ਪੁਸਤਕ ਚਰਚਾ-ਇਕ ਹੰਝੂ ਦਾ ਭਾਰ
ਪੁਸਤਕ ਦਾ ਸਿਰਲੇਖ 'ਇਕ ਹੰਝੂ ਦਾ ਭਾਰ' ਹੀ ਸ਼ਾਇਰ ਦੀ ਡੂੰਘੀ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ। ਜਦੋਂ ਉਹ ਕਹਿੰਦੇ ਹਨ ਕਿ ਸਾਰਾ ਸੰਸਾਰ ਸਿਰ 'ਤੇ ਚੁੱਕ ਕੇ ਤੁਰਨਾ ਸੌਖਾ ਹੈ ਪਰ ਇੱਕ ਹੰਝੂ ਦਾ ਭਾਰ ਚੁੱਕਣਾ ਔਖਾ ਹੈ ਤਾਂ ਉਹ ਮਨੁੱਖੀ ਦਰਦ ਦੀ ਉਸ ਸੂਖਮਤਾ ਦੀ ਗੱਲ ਕਰਦੇ ਹਨ ਜਿਸ ਨੂੰ ਅੱਜ ਦਾ ਪਦਾਰਥਵਾਦੀ ਮਨੁੱਖ ਭੁਲਦਾ ਜਾ ਰਿਹਾ ਹੈ ਅਤੇ ਦੋਹਿਆਂ ਦਾ ਇਹ ਸੰਗ੍ਰਹਿ ਅਸਲ ਵਿੱਚ ਮਨੁੱਖੀ ਅੱਖ ਦੇ ਓਸ ਹੰਝੂ ਦੀ ਇਤਿਹਾਸਕ ਅਤੇ ਸਮਾਜਿਕ ਵਿਆਖਿਆ ਹੈ। ਮੋਹਨ ਗਿੱਲ ਲਿਖਦੇ ਹਨ:
“ਧਰ ਕੇ ਸਿਰ ‘ਤੇ ਤੁਰ ਪਵਾਂ ਇਹ ਸਾਰਾ ਸੰਸਾਰ,
ਔਖਾ ਪਰ ਹੈ ਚੁੱਕਣਾ ਇਕ ਹੰਝੂ ਦਾ ਭਾਰ”
ਮੋਹਨ ਗਿੱਲ ਅੱਜ ਦੇ ਦੌਰ ਵਿੱਚ ਧਰਮ ਦੇ ਨਾਂ 'ਤੇ ਫੈਲੇ ਖੋਖਲੇਪਣ ਨੂੰ ਬੜੀ ਬੇਬਾਕੀ ਨਾਲ ਨੰਗਾ ਕਰਦੇ ਹਨ। ਉਹ ਦੇਖਦੇ ਹਨ ਕਿ ਇਨਸਾਨ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਵਿੱਚ ਤਾਂ ਵੰਡਿਆ ਗਿਆ ਹੈ ਪਰ ਉਸ ਅੰਦਰੋਂ ‘ਇਨਸਾਨੀਅਤ’ ਮਨਫ਼ੀ ਹੁੰਦੀ ਜਾ ਰਹੀ ਹੈ। ਉਹ ਸਿੱਧਾ ਸਵਾਲ ਕਰਦੇ ਹਨ ਕਿ ਜੇਕਰ ਧਰਮ ਬੰਦੇ ਨੂੰ ਬੰਦਾ ਨਹੀਂ ਬਣਾ ਸਕਿਆ ਤਾਂ ਅਜਿਹੇ ਕਰਮਕਾਂਡਾਂ ਦਾ ਕੀ ਲਾਭ?
“ਹਿੰਦੂ ਮੁਸਲਿਮ ਸਿੱਖ ਤੇ ਨਜ਼ਰ ਇਸਾਈ ਆਣ
ਸਭ ਧਰਮਾਂ ਦੇ ਹੁੰਦਿਆਂ ਮਨਫੀ ਹੈ ਇਨਸਾਨ”
ਉਹਨਾਂ ਅਨੁਸਾਰ ਰੱਬ ਦੀ ਹੋਂਦ ਬੰਦੇ ਨਾਲ ਹੈ, ਪਰ ਬੰਦਾ ਆਪਣੇ ਡਰਾਂ ਨੂੰ ਛੁਪਾਉਣ ਲਈ ਕਰਮਕਾਂਡਾਂ ਦੀਆਂ ਗੋਂਦਾਂ ਗੁੰਦ ਰਿਹਾ ਹੈ। ਸ਼ਾਇਰ ਨੇ ਅਜੋਕੇ ਫੈਸ਼ਨ, ਦਿਖਾਵੇ ਦੀ ਪ੍ਰਵਿਰਤੀ ਅਤੇ ਬੌਧਿਕ ਕੰਗਾਲੀ ‘ਤੇ ਵੀ ਚੋਟ ਕੀਤੀ ਹੈ।
“ਵਿਕਦੀ ਮਹਿੰਗੇ ਮੁੱਲ ਹੈ ਫਟੀ ਪੁਰਾਣੀ ਪੈਂਟ
ਬਿਨਾ ਨਹਾਤੇ ਲੋਕ ਹੁਣ ਛਿੜਕਣ ਪਿੰਡੇ ਸੈਂਟ”
ਮਹਿੰਗੇ ਮੁੱਲ ਵਿਕਦੀਆਂ ਫਟੀਆਂ ਪੈਂਟਾਂ ਅਤੇ ਪਿੰਡੇ ‘ਤੇ ਛਿੜਕੇ ਸੈਂਟਾਂ ਦਾ ਜ਼ਿਕਰ ਅਸਲ ਵਿੱਚ ਉਸ ਮਾਨਸਿਕਤਾ ‘ਤੇ ਵਿਅੰਗ ਹੈ ਜੋ ਅੰਦਰੂਨੀ ਗੰਦਗੀ ਨੂੰ ਬਾਹਰੀ ਲਿਸ਼ਕ-ਪੁਸ਼ਕ ਨਾਲ ਢਕਣਾ ਚਾਹੁੰਦੀ ਹੈ। ਇਹ ਅਸਲ ਵਿੱਚ ਮਨੁੱਖੀ ਰੂਹ ਦੀ ਬਦਬੂ ਨੂੰ ਲੁਕਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਹਨ।
ਇਸ ਪੁਸਤਕ ਵਿਚ ਮੋਹਨ ਗਿੱਲ ਨੇ ਲੇਖਕਾਂ ਅਤੇ ਬੁੱਧੀਜੀਵੀਆਂ ਦੀ ਮੌਕਾਪ੍ਰਸਤੀ 'ਤੇ ਵੀ ਕਰਾਰੀ ਚੋਟ ਕੀਤੀ ਹੈ। ਜਦੋਂ ਲੇਖਕ ਸ਼ਾਹੂਕਾਰਾਂ ਅੱਗੇ ਝੁਕ ਕੇ ਆਪਣੀ 'ਰੀੜ੍ਹ ਦੀ ਹੱਡੀ' ਵੇਚ ਕੇ ਇਨਾਮਾਂ ਦੀ ਤਲਾਸ਼ ਕਰਦੇ ਹਨ ਤਾਂ ਸਾਹਿਤ ਆਪਣੀ ਪਵਿੱਤਰਤਾ ਗੁਆ ਬੈਠਦਾ ਹੈ। ਮੋਹਨ ਗਿੱਲ ਅਜਿਹੇ ਬੌਧਿਕ ਵਰਗ ਨੂੰ ਸ਼ੀਸ਼ਾ ਦਿਖਾਉਣ ਦਾ ਹੌਸਲਾ ਰੱਖਦੇ ਹਨ।
“ਲੇਖਕ ਸ਼ਾਹੂਕਾਰ ਨੂੰ ਝੁਕ ਝੁਕ ਕਰਨ ਸਲਾਮ
ਰੀੜ੍ਹ ਦੀ ਹੱਡੀ ਵੇਚ ਕੇ ਲੈਂਦੇ ਫਿਰ ਇਨਾਮ”
ਮੋਹਨ ਗਿੱਲ ਪੰਜਾਬ ਦੇ ਦਰਦ ਤੋਂ ਵੀ ਅਭਿੱਜ ਨਹੀਂ। ਨਸ਼ਿਆਂ ਕਾਰਨ ਨੌਜਵਾਨੀ ਦੇ ਖਤਮ ਹੋਣ ਦਾ ਦੁੱਖ ਉਸ ਦੇ ਦੋਹਿਆਂ ਵਿੱਚ ਸਾਫ਼ ਨਜ਼ਰ ਆਉਂਦਾ ਹੈ। ਪੰਜਾਬ ਵਿੱਚ ਨਸ਼ਿਆਂ ਕਾਰਨ ਰੋਜ਼ ਪੈ ਰਹੇ ਮਰਗ ਦੇ ਭੋਗ ਸ਼ਾਇਰ ਲਈ ਮਹਿਜ਼ ਖ਼ਬਰਾਂ ਨਹੀਂ, ਸਗੋਂ ਰੂਹ ਦਾ ਜ਼ਖ਼ਮ ਹਨ।
“ਉਂਜ ਪੰਜਾਬ ‘ਚ ਖ਼ੈਰ ਹੈ ਇੱਕੋ ਗੱਲ ਦਾ ਸੋਗ,
ਨਸ਼ਿਆਂ ਕਾਰਨ ਪੈ ਰਹੇ ਰੋਜ਼ ਮਰਗ ਦੇ ਭੋਗ”
ਇਹ ਪੰਕਤੀਆਂ ਸਿਰਫ਼ ਸ਼ਬਦ ਨਹੀਂ, ਸਗੋਂ ਇੱਕ ਚੀਖ ਹਨ, ਇੱਕ ਸੁਚੇਤ ਕਵੀ ਦੀ ਚੀਖ ਜੋ ਆਪਣੇ ਸਮਾਜ ਨੂੰ ਗਰਕਦਾ ਹੋਇਆ ਦੇਖ ਕੇ ਤੜਪ ਰਿਹਾ ਹੈ।
ਉਹ ਕੁਦਰਤ ਨਾਲੋਂ ਟੁੱਟ ਕੇ ਫ਼ੋਨਾਂ ਦੀ ਚਕਾਚੌਂਧ ਵਿੱਚ ਗੁਆਚੀ ਜਵਾਨੀ ਨੂੰ ਵੀ ਵਾਪਸ ਮੁੜਨ ਦਾ ਹੋਕਾ ਦਿੰਦੇ ਹਨ। ਗਿਆਨ ਦੀ ਅਸਲ ਪਰਿਭਾਸ਼ਾ ਦਿੰਦਿਆਂ ਉਹ ਕਹਿੰਦੇ ਹਨ ਕਿ ਕਿਤਾਬਾਂ ਦਾ ਭਾਰ ਢੋਣ ਵਾਲੇ 'ਵਿਦਵਾਨ' ਨਹੀਂ ਹੁੰਦੇ, ਸਗੋਂ ਗਿਆਨ ਤਾਂ ਉਹ ਹੈ ਜੋ ਸੂਰਜ ਦੀ ਧੁੱਪ ਵਾਂਗ ਬਿਨਾਂ ਬੋਲੇ ਆਪਣਾ ਪ੍ਰਭਾਵ ਛੱਡਦਾ ਹੈ। ਗਿਆਨਵਾਨ ਦੀ 'ਚੁੱਪ' ਅਤੇ ਅਗਿਆਨੀ ਦੀ 'ਕੂਕ' ਵਿਚਲਾ ਅੰਤਰ ਉਹਨਾਂ ਦੇ ਦੋਹਿਆਂ ਵਿੱਚ ਸਾਫ਼ ਝਲਕਦਾ ਹੈ। ਗਿਆਨ ਅਤੇ ਅਗਿਆਨ, ਬੋਲਣ ਅਤੇ ਚੁੱਪ, ਅਸਲ ਅਤੇ ਨਕਾਬ ਵਿਚਕਾਰ ਦਾ ਟਕਰਾਅ ਵੀ ਇਹਨਾਂ ਦੋਹਿਆਂ ਵਿਚ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ।
“ਅਗਿਆਨੀ ਨੇ ਕੂਕਦੇ ਗਿਆਨਵਾਨ ਨੇ ਚੁੱਪ
ਬੋਹਲਾਂ ਨੂੰ ਮੱਤਾਂ ਦਵੇ ਤੂੜੀ ਵਾਲਾ ਕੁੱਪ”
ਇਸ ਦੋਹੇ ਵਿੱਚ ਅੱਜ ਦੇ ਸਮਾਜ ਦੀ ਤਰਾਸਦੀ ਸਮਾਈ ਹੋਈ ਹੈ, ਜਿੱਥੇ ਗਿਆਨ ਅਕਸਰ ਚੁੱਪ ਰਹਿ ਜਾਂਦਾ ਹੈ ਅਤੇ ਅਗਿਆਨ ਦੇ ਸ਼ੋਰ ਦਾ ਬੋਲ ਬਾਲਾ ਹੋ ਜਾਂਦਾ ਹੈ।
ਸਮੁੱਚੇ ਤੌਰ ‘ਤੇ ਮੋਹਨ ਗਿੱਲ ਦੀ ਇਹ ਪੁਸਤਕ ਦੋਹਿਆਂ ਰਾਹੀਂ ਲਿਖਿਆ ਗਿਆ ਇੱਕ ਸਮਾਜਿਕ ਦਸਤਾਵੇਜ਼ ਹੈ। ਇਹ ਪਾਠਕ ਨੂੰ ਉਪਦੇਸ਼ ਨਹੀਂ ਦਿੰਦੀ ਸਗੋਂ ਆਇਨਾ ਦਿਖਾਉਂਦੀ ਹੈ। ਇਸ ਦੀ ਭਾਸ਼ਾ ਸੌਖੀ ਪਰ ਅਰਥ ਗਹਿਰੇ ਹਨ। ਇਹ ਮਨ ਨੂੰ ਝੰਜੋੜਨ ਵਾਲੀ, ਸੋਚ ਨੂੰ ਜਗਾਉਣ ਵਾਲੀ ਅਤੇ ਸੰਵੇਦਨਾ ਨੂੰ ਮਜ਼ਬੂਤ ਕਰਨ ਵਾਲੀ ਕਿਤਾਬ ਹੈ ਜੋ ਪੰਜਾਬੀ ਸਾਹਿਤ ਵਿੱਚ ਆਪਣੀ ਵੱਖਰੀ ਅਤੇ ਅਹਿਮ ਥਾਂ ਬਣਾਉਂਦੀ ਹੈ। ਇਹ ਪੁਸਤਕ ਪਾਠਕ ਨੂੰ ਸਵੈ-ਪੜਚੋਲ ਕਰਨ ਲਈ ਪ੍ਰੇਰਦੀ ਹੈ ਅਤੇ ਹਰ ਉਸ ਪਾਠਕ ਲਈ ਜ਼ਰੂਰੀ ਹੈ ਜੋ ਸਮਾਜ ਨੂੰ ਬਦਲਣ ਦੀ ਤਾਂਘ ਰੱਖਦਾ ਹੈ ਅਤੇ ਸ਼ਬਦਾਂ ਰਾਹੀਂ ਸੱਚ ਦੇ ਰਾਹ ਤੁਰਨ ਦੀ ਲੋਚਾ ਰੱਖਦਾ ਹੈ।
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
.jpg)

.jpg)