ਮਿੰਨੇਵੰਕਾ ਝੀਲ ਸ਼ਹਿਰਬੈਂਫ, ਅਲਬਰਟਾ, ਕਨੇਡਾ ਦੀ ਸਵਰਗ ਰੂਪੀ ਝੀਲ ਹੈ | ਕੁਦਰਤ ਦੀ ਅਸੀਮ ਖ਼ਬਸੂਰਤੀ ਅਤੇ ਵਿਗਿਆਨ ਦੀ ਸਸੀਮਤਾ ਦਾ ਅਨੂਠਾ ਸੁਮੇਲ ਹੈ ਮਿੰਨੇਵੰਕਾ ਝੀਲ | ਮਿੰਨੇਵੰਕਾ ਝੀਲ ਕਨੇਡਾ ਵਿਚ ਬੈਂਫ ਨੈਸ਼ਨਲ ਪਾਰਕ ਦੇ ਪੂਰਬੀ ਖੇਤਰ ਵਿਚ ਸਥਿੱਤ ਇਕ ਬਰਫ਼ ਦੇ ਪਾਣੀ ਤੋਂ ਬਣੀ ਅਲਬੇਲੀ ਝੀਲ ਹੈ | ਜੋ ਖੁਦ ਅਪਣੇ ਵਜੂਦ 'ਚੋ ਨਿਕਲ ਕੇ ਕੁਦਰਤੀ ਰੂਪ ਧਾਰਣ ਕਰੀ ਬੈਠੀ ਹੈ | ਕਨੇਡਾ ਦੇ ਪ੍ਰਸਿੱਧ ਪਹਾੜੀ ਸ਼ਹਿਰ ਬੈਂਫ ਟਾਊਨ ਸਾਈਟ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਉਤਰ ਪੂਰਬ ਵਿਚ ਸਥਿੱਤ ਹੈ ਮਿੰਨੇਵੰਕਾ | ਇਹ ਝੀਲ ਲਗਭਗ 21 ਕਿਲੋਮੀਟਰ ਲੰਬੀ ਅਤੇ 142 ਮੀਟਰ ਸ਼ਹਿਰੀ ਹੈ | ਇਹ ਝੀਲ ਕਨੇਡੀਅਨ ਪਹਾੜੀ ਪਾਰਕਾਂ 'ਚੋਂ ਦੂਸਰੀ ਸਭ ਤੋਂ ਲੰਬੀ ਝੀਲ ਹੈ |
ਇਸ ਝੀਲ 'ਤੇ ਪਹੁੰਚਣ ਤੋਂ ਪਹਿਲਾ ਸੜਕ ਦੇ ਸੱਜੇ ਪਾਸੇ ਐਸ ਪੈਨ ਰੁੱਖਾਂ ਦੇ ਸੰਘਣੇ ਨਜ਼ਾਰੇਦਾਰ ਜੰਗਲ ਨਜ਼ਰ ਆਉਂਦੇ ਹਨ ਅਤੇ ਖੱਬੇ ਪਾਸੇ ਖਸਤਾ ਹਾਲਤ ਢਲਾਨਾਂ ਵਾਲੇ ਸਖ਼ਤ ਕਿਰਮਚੀ, ਨਾਰੰਗੀ ਅਤੇ ਮੌਲਸਿਰੀ ਰੰਗ ਦੇ ਚੁਲਬਲੇ ਮਨਚਲੇ ਦਿਲਕਸ਼ ਪਹਾੜ | ਇਸ ਝੀਲ ਦੇ ਚਾਰੇ ਪਾਸੇ ਲੰਬੀ ਪੈਦਲ ਯਾਤਰਾ ਕਰਨਾ ਦਾ ਸ਼ਾਨਦਾਰ ਆਨੰਦਮਈ ਮਜ਼ਾ ਹੈ | ਇਸ ਦੇ ਆਲੇ-ਦੁਆਲੇ ਲੰਬੇ ਪਤਲੇ ਅਤੇ ਛਤਰੀ ਨੁਮਾਂ ਟਹਿਣੀਆਂ ਵਾਲੇ ਐਸ ਪੈਲ ਦੇ ਰੁੱਖ ਲਾਜਵਾਬ ਦਿ੍ਸ਼ ਬਣਾਉਂਦੇ ਹਨ | ਇਨ੍ਹਾਂ ਰੁੱਖਾਂ ਦੇ ਤਣੇ ਬਾਂਸ ਵਾਂਗ ਪਤਲੇ ਅਤੇ ਕਿਸੇ ਛਮਕਛੱਲੋ ਜਿਹੀ ਇਕਹਿਰੇ ਸ਼ਰੀਰ ਦੀ ਖ਼ੂਬਸੂਰਤ ਅੱਧ ਨਗਨ ਗੋਰੀ ਚਿੱਟੀ ਮੁਟਿਆਰ ਵਾਂਗੂੰ, ਇਸ ਝੀਲ ਦੇ ਆਲੇ ਦੁਆਲੇ ਟੇਢੇ-ਮੇਢੇ, ਊਬੜ-ਖਾਬੜ ਖੁਰਦਰੇ ਸੈਰ ਰਸਤੇ ਝੀਲ ਦੀ ਸ਼ੋਭਾ ਨੂੰ ਅਲੰਕਾਰਿਤ ਕਰਦੇ ਹੋਏ ਦੇਵਲੋਕ ਦਾ ਭੁਲੇਖਾ ਪਾਉਂਦੇ ਹਨ |
ਇਸ ਝੀਲ ਵਿਖੇ ਲੋਕ ਗਰਮੀ ਦੇ ਦਿਨਾਂ ਵਿਚ ਅਤੇ ਮਾਮੂਲੀ ਸਰਦੀ ਦੇ ਦਿਨਾਂ ਵਿਚ ਹੀ ਆਉਂਦੇ ਹਨ | ਸਵੇਰ ਤੋਂ ਸ਼ਾਮ ਤੱਕ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ ਹੈ | ਰੰਗ ਬਰੰਗੇ ਪਾਰਦਰਸ਼ੀ ਤੰਬੂਆਂ ਵਿਚ ਅਨੰਦ ਮਾਣਦੇ ਲੋਕ, ਰੰਗ ਬਰੰਗੀਆਂ ਕਿਸ਼ਤੀਆਂ ਵਿਚ ਗੋਰੇ ਚਿੱਟੇ, ਖ਼ੂਬਸੂਰਤ ਲੋਕ ਅਤੇ ਠੰਡੀਆਂ ਠਾਰ ਹਵਾਵਾਂ ਵਿਚ, ਚੁਫ਼ੇਰੇ ਪਹਾੜਾਂ ਤੇ ਜੰਗਲਾਂ ਦੀ ਰਾਹਨੁਮਾਈ ਵਿਚ ਜੰਨਤ ਦਾ ਨਾਯਾਬ ਸਰੂਪ ਹੀ ਲਗਦੇ ਹਨ | ਚੱਪੂਆਂ ਨਾਲ ਚਲਦੀਆਂ ਬੇੜੀਆਂ ਦੂਰੋਂ ਝੀਲ ਦੇ ਅਦਭੁਤ ਦਿ੍ਸ਼ ਬਣਾਉਂਦੀਆਂ ਹੋਈਆਂ, ਇਕ ਮੁਕੰਮਲ ਆਨੰਦ ਦਾ ਯਥਾਰਥ | ਪਾਰਦਰਸ਼ੀ ਪਾਣੀ ਦੀ ਮਹਿਮਾਂ 'ਚ ਤੈਰਦੀਆਂ ਵਸਤੂਆਂ ਦਾ ਪ੍ਰਤੀਬਿੰਧ ਚਿੱਤਰਕਾਰੀ ਦਾ ਭੁਲੇਖਾ ਪਾਉਂਦਾ| ਦੂਰੋਂ ਝੀਲ ਦੇ ਛੋਟੇ-ਛੋਟੇ ਸੁੰਦਰ ਦਿ੍ਸ਼ ਮਿਲ ਕੇ ਏਦਾਂ ਨਜ਼ਾਰਾ ਪੇਸ਼ ਕਰਦੇ ਹਨ ਕਿ ਜਿਵੇਂ ਕੁਦਰਤ ਨੇ ਅਪਣੀ ਸੁੰਦਰ ਚਿੱਤਰਕਾਰੀ ਦੇ ਦਸਤਖ਼ਤ ਕੀਤੇ ਹੋਣ 'ਤੇ ਹੈ ਵੀ ਯਥਾਰਥ |
ਇਸ ਝੀਲ ਦੇ ਏਰੀਏ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਟਿਕਟ ਲੈਣੀ ਪੈਂਦੀ ਹੈ | ਲੋਕੀਂ ਸਪਰਿਵਾਰ ਅਪਣੇ ਨਾਲ ਬ੍ਰੈਂਚ, ਲੰਚ ਅਤੇ ਹੋਰ ਪਕਵਾਣ-ਮਿਸ਼ਠਾਣ ਨਾਲ ਲੈ ਕੇ ਆਉਂਦੇ ਹਨ | ਪਿਕਨਿਕ ਦਾ ਸਾਰਾ ਸਾਜੋ-ਸਾਮਾਨ | ਵੱਖ-ਵੱਖ ਓੁਵਨਾਂ ਵਿਚ ਪਕਦਾ ਮੀਟ ਅਤੇ ਵੈਜੀਟੇਬਲ ਪਦਾਰਥ ਦੀ ਖ਼ੁਸ਼ਬੂ ਦੂਰ-ਦੂਰ ਤਕ ਅਪਣਾ ਅਸਰ ਛੱਡਦੀ ਹੈ |
ਮਘਦੇ ਕੋਇਲਿਆਂ ਅਤੇ ਧੁਖਦੀਆਂ ਲਕੜੀਆਂ ਉਪਰ ਸੰਵਰਦੇ ਪਕਵਾਣ ਝੀਲ ਦੇ ਨਜ਼ਾਹਿਰਆਂ ਨੂੰ ਜੰਨਤ ਦੇ ਕੋਲ ਖੜ੍ਹਾ ਕਰ ਦਿੰਦੇ | ਜਿਵੇਂ ਜੰਨਤ ਵਿਚ ਮੇਲਾ ਲੱਗਾ ਹੋਵੇ |
ਇਸ ਝੀਲ ਦੇ ਨਜ਼ਦੀਕ ਕੋਈ ਦੁਕਾਨ ਨਹੀਂ ਹੈ | ਤਾਜ਼ੀ ਪਹਾੜਾਂ ਦੀ ਹਵਾ ਝੀਲ ਦੇ ਪਾਣੀ ਨਾਲ ਖਹਿ ਕੇ ਜਦ ਸਾਹਾਂ ਉਤਰਦੀ ਹੈ ਤਾਂ ਇਕਾਗਰਤਾ ਰੋਮਾਂਚਕ ਦਾ ਅਨੁਭਵ ਮਹਿਸੂਸ ਕਰਦੀ ਹੈ | ਇਕ ਲਿਲਕੜੀ ਰੁਮਾਂਟਿਕਤਾ ਵਿਚ ਉਤਰਦੀ ਹੈ |
ਝੀਲ ਦੇ ਨਾਲ ਲਗਦੇ ਸੰਘਣੇ ਜੰਗਲਾਂ ਵਿਚ ਤਰ੍ਹਾਂ-ਤਰ੍ਹਾਂ ਦੇ ਜਾਨਵਰ ਅਤੇ ਭਾਰੀ ਮਾਤਰਾ ਵਿਚ ਪੰਛੀਆਂ ਦੀ ਆਬਾਦੀ ਲੁਕਵੀ ਝਾਤ ਦਾ ਨਜ਼ਾਰਾ ਦੇਂਦੀ ਹੈ | ਜਾਨਵਰਾਂ ਅਤੇ ਪੰਛੀਆਂ ਦੀਆਂ ਲੈਆਤਮਿਕ ਚੁੰਨੀਆਂ-ਮੁੰਨੀਆਂ ਦਿਲਕਸ਼ ਮਿਸ਼ਰਣ ਆਵਾਜ਼ਾਂ ਸੰਗੀਤ ਅਤੇ ਗੀਤ ਨੂੰ ਏਕਾਕਾਰ ਕਰਦੀਆਂ, ਜੋ ਕਿੰਨੀਆਂ ਚੰਗੀਆਂ ਲਗਦੀਆਂ | ਕੁਦਰਤ ਦਾਰਸ ਭਿੰਨਾ ਸੰਗੀਤ |
ਮਿੰਨੇਵੰਕਾ ਝੀਲ ਵਰਤਮਾਨ ਵਿਚ ਰਾਸ਼ਟਰੀਏ ਪਾਰਕ ਨਾਲ ਵੀ ਪ੍ਰਸਿੱਧ ਹੈ ਜਿਸ ਨਾਲ ਪ੍ਰਕਿਰਤੀ ਅਤੇ ਸੰਸਕ੍ਰਿਤੀ-ਸਭਿਆਚਾਰਕ ਮਹੱਤਵ ਨੂੰ ਹੋਰ ਪ੍ਰਫੁਲਤਾ ਮਿਲਦੀ ਹੈ | ਮਿੰਨੇਵੰਦਾ ਝੀਲ ਦੀ ਆਤਮਾ ਜੀਵਿਤ ਹੈ |
ਝੀਲ ਦੇ ਬਾਹਰੀ ਸੜਕ ਇਲਾਕੇ ਦੇ ਪਹਾੜੀ ਖੇਤਰ ਵਿਚ ਬਣੇ ਸਾਈਕਲ ਰਸਤੇ ਵੀ ਅਪਣਾ ਖੂਬ ਮਹੱਤਵ ਰੱਖਦੇ ਹਨ | ਨੌਜਵਾਨ-ਲੜਕੇ ਲੜਕੀਆਂ ਕਈ ਮੀਲ ਸਾਈਕਲ ਯਾਤਰਾ ਦਾ ਲੁਤਫ਼ ਲੈਂਦੇ ਹਨ |
ਇਸ ਇਲਾਕੇ ਦਾ ਸਭ ਤੋਂ ਉਚ ਪਹਾੜ ਮਾਊਾਟ ਆਏਲਸਰ ਜੋ 3162 ਮੀਟਰ ਉਚਾ ਹੈ, ਅਪਣੀ ਸੰਸਕ੍ਰਿਤੀ ਦੀ ਜੀਵੰਤਤਾ ਦਾ ਬੋਧ ਕਰਵਾਉਂਦਾ ਹੈ |
ਮਿੰਨੇਵੰਦਾ ਨੂੰ ਦੇਖਣ ਲਈ ਸਭ ਤੋਂ ਜ਼ਿਆਦਾ ਬੱਚਿਆਂ ਦੀ ਗਿਣਤੀ ਸ਼ਾਮਿਲ ਹੈ | ਦੁਨੀਆਂ ਵਿਚ ਸਭ ਤੋਂ ਤੰਦਰੁਸਤ ਹਵਾ ਅਤੇ ਪਾਣੀ ਕਨੇਡਾ ਦੀ ਧਰਤੀ ਨੂੰ ਨਸੀਬ ਹੈ |
ਦੋਸਤੋ ਤੁਸੀਂ ਕਨੇਡਾ ਆਓ ਤਾਂ ਮਿੰਨੇਵੰਕਾ ਨੂੰ ਵੇਖਣਾ ਨਾਲ ਭੁੱਲਣਾ ਕਿਉਂਕਿ – ਸਵਰਗ |
ਬਲਵਿੰਦਰ ਬਾਲਮ ਗੁਰਦਾਸਪੁਰ
ਓਾਕਾਰ ਨਗਰ, ਗੁਰਦਾਸਪੁਰ (ਪੰਜਾਬ)
ਐਡਮਿੰਟਨ, ਕਨੇਡਾ +91 98156-25409


