ਪ੍ਰਸਿੱਧ ਸਮਾਜ ਸੇਵੀ ਜਤਿੰਦਰ ਜੇ ਮਿਨਹਾਸ ‘ਕਿੰਗ ਚਾਰਲਸ ਕੋਰੋਨੇਸ਼ਨ ਪਿਨ’ ਐਵਾਰਡ ਨਾਲ ਸਨਮਾਨਿਤ

ਇਹ ਐਵਾਰਡ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਵੱਲੋਂ ਪ੍ਰਦਾਨ ਕੀਤਾ ਗਿਆ।

ਸਰੀ, 24 ਜੁਲਾਈ (ਹਰਦਮ ਮਾਨ)- ਪ੍ਰਸਿੱਧ ਸਮਾਜ ਸੇਵੀ, ਉਦਯੋਗਪਤੀ ਅਤੇ ਫ਼ਿਲਮ ਨਿਰਮਾਤਾ ਜਤਿੰਦਰ ਜੇ ਮਿਨਹਾਸ ਨੂੰ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਵਿਸ਼ੇਸ਼ ਸੇਵਾਵਾਂ ਦੇ ਮੱਦੇਨਜ਼ਰ ਕਿੰਗ ਚਾਰਲਸ ਕੋਰੋਨੇਸ਼ਨ ਪਿਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਮੌਕੇ ਸਰਟੀਫਿਕੇਟ ਆਫ਼ ਰਿਕੋਗਨੀਸ਼ਨ ਵੀ ਭੇਂਟ ਕੀਤਾ ਗਿਆ। ਕਿੰਗ ਚਾਰਲਸ ਕੋਰੋਨੇਸ਼ਨ ਸਨਮਾਨ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰੇ ਅਤੇ ਦੇਸ਼ ਲਈ ਵਿਲੱਖਣ ਅਤੇ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ। ਇਹ ਐਵਾਰਡ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਵੱਲੋਂ ਪ੍ਰਦਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਸ. ਮਿਨਹਾਸ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਅਤੇ ਭਾਰਤ ਵਿੱਚ ਸਿੱਖਿਆ, ਸਿਹਤ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਸਰਗਰਮ ਹਨ। ਕੈਨੇਡਾ ਵਿੱਚ ਉਹ ਪਿਕਸ ਸਰੀ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਸੀਨੀਅਰਾਂ ਲਈ ਅਸਿਸਟਡ ਲਿਵਿੰਗ ਸੁਵਿਧਾ ਦੇ ਨਿਰਮਾਣ ਵਿੱਚ ਉਨ੍ਹਾਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਉਹ ਬੀ.ਸੀ. ਕੈਂਸਰ ਫਾਊਂਡੇਸ਼ਨ ਅਤੇ ਗੁਰੂ ਨਾਨਕ ਫੂਡ ਬੈਂਕ ਨਾਲ ਵੀ ਜੁੜੇ ਰਹੇ ਹਨ। ਰੋਟਰੀ ਕਲੱਬ ਵੈਨਕੂਵਰ ਫਰੇਜ਼ਰਵਿਊ ਦੇ ਪ੍ਰਧਾਨ ਵਜੋਂ ਉਨ੍ਹਾਂ ਨੂੰ ‘ਪੌਲ ਹੈਰਿਸ ਫੈਲੋਸ਼ਿਪ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਭਾਰਤ ਵਿੱਚ ਵੀ ਜੇ ਮਿਨਹਾਸ ਨੇ ਕਈ ਲੋਕ-ਭਲਾਈ ਦੇ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਇਆ ਹੈ। ਆਦਮਪੁਰ ਦੇ ਅੱਖਾਂ ਦੇ ਹਸਪਤਾਲ ਲਈ ਸਹਿਯੋਗ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਲਾਹਕਾਰ ਵਜੋਂ ਸੇਵਾਵਾਂ, ਗੁਰੂ ਨਾਨਕ ਮਿਸ਼ਨ ਹਸਪਤਾਲ, ਮਿੱਠਾਪੁਰ ਦੇ ਵਿਕਾਸ ਵਿੱਚ ਸਹਿਯੋਗ ਅਤੇ ਆਪਣੇ ਜੱਦੀ ਪਿੰਡ ਡਮੁੰਡਾ ਵਿੱਚ ਸੀਵਰੇਜ ਪ੍ਰਣਾਲੀ, ਸਕੂਲ ਇਮਾਰਤ ਅਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਨ੍ਹਾਂ ਦਾ ਯੋਗਦਾਨ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ।

ਸੱਭਿਆਚਾਰਕ ਖੇਤਰ ਵਿੱਚ ਵੀ ਜੇ ਮਿਨਹਾਸ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਵੱਲੋਂ ਬਣਾਈਆਂ ਗਈਆਂ ਫਿਲਮਾਂ ‘ਸਰਾਭਾ’, ‘ਸਾਕ’ ਅਤੇ ‘ਬੇਅਰਫੁੱਟ ਵਾਰੀਅਰਜ਼’ ਰਾਹੀਂ ਸਮਾਜਿਕ ਅਤੇ ਇਤਿਹਾਸਕ ਵਿਸ਼ਿਆਂ ਨੂੰ ਉਜਾਗਰ ਕਰਨ ਲਈ ਬੇਹੱਦ ਪ੍ਰਸੰਸਾ ਮਿਲੀ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال