![]() |
ਬ੍ਰਿਟਿਸ਼ ਕੋਲੰਬੀਆ ਸਿਰਫ ਇੱਕ ਵਾਰ ਹੋਰ ਆਪਣੀਆਂ ਘੜੀਆਂ ਬਦਲੇਗਾ ਅਤੇ ਫਿਰ ਕਦੇ ਨਹੀਂ। |
ਪ੍ਰੀਮੀਅਰ ਈਬੀ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਲੋਕਾਂ ਦੀ ਜੀਵਨ ਗੁਣਵੱਤਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਸਿਰਫ ਇੱਕ ਵਾਰ ਹੋਰ ਆਪਣੀਆਂ ਘੜੀਆਂ ਬਦਲੇਗਾ ਅਤੇ ਫਿਰ ਕਦੇ ਨਹੀਂ।
ਜ਼ਿਕਰਯੋਗ ਹੈ ਕਿ 2019 ਵਿੱਚ ਕਰਵਾਈ ਗਈ ਇੱਕ ਸਰਕਾਰੀ ਰਾਏਸ਼ੁਮਾਰੀ ਵਿੱਚ 93 ਫੀਸਦੀ ਲੋਕਾਂ ਨੇ ਸਾਲ ਭਰ ਇੱਕੋ ਸਮਾਂ ਰੱਖਣ ਦੀ ਹਮਾਇਤ ਕੀਤੀ ਸੀ। ਲੋਕਾਂ ਦਾ ਮੰਨਣਾ ਹੈ ਕਿ ਸਮਾਂ ਬਦਲਣ ਨਾਲ ਨੀਂਦ ਦਾ ਚੱਕਰ ਵਿਗੜਦਾ ਹੈ, ਜਿਸ ਦਾ ਅਸਰ ਬੱਚਿਆਂ, ਮਾਪਿਆਂ ਅਤੇ ਪਾਲਤੂ ਜਾਨਵਰਾਂ ਦੀ ਸਿਹਤ 'ਤੇ ਪੈਂਦਾ ਹੈ। ਇਸ ਤੋਂ ਇਲਾਵਾ ਅੰਕੜੇ ਦੱਸਦੇ ਹਨ ਕਿ ਸਮਾਂ ਬਦਲਣ ਦੌਰਾਨ ਸੜਕ ਹਾਦਸਿਆਂ ਵਿੱਚ ਵੀ ਵਾਧਾ ਹੁੰਦਾ ਹੈ।
ਇਸ ਤੋਂ ਪਹਿਲਾਂ ਬੀ.ਸੀ. ਸਰਕਾਰ ਅਮਰੀਕਾ ਦੇ ਪੱਛਮੀ ਰਾਜਾਂ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਦੇ ਫੈਸਲੇ ਦੀ ਉਡੀਕ ਕਰ ਰਹੀ ਸੀ ਤਾਂ ਜੋ ਵਪਾਰਕ ਤਾਲਮੇਲ ਬਣਿਆ ਰਹੇ। ਪਰ ਉੱਥੇ ਕਾਂਗਰਸ ਦੀ ਮਨਜ਼ੂਰੀ ਵਿੱਚ ਹੋ ਰਹੀ ਦੇਰੀ ਨੂੰ ਦੇਖਦੇ ਹੋਏ ਬੀ.ਸੀ. ਨੇ ਹੁਣ ਖ਼ੁਦ ਪਹਿਲ ਕਰਨ ਦਾ ਫੈਸਲਾ ਕੀਤਾ ਹੈ।
ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਸਰਦੀਆਂ ਵਿੱਚ ਦਸੰਬਰ ਦੇ ਮਹੀਨੇ ਸੂਰਜ ਸਵੇਰੇ ਕਰੀਬ 9:08 ਵਜੇ ਚੜ੍ਹੇਗਾ ਪਰ ਸ਼ਾਮ ਨੂੰ ਜਲਦੀ ਹਨੇਰਾ ਨਹੀਂ ਹੋਵੇਗਾ ਅਤੇ ਸੂਰਜ 5:14 ਵਜੇ ਡੁੱਬੇਗਾ। ਗਰਮੀਆਂ ਦੇ ਜੂਨ ਮਹੀਨੇ ਵਿੱਚ ਸੂਰਜ ਸਵੇਰੇ 5:06 ਵਜੇ ਚੜ੍ਹੇਗਾ ਅਤੇ ਰਾਤ 9:22 ਵਜੇ ਛਿਪੇਗਾ। ਸਰਕਾਰ ਦੇ ਇਸ ਕਦਮ ਨੂੰ ਆਮ ਜਨਤਾ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇਸ ਨਾਲ ਰੋਜ਼ਾਨਾ ਦੀ ਰੁਟੀਨ ਵਿੱਚ ਸਥਿਰਤਾ ਆਵੇਗੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
