ਜੁਲਾਈ ਚਾਰ ਤੇ ਅਮਰੀਕਾ ਸਾਡੇ ਕੀ ਲੱਗਦੇ ਨੇ ?

ਅਮਰੀਕਾ ਦੇ ਆਜ਼ਾਦੀ ਦਿਵਸ ਦੀ 250ਵੀਂ ਵਰ੍ਹੇਗੰਢ ‘ਤੇ ਵਿਸ਼ੇਸ਼ : 

ਜੁਲਾਈ ਚਾਰ ਤੇ ਅਮਰੀਕਾ ਸਾਡੇ ਕੀ ਲੱਗਦੇ ਨੇ ?

ਡਾ. ਸੁਖਪਾਲ ਸੰਘੇੜਾ


ਇਸ ਸਾਲ, 2026 ਵਿੱਚ, ਸਭ ਤੋਂ ਪੁਰਾਣੀ ਜਮਹੂਰੀਅਤ ਵਾਲੇ ਦੇਸ਼ਾ ਵਿੱਚੋਂ ਇੱਕ, ਸੰਯੁਕਤ ਰਾਜ ਅਮਰੀਕਾ, 250 ਸਾਲ ਦਾ ਹੋ ਜਾਵੇਗਾ, ਕਿਉਂਕਿ ਇਸ ਦੇਸ਼ ਵਿੱਚ ਜੁਲਾਈ 4, 1776 ਨੂੰ ‘ਆਜ਼ਾਦੀ ਦਾ ਐਲਾਨਨਾਮਾ’ ਨਾਮੀ ਦਸਤਾਵੇਜ਼ ਜਾਰੀ ਕਰਕੇ ਇੰਗਲੈਂਡ ਤੋਂ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ। ਅਮਰੀਕੀ ਲੋਕਾਂ ਵਲੋਂ ਹਰ ਵਰ੍ਹੇ ਮਨਾਇਆ ਜਾਣ ਵਾਲਾ ਦਿਵਸ, ਜੁਲਾਈ 4, ਇਸ ਸਾਲ ਸ਼ਨੀਵਾਰ ‘ਤੇ ਪੈਂਦਾ ਹੈ। ਇਹ ਆਮ ਤੌਰ ‘ਤੇ ਹੋਰ ਤਿਓਹਾਰਾਂ ਦੀ ਤਰ੍ਹਾਂ, ਬਾਰਬਿਕਯੂ ਪਿਕਨਿਕਾਂ, ਪਾਰਕਾਂ ਤੇ ਬੀਚਾਂ ‘ਤੇ ਲੱਗੀਆਂ ਰੌਣਕਾਂ, ਅਤੇ ਖ਼ਾਸ ਤੌਰ ‘ਤੇ,  ਸਵੇਰ ਨੂੰ ਜੁਲਾਈ 4 ਪਰੇਡਾਂ, ਰਾਤ ਨੂੰ ਆਤਸਬਾਜੀਆਂ (fireworks), ਤੇ ਦਿਨੇ ਚਮਕਦੇ ਤਾਰਿਆ ਨਾਲ ਸੱਜੇ ਲਾਲ-ਚਿੱਟੇ-ਨੀਲੇ ਫਰੇਰਿਆਂ ਤੇ ਉਨਾਂ ਦੇ ਨਿਸ਼ਾਨਾਂ ਦੇ ਆਏ ਹੜ੍ਹ ਸੰਗ ਮਨਾਇਆ ਜਾਂਦਾ ਹੈ। 

ਜੁਲਾਈ 4, 1776 ਨੂੰ ਜਾਰੀ ਕੀਤੇ ਇਸ ਦਸਤਾਵੇਜ਼, ‘ਆਜ਼ਾਦੀ ਦਾ ਐਲਾਨਨਾਮਾ’, ਦੇ ਸ਼ੁਰੂ ਸ਼ੁਰੂ ਵਿੱਚ ਹੀ ਇਹ ਮਸ਼ਹੂਰ ਵਾਕ ਦਰਜ਼ ਹੈ: “ਅਸੀਂ ਇਹ ਸਚਾਈ ਆਪਣੇ ਆਪ ਵਿੱਚ ਪ੍ਰਮਾਣਿਕ ਮੰਨਦੇ ਹਾਂ ਕਿ ਸਾਰੇ ਮਨੁੱਖ ਜਨਮ ਬਰਾਬਰ ਹਨ ਤੇ ਉਹ ਸਾਰੇ ਆਪਣੇ ਰਚਣਹਾਰੇ ਵਲੋਂ ਕੁਝ ਖ਼ਾਸ ਅਟੱਲ ਹੱਕਾਂ ਨਾਲ ਨਿਵਾਜ਼ੇ ਗਏ ਨੇ, ਜਿਨ੍ਹਾਂ ਵਿੱਚੋਂ ਕੁਝ ਹਨ: ਜ਼ਿੰਦਗੀ, ਸਵਤੰਤਰਤਾ, ਤੇ ਖ਼ੁਸ਼ੀ ਦੀ ਭਾਲ।” ਇਹ ਵਾਕ ਸਾਨੂੰ ਉਨ੍ਹਾਂ ਦਿਨੀ ਯੌਰਪ ਵਿੱਚ ਚਲ ਰਹੀ ਪ੍ਰਬੋਧਨ (enlightenment) ਲਹਿਰ ਦੀ ਯਾਦ ਦਿਲਾਉਂਦਾ ਹੈ, ਕਿਉਂਕਿ ਇਸ ਵਾਕ ਵਿਚਲਾ ਵਿਚਾਰ ਮੂਲ ਰੂਪ ਵਿੱਚ ਇਸ ਲਹਿਰ ਵਿੱਚੋਂ ਹੀ ਆਇਆ। ਮਿਸਾਲ ਵਜੋਂ, ਇਸ ਵਾਕ ਦੀ ਤੁਲਨਾ ਕਰੋ ਪ੍ਰਬੋਧਨ ਲਹਿਰ ਦੇ ਇੱਕ ਆਗੂ ਜਾਨ ਲਾੱਕ ਦੇ ਇਸ ਵਿਚਾਰ ਨਾਲ ਕਿ ਹਰੇਕ ਮਨੁੱਖ ਕੁਝ ਕੁਦਰਤੀ ਅਧਿਕਾਰ ਲੈਕੇ ਜੰਮਦਾ ਹੈ, ਜਿਨ੍ਹਾਂ ਵਿੱਚ ਸ਼ਾਮਲ ਨੇ: ਸੰਪੂਰਨ ਬਰਾਬਰੀ ਤੇ ਆਜ਼ਾਦੀ, ਅਤੇ ਜੀਵਨ ਤੇ ਜਾਇਦਾਦ ਨੂੰ ਸੁਰੱਖਿਅਤ ਰੱਖਣ ਦੇ ਅਧਿਕਾਰ; ਇਹ ਕੁਦਰਤੀ ਅਧਿਕਾਰ ਕੁਦਰਤ ਦਾ ਨਿਯਮ ਹੈ। ਹੋਰ, ਲਾੱਕ ਨਾਲ ਪ੍ਰਬੋਧਨ ਲਹਿਰ ਦੇ ਹੋਰ ਆਗੂ ਹੋਬਜ਼ ਤੇ ਰੂਸੋ ਇਸ ਗੱਲ ‘ਤੇ ਸਹਿਮਤ ਸਨ ਕਿ ਮਨੁੱਖ ਲਈ ਸਿਵਲ ਸੁਸਾਇਟੀ ਵਿਚ ਰਹਿਣ ਲਈ ਇਕ ਸਮਾਜਿਕ ਸਮਝੌਤਾ ਜ਼ਰੂਰੀ ਹੁੰਦਾ ਹੈ ਜਿਹਦੇ ਅਨੁਸਾਰ ਸਰਕਾਰ ਦਾ ਅਧਿਕਾਰ ਲੋਕਾਂ ਦੀ ਮਰਜ਼ੀ ਨਾਲ ਹੋਵੇ; ਇਹ ਸ਼ਰਤ ਤੇ ਮੁੱਢਲੇ ਹੱਕਾਂ ਦੀ ਪੂਰਤੀ ਨਾਲ ਹੀ ਮਨੁੱਖ ਤਰਕਸ਼ੀਲ ਹੁੰਦੇ ਹਨ ਅਤੇ ਕੁਦਰਤੀ ਕਾਨੂੰਨ ਦੀ ਪਾਲਣਾ ਕਰਦੇ ਹਨ। ਇਹ ਖ਼ਿਆਲ ਵੀ ‘ਆਜ਼ਾਦੀ ਦਾ ਐਲਾਨਨਾਮਾ’ ਵਿੱਚ ਇੰਝ ਸ਼ਾਮਲ ਹੈ:

“——ਇਹ ਅਧਿਕਾਰ ਸੁਰੱਖਿਅਤ ਕਰਨ ਲਈ, ਬੰਦੇ ਸਰਕਾਰਾਂ ਸਥਾਪਿਤ ਕਰਦੇ ਨੇ, ਤੇ ਸਰਕਾਰਾਂ ਲੋਕਾਂ ਤੋਂ ਉਨ੍ਹਾਂ ਦੀ ਮਰਜ਼ੀ ਨਾਲ ਹੀ ਆਪਣੀ ਤਾਕਤ ਗ੍ਰਹਿਣ ਕਰਦੀਆ ਹਨ ਜਿਨ੍ਹਾਂ ‘ਤੇ ਉਹ ਰਾਜ ਕਰਨ।”  

ਅਸਲ ਵਿੱਚ, ਅਮਰੀਕੀ ਇਨਕਲਾਬ, ਯਾਣਿ ਆਜ਼ਾਦੀ-ਯੁੱਧ, ਦੀਆ ਬਹੁਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਅਤੇ ਬੁੱਧੀਜੀਵੀ ਸ਼ਖਸੀਅਤਾਂ ਵਿਚਾਰਧਾਰਿਕ ਤੌਰ ‘ਤੇ ਯੋਰਪ ਦੀ ਪ੍ਰਬੋਧਨ ਲਹਿਰ ਨਾਲ ਨੇੜਿਓਂ ਜੁੜੀਆਂ ਹੋਈਆਂ ਸਨ: ਥੌਮਸ ਜੈਫਰਸਨ ਨੇ ਅਮਰੀਕਾ ਦੇ ਆਜ਼ਾਦੀ-ਐਲਾਨਨਾਮੇ  (1776) ਵਿੱਚ ਪ੍ਰਬੋਧਨ ਲਹਿਰ ਦੇ ਕੁਝ ਆਦਰਸ਼ਾਂ ਨੂੰ ਸ਼ਾਮਲ ਕੀਤਾ; ਬੈਂਜਾਮਿਨ ਫਰੈਂਕਲਿਨ ਕਈ ਵਾਰ ਯੂਰਪ ਯਾਤਰਾ ਕਰ ਉਥੋਂ ਦੀਆਂ ਵਿਗਿਆਨਕ ਤੇ ਰਾਜਨੀਤਿਕ ਬਹਿਸਾਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦਾ ਅਤੇ ਉਥੋਂ ਨਵੇਂ ਵਿਚਾਰਾਂ ਨੂੰ ਵਾਪਸ ਅਮਰੀਕਾ ਲਿਆਉਂਦਾ ਰਿਹਾ; ਅਤੇ ਜੇਮਜ਼ ਮੈਡੀਸਨ ਨੇ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ (1787) ਵਿਚ ਵੀ ਪ੍ਰਬੋਧਨ ਦੇ ਕੁਝ ਆਦਰਸ਼ਾਂ ਨੂੰ ਸ਼ਾਮਲ ਕੀਤਾ।

      ਪ੍ਰਬੋਧਨ ਲਹਿਰ ਤੱਕ ਯੋਰਪ ਪਹੁੰਚਿਆ ਰੇਨਾਸਾਂਸ ਲਹਿਰ ਦੁਆਰਾ, ਜਿਸਦੀਆਂ ਦੋ ਮੂਲ ਚਾਲਕ ਸ਼ਕਤੀਆਂ ਸਨ: ਤਰਕ ਤੇ ਮਾਨਵਵਾਦ। ਰੇਨਾਸਾਂਸ ਦੌਰਾਨ ਵਿਕਸਤ ਕੀਤੇ ਗਏ ਮੁੱਖ ਆਦਰਸ਼ਾਂ ਵਿੱਚੋਂ ਇੱਕ ਨੂੰ ‘ਰੇਨਾਸਾਂਸ ਆਦਮੀ’  ਦੇ ਸੰਕਲਪ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਇਸ ਖ਼ਿਆਲ ਨੂੰ ਮੂਰਤੀਮਾਨ ਕਰਦਾ ਸੀ: "ਮਨੁੱਖ ਸਭ ਕੁਝ ਕਰ ਸਕਦਾ ਹੈ ਜੇ ਉਹ ਚਾਹੇ ਤਾਂ।” ਇਹ ਆਦਰਸ਼ ਰੇਨਾਸਾਂਸ ਲਹਿਰ ਦੇ ਮਾਨਵਵਾਦ ਦੇ ਮੂਲ ਮੱਤ ਦਾ ਪ੍ਰਗਟਾਵਾ ਕਰ ਰਿਹਾ ਸੀ ਕਿ “ਮਨੁੱਖ ਬ੍ਰਹਿਮੰਡ ਦਾ ਕੇਂਦਰ ਹੈ।” ਇਸਦਾ ਅਰਥ ਇਹ ਹੈ ਕਿ ਵਿਕਾਸ ਦੇ ਰਾਹ ‘ਤੇ ਮਨੁੱਖ ਦੀਆਂ ਸੰਭਾਵਨਾਵਾਂ ਦੀ ਕੋਈ ਸੀਮਾ ਨਹੀਂ; ਇਸ ਲਈ ਮਨੁੱਖਾਂ ਨੂੰ ਆਪਣੀ ਕਾਬਲੀਅਤ ਨੂੰ ਪੂਰਨ ਰੂਪ ਵਿਚ ਵਿਕਸਿਤ ਕਰਨ ਲਈ ਸਾਰੇ ਗਿਆਨ ਤੇ ਹੁਨਰਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੰਝ ਤਕਰੀਬਨ ਸਾਰੇ ਖੇਤਰਾਂ ਨੂੰ ਪ੍ਰਭਾਵਤ ਕਰਦਿਆਂ, ਵਿਗਿਆਨ ਦੀ ਸਹਾਇਤਾ ਨਾਲ, ਰੇਨਾਸਾਂਸ ਲਹਿਰ ਨੇ ਨਾ ਸਿਰਫ ਮੱਧਯੁੱਗ ਦੇ ਯੂਰਪ ਨੂੰ ਪੂਰਵ-ਆਧੁਨਿਕ ਯੁੱਗ ਨਾਲ ਜੋੜਿਆ, ਬਲਕਿ ਪ੍ਰਬੋਧਨ (enlightenment) ਲਹਿਰ ਨੂੰ ਵੀ ਜਨਮ ਦਿੱਤਾ ਜਿਹਨੇ ਆਧੁਨਿਕਤਾ ਨੂੰ ਪਰਿਭਾਸ਼ਤ ਕੀਤਾ: ਤਰਕ, ਮਾਨਵਵਾਦ, ਤੇ ਵਿਗਿਆਨ ਦੇ ਆਧਾਰ ‘ਤੇ। ਮਿਸਾਲ ਵਜੋਂ, ਇਸ ਲਹਿਰ ਦੇ ਇੱਕ ਆਗੂ ਇਮੈਨੁਅਲ ਕਾਂਤ ਨੇ ਆਪਣੇ ਪ੍ਰਸਿੱਧ ਲੇਖ "ਪ੍ਰਬੋਧਨ ਕੀ ਹੈ?" ਵਿੱਚ  ਕਿਹਾ: ਪ੍ਰਬੋਧਨ (enlightenment) ਦੀ ਪ੍ਰਭਾਸ਼ਾ ਹੈ ਕਿ ਮਨੁੱਖਤਾ ਆਪ-ਛਹੇੜੇ ਕੱਚੇਪਣ (immaturity), ਆਲਸੀਪਣ,  ਕਾਇਰਤਾ, ਅਤੇ ਧਾਰਮਿਕ ਜਾਂ ਰਾਜਨੀਤਿਕ ਅਥਾਰਟੀਆਂ ਦੀਆਂ ਰੂੜ੍ਹੀਆਂ ਤੇ ਫਾਰਮੂਲਿਆਂ ਸਾਹਮਣੇ ਗੋਡਿਆ ਟੇਕਣ ਦੇ ਅਮਲ ਵਿੱਚੋਂ ਨਿੱਕਲ ਕੇ ਚੀਜ਼ਾ ਨੂੰ ਖ਼ੁਦ ਸਮਝਣ ਦੀ ਦਲੇਰੀ ਕਰੇ। ਕਾਂਤ ਅਨੁਸਾਰ ਪ੍ਰਬੋਧਨ ਲਹਿਰ ਦੀ ਬੁਨਿਆਦੀ ਮੰਗ ਸੀ: ਸੋਚ ਅਤੇ ਬੋਲਣ ਦੀ ਆਜ਼ਾਦੀ। ਉਹਦੇ ਲਈ ਪ੍ਰਬੋਧਨ ਦਾ ਮਤਲਬ ਇਹ ਵੀ ਸੀ ਕਿ ਇਕ ਯੁੱਗ ਦੁਆਰਾ ਕੀਤਾ ਗਿਆ ਅਜੇਹਾ ਇਕਰਾਰਨਾਮਾ ਮਨੁੱਖੀ ਸੁਭਾਅ ਖ਼ਿਲਾਫ਼ ਜੁਰਮ ਹੋਵੇਗਾ, ਜੋ ਇਕਰਾਰਨਾਮਾ ਆਉਂਦੇ ਯੁੱਗਾਂ ਲਈ ਆਪਣੀ ਸੂਝ ਦਾ ਵਿਸਤਾਰ ਕਰਨ, ਗਿਆਨ ਨੂੰ ਵਧਾਉਣ, ਤੇ ਗਲਤੀਆਂ ਨੂੰ ਦੂਰ ਕਰਨ ਉੱਪਰ ਜੰਦਰਾ ਲਗਾ ਦੇਵੇ; ਕਿਉਕਿ ਮਨੁੱਖੀ ਸੁਭਾਅ ਦੀ ਤਕਦੀਰ (ਜਾਂ ਮੰਜ਼ਲ) ਹੀ ਬਿਲਕੁਲ ਅਜਿਹੀ ਪ੍ਰਗਤੀ ਵਿੱਚ ਪਈ ਹੈ। ਇਸ ਪ੍ਰਬੋਧਨ ਲਹਿਰ ਨੇ ਆਧੁਨਿਕਤਾ, ਯਾਨਿ ਆਧੁਨਿਕ ਯੁੱਗ, ਦੇ ਸਾਰੇ ਅਦਾਰਿਆਂ ਦੇ ਮਿਸ਼ਨਾਂ ਦੀ ਬੁਨਿਆਦ ਰੱਖ ਦਿੱਤੀ; ਅਦਾਰਿਆਂ ਵਿੱਚ ਸ਼ਾਮਲ ਨੇ ਖ਼ਾਨਦਾਨੀ ਰਾਜ ਤੇ ਤਾਨਾਸ਼ਾਹੀ ਦੀ ਥਾਂ ਜਮਹੂਰੀ ਸਰਕਾਰਾਂ, ਜਨਤਕ ਸਕੂਲ ਤੇ ਯੂਨੀਵਰਸਿਟੀਆਂ, ਸਮਾਚਾਰ ਏਜੰਸੀਆਂ, ਹਸਪਤਾਲ, ਦਾਨ ਸੰਸਥਾਵਾਂ, ਅਤੇ ਅੰਤਰਰਾਸ਼ਟਰੀ ਸੰਸਥਾਵਾਂ। ਪ੍ਰਬੋਧਨ ਲਹਿਰ ਦੇ ਵਿਚਾਰਾਂ ਨੇ ਰਾਜਸ਼ਾਹੀ ਅਤੇ ਚਰਚ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਦਿੱਤਾ; 18ਵੀਂ ਤੇ 19ਵੀਂ ਸਦੀ ਦੇ ਰਾਜਨੀਤਿਕ ਇਨਕਲਾਬਾਂ ਜਿਵੇਂ ਕਿ ਫ੍ਰੈਂਚ ਇਨਕਲਾਬ (1789 --- 1799) ਤੇ ਅਮਰੀਕੀ ਇਨਕਲਾਬ (1765 --- 1783) ਲਈ ਰਾਹ ਪੱਧਰਾ ਕੀਤਾ; ਅਤੇ ਉਨ੍ਹਾਂ ਨੂੰ ਸ਼ੁਰੂ ਕਰਨ, ਤੇ ਉਨ੍ਹਾਂ ਦੀ ਰੂਪ ਧਾਰਨਾ ਵਿੱਚ ਵਿਸ਼ੇਸ਼ ਹਿੱਸਾ ਪਾਇਆ।

ਅਮਰੀਕਾ ਵਿੱਚ, ਆਜ਼ਾਦੀ ਦਾ ਐਲਾਨਨਾਮਾ ਆਜ਼ਾਦੀ ਘੁਲਾਟੀਏ ਥੌਮਸ ਜੈਫਰਸਨ ਵਲੋਂ, ਹੋਰ ਆਜ਼ਾਦੀ ਘੁਲਾਟੀਆਂ ਦੀ ਸਲਾਹ ਨਾਲ, ਲਿਖਿਆ ਗਿਆ ਸੀ। ਇਹਨੂੰ ਜਾਰੀ ਕਰਨ ਵੇਲੇ, ਆਜ਼ਾਦੀ ਦਾ ਯੁੱਧ, ਜਿਸਨੂੰ ਇਨਕਲਾਬੀ ਯੁੱਧ ਵੀ ਕਿਹਾ ਜਾਂਦਾ ਹੈ, ਪਹਿਲਾਂ ਹੀ ਸ਼ੁਰੂ ਹੋ ਚੁੱਕਿਆਂ ਸੀ, ਅਮਰੀਕੀ ਫ਼ੌਜ ਦੇ ਕਮਾਂਡਰ ਜੌਰਜ ਵਾਸ਼ਿੰਗਟਨ ਦੀ ਅਗਵਾਈ ਵਿੱਚ। ਯੁੱਧ ਜਿੱਤਣ ਬਾਅਦ ਆਪਣੇ ਆਪ ਨੂੰ ਬਾਦਸ਼ਾਹ ਐਲਾਨਣ ਦੀ ਬਜਾਏ ਜੌਰਜ ਵਾਸ਼ਿੰਗਟਨ ਨੇ ਜਮਹੂਰੀਅਤ, ਯਾਣਿ ਕਿ ਲੋਕਤੰਤਰ, ਲਾਗੂ ਕਰਨ ਦਾ ਐਲਾਨ ਕੀਤਾ, ਜਿਸਦੇ ਤਹਿਤ ਉਹ, ਯਾਣਿ ਜੌਰਜ ਵਾਸ਼ਿੰਗਟਨ, ਇਸ ਦੇਸ਼ ਦੇ ਪਹਿਲੇ (1789 – 1797) ਅਤੇ ਥੌਮਸ ਜੈਫਰਸਨ ਤੀਜੇ (18001-1809) ਪ੍ਰਧਾਨ ਚੁਣੇ ਗਏ। 

ਆਧੁਨਿਕ ਯੁੱਗ ਵਿੱਚ ਇਕੱਲੇ ਅਮਰੀਕਾ ਨੂੰ ਹੀ ਨਹੀ, ਬਲਕਿ ਅਮਰੀਕਾ ਤੇ ਕੈਨੇਡਾ ਸਣੇ ਯੋਰਪ, ਯਾਣਿ ਸਾਰੇ ਪੱਛਮੀ ਦੇਸ਼ਾਂ ਨੂੰ, ਸਮਝਣ ਲਈ ਉੱਤਕ ਚਰਚਿਤ ਰੇਨਾਸਾਂਸ ਤੇ ਪ੍ਰਬੋਧਨ ਲਹਿਰਾਂ ਨੂੰ ਜਾਣਨਾ ਜ਼ਰੂਰੀ ਹੈ। ਰੇਨਾਸਾਂਸ ਨੂੰ ਪੁਰਾਣੇ ਸੱਭਿਆਚਾਰ ਦੀ ਪੁਨਰ-ਸੁਰਜੀਤੀ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਨੋਟ ਕਰਨਾ ਮਹੱਤਵਪੂਰਣ ਹੈ ਕਿ ਇੱਥੇ ਪੁਨਰ-ਸੁਰਜੀਤੀ ਮੱਧਯੁੱਗ (ਈ. 500 ਤੋਂ AD 1400) ਦੀ ਨਹੀਂ ਸੀ, ਜਿਹਦੀਆ ਮੁੱਖ ਵਿਸ਼ੇਸ਼ਤਾਵਾਂ ਸਨ ਜਗੀਰਦਾਰੀ ਦੀ ਚੜ੍ਹਤ ਤੇ ਕੈਥੋਲਿਕ ਚਰਚ ਕੋਲ ਲੋਕਾਂ ਦੇ ਜੀਵਨ ਕੰਟਰੋਲ ਕਰਨ ਦੀ ਸ਼ਕਤੀ; ਇਸ ਦੀ ਬਜਾਏ ਪੁਨਰ-ਸੁਰਜੀਤੀ ਇਹਤੋਂ ਪਹਿਲੇ ਗਰੀਕ ਦਾਰਸ਼ਨਿਕਾਂ ਦੇ ਕਲਾਸੀਕਲ ਪੀਰੀਅਡ (500 ਬੀ ਸੀ ਤੋਂ ਈ 500 ਤੱਕ) ਦੀ ਸੀ ਜਿਹਦੀ ਵਿਸ਼ੇਸ਼ਤਾ ਉਨ੍ਹਾਂ ਵਿਚਾਰਾਂ ਦੇ ਵਿਕਾਸ ਵਿੱਚ ਪਈ ਹੈ ਜੋ ਅੱਜ ਦੇ ਸਾਹਿਤ, ਕਲਾ, ਗਣਿਤ ਅਤੇ ਵਿਗਿਆਨ ਦੀ ਬੁਨਿਆਦ ਹਨ। ਗਰੀਕ ਅਤੇ ਰੋਮਨ ਲਿਖਤਾਂ ਦੀਆਂ ਕਲਾਕ੍ਰਿਤੀਆਂ ਦੀ ਮੁੜ ਖੋਜ ਕੀਤੀ ਗਈ ਸੀ। ਰੇਨਾਸਾਂਸ ਦੇ ਚਿੰਤਕਾਂ ਨੇ ਉਨ੍ਹਾਂ ਪੁਰਾਣੇ ਵਿਚਾਰਾਂ ਨੂੰ ਆਪਣੇ ਸਮੇਂ ਦੇ ਗਿਆਨ ਨਾਲ ਮਿਲਾ ਦਿੱਤਾ, ਤਰਕ ਦੀ ਵਰਤੋਂ ਕਰਕੇ। ਰੇਨਾਸਾਂਸ ਦੇ ਬਾਹਲੇ ਮਾਨਵਵਾਦੀ ਬੁੱਧੀਜੀਵੀ ਭਾਵੇਂ ਧਾਰਮਿਕ ਸਨ, ਲੇਕਿਨ ਚਰਚ ਦੀਆਂ ਕੁਰੀਤੀਆਂ, ਦੁਰਉਪਯੋਗ, ਤੇ ਦੁਰਵਿਵਹਾਰ ਵਿਰੁੱਧ ਤਰਕ ਦਾ ਹੱਲਾ ਬੋਲ ਰਹੇ ਸਨ; ਹਾਲਾਂ ਕਿ ਉਹ ਚਰਚ ਦੇ ਵਿਰੁੱਧ ਨਹੀਂ ਸਨ। ਇੰਝ ‘ਰੇਨਾਸਾਂਸ ਆਦਮੀ’ ਥੰਮ ਰਹੇ ਜਗੀਰੂ-ਰਾਜਾਸ਼ਾਹੀ-ਚਰਚ ਨਿਜ਼ਾਮ ਨੂੰ ਪਾੜ ਕੇ ਜੰਮ ਰਿਹਾ ਨਵਾਂ ਮਨੁੱਖ ਸੀ, ਜਿਹਨੇ ਯੋਰਪ ਨੂੰ ਮੱਧਯੁੱਗ ਵਿੱਚੋਂ ਕੱਢਕੇ ਪੂਰਵ-ਆਧੁਨਿਕ ਯੁੱਗ ਨਾਲ ਜੋੜਿਆ। ਉੱਥੋਂ ਪ੍ਰਬੋਧਨ ਲਹਿਰ ਦੇ ਜ਼ਰੀਏ ਤਰਕ, ਵਿਗਿਆਨ, ਅਤੇ ਮਾਨਵਵਾਦ ਆਧਾਰ ‘ਤੇ ਪ੍ਰਗਤੀ ਦੇ ਰਾਹ ਪਏ ਯੂਰਪ, ਸੰਯੁਕਤ ਰਾਜ ਅਮਰੀਕਾ, ਤੇ ਕੈਨੇਡਾ; ਜਿਨ੍ਹਾਂ ਵਿਚ ਹੋਏ ਪਹਿਲੇ ਉਦਯੋਗਿਕ ਇਨਕਲਾਬ (1760 --- 1840) ਨੇ ਉਤਪਾਦਨ ਦੇ ਸਾਧਨਾਂ ਤੇ ਸੰਦਾਂ ਨੂੰ ਹੱਥ-ਸੰਦਾਂ ਤੋਂ ਮਸ਼ੀਨਾਂ ਤੇ ਵਿਗਿਆਨਕ ਤਰੀਕਿਆ ਵਿੱਚ ਤਬਦੀਲ ਕਰ ਦਿੱਤਾ; ਨਤੀਜਣ, ਮਨੁੱਖੀ ਸਮਾਜ ਦੇ ਪੈਦਾਵਾਰੀ ਰਿਸ਼ਤੇ ਵੀ ਬਦਲ ਗਏ। ਇੰਝ, ਉਦਯੋਗਿਕ ਇਨਕਲਾਬ ਨੇ ਆਧੁਨਿਕ ਯੁੱਗ ਵਿਚ ਮਨੁੱਖੀ ਸਮਾਜ ਨੂੰ ਪਰਿਭਾਸ਼ਿਤ ਕਰਨ ਤੇ ਇਸ ਨੂੰ ਮਾਡਰਨ ਰੂਪ ਵਿੱਚ ਢਾਲਣ ਵਿੱਚ ਮੁੱਖ ਭੂਮਿਕਾ ਨਿਭਾਈ; ਇਸ ਭੂਮਿਕਾ ਦੀ ਲਪੇਟ ਵਿੱਚ ਆਏ: ਸਮਾਜਿਕ ਰਿਸ਼ਤੇ, ਧਰਮ, ਰਾਜਨੀਤੀ, ਆਰਥਿਕਤਾ; ਤੁਸੀਂ ਗਿਣਦੇ ਰਹੋ। ਉਦਯੋਗਿਕ ਕ੍ਰਾਂਤੀ ਦਾ ਅਰੰਭ ਕਰਨ ਵਾਲੇ ਤੇ ਇਹਦੇ ਚਾਲਕ, ਇੰਜਣ ਅਤੇ ਮਸ਼ੀਨਾਂ, ਵਿਗਿਆਨਕ ਖੋਜਾਂ ਤੋਂ ਬਿਨਾਂ ਇੱਥੇ ਨਹੀਂ ਬਣਨੀਆਂ ਸਨ; ਸਮਾਜਕ/ਰਾਜਨੀਤਕ ਇਨਕਲਾਬਾਂ ਨਾਲ ਨਾਲ ਪ੍ਰਬੋਧਨ ਲਹਿਰ ਨੇ ਵਿਗਿਆਨਕ ਇਨਕਲਾਬ ਨੂੰ ਵੀ ਚਾਲੂ, ਯਾਣਿ trigger, ਕੀਤਾ ਸੀ। ਧਰਤੀ ਉੱਤੇ, ਹੁਣ ਤੱਕ, ਆਧੁਨਿਕ ਯੁੱਗ ਵਿੱਚ ਮਨੁੱਖੀ ਜੀਵਨ ਦੀਆਂ ਅਣਗਿਣਤ ਤੇ ਕਰੀਬ ਸਾਰੀਆਂ ਜ਼ਰੂਰਤਾਂ ਤੇ ਸੁੱਖ ਸਹੂਲਤਾਂ ਦੀ ਪੂਰਤੀ ਲਈ ਉਤਪਾਦ ਤੇ ਸੇਵਾਵਾਂ ਵਿਗਿਆਨ ਦੀਆਂ ਖੋਜਾਂ ਤੇ ਉਨ੍ਹਾਂ ਤੋਂ ਉਪਜੀ ਟੈਕਨੋਲੋਜੀ ਦੁਆਰਾ ਹੀ ਤਿਆਰ ਕੀਤੀਆਂ ਜਾਂ ਉਸਾਰੀਆਂ ਗਈਆਂ ਨੇ: ਇੰਜਨ ਤੋਂ ਟਿਊਬਵੈੱਲ ਤੱਕ; ਟਰੱਕ/ਕਾਰਾਂ ਤੋਂ ਹਵਾਈ ਜਹਾਜ਼ਾਂ ਤੱਕ; ਬਿਜਲਈ ਚੁੱਲ੍ਹਿਆਂ, ਫਰਿੱਜਾਂ, ਤੇ ਏਅਰਕੰਡੀਸ਼ਨਰਾਂ ਤੋਂ ਘਰਾਂ, ਸੜਕਾਂ, ਤੇ ਸ਼ਹਿਰਾਂ ਨੂੰ ਜਗਮਗਾਉਂਦੀ ਰੰਗ-ਬਰੰਗੀ ਰੌਸ਼ਨੀ ਤੱਕ; ਰੇਡੀਓ, ਟੀ.ਵੀ., ਤੇ ਕੰਪਿਊਟਰਾਂ ਤੋਂ ਇੰਟਰਨੈੱਟ, ਸ਼ੋਸ਼ਲ ਮੀਡੀਆਂ, ਤੇ ਸਮਾਰਟ ਫ਼ੋਨਾਂ ਤੱਕ; ਅਤੇ ਵੈਕਸੀਨਾਂ ਤੋਂ ਭਿੰਨ ਭਿੰਨ ਬਿਮਾਰੀਆਂ ਦੇ ਇਲਾਜਾਂ ਤੱਕ। ਮੁੱਕਦੀ ਗੱਲ, ਵਿਗਿਆਨ ਵਲੋਂ ਖ਼ੋਜੇ ਕੁਦਰਤੀ ਸਿਧਾਂਤਾਂ ਤੇ ਨਿਯਮਾਂ ਸਦਕੇ ਟੈਕਨੋਲੋਜੀ ਤੇ ਵਿਗਿਆਨ ਨੇ ਮਨੁੱਖ ਅਤੇ ਮਨੁੱਖੀ ਸਮਾਜ ਤੇ ਸਭਿਆਤਾ ਨੂੰ ਜੰਗਲਾਂ/ਗ਼ੁਫ਼ਾਵਾਂ ਵਿੱਚ ਰਾਹਇਸ਼ਾਂ ਦੇ ਜ਼ਮਾਨੇ ਤੋਂ ਅੱਜ ਤੱਕ ਲਿਆਉਣ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਿਗਿਆਨਕ ਖੋਜਾਂ ਕਰਨ ਅਤੇ ਵਿਗਿਆਨ ਵਿਚ ਗਿਆਨ ਇਕੱਤਰ ਕਰਨ ਲਈ ਵਰਤੀ ਜਾਣ ਵਾਲੀ ‘ਵਿਗਿਆਨਕ ਵਿਧੀ’ ਦਾ ਸਾਹ ਹੁੰਦਾ ਹੈ: ਤਰਕ। ਇਸ ਤਰ੍ਹਾਂ, ਤਰਕ, ਮਾਨਵਵਾਦ, ਅਤੇ ਵਿਗਿਆਨ, ਪ੍ਰਬੋਧਨ ਲਹਿਰ ਦੇ ਤਿੰਨ ਥੀਮ, ਉੱਨਤੀ ਜਾਂ ਪ੍ਰਗਤੀ ਨੂੰ ਜਨਮਦੇ ਤੇ ਚਲਾਉਂਦੇ ਰਹੇ, ਹੁਣ ਤੱਕ।

‘ਜੁਲਾਈ 4’ ਵੱਲ ਨੂੰ ਵਾਪਸ ਆਉਂਦੇ ਹੋਏ; ਇਸ ਲੇਖ ਦੇ ਸ਼ੁਰੂ ਵਿੱਚ ਜਦੋਂ ਮੈਂ ਕਿਹਾ, “ਅਮਰੀਕੀ ਲੋਕਾਂ ਵਲੋਂ ਹਰ ਵਰ੍ਹੇ ਮਨਾਇਆ ਜਾਣ ਵਾਲਾ ਦਿਵਸ, ਜੁਲਾਈ 4, ਇਸ ਸਾਲ ਸ਼ਨੀਵਾਰ ‘ਤੇ ਪੈਂਦਾ ਹੈ।” ਤਾਂ ਅਮਰੀਕਾ ਵਿੱਚ ਵਸਦੇ ਪਹਿਲੀ ਪੀੜ੍ਹੀ ਦੇ ਪੰਜਾਬੀ-ਅਮਰੀਕਨਾਂ ‘ਚੋਂ, ਜੇ ਸਾਰੇ ਨਹੀਂ, ਬਹੁਤ ਭਾਰੀ ਬਹੁ-ਗਿਣਤੀ ਨੇ ਆਪਣੇ ਆਪ ਨੂੰ “ਅਮਰੀਕੀ ਲੋਕਾਂ” ਵਿੱਚ ਸ਼ਾਮਲ ਨਹੀਂ ਕੀਤਾ ਹੋਵੇਗਾ। ਪਹਿਲੀ ਪੀੜ੍ਹੀ ਦੇ ਪੰਜਾਬੀ-ਅਮਰੀਕਨਾਂ ਤੋਂ ਮੇਰਾ ਭਾਵ ਉਨ੍ਹਾਂ ਪੰਜਾਬੀ ਇੰਮੀਗਰੈਂਟਾਂ ਤੋਂ ਹੈ ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲ ਚੁੱਕੀ ਹੈ। ਆਓ, ਉਸ ਦਿਨ ਤੋਂ ਹੀ ਸ਼ੁਰੂ ਕਰੀਏ ਜਿਸ ਦਿਨ ਨਾਗਰਿਕਤਾ, ਯਾਣਿ ਸਿਟੀਜ਼ਨਸ਼ਿਪ, ਮਿਲੀ ਸੀ। ਉਦਾਹਰਣ ਵਜੋਂ, ਜਦੋਂ ਮੈਨੂੰ ਅਮਰੀਕੀ ਨਾਗਰਿਕਤਾ ਮਿਲਣੀ ਸੀ ਤਾਂ ਮੈਂ ਉਸ ਦਿਨ ਜਦ ਅਮਰੀਕੀ ਨਾਗਰਿਕਤਾ ਦੀ ਸੌਂਹ ਚੁੱਕਣ ਲਈ ‘ਨਾਗਰਿਕਤਾ ਸਮਾਰੋਹ’, ਜਿਹਨੂੰ naturalization ceremony ਕਿਹਾ ਜਾਂਦਾ ਹੈ, ਵਿੱਚ ਹਾਜ਼ਰੀ ਭਰੀ ਸੀ, ਤਾਂ ਸੌਂਹ ਚੁੱਕਾਉਣ ਵਾਲੇ ਜੱਜ ਨੇ ਸਾਨੂੰ, ਸਾਰੇ ਸੌਂਹ-ਖਾਣਿਆਂ ਨੂੰ, ਸੰਬੋਧਨ ਕਰਦਿਆਂ ਕਿਹਾ: “ਹੁਣ ਤੋਂ ਤੁਸੀਂ ਸਾਰੇ ਅਮਰੀਕਨ ਹੋ; ਯੂਰਪੀਅਨ-ਅਮਰੀਕਨ, ਇੰਡੀਅਨ-ਅਮਰੀਕਨ, ਇਟੈਲੀਅਨ-ਅਮਰੀਕਨ, ਚਾਇਨੀਜ਼-ਅਮਰੀਕਣ, ਆਦਿ ਨਹੀਂ, ਬਲਕਿ ਅਮਰੀਕਨ।” ਇਸ ਤੋਂ ਬਾਅਦ ਮੈਨੂੰ ਉਸ ਸਮੇਂ ਦੇ ਅਮਰੀਕਨ ਪ੍ਰਧਾਨ, ਪ੍ਰਧਾਨ ਬਿੱਲ ਕਲਿੰਟਨ, ਦਾ ਰਸਮੀ ਖ਼ਤ ਮਿਲਿਆਂ, ਜਿਹਦੇ ਵਿੱਚ ਪ੍ਰਧਾਨ ਨੇ ਮੈਨੂੰ ‘ਮੇਰਾ ਸੰਗੀ ਅਮਰੀਕੀ’, ਜਾਣਿ ‘ਮਾਈ ਫ਼ੈਲੋ ਅਮੇਰਿਕਨ, ਕਹਿ ਕੇ ਸੰਬੋਧਨ ਕੀਤਾ ਸੀ। ਮੈਂ ਸ਼ਰਤ ਲਾਅ ਕੇ ਕਹਿ ਸਕਨਾਂ ਕਿ ਸਿਰਫ਼ ਬਾਕੀ ਪੰਜਾਬੀਆਂ ਦਾ ਹੀ ਨਹੀਂ, ਬਲਕਿ ਅਮਰੀਕੀ ਨਾਗਰਿਕਤਾ ਦੀ ਸੌਂਹ ਚੁੱਕਣ ਵਾਲੇ ਹਰੇਕ ਬੰਦੇ ਦਾ ਤਜਰਬਾ ਉੱਨੀ ਇੱਕੀ ਦੇ ਫ਼ਰਕ ਨਾਲ ਮੇਰੇ ਤਜਰਬੇ ਜਿਹਾ ਹੀ ਹੋਵੇਗਾ। ਅਸੀਂ ਅਮਰੀਕੀ ਨਾਗਰਿਕਤਾ ਦਾ ਕਾਰਡ/ਸਰਟੀਫ਼ੀਕੇਟ ਤੇ ਉਸ ਉੱਪਰ ਆਧਾਰਿਤ ਸੋਸ਼ਲ ਸਿਕਿਊਰਿਟੀ ਕਾਰਡ ਤੇ ਪਾਸਪੋਰਟ ਤਾਂ ਸਾਂਭ ਸਾਂਭ ਰੱਖਦੇ ਹਾਂ, ਪਰ ਸਾਡੇ ਵਿੱਚੋਂ ਬਹੁਤੇ ਸਾਨੂੰ ‘ਨਾਗਰਿਕਤਾ ਸਮਾਰੋਹ’ ਵਿੱਚ ਦੱਸੀ ਗੱਲ ਭੁੱਲ ਜਾਂਦੇ ਨੇ ਜਾਂ ਨਜ਼ਰ-ਅੰਦਾਜ਼ ਕਰ ਜਾਂਦੇ ਨੇ ਕਿ ਅਮਰੀਕੀ ਨਾਗਰਿਕ ਬਣਨ ਦੇ ਰਸਮੀ ਜਸ਼ਨ ਤੋਂ ਬਾਅਦ ਅਸੀਂ ਵੀ ਅਮਰੀਕਨ ਹਾਂ। ਅਸੀਂ ਜੋ ਇਸ ਦੇਸ਼ ਵਿੱਚ ਨਹੀਂ ਜੰਮੇ, ਇਸ ਦੇਸ਼ ਵਿੱਚ ਆਪਣੇ ਖ਼ਾਨਦਾਨ ਵਿੱਚ ਪਹਿਲੀ ਪੀੜ੍ਹੀ ਦੇ ਅਮੇਰਿਕਨ ਹਾਂ ਤੇ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਇਸ ਦੇਸ਼ ਦੇ ਪ੍ਰਧਾਨ ਤੇ ਉਪ-ਪ੍ਰਧਾਨ ਤੋਂ ਸਿਵਾਏ ਕੁਛ ਵੀ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਪਰ, ਅਸੀਂ ਅਮਰੀਕੀ ਨਾਗਰਿਕ ਹੁੰਦੇ ਹੋਏ ਵੀ ‘ਅਮਰੀਕੀ ਲੋਕਾਂ’ ਦਾ ਹਵਾਲਾ ‘ਇਥੋਂ ਦੇ ਲੋਕ’ ਜਾਂ ‘ਅਮੇਰਿਕਨ’ ਆਦਿ ਨਾਵਾਂ ਨਾਵਾਂ ਨਾਲ ਦਿਦੇ ਹਾਂ ਜਿਨ੍ਹਾਂ ਵਿੱਚ ਅਸੀਂ ਆਪਣੇ ਆਪ ਨੂੰ ਤਾਂ ਕੀ ਆਪਣੇ ਇੱਧਰ ਜੰਮੇ ਪਲੇ ਬੱਚਿਆਂ ਨੂੰ ਵੀ ਸ਼ਾਮਲ ਨਹੀਂ ਕਰਦੇ। ਆਪਾਂ ਵਿੱਚੋਂ ਕੁਝ ਤਾਂ ਸਿਰਫ਼ ‘ਗੋਰੇ’, ਭਾਵ ਯੂਰਪੀਅਨ ਮੂਲ ਵਾਲੇ, ਲੋਕਾਂ ਨੂੰ ਹੀ ਅਮਰੀਕਨ ਸਮਝਦੇ ਨੇ; ਉਨਾਂ ਭਾਣੇ ਕਿਸੇ ਵੀ ਮੂਲ ਦੇ ਕਾਲੇ/ਭੂਰੇ ਅਮਰੀਕਨ, ਨਹੀਂ ਹਨ ਅਮਰੀਕਨ। ਇਸ ਤਰ੍ਹਾਂ ਦਾ ਰਵੱਈਆਂ ਆਮ ਪੰਜਾਬੀ ਅਮਰੀਕਨਾਂ ਤੱਕ ਸੀਮਿਤ ਨਾ ਰਹਿ ਕੇ ਪੰਜਾਬੀ ਅਮਰੀਕਨਾਂ ਦੇ ਬੁੱਧੀਜੀਵੀ/ਲੇਖ਼ਕ ਤਬਕੇ ਦੇ ਵੱਡੇ ਹਿੱਸੇ ਵਿੱਚ ਵੀ ਘਰ ਚੁੱਕਿਆਂ ਹੈ; ਇਸ ਹਿੱਸੇ ਦੇ ਲੇਖ਼ਕ ਆਪਣੀਆਂ ਰਚਨਾਵਾਂ ਵਿੱਚ ਇਸ ਰਵੱਈਏ ਨੂੰ ਖ਼ੂਬ ਪੱਠੇ ਪਾਉਂਦੇ ਰਹਿਦੇ ਨੇ।

ਅਸਲ ਵਿੱਚ ਜੇ ਹਕੀਕਤ ਦਾ ਪੱਲਾ ਫੜ੍ਹੀ ਰੱਖੀਏ ਤਾਂ ਇਹ ਵਿਸ਼ਾਂ ਜਾਂ ਮੁੱਦਾ ਇੰਨਾ ਜਟਿਲ ਵੀ ਨਹੀਂ। ਜਦੋਂ ਬੰਦਾ ਇੱਕ ਦੇਸ਼ ਵਿੱਚ ਪੈਦਾ ਹੋ ਕੇ ਉਮਰ ਦੇ ਕਿਸੇ ਵੀ ਪੜਾਅ ‘ਤੇ ਕਿਸੇ ਦੂਜੇ ਦੇਸ਼ ਵਿੱਚ ਆਣ ਵਸੇ ਤੇ ਉਹਦੀ ਨਾਗਰਿਕਤਾ ਗ੍ਰਹਿਣ ਕਰ ਲਵੇ ਤਾਂ ਇਹ ਦੂਜਾ ਦੇਸ਼ ਬੰਦੇ ਦਾ ਦੇਸ਼ ਬਣ ਜਾਂਦਾ ਹੈ, ਜਿਹਨੂੰ ਆਪਣੀ ਮਰਜ਼ੀ ਜਾਂ ਆਪਣੀ ਚੋਣ ਦਾ ਦੇਸ਼, ਯਾਨਿ ਕਨਟ੍ਰੀ ਆਫ ਚੌਆਇਸ, ਵੀ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਦੇਸ਼ ਨੂੰ ਜਨਮ ਦੇਸ਼ ਜਾਂ ਮੁੱਢਲਾ ਦੇਸ਼ ਕਿਹਾ ਜਾਂਦਾ ਹੈ। ਇੱਕ ਪਿੱਛੇ ਰਹਿ ਗਿਆ ਜਨਮ-ਦੇਸ਼ ਤੇ ਦੂਜਾ ਹੁਣ ਦਾ ਦੇਸ਼: ਪ੍ਰਦੇਸ਼ ਕੋਈ ਨਹੀਂ ਹੁੰਦਾ ਹੈ। ਇਹ ਇਸ ਸਥਿਤੀ ਪ੍ਰਤੀ ਉਚਿਤ, ਵਾਜਵ, ਤੇ ਸਹਿਜ ਪਹੁੰਚ ਹੈ, ਜੋ ਹਕੀਕਤ ਉੱਪਰ ਆਧਾਰਿਤ ਹੈ, ਤੇ ਕਈ ਅੱਡ ਅੱਡ ਮਾਤ-ਭੂਮੀ ਦੇਸ਼ਾ ਤੋਂ ਕੈਨੇਡਾ ਜਾਂ ਅਮਰੀਕਾ ਆਣ ਵਸੇ ਵਿਅੱਕਤੀਆਂ ਨੂੰ ਮੈਂ ਇਸ ਪਹੁੰਚ ਅਪਣਾਉਂਦੇ ਵੇਖਿਆ ਹੈ। ਪਰ ਪੰਜਾਬੀ ਲੋਕਾਂ ਵਿੱਚ, ਇਸ ਪਹੁੰਚ ਦੇ ਸਮਰਥਕ ਆਮ ਬੰਦੇ ਤੇ ਲੇਖਕ ਬਹੁਤ ਘੱਟ ਗਿਣਤੀ ਵਿੱਚ ਨੇ, ਆਟੇ ਵਿੱਚ ਲੂਣ ਬਰਾਬਰ। ਬਾਹਲੇ ਪੰਜਾਬ ‘ਚ ਜੰਮੇ ਤੇ ਦੂਜੇ ਦੇਸ਼ਾਂ ਵਿੱਚ ਆ ਵਸੇ ਪੰਜਾਬੀ ਦੂਜੇ ਦੇਸ਼ ਨੂੰ ਵਿਦੇਸ਼ ਸਮਝ ਕੇ ਆਪੇ ਸਿਰਜਿਆ (ਜਾਂ ਅਕਸਰ ਪੰਜਾਬੋਂ/ਭਾਰਤੋਂ ਲਿਆ) ਪਰਵਾਸੀ/ਵਿਦੇਸ਼ੀ ਹੋਣੇ ਦਾ ਸੰਤਾਪ ਰਹਿੰਦੀ ਜ਼ਿੰਦਗੀ ਭੋਗਦੇ ਰਹਿੰਦੇ ਨੇ। ਆਪਣੀ ਹੀ ਚੋਣ ਦੇ ਦੇਸ਼ ਵਿੱਚ ਪਰਵਾਸੀ, ਉਸ ਦੇਸ਼ ਦੇ ਸਿਸਟਮ ਵਿੱਚ ਪਲਦੇ, ਪੜ੍ਹਦੇ, ਤੇ ਨੌਕਰੀਆਂ ਕਰਦੇ ਆਪਣੇ ਬੱਚਿਆਂ ਵਿੱਚਕਾਰ ਖ਼ੁਦ ਪਰਵਾਸੀ, ਉਸ ਦੇਸ਼ ਦੇ ਨਾਗਰਿਕ ਦੇ ਬਾਵਜੂਦ ਵੀ।

ਉੱਧਰ ਪੰਜਾਬ/ਭਾਰਤ ਵਿੱਚ ਰਹਿੰਦੇ ਬਾਹਲੇ ਲੇਖਕ ਤੇ ਆਲੋਚਕ ਦੂਜੇ ਦੇਸ਼ੀਂ ਆ ਆਣ ਵਸੇ ਲੇਖਕਾਂ ਨੂੰ ਪਰਵਾਸੀ/ਵਿਦੇਸ਼ੀ ਹੋਣ ਦਾ ਖ਼ਿਤਾਬ ਦੇ ਦੇ ਕੇ ਉਨ੍ਹਾਂ ਦੀਆਂ ਰਚਨਾਵਾਂ ‘ਚੋਂ ਉਨ੍ਹਾਂ ਦਾ ਪਿਛੋਕੜ ਲੱਭਦੇ ਰਹਿੰਦੇ ਹਨ: “ਇਸ ਰਚਨਾ ‘ਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਹੈ”, ਆਦਿ, ਖ਼ੁਦ ਪੰਜਾਬ/ਭਾਰਤ ਵਿੱਚ ਆਪਣੀਆਂ ਤੇ ਇਕ ਦੂਜੇ ਦੀਆਂ ਰਚਨਾਵਾਂ ਨੂੰ ਦੇਖ ਕੇ ਵਾਰਿਸ਼ ਸ਼ਾਹ, ਬੁੱਲੇ ਸ਼ਾਹ, ਤੇ ਸ਼ਿਵ ਵਰਗਿਆਂ ਨੂੰ ਹਾਕਾਂ ਮਾਰਨ ਲੱਗਦੇ ਨੇ। ਪੰਜਾਬ/ਭਾਰਤ ਰਹੀਏ ਜਾਂ ਪੰਜਾਬੋਂ/ਭਾਰਤੋਂ ਬਾਹਰ, ਸ਼ਾਇਦ ਸਾਡੀ ਮਹਿਕ ਜਾਂ ਗਿਆਨ ਇੰਦਰੀ ਵਿਚੋਂ ‘ਹੁਣ’ ਦੀ ਮਹਿਕ ਜਾਂ ਸੋਚ ਦਾ ਸੈਂਸਰ ਗ਼ਾਇਬ ਹੈ। ਇਹ ਹਕੀਕਤ ਸ਼ਾਇਦ ਇਸ ਗੱਲ ਦੀ ਹੀ ਤਰਜ਼ਮਾਨੀ ਕਰਦੀ ਹੈ ਕਿ ਅਸੀਂ ਪੰਜਾਬੀ ਲੋਕ ਕਿੰਝ ਅੱਜ ਜਾਂ ਭਲਕ ਦੇ ਵਿਚਾਰਾਂ ਤੇ ਸੋਚ ਤੋਂ ਕੰਨੀ ਕਤਰਾ ਕੇ ਭੂਤ-ਮੁਖੀ ਸੋਚ ਤੇ ਪਹੁੰਚ ਅਪਣਾਉਂਦੇ ਹੋਏ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਆਪਣੇ ਪਿਛੋਕੜ ਵਿੱਚੋਂ ਲੱਭਣ ਤੁਰ ਪੈਂਦੇ ਆਂ। ਸੋ, ਇਸ ਪਰਵਾਸੀ ਰਵੱਈਏ ਦਾ ਪ੍ਰਦਰਸ਼ਨ ਅਸੀ ਭਾਰਤੀ, ਖ਼ਾਸ ਕਰ ਪੰਜਾਬੀ, ਸਾਰੇ ਪੱਛਮੀ ਦੇਸ਼ਾਂ ਵਿੱਚ ਕਰਦੇ ਆਂ ਕਿਉਂਕਿ ਇਹਦੀਆਂ ਜੜ੍ਹਾਂ ਅਸੀ ਆਪਣੇ ਜਨਮ-ਦੇਸ਼ ਤੋਂ ਲੈ ਕੇ ਆਉਂਦੇ ਆਂ;  ਭੂਤ-ਮੁਖੀ ਪਿਛਲ-ਝਾਤ ਤੇ ਜੜ੍ਹਤਾ (ਤਬਦੀਲੀ ਦਾ ਸਹਿਜ ਵਿਰੋਧ) ਦੀ ਸਾਡੇ ਵਿੱਚ ਕੋਈ ਕਮੀ ਨਹੀਂ: “ਕਹੀਂ ਬਦਲ ਨਾ ਜਾਨਾ ਸਨਮ”। ਮੁੱਕਦੀ ਗੱਲ, ਬਾਹਲੇ ਪੰਜਾਬ/ਭਾਰਤ ਵਿੱਚਲੇ ਤੇ ਪੰਜਾਬੋਂ/ਭਾਰਤੋਂ ਬਾਹਰ ਦੂਜੇ ਦੇਸ਼ਾਂ ਵਿੱਚ ਆ ਵਸੇ ਪੰਜਾਬੀ ਲੇਖਕਾਂ ਵਲੋਂ ‘ਪਰਵਾਸੀ’ ਸ਼ਬਦ ਦਾ ਅਰਥ ਕੁਛ ਤਰ੍ਹਾਂ ਦਾ ਚਿਤਰਿਆਂ ਤੇ ਉਭਾਰਿਆਂ ਜਾਂਦਾ ਹੈ: ਵਿਦੇਸ਼ੀ, ਨਾ ਘਰ ਦੇ ਨਾ ਘਾਟ ਦੇ, ਖ਼ਾਨਾ-ਬਦੋਸ਼, ਵਿਚਾਰੇ, ਇਨ੍ਹਾਂ ਵਲੋਂ ਖ਼ੁਦ ਚੁਣਿਆਂ ਹੋਇਆ ਦੇਸ਼ ਵੀ ਇਨ੍ਹਾਂ ਦਾ ਦੇਸ਼ ਨਹੀਂ, ਇਨ੍ਹਾਂ ਨੂੰ ‘ਮਿਲੀ ਸਜ਼ਾ ਵਾਂਗੂ’ ਜੱਗੋਂ ਬਾਹਰੀ ਸਖ਼ਤ ਮੇਹਨਤ ਕਰਨੀ ਪੈਂਦੀ ਆ, ਵਗ਼ੈਰਾ-ਵਗ਼ੇਰਾ।

ਪਰਵਾਸੀ ਸ਼ਬਦ ਦਫ਼ਤਰੀ ਤੌਰ ‘ਤੇ ਅੰਗਰੇਜ਼ੀ ਦੇ ਸ਼ਬਦ ਇੰਮੀਗਰੈਂਟ ਦਾ ਉਲਥਾ ਹੈ, ਪਰ, ਜਿਓਂ ਮੈਂ ਉੱਪਰ ਬਿਆਨ ਕੀਤਾ ਹੈ, ਅਸੀਂ ਇਹਦਾ ਹੋਰ ਹੀ ਕੁਝ ਬਣਾ ਛੱਡਿਆਂ ਹੈ। ਇਹ ਵਿਗ਼ੜਿਆ ਅਰਥ ਅਸੀਂ ਆਪਣੇ ਜਨਮ ਦੇਸ਼ ਤੋਂ ਹੀ ਲੈ ਆਉਂਦੇ ਹਾਂ, ਮਿਸਾਲ ਵਜੋਂ, ਜਿੱਥੇ ਮਿਸਾਲ ਵਜੋਂ ਬਿਹਾਰ ਤੋਂ ਪੰਜਾਬ ਕੰਮ ਕਰਨ ਪੁੱਜਿਆ ਬੰਦਾ ਆਪਣੇ ਹੀ ਦੇਸ਼ ਵਿੱਚ ‘ਬਿਹਾਰ ਦਾ ਪਰਵਾਸੀ ਭਈਆ’ ਬਣ ਜਾਂਦਾ ਹੈ। ਤੁਸੀਂ ਇੱਧਰ ਅਮਰੀਕਾ, ਜਾਂ ਕੈਨੇਡਾ, ਵਿੱਚ ਕੰਮ ਜਾਂ ਕਿਸੇ ਹੋਰ ਕਾਰਣ ਇੱਕ ਤੋਂ ਦੂਜੇ ਸੂਬੇ ਨੂੰ ਮੂਵ ਕਰਨ ਵਾਲੇ ਬੰਦੇ ਜਾਂ ਪਰਵਾਰ ਉੱਪਰ ਕੀ ਕਦੀ ਪਰਵਾਸੀ ਹੋਣ ਦਾ ਠੱਪਾ ਲੱਗਦਿਆਂ ਦੇਖਿਆ ਹੈ? 

     ਅੱਜ ਜਿਸ ਤਰਾਂ ਦਾ ਵੀ ਹੈ, ਇਸ ਦੇਸ਼ (ਅਮਰੀਕਾ) ਇੰਮੀਗਰੈਂਟਾਂ ਨੇ ਸ਼ੁਰੂ ਕੀਤਾ ਤੇ ਉਸਾਰਿਆਂ ਹੈ। ਆਦਿਵਾਸੀ ਅਮਰੀਕੀਆਂ ਤੋਂ ਇਲਾਵਾ, ਅੱਜ ਵੀ ਇਸ ਦੇਸ਼ ਦਾ ਹਰ ਇੱਕ ਵਿਅਕਤੀ ਜਾਂ ਟੱਬਰ ਜਾਂ ਤਾਂ ਇੰਮੀਗਰੈਂਟ ਹੈ, ਤੇ ਜਾਂ ਉਹਦੀਆਂ ਜੜਾਂ ਇਸ ਦੇਸ਼ ਵਿੱਚ ਇੱਕ ਇੰਮੀਗਰੈਂਟ ਵਿਅਕਤੀ ਜਾਂ ਟੱਬਰ ਤੱਕ ਪਹੁੰਚਦੀਆਂ ਹਨ। ਏਥੇ ਪਹਿਲੇ ਇੰਮੀਗਰੈਂਟ ਲੜਾਈਆਂ ਦੇ ਨੋਚੇ ਹੋਏ ਯੂਰਪ ਵਿੱਚੋਂ ਚੰਗੇਰੀ ਜ਼ਿੰਦਗੀ ਦੀ ਭਾਲ ਕਰਦੇ ਸੰਨ 1620 ਵਿੱਚ ਆਉਣੇ ਸ਼ੁਰੂ ਹੋਏ, ਜਦੋਂ ‘ਮੇਅ ਫਲਾਵਰ’ ਨਾਂ ਦੇ ਸਮੁੰਦਰੀ-ਜਹਾਜ਼ ‘ਤੇ ਪਹਿਲੇ 102 ਯਾਤਰੀਆਂ ਅਮਰੀਕਾ ਦੇ ਪੂਰਬੀ ਤੱਟ ‘ਤੇ ਉੱਤਰੇ;  ਜਿਨ੍ਹਾਂ ਨੂੰ ਅਮਰੀਕੀ ਇਤਿਹਾਸ ਵਿੱਚ ਸਤਿਕਾਰ ਨਾਲ ਫ਼ਸਟ ਸੇਟਲਰਜ਼ ਜਾਂ ਪਿਲਗਰਿਮਜ਼ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਸ ਜ਼ਮੀਨ ਨੂੰ ਆਪਣੀ ਸਮਝ ਕੇ ਪਿਛਲ-ਝਾਤ ਦੀ ਬਜਾਏ ਅਗਾਂਹ-ਮੁਖੀ ਸੋਚ ਅਪਨਾਉਂਦੇ ਹੋਏ ਇੱਥੇ ਆਪਣੇ ਪਰਵਾਰ ਵਸਾਉਂਦੇ ਹੋਏ ਇਸ ਦੇਸ਼ ਦੀ ਉਸਾਰੀ ਆਰੰਭੀ, ਅਤੇ ਉਹਨਾਂ ਦੇ ਬਾਅਦ ਹੌਲੀ ਹੌਲੀ ਸੰਸਾਰ ਦੇ ਵੱਖ ਵੱਖ ਭਾਗਾਂ ‘ਚੋਂ ਆਉਣ ਵਾਲੇ ਇੰਮੀਗਰੈਂਟਾਂ ਤੇ ਇੰਮੀਗਰੈਂਟਾਂ ਦੀ ਔਲਾਦ ਦੀਆਂ ਪੀੜ੍ਹੀਆਂ ਨੇ ਇਸ ਉਸਾਰੀ ਜਾਰੀ ਰੱਖੀ। ਇਹ ਕੰਮ ਇੰਮੀਗਰੈਂਟਾਂ ਨੇ ਅਕਸਰ ਇਸ ਦੇਸ਼ ਨੂੰ ਆਪਣਾ ਦੇਸ਼ ਸਮਝ ਕੇ ਭਵਿੱਖ-ਮੁਖੀ ਪਹੁੰਚ ਅਪਣਾਉਂਦਿਆਂ ਕੀਤਾ। ਯਾਦ ਰਹੇ, ਇੰਮੀਗਰੈਂਟਾਂ, ਯਾਣਿ ਕਿ ਉਸ ਸਮੇਂ ਦੇ ਪਹਿਲੀ ਪੀੜ੍ਹੀ ਦੇ ਅਮਰੀਕੀਆਂ, ਨੇ ਅਮਰੀਕੀ ਆਜ਼ਾਦੀ ਦੇ ਇਨਕਲਾਬੀ ਯੁੱਧ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਇਹ ਅਰਥ ਤੇ ਰੋਲ ਰਿਹਾ ਹੈ ਇੰਮੀਗਰੈਂਟਾਂ ਦਾ, ਇਸ ਦੇਸ਼  ਵਿੱਚ। ਇੰਮੀਗਰੈਂਟ ਦਾ ਇਹ ਅਰਥ, ਪਰਵਾਸੀ ਸ਼ਬਦ ਦੇ ਉੱਪਰ ਚਰਚਿਤ ਉਨ੍ਹਾਂ ਅਰਥਾਂ ਤੋਂ ਵੱਖਰੇ ਹਨ ਜੋ ਸਾਡੇ ਵਿੱਚੋਂ ਬਾਹਲੇ ਪੰਜਾਬੀ ਅਮਰੀਕਣ, ਸਣੇ ਲੇਖ਼ਕ, ਵਰਤਦੇ ਤੇ ਹੰਡਾਉਂਦੇ ਨੇ। ਇੰਮੀਗਰੈਂਟ ਦਾ ਇਹ ਅਰਥ ਸਾਡੇ ਵਿੱਚੋਂ ਬਾਹਲੇ ਪੰਜਾਬੀ ਅਮਰੀਕਣਾਂ ਦੇ ‘ਅਮਰੀਕਾ’ ਤੇ ‘ਅਮਰੀਕਨ’ ਪ੍ਰਤੀ ਧਾਰੇ ਜਾਂ ਅਪਨਾਏ ਰਵੱਈਏ ਤੋਂ ਵੀ ਵੱਖਰੇ ਨੇ, ਜਿਸ ਰਵੱਈਏ ਦੀ ਮੈਂ ਹੱਥਲੇ ਲੇਖ ਵਿੱਚ ਗੱਲ ਕਰ ਰਿਹਾ ਹਾਂ। ਇੱਥੇ ਮੈਂ ਇਹ ਗੱਲ ਸਪੱਸ਼ਟ ਕਰ ਦਿਆਂ ਕਿ ਮੇਰੇ ਮਨ ਵਿੱਚ ਭੋਰਾ ਭਰ ਵੀ ਸ਼ੱਕ ਨਹੀਂ ਕਿ ਅਸੀਂ ਪੰਜਾਬੀ ਇੰਮੀਗਰੈਂਟਾਂ ਨੇ ਏਥੇ ਆਪਣੇ ਕਰੀਬ ਸੌ ਸਾਲਾਂ ਤੋਂ ਵੀ ਲੰਬੇ ਸਮੇਂ ‘ਤੇ ਫੈਲਰੇ ਇਤਿਹਾਸ ਦੌਰਾਨ ਇਸ ਦੇਸ਼ ਦੀ ਉਸਾਰੀ ਵਿੱਚ ਆਪਣਾ ਮਹੱਤਵਪੂਰਣ ਹਿੱਸਾ ਪਾਇਆਂ ਹੈ, ਦੂਸਰੇ ਭਾਈਚਾਰਿਆਂ ਵਾਂਗੂੰ ਹੀ। ਪਰ, ਇਸ ਲੇਖ ਵਿੱਚ ਮੈਂ ਇਸ ਪਰਵਾਸੀ-ਮਾਰਕਾ ਰਵੱਈਏ ਦੀ ਗੱਲ ਤਾਂ ਕਰ ਰਿਹਾਂ ਹਾਂ ਕਿਉਂਕਿ ਇਸ ਰਵੱਈਏ ਦੇ ਵੀ ਅਮਲੀ ਨਤੀਜੇ ਨਿੱਕਲਦੇ ਹਨ ਜੋ ਸਾਡੀ ਜ਼ਿੰਦਗੀ ਉੱਪਰ ਮਾਰੂ ਪ੍ਰਵਾਭ ਪਾਉਂਦੇ ਹਨ। 

ਇਹ ਮਾਰੂ ਪ੍ਰਭਾਵ ਘਰ ਤੋਂ ਸ਼ੁਰੂ ਹੁੰਦੇ ਨੇ। ਜਦੋਂ ਅਸੀਂ ਇਸ ਦੇਸ਼ ਨੂੰ ਆਪਣਾ ਨਾ ਸਮਝਦੇ ਹੋਏ, ਇਹਦੇ ਵਿਸ਼ਾਲ ਵਿਭਿੰਨਤਾ ਵਾਲੇ ਸਾਮਾਜਿਕ ਤੇ ਰਾਜਨੀਤਕ ਜੀਵਨ ਵਿੱਚ ਦਿਲਚਸਪੀ ਨਹੀਂ ਲੈਂਦੇ ਤੇ ਆਪਣੇ ਤੰਗ ਭਾਈਚਾਰੇ ਤੱਕ ਹੀ ਸੀਮਿਤ ਰਹਿੰਦੇ ਹਾਂ, ਤਾਂ ਇਸ ਦੇਸ਼ ਦੇ ਸਿਸਟਮ ਵਿੱਚ ਪਲਦੀ, ਪੜ੍ਹਦੀ, ਤੇ ਨੌਕਰੀਆਂ ਕਰਦੀ ਆਪਣੀ ਔਲਾਦ ਦੀ ਸਮਝ ਅਤੇ ਆਪਣੀ ਸਮਝ ਵਿਚਕਾਰ ਬੇਸਮਝੀ ਦੀ ਖਾਈ ਪੁੱਟ ਲੈਂਦੇ ਹਾਂ। ਸਾਡੇ ਵਿੱਚੋਂ ਚੋਖੀ ਗਿਣਤੀ ਵਿੱਚ ਕਈ, ਆਪਣੀ ਰਹਿੰਦੀ ਉਮਰ ਖਾਈ ਦੇ ਇਸ ਪਾਰ ਖੜੋ, ਖਾਈ ਦੇ ਉਸ ਪਾਰ ਖੜੀ ਆਪਣੀ ਔਲਾਦ ਨਾਲ ਖ਼ਹਿਬੜਦੇ ਖ਼ਹਿਬੜਦੇ ਬਿਤਾ ਦਿੰਦੇ ਨੇ, ਅਤੇ ਕਈ ਕੁਝ ਦਬਾਅ ਪਾ ਕੇ ਔਲਾਦ ਨੂੰ ਆਪਣੇ ਪਾਸੇ ਨੂੰ ਧੂਹਣ ਵਿੱਚ ਕਾਮਯਾਬ ਜਾਂਦੇ ਹਨ। ਪਰ ਇਸ ਕਾਮਯਾਬੀ ‘ਤੇ ਚਾਹੇ ਅਸੀਂ ਲੱਖ ਪਿੱਠਾਂ ਜਾਂ ਹਿੱਕਾਂ ਥਾਪੜਦੇ ਜੇਤੂ ਬਣ ਬਣ ਕੇ ਫਿਰੀਏ, ਕੌੜ੍ਹਾ ਸੱਚ ਤਾਂ ਇਹ ਹੈ ਕਿ ਸਾਡੀ ਇਹ ‘ਜਿੱਤ’ ਬੇਸਮਝੀ ਦੀ ਖਾਈ ਨੂੰ ਧੱਕ ਕੇ ਸਾਡੀ ਔਲਾਦ ਅਤੇ ਬਾਹਰਲੇ ਵਿਸ਼ਾਲ ਸਮਾਜ ਵਿਚਕਾਰ ਨੂੰ ਕਰ ਦਿੰਦੀ ਹੈ ਤੇ ਇੰਝ ਔਲਾਦ ਦੇ ਭਵਿੱਖ ਵਿੱਚ ਕੰਡੇ ਬੀਜ ਦਿੰਦੀ ਹੈ। ਔਲਾਦ ਨੂੰ ਇਹ ਖਾਈ ਬਾਅਦ ਦੀ ਜ਼ਿੰਦਗੀ ਦੇ ਧੌਲ ਧੱਫੇ ਖਾਕੇ ਹੌਲੀ ਹੌਲੀ ਆਪ ਹੀ ਪਾਰ ਕਰਨੀ ਪੈਂਦੀ ਹੈ ਜਾਂ ਸਾਰੀ ਜ਼ਿੰਦਗੀ ਇਸ ਖਾਈ ਦੀ ਸਜ਼ਾ ਅਸਫ਼ਲਤਾਵਾਂ ਦੇ ਰੂਪ ਵਿੱਚ ਭੁਗਤਣੀ ਪੈਂਦੀ ਹੈ।

ਮੈਂ ਏਸ ਗੱਲੋਂ ਵੀ ਭਲੀਭਾਂਤ ਜਾਣੂ ਹਾਂ ਕਿ ਇੰਮੀਗਰੈਂਟਾਂ, ਯਾਨਿ ਪਹਿਲੀ ਪੀੜ੍ਹੀ ਦੇ ਅਮੇਰਿਕਨਾਂ, ਦੇ ਕੁਝ ਆਪਣੇ ਹੀ ਅਲੱਗ ਮੁੱਦੇ ਤੇ ਮਸਲੇ ਹੁੰਦੇ ਨੇ ਜਿਵੇਂ ਪਿੱਛੇ ਰਹਿ ਗਏ ਜਨਮ ਦੇਸ਼ ਦਾ ਹੇਰਵਾ, ਤੇ ਆਪਣੇ ਨਵੇਂ ਦੇਸ਼ ਵਿੱਚ ਵਸਣ ਦੀ ਪ੍ਰਕਿਰਿਆ ਦੌਰਾਨ ਆਉਂਦੀਆਂ ਮੁਸ਼ਕਲਾਂ। ਪਰ ਉਹ ਮੁੱਦੇ ਤੇ ਮਸਲੇ ਕਿਸੇ ਵੀ ਮਾਤ-ਭੂਮੀ ਵਾਲੇ ਦੇਸ਼ਾਂ ਤੋਂ ਆਏ ਇੰਮੀਗਰੈਂਟਾਂ ਦੇ ਸਾਂਝੇ ਹੁੰਦੇ ਨੇ। ਨਾਲੇ, ਜਿਸ ਪਰਵਾਸੀ-ਮਾਰਕਾ ਰਵੱਈਏ ਦੀ ਮੈਂ ਉੱਪਰ ਗੱਲ ਕੀਤੀ ਹੈ, ਉਹ ਰਵੱਈਆ ਇਨ੍ਹਾਂ ਮੁਸ਼ਕਲਾਂ ਦੇ ਹੱਲ ਕੱਢਣ ਵਿੱਚ ਸਹਾਈ ਹੋਣ ਦੀ ਬਜਾਏ ਇਨ੍ਹਾਂ ਮੁਸ਼ਕਲਾਂ ਨੂੰ ਵਧਾਉਂਦਾ ਹੀ ਹੈ। ਇਹ ਵੀ ਸੱਚ ਹੈ ਕਿ ਹੋਰ ਦੇਸ਼ਾਂ ਵਾਂਗ ਹੀ ਇਸ ਦੇਸ਼ ਦੇ ਇਤਿਹਾਸ ਵਿੱਚ ਵੀ ਹਮੇਸ਼ਾ ਸੱਭ ਕੁਛ ਠੀਕ-ਠਾਕ ਨਹੀਂ ਰਿਹਾ, ਅਤੇ ਸਮੇਂ ਸਮੇਂ ਵੱਖ ਵੱਖ ਇੰਮੀਗਰੈਂਟ ਗਰੁੱਪਾਂ ਨਾਲ ਵਿਤਕਰੇ ਹੁੰਦੇ ਰਹੇ ਹਨ, ਤੇ ਅੱਜ ਵੀ ਹੋ ਰਹੇ ਨੇ। ਪਰ ਇਹ ਸਮੱਸਿਆਵਾਂ ਵੀ ਏਸ ਲੇਖ ਵਿੱਚ ਰਚਚਿਤ ਪਰਵਾਸੀ-ਮਾਰਕਾ ਰਵੱਈਆ ਅਪਣਾ ਕੇ ਨਹੀਂ ਸਗੋਂ ਇਸ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਹੀ ਹੱਲ ਕੀਤੀਆਂ ਜਾਂਦੀਆਂ ਨੇ। ਇਸ ਦੇਸ਼ ਨੂੰ ਅਪਣਾ ਕੇ ਵੀ, ਆਪਣਾ ਨਾ ਸਮਝਣਾ, ਤਾਂ ਮੁੱਢੋਂ ਢੇਰੀ ਢਾਉਣ ਵਾਲੀ ਗੱਲ ਹੈ।

ਇਸ ਲੇਖ ਵਿੱਚ ਜੋ ਮੈਂ ਹੁਣ ਤੱਕ ਕਿਹਾ ਉਹਦੇ ਪ੍ਰਸੰਗ ਵਿੱਚ, ਇੱਕ ਲੇਖਕ ਹੋਣ ਦੇ ਜ਼ਰੀਏ ਮੇਰਾ ਬਹੁਤ ਜੀਅ ਕਰਦਾ ਹੈ, ਜਾਂ ਇੰਝ ਸਮਝੋ ਕਿ ਜੇ ਮੇਰਾ ਵੱਸ ਚੱਲੇ ਤਾਂ, ਮੈਂ ਆਪਣੇ ਸੰਗੀ ਪੰਜਾਬੀ ਅਮਰੀਕਣ ਲੇਖਕਾਂ ਨੂੰ ਕਹਾਂ: ਆਉ, ਆਪਣੀ ਚੋਣ ਦੇ, ਆਪਣੇ ਅਪਨਾਏ ਹੋਏ, ਆਪਣੇ ਇਸ ਦੇਸ਼ ਦੀ ਜ਼ਮੀਂ ਉੱਪਰ ਆਪੇ ਰਚੀ, ਭਾਰਤ/ਪੰਜਾਬ ਤੋਂ ਲਈ, ਵਿਦੇਸ਼ੀ/ਪਰਵਾਸੀ ਸ਼ੋਕ ਸਭਾ ਦੀ ਵਿਛਾਈ ਦਰੀ ਲਪੇਟ ਲਈਏ। ਇੱਕ ਪੰਜਾਬੀ ਬੰਦਾ ਹੋਣ ਦੇ ਨਾਤੇ ਮੇਰਾ ਬਹੁਤ ਜੀਅ ਕਰਦਾ ਹੈ ਕਿ ਮੈਂ ਆਪਣੇ ਸੰਗੀ ਪੰਜਾਬੀ ਅਮਰੀਕਣਾਂ ਨੂੰ ਕਹਾਂ: ਆਓ, ਆਪਣੀ ਚੋਣ ਦੇ, ਆਪਣੇ ਅਪਨਾਏ ਹੋਏ, ਆਪਣੇ ਇਸ ਦੇਸ਼ ਅਮਰੀਕਾ, ਇਹਦੇ ਕੌਮੀ ਤਿਉਹਾਰਾਂ, ਤੇ ਇਹਦੇ ਹੋਰ ਲੋਕਾਂ ਨੂੰ ਸੌਕਣਾਂ ਵਾਂਗੂ ਦੇਖਣ ਦੀ ਬਜਾਏ, ਇਨਾਂ ਸੱਭ ਨੂੰ ਅਸਲ ਵਿੱਚ ਅਪਣਾਈਏ, ਗੋਰੇ, ਕਾਲੇ, ਭੂਰੇ, ਸੱਭ ਲੋਕਾਂ ਨੂੰ। ਅਪਣਾਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਣਾ ਸੱਭ ਕੁਛ ਛੱਡ ਦੇਈਏ। ਏਥੇ ਅਪਣਾਉਣ ਦਾ ਮਤਲਬ ਹੈ ਕਿ ਵਾਦੀਆਂ, ਪਹਾੜਾਂ, ਰੁੱਤਾਂ, ਬਰਫ਼ਾਂ, ਧੁੰਦਾਂ, ਤੇ ਬਾਰਿਸ਼ਾਂ ਸਮੇਤ ਅਮਰੀਕਾ ਨੂੰ ਆਪਣਾ ਦੇਸ਼ ਸਮਝੀਏ; ਤੇ ਏਥੇ ਰਹਿਣ ਵਾਲੇ ਹੋਰ ਲੋਕਾਂ ਨੂੰ ਆਪਣੇ ਦੇਸ਼ ਵਾਸੀ। ਅਪਣਾਉਣ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਆਪਣੇ ਪੰਜਾਬੀ ਭਾਈਚਾਰੇ ਤੋਂ ਬਾਹਰਲੇ ਆਪਣੇ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ, ਰਿਵਾਜ਼, ਤਿਉਹਾਰ ਆਦਿ ਸਾਂਝੇ ਕਰੀਏ ਅਤੇ ਉਹਨ੍ਹਾਂ ਦੇ ਵਿਚਾਰਾਂ, ਰਿਵਾਜ਼ਾਂ, ਤਿਉਹਾਰਾਂ ਆਦਿ ਨੂੰ ਸਮਝਣ ਕੋਸ਼ਿਸ਼ ਕਰੀਏ। ਹੋਰ, ਅਪਣਾਉਣ ਦਾ ਮਤਲਬ ਹੈ ਕਿ ਆਪਣੇ ਪੰਜਾਬੀ ਭਾਈਚਾਰੇ ਦੀਆਂ ਮੁਸ਼ਕਲਾਂ, ਹੋਰ ਭਾਈਚਾਰਿਆਂ ਦੀਆਂ ਮੁਸ਼ਕਲਾਂ, ਤੇ ਆਪਣੇ ਦੇਸ਼ ਅਮਰੀਕਾ ਦੀਆਂ ਕੌਮੀ ਮੁਸ਼ਕਲਾਂ ਤੇ ਮੁੱਦਿਆਂ ਤੋਂ ਜਾਣੂ ਰਹੀਏ; ਅਤੇ ਇਨ੍ਹਾਂ ਮੁਸ਼ਕਲਾਂ ਹੱਲ ਲਈ ਆਪਣੀ ਵਿੱਤ ਮੂਜਬ ਇਸ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਈਏ; ਮਿਸਲ ਵਜੋਂ, ਮੁੱਦਿਆਂ ਤੋਂ ਜਾਣੂ ਰਹਿੰਦੇ ਹੋਏ ਚੋਣਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਈਏ ਤੇ ਵੋਟ ਦੀ ਵਰਤੋਂ ਕਰੀਏ, ਜਾਗਰੂਕ ਹੋ ਕੇ। ਇਹੋ ਜਿਹਾ ਆਪਣੇਪਣ ਦਾ ਰਵੱਈਆਂ ਸਾਨੂੰ ਆਪਣੀ ਏਥੇ ਜੰਮਦੀ/ਪਲਦੀ ਔਲਾਦ ਨੂੰ ਵੀ ਹੋਰ ਵੀ ਚੰਗੀ ਤਰ੍ਹਾਂ ਸਮਝਣ ਤੇ ੳਸ ਨਾਲ ਨੇੜਤਾ ਵਧਾਉਣ ਵਿੱਚ ਵੀ ਸਹਾਈ ਹੋਏਗਾ। ਇਹੋ ਜਿਹਾ ਆਪਣੇਪਣ ਦਾ ਰਵੱਈਆਂ ਹੀ ‘ਪਰਵਾਸ’ ਰੋਗ ਦਾ ਇਲਾਜ ਅਸਲੀ ਹੈ। 

ਬਾਕੀ, ਆਪਣਾ ਮੁੱਢਲਾ, ਯਾਣਿ ਮਾਤ-ਭੁਮੀ, ਦੇਸ਼ ਤਾਂ ਆਪਣਾ ਹੀ ਰਹਿੰਦਾ ਹੈ, ਕੋਈ ਵੀ ਉਸ ਆਪਣੇਪਨ ਨੂੰ ਸਾਥੋਂ ਖੋਹ ਨਹੀਂ ਸਕਦਾ, ਭਾਰਤ ਸਰਕਾਰ ਵੀ ਨਹੀ, ਜੋ ਕਿਸੇ ਹੋਰ ਦੇਸ਼ ਦਾ ਨਾਗਰਿਕ ਬਣਨ ‘ਤੇ ਭਾਰਤ ਦੇ ਜੰਮਪਲ ਨਾਗਰਿਕ ਤੋਂ ਵੀ ਉਹਦੀ ਭਾਰਤੀ ਨਾਗਰਿਕਤਾ ਖੋਹ ਲੈਂਦੀ ਹੈ, ਤੇ ਉਸਨੂੰ ਪਰਵਾਸੀ, ਭਾਵ ਬਿਦੇਸ਼ੀ, ਕਰਾਰ ਦੇ ਦਿੰਦੀ ਹੈ। ਇੱਥੇ ਉਠਾਉਣ ਯੋਗ ਦੋ ਨੁਕਤੇ ਨੇ। ਪਹਿਲਾ, ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਦੇ ਹੋ ਤਾਂ ਭਾਰਤੀ ਰਾਜ ਤੁਹਾਡੀ ਭਾਰਤੀ ਨਾਗਰਿਕਤਾ ਨੂੰ ਆਪਣੇ ਆਪ ਰੱਦ ਕਰ ਦਿੰਦਾ ਹੈ, ਕਿਉਂਕਿ ਭਾਰਤੀ ਨਾਗਰਿਕਤਾ ਕਾਨੂੰਨ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ ਹੈ। ਦੁਨੀਆ ਦੇ ਬਾਹਲੇ ਦੇਸ਼ਾ, ਇੱਥੋਂ ਤੱਕ ਕਿ ਪਾਕਿਸਤਾਨ ਸਣੇ, ਨੂੰ ਆਪਣੇ ਹੀ ਨਾਗਰਿਕਾਂ ਤੋਂ ਇੰਨੀ ਖੁਰਕ, ਯਾਣਿ allergy, ਨਹੀਂ ਜਿੰਨੀ ਭਾਰਤੀ ਰਾਜ ਨੂੰ ਹੈ, ਕਿਉਕਿ ਉਹ ਦੋਹਰੀ ਨਾਗਰਿਕਤਾ ਦੀ ਇਜਾਜ਼ਤ, ਜਾਂ ਆਜ਼ਾਦੀ, ਦੇ ਦਿੰਦੇ ਨੇ, ਜਿਨਾਂ ਵਿੱਚ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵੀ ਸ਼ਾਮਲ ਹਨ। ਇਸ ਲਈ ਅਜੇਹੇ ਦੇਸ਼, ਦੂਸਰੇ ਦੇਸ਼ਾ ਦੇ ਨਾਗਰਿਕ ਬਣਕੇ ਉੱਥੇ ਵਸ ਰਹੇ, ਆਪਣੇ ਨਾਗਰਿਕਾਂ ਨੂੰ ਪਰਵਾਸੀ ਤੇ ਬਿਦੇਸ਼ੀ ਦਾ ਖਿਤਾਬ ਨਹੀਂ ਦਿੰਦੇ। ਇਹ ਤੱਥ ਸਾਨੂੰ ਦੂਜੇ ਨੁਕਤੇ ‘ਤੇ ਲੈ ਜਾਂਦਾ ਹੈ, ਜੋ ਹੈ ਕਿ ਸਾਨੂੰ ਸਮਝਣ ਦੀ ਲੋੜ ਹੈ: ਪਰਵਾਸੀ ਤੇ ਬਿਦੇਸ਼ੀ ਦਾ ਖ਼ਿਤਾਬ ਮੂਲ ਰੂਪ ਵਿੱਚ, ਜਿਵੇਂ ਉਪਰ ਦੱਸਿਆ ਗਿਆ ਹੈ, ਸਾਨੂੰ ਭਾਰਤੀ ਰਾਜ ਵਲੋਂ ਦਿੱਤਾ ਜਾਂਦਾ ਹੈ, ਅਮਰੀਕੀ ਰਾਜ ਜਾਂ ਸੰਵਿਧਾਨ ਵਲੋੰ ਨਹੀਂ ਜੋ ਸਾਨੂੰ ਆਪਣੇ ਨਾਗਰਿਕ ਸਮਝਦਾ ਹੈ, ਬਿਦੇਸ਼ੀ/ਪਰਵਾਸੀ ਨਹੀਂ। ਭਾਰਤੀ ਸਰਕਾਰ ਦਾ ਪਾਲਣ ਕਰਦੇ ਪੰਜਾਬ ਸਰਕਾਰ ਤੇ ਪੰਜਾਬ/ਭਾਰਤ ਵਿੱਚਲੇ ਪੰਜਾਬੀ ਲੇਖਕ ਇਹ ਖ਼ਿਤਾਬ ਸਾਨੂੰ, ਬਾਹਰ ਵਸਦੇ ਪੰਜਾਬੀ ਲੇਖਕਾਂ ਸਣੇ ਪੰਜਾਬੀ ਲੋਕਾਂ ਨੂੰ, ਦੇ ਦਿੰਦੇ ਨੇ: ਪਰਵਾਸੀ ਪੰਜਾਬੀ, ਪਰਵਾਸੀ ਪੰਜਾਬੀ ਲੇਖਕ, ਆਦਿ। ਇਸ ਤਰ੍ਹਾਂ, ਸਾਨੂੰ ਮਿਲਿਆ, ਯਾਣਿ ਦਿੱਤਾ ਗਿਆ, ਪਰਵਾਸੀ ਖ਼ਿਤਾਬ ਭਾਰਤੀ/ਪੰਜਾਬੀ ਰਾਜ ਤੇ ਭਾਰਤ ਵਿੱਚ ਰਹਿੰਦੇ ਪੰਜਾਬੀ ਲੇਖਕਾਂ/ਆਲੋਚਕਾਂ ਵਲੋਂ ਭਾਰਤੀ/ਪੰਜਾਬੀ ਹਵਾਲਾ-ਫ਼ਰੇਮ, ਯਾਣਿ reference frame, ਤੋਂ ਕੀਤਾ ਗਿਆ ਐਲਾਨ ਹੈ: ਤੁਸੀਂ ਭਾਰਤ/ਪੰਜਾਬ ਵਿੱਚ ਨਹੀਂ ਵਸ ਰਹੇ, ਇਸ ਲਈ ਸਾਡੇ ਲਈ ਤੁਸੀ ਇੱਥੇ ਨਾ-ਵਸਣੇ, ਯਾਣਿ ਪਰਵਾਸੀ ਹੋ; ਭਾਰਤ ਨੇ ਤੁਹਾਡੀ ਭਾਰਤੀ ਨਾਗਰਿਕਤਾ ਭੰਗ ਕਰ ਦਿੱਤੀ ਹੈ, ਇਸ ਲਈ ਸਾਡੇ ਲਈ ਤੁਸੀਂ ਵਿਦੇਸ਼ੀ ਵੀ ਹੋ। ਇੰਝ, ਦੁਨੀਆਂ ਦੇ ਬਹੁ-ਗਿਣਤੀ ਦੇਸ਼ਾਂ, ਜੋ ਦੋਹਰੀ ਨਾਗਰਿਕਤਾ ਲੈਣ ਦਿੰਦੇ ਨੇ, ਦੇ ਪ੍ਰਸੰਗ ਵਿੱਚ, ਪਰਵਾਸੀ/ਬਿਦੇਸ਼ੀ ਦਾ ਖ਼ਿਤਾਬ, ਭਾਰਤੀ ਹਵਾਲਾ-ਫ਼ਰੇਮ ‘ਤੇ ਖੜ੍ਹ ਕੇ ਭਾਰਤੀ ਰਾਜ ਅਤੇ ਸਾਡੀ ਮਾਤ-ਭੂਮੀ ਦੇ ਜਾਇਆ, ਯਾਣਿ ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ (ਸਾਡੇ ਆਪਣਿਆ),ਵਲੋਂ ਸਾਨੂੰ ਕੱਢੀ ਗਈ ਗਾਲ੍ਹ ਹੈ, ਘੱਟੋ-ਘੱਟ ਸਾਡੇ ਨਾਲ ਕੀਤਾ ਬਦ-ਸਲੂਕ ਹੈ। ਇਹਨੂੰ ਉੱਚਿਤ ਤੇ ਕੁਦਰਤੀ ਹੁੰਘਾਰਾ/ਪ੍ਰਤੀਕਰਮ ਹੈ, ਜਾਂ ਹੋਣਾ ਚਾਹੀਦਾ ਹੈ: ਸ਼ੁਕਰੀਆ, ਪਰ ਨਹੀ, ਅਸੀ ਪਰਵਾਸੀ ਜਾਂ ਵਿਦੇਸ਼ੀ ਨਹੀਂ; ਅਸੀਂ ਆਪਣੀ ਚੋਣ ਦੇ ਨਵੇਂ ਦੇਸ਼ ਦੇ ਵਾਸੀ ਹਾਂ; ਮਿਸਾਲ ਵਜੋਂ ਅਸੀਂ ਅਮਰੀਕੀ ਪੰਜਾਬੀ, ਕੈਨੇਡੀਅਨ ਪੰਜਾਬੀ, ਅਮਰੀਕੀ ਪੰਜਾਬੀ ਲੇਖਕ, ਕੈਨੇਡੀਅਨ ਪੰਜਾਬੀ ਲੇਖਕ, ਇੰਡੋ-ਕੈਨੇਡੀਅਨ ਬਗ਼ੈਰਾ ਹਾਂ; ਪਰਵਾਸੀ ਇੱਥੇ ਕੋਈ ਨਹੀਂ, ਵਾਸੀ ਹੀ ਵਾਸੀ ਨੇ।

ਪਰਵਾਸੀ/ਬਿਦੇਸ਼ੀ ਦੇ ਖ਼ਿਤਾਬ ਨੂੰ ਉੱਤਕ ਉੱਚਿਤ ਤੇ ਕੁਦਰਤੀ ਹੁੰਘਾਰਾ/ਪ੍ਰਤੀਕਰਮ ਦੇਣ ਬਜਾਏ, ਸਾਡੇ ਵਿੱਚੋਂ ਬਾਹਲੇ ਇਸ ਭਾਰਤੋਂ/ਪੰਜਾਬੋਂ ਆਏ ਪਰਵਾਸੀ/ਬਿਦੇਸ਼ੀ ਦੇ ਖ਼ਿਤਾਬ ਨੂੰ ਭੱਜ ਕੇ ਜੱਫ਼ੀ ਪਾ ਲੈਂਦੇ ਨੇ, ਮਨ-ਹੀ-ਮਨ ਇਹਦਾ ਲੋਕਲ ਅਨੁਵਾਦ ਕਰ ਲੈਂਦੇ ਨੇ, ਤੇ ਨਤੀਜਣ ਆਪਣੀ ਚੋਣ ਦੇ ਨਵੇਂ ਦੇਸ਼, ਜਿੱਥੇ ਰਹਿ ਰਹੇ ਹੁੰਦੇ ਨੇ, ਆਪਣੇ ਮਨ ਵਿੱਚ ਪਰਵਾਸ ਧਾਰਨ ਕਰ ਜਾਂਦੇ ਨੇ, ਇਸ ਦੇਸ਼ ਦੇ ਨਾਗਰਿਕ ਦੇ ਬਾਵਜੂਦ ਵੀ, ਖ਼ੁਦ ਨੂੰ ਬਿਦੇਸ਼ੀ ਸਮਝ ਕੇ ਪਰਵਾਸੀ ਹੋਣੇ ਦਾ ਸੰਤਾਪ ਰਹਿੰਦੀ ਜ਼ਿੰਦਗੀ ਭੋਗਦੇ ਰਹਿੰਦੇ ਨੇ। ਅਜੇਹੇ ਪਰਵਾਸੀ-ਮਾਰਕਾ ਰਵੱਈਏ ਦਾ ਵਰਣਨ ਮੈਂ ਇਸ ਲੇਖ ਵਿੱਚ ਪਹਿਲਾਂ ਹੀ ਕਰ ਚੁੱਕਿਆ ਹਾਂ। ਪਰਵਾਸੀ/ਬਿਦੇਸ਼ੀ ਦੇ ਖ਼ਿਤਾਬ ਨੂੰ ਉੱਤਕ ਉੱਚਿਤ ਤੇ ਕੁਦਰਤੀ ਹੁੰਘਾਰਾ/ਪ੍ਰਤੀਕਰਮ ਦੇਣ ਬਜਾਏ, ਪਰਵਾਸੀ-ਮਾਰਕਾ ਰਵੱਈਏ ਵਿੱਚ ਗਿਰ ਜਾਣਾ ਭੂਤਮੁੱਖੀ ਸੋਚ ਤੇ ਪਹੁੰਚ ਵਾਲੀ ਸਾਡੀ ਵਿਆਪਕ ‘ਗ਼ੁਲਾਮ ਮਾਨਸਿਕਤਾ’, ਜੋ ਸਾਨੂੰ ਭਾਰਤ-ਜਾਇਆਂ ਨੂੰ ਵਿਰਸੇ ਵਿੱਚ ਮਿਲਦੀ ਹੈ, ਦੇ ਲੱਛਣ ਦਾ ਸਰ੍ਹੇਆਮ ਪ੍ਰਦਰਸ਼ਨ ਹੈ। 

ਚੰਗੇ ਕੰਮ ਲਈ ਕਦੇ ਵੀ ਬਹੁਤ ਦੇਰ ਨਹੀਂ ਹੁੰਦੀ। ਇਸ ਲਈ, ਰੇਨਾਸਾਂਸ ਦੇ ਮਾਨਵਵਾਦ ਦੇ ਨਾਂਅ ‘ਤੇ, ਪ੍ਰਬੋਧਨ ਲਹਿਰ ਦੀ ਵਿਗਿਆਨਕ ਸੋਚ ਦੇ ਨਾਂਅ ‘ਤੇ, ਆਪਣੇ ਇਤਿਹਾਸ ਦੀ ਰਾਖੀ ਲਈ, ਤੇ ਆਪਣੀ ਔਲਾਦ ਦੇ ਭਵਿੱਖ ਲਈ,  ਇਸ ਜੁਲਾਈ 4 ‘ਤੇ, ਅਮਰੀਕਾ ਦੇ ਆਜ਼ਾਦੀ ਦਿਵਸ ਦੀ 250ਵੀਂ ਵਰ੍ਹੇਗੰਢ ‘ਤੇ,  ਆਪਣੀ ਭੂਤਮੁੱਖੀ ਸੋਚ ਤੇ ਪਹੁੰਚ ਨੂੰ ਅਲਵਿਦਾ ਕਹੀਏ, ਤੇ ਪਰਵਾਸੀ ਨਹੀ, ਵਾਸੀ ਬਣੀਏ, ਜਿੱਥੇ ਵੀ ਰਹੀਏ।

   ਅਮਰੀਕਾ ਵਿੱਚ ਜੁਲਾਈ 4 ਵਰਗੇ ਦਿਨਾਂ ਸੁੱਧਾਂ ਉੱਪਰ ਆਮ ਗਾਇਆਂ ਜਾਣ ਵਾਲਾ ਇੱਕ ਗੀਤ ਹੈ ਜੋ ਇਸ ਦੇਸ਼ ਵਿੱਚ ਸਦਾ-ਬਹਾਰ ਪ੍ਰਸਿੱਧ ਤੇ ਮਨਭਾਉਂਦੇ ਗੀਤਾਂ ਵਿੱਚੋਂ ‘ਕੌਮੀ ਗੀਤ’ ਦੇ ਬਾਅਦ ਦੂਜੇ ਨੰਬਰ ‘ਤੇ ਆਉਂਦਾ ਹੈ। ਇਹ ਗੀਤ ਅਮਰੀਕੀ ਲੋਕ ਗੀਤਕਾਰ ਤੇ ਗਾਇਕ ਵੁੱਡੀ ਗੱਥਰੀ (1912---1967) ਨੇ ਲਿਖਿਆਂ ਤੇ ਪਹਿਲੀ ਵਾਰ ਗਾਇਆ। ਇਹ ਗੀਤ ਇਨ੍ਹਾਂ ਲਾਇਨਾਂ ਨਾਲ ਸ਼ੁਰੂ ਹੁੰਦਾ ਹੈ:

This land is your land, this land is my land

From the California to the New York island.

From the Redwood Forest, to the gulf stream waters

This land was made for you and me.


ਹੇਠਾਂ ਇਨ੍ਹਾਂ ਲਾਇਨਾਂ ਦਾ ਮੈਂ ਇੰਝ ਉਲਥਾ ਕਰਦਾ ਹਾਂ:

ਇਹ ਜ਼ਮੀਂ ਤੇਰੀ ਹੈ, ਇਹ ਜ਼ਮੀਂ ਮੇਰੀ ਹੈ।

ਕੈਲੇਫ਼ੋਰਨੀਆਂ ਤੋਂ ਨਿਊਯਾਰਕ ਦੀਪ ਤੱਕ

ਰੈਡਵੂੱਡ ਜੰਗਲ ਤੋਂ ਖਾੜੀ ਦੇ ਪਾਣੀ ਤੱਕ

ਬਣਾਈ ਗਈ ਸੀ:  

ਇਹ ਜ਼ਮੀਂ ਤੇਰੇ ਲਈ,

ਇਹ ਜ਼ਮੀਂ ਮੇਰੇ ਲਈ,

ਕੈਲੇਫ਼ੋਰਨੀਆਂ ਤੋਂ ਨਿਊਯਾਰਕ ਦੀਪ ਤੱਕ।


ਇਸ ਜੁਲਾਈ 4, ਸਾਡੇ, ਸਾਡੇ ਬੱਚਿਆਂ, ਤੇ ਉਨ੍ਹਾਂ ਦੇ ਬੱਚਿਆ, ਦੇ ਦੇਸ਼ ਅਮਰੀਕਾ ਦੇ ਆਜ਼ਾਦੀ ਦਿਵਸ ਦੀ 250ਵੀਂ ਵਰ੍ਹੇਗੰਢ ‘ਤੇ, ਉੱਤਕ ਗੀਤ ਦੀ ਰੂਹ ਨਾਲ ਕੈਲੇਫੋਰਨੀਆਂ ਦੀ ਸਿਲੀਕਨ ਵਾਦੀ ਤੇ ਕੇਂਦਰੀ ਵਾਦੀ (ਯੂਬਾ ਸਿਟੀ, ਸੈਕਰਾਮਿੰਟੋ, ਫਰੈਜ਼ਨੋ, ਬੇਕਰਫ਼ੀਲਡ) ਤੋਂ ਜੈਕਸਨ ਹਾਈਟਜ਼/ਨਿਊਯਾਰਕ, ਯਾਣਿ ਸ਼ਾਂਤ ਮਹਾਂਸਾਗਰ ਤੋਂ ਏਟਲੈਂਟਿਕ ਮਹਾਂਸਾਗਰ, ਤੱਕ ਖਿੱਚੀ ਇਸ ਲਕੀਰ ਦੇ ਉਤੱਰ ਤੋਂ ਦੱਖਣ ਤੱਕ ਇਸ ਦੇਸ਼ ਵਿੱਚ ਵਸੇ ਆਪਣੇ ਸੰਗੀ ਪੰਜਾਬੀਆਂ ਨੂੰ ਮੈਂ ਕਹਿੰਦਾ ਹਾਂ: ਜੁਲਾਈ ਚਾਰ ਮੁਬਾਰਕ! ਸਾਡੇ ਦੇਸ਼ ਅਮਰੀਕਾ ਦੇ ਆਜ਼ਾਦੀ ਦਿਵਸ ਦੀ 250ਵੀਂ ਵਰ੍ਹੇਗੰਢ ਮੁਬਾਰਕ!! ਆਓ, ਆਪਾਂ ਸਾਰੇ ਸ਼ਬਦ ਦੇ ਸਹੀ ਅਰਥਾਂ ਵਿੱਚ ਇਸ ਆਪਣੇ ਦੇਸ਼ ਨੂੰ ਆਪਣਾ ਦੇਸ਼ ਸਮਝੀਏ ਕਿਉਕਿ ਇਹ ਦੇਸ਼ ਜਿੰਨਾ ਹੋਰ ਦੇਸ਼ ਵਾਸੀਆਂ ਦਾ ਹੈ ਉੱਨਾ ਆਪਣਾ ਵੀ ਹੈ; ਇਸ ਦੇਸ਼ ਵਿੱਚ ਪਰਵਾਸੀ/ਬਿਦੇਸ਼ੀ ਬਣ ਕੇ ਨਹੀਂ, ਸਗੋਂ ਦੇਸ਼-ਵਾਸੀਆਂ ਭਾਵ ਨਾਗਰਿਕਾਂ ਦੀ ਤਰਾਂ ਰਹੀਏ ਕਿਉਂਕਿ ਅਸੀਂ ਨਾਗਰਿਕ ਹਾਂ; ਬਾਕੀ ਦੇਸ਼ਾਂ ਵਾਂਗ ਇਸ ਦੇਸ਼ ਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ ਤੇ ਇਸ ਦੇਸ਼ ਵਿੱਚ ਵਸਦੇ ਹੋਰ ਭਾਈਚਾਰਿਆਂ ਵਾਂਗ ਪੰਜਾਬੀ ਭਾਈਚਾਰੇ ਨੂੰ ਵੀ ਮੁਸ਼ਕਲਾਂ ਪੇਸ਼  ਆ ਸਕਦੀਆਂ ਹਨ ਤੇ ਆਉਂਦੀਆਂ ਨੇ; ਉਨ੍ਹਾਂ ਮਸ਼ਕਲਾਂ ਨੂੰ ਨਜਿੱਠੀਏ ਨਾਗਰਿਕਾਂ ਵਾਂਗ ਇਸ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਵਿੱਚ ਹਿੱਸਾ ਲੈ ਕੇ; ਜਦੋਂ ਅਸੀਂ ਨਾਗਰਿਕ, ਭਾਵ ਅਮਰੀਕਨ, ਬਣ ਕੇ ਪੇਸ਼ ਆਉਣ ਦੀ ਥਾਂ ਇਹ ਮਿੱਥ ਕੇ ਤੁਰਦੇ ਹਾਂ ਕਿ ਅਸੀਂ ਅਮਰੀਕਨ ਨਾ ਹੋ ਕੇ ਬਿਦੇਸ਼ੀ ਜਿਹੇ ਆਂ, ਤਾਂ ਅਸੀਂ ਪਹਿਲਾ ਕਦਮ ਚੁੱਕਣ ਤੋਂ ਪਹਿਲਾਂ ਹੀ ਹਾਰ ਜਾਂਦੇ ਹਾਂ। ਸੋ, ਆਓ ਜੁਲਾਈ ਚਾਰ, ਥੈਂਕਸਗਿਵਿੰਗ, ਸਟੇਟ ਫੈਅਰਜ਼, ਕਾਊਂਟੀ ਫੇਅਰਜ਼, ਤੇ ਇਸ ਆਪਣੇ ਦੇਸ਼  ਦੇ ਹੋਰ ਤਿਓਹਾਰ/ਮੇਲਿਆਂ ਨੂੰ ਇਸ ਦੇ ਨਾਗਰਿਕਾਂ ਦੀ ਤਰ੍ਹਾਂ ਮਨਾਈਏ, ਉਨੇਂ ਹੀ ਉਤਸ਼ਾਹ ਨਾਲ ਜਿੰਨੇ ਉਤਸ਼ਾਹ ਨਾਲ ਅਸੀਂ ਲੋਹੜੀ, ਹੋਲੀ, ਵਿਸਾਖੀ, ਭਾਰਤ ਦਾ ਆਜ਼ਾਦੀ ਦਿਵਸ 15 ਅਗੱਸਤ, ਤੇ ਦਿਵਾਲੀ ਬਗ਼ੈਰਾ ਮਨਾਉਂਦੇ ਹਾਂ।

ਜੁਲਾਈ ਚਾਰ ਦਾ ਮੂਲ-ਮੰਤਰ ਹਮੇਸ਼ਾ ਯਾਦ ਰੱਖੀਏ: ਥੌਮਸ ਜੈਫਰਸਨ ਦੇ ਸ਼ਬਦਾਂ ਵਿੱਚ, “ਸਾਰੇ ਮਨੁੱਖ ਜਨਮ ਤੋਂ ਬਰਾਬਰ ਹਨ”,  ਭਗਤ ਕਬੀਰ ਦੇ ਕਹੇ ਅਨੁਸਾਰ, “ਏਕ ਨੂਰ ਤੇ ਸਭੁ ਜਗੁ ਉਪਜਿਆ,  ਕੁਦਰਤਿ ਕੇ ਸਭ ਬੰਦੇ”, ਤੇ ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ ਵਿੱਚ, “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ”।

ਮਾਨਵਤਾ ਜਿੰਦਾਬਾਦ!

ਜਿੰਦਗੀ ਜਿੰਦਾਬਾਦ!

ਜੁਲਾਈ ਚਾਰ ਮੁਬਾਰਕ! ਆਜ਼ਾਦੀ ਦਿਵਸ ਦੀ 250ਵੀਂ ਵਰ੍ਹੇਗੰਢ ਮੁਬਾਰਕ!! ਸਾਨੂੰ ਸੱਭ ਅਮਰੀਕੀਆਂ ਨੂੰ!!!


                                                                                         E-mail: dr.sukhpal.sanghera@gmail.com


Previous Post Next Post

نموذج الاتصال