਤਾ ਸੀ।

ਰਫ਼ੀਕ ਨੇ ਕਈ ਦਿਨ ਇਸ ਖ਼ਤ ਬਾਰੇ ਕੁੱਝ ਨਾ ਸੋਚਿਆ।ਇੱਕ ਦਿਨ ਉਸਦੀ ਧੀ ਨੇ ਕਿਹਾ ਬਾਪੂ ਜੀ ਕੀ ਪਤਾ ਖ਼ਤ ਵਿੱਚ ਜੋ ਲਿਖਿਆ ਉਹ ਇਤਫ਼ਾਕ ਨਾਲ ਸਹੀ ਹੋਵੇ!ਕਿਉਂ ਨਾ ਅਸੀਂ ਉਸ ਪਤੇ ਤੇ ਜਾ ਕੇ ਵੇਖੀਏ?ਧੀ ਦੀ ਗੱਲ ਸੁਣ ਕੇ ਆਪਣੀ ਤੇ ਬੱਚਿਆਂ ਦੀ ਕਿਸਮਤ ਬਦਲਣ ਲਈ ਰਫ਼ੀਕ ਨੇ ਵਿਦੇਸ਼ ਵਿੱਚ ਖ਼ਤ ਵਾਲੇ ਪਤੇ ਤੇ ਜਾਣ ਦਾ ਫ਼ੈਸਲਾ ਲਿਆ।ਜਿਵੇਂ ਹੀ ਉਹ ਸਾਰੇ ਵਿਦੇਸ਼ ਵਿੱਚ ਉਸ ਪਤੇ ਤੇ ਪਹੁੰਚੇ ਤਾਂ ਰਫ਼ੀਕ ਹੈਰਾਨ ਹੋ ਗਿਆ ਕਿਉਂਕਿ ਖ਼ਤ ਭੇਜਣ ਵਾਲਾ ਉਸਦਾ ਉਹ ਮਿੱਤਰ ਸਲੀਮ ਸੀ ਜਿਸਦੀ ਕਦੇ ਉਸਨੇ ਇਤਫ਼ਾਕੀਆ ਤੌਰ ਪਹੁੰਚ ਕੇ ਜਾਨ ਬਚਾਈ ਸੀ ਤੇ ਹੌਲੀ ਹੌਲੀ ਉਹ ਇੰਨੇ ਗੂੜ੍ਹੇ ਮਿੱਤਰ ਬਣ ਗਏ ਕਿ ਰਫ਼ੀਕ ਨੇ ਆਪਣੀ ਥੋੜ੍ਹੀ ਜ਼ਮੀਨ ਵੇਚ ਕੇ ਉਸਨੂੰ ਵਿਦੇਸ਼ ਭੇਜਿਆ ਸੀ।ਮਿੱਤਰ ਦੇ ਜਾਣ ਤੋਂ ਬਾਅਦ ਦੋਵੇਂ  ਆਪਣੇ-ਆਪਣੇ ਪਰਿਵਾਰ ਵਿੱਚ ਜਿੰਮੇਵਾਰੀਆਂ ਵਿੱਚ ਇੰਨਾ ਰੁੱਝ ਗਏ ਕਿ ਇੱਕ ਦੂਜੇ ਬਾਰੇ ਯਾਦ ਹੀ ਨਹੀਂ ਸੀ।ਦੋਵੇਂ ਮਿੱਤਰ ਇੱਕ-ਦੂਜੇ ਨੂੰ ਸਾਹਮਣੇ ਦੇਖ ਖੁਸ਼ ਹੋਏ।ਰਫ਼ੀਕ ਨੇ ਸਲੀਮ ਨੂੰ ਆਪਣੇ ਘਰ ਦੇ ਹਾਲਾਤ ਤੇ ਧੀ-ਪੁੱਤ ਬਾਰੇ ਦੱਸਿਆ ਤਾਂ ਸਲੀਮ ਨੇ ਆਖਿਆ ਕਿ,"ਚਿੰਤਾ ਕਿਉਂ ਕਰਦਾ ਏ!ਹੁਣ ਇਹ ਤੇਰੇ ਧੀ-ਪੁੱਤ ਨਹੀਂ ਮੇਰੇ ਆ।ਵੈਸੇ ਵੀ ਮੈਂ ਆਪਣੀ ਧੀ ਲਈ ਰਿਸ਼ਤਾ ਤੇ ਪੁੱਤ ਲਈ ਪਹਿਲਾਂ ਹੀ ਕੰਮ ਦੇਖ ਰੱਖਿਆ ਹੈ।ਇੰਨੇ ਨੂੰ ਮੀਰਾ ਨੇ ਕਿਹਾ,"ਵੇਖਿਆ ਬਾਪੂ ਜੀ ਮੈਂ ਕਿਹਾ ਸੀ ਨਾ ਕਿ "ਇਤਫ਼ਾਕ ਵੀ ਹੁੰਦੇ ਨੇ ਜੋ ਕਦੇ-ਕਦੇ ਬਿਨ੍ਹਾਂ ਦਸਤਕ ਦਿੱਤੇ ਜਿੰਦਗੀ ਵਿੱਚ ਆ ਕੇ ਬੰਦੇ ਦੇ ਦਿਨ ਬਦਲ ਦਿੰਦੇ ਨੇ।"ਧੀ ਦੀ ਗੱਲ ਸੁਣ ਰਫ਼ੀਕ ਨੇ ਕਿਹਾ ਹਾਂ ਧੀਏ ਇੱਕ ਇਤਫ਼ਾਕ ਨਾਲ ਮੈਂ ਆਪਣੇ ਮਿੱਤਰ ਨਾਲ ਮਿਲਿਆ ਸੀ ਜਿਸਨੇ ਮੈਨੂੰ ਜਰੀਆ ਬਣਾ ਕੇ ਸਲੀਮ ਦੀ ਜ਼ਿੰਦਗੀ ਬਦਲ ਦਿੱਤੀ ਤੇ ਉਸ ਇਤਫ਼ਾਕ ਦਾ ਫਲ਼ ਵਾਪਿਸ ਮੁੜ ਕੇ ਮੇਰੀ ਝੋਲੀ ਵਿੱਚ ਪਿਆ ਹੈ ਜੋ ਅੱਜ ਮੇਰੇ ਧੀ-ਪੁੱਤ ਵਿਦੇਸ਼ ਵਿੱਚ ਆ ਬੈਠੇ।ਇੱਕ ਇਤਫ਼ਾਕ ਦੇ ਨਾਲ ਕੁੱਝ ਸਮੇਂ ਬਾਅਦ ਰਫ਼ੀਕ ਦੀ ਧੀ ਮੀਰਾ ਦਾ ਵਿਆਹ ਉਸਦੀ ਸਾਦਗੀ ਕਰਕੇ ਹੀ ਹੋ ਗਿਆ ਤੇ ਵਿਹਲਾ ਪੁੱਤ ਵੀ ਕਮਾਉ ਪੁੱਤ ਬਣ ਗਿਆ।


 ਮਨਪ੍ਰੀਤ ਕੌਰ ( ਨਵਾਂਸ਼ਹਿਰ ) 

Previous Post Next Post

نموذج الاتصال