ਓਜ਼ੋਨ ਪਰਤ ਮਨੁੱਖਤਾ ਦੀ ਰੱਖਿਆਕਾਰੀ ਢਾਲ

 ਓਜ਼ੋਨ ਪਰਤ ਮਨੁੱਖਤਾ ਦੀ ਰੱਖਿਆਕਾਰੀ ਢਾਲ

(Ozone Layer: The Saviour of Humanity)



ਵਿਗਿਆਨਕ ਅਧਿਐਨ ਅਨੁਸਾਰ ਧਰਤੀ ਦੇ ਵਾਤਾਵਰਣ ਦਾ ਇਕ ਅਹਿਮ ਹਿੱਸਾ "ਓਜ਼ੋਨ ਪਰਤ" ਹੈ, ਜੋ ਮਨੁੱਖਤਾ ਸਮੇਤ ਧਰਤੀ ਉੱਤੇ ਜੀਵਨ ਦੀ ਰੱਖਿਆ ਲਈ ਬੇਮਿਸਾਲ ਭੂਮਿਕਾ ਨਿਭਾ ਰਹੀ ਹੈ। ਓਜ਼ੋਨ (O₃) ਤਿੰਨ ਆਕਸੀਜਨ ਅਣੂਆਂ ਦਾ ਬਣਿਆ ਗੈਸੀਂ ਤੱਤ ਹੈ ਜੋ ਮੁੱਖ ਤੌਰ ਤੇ ਸਮਤਾਪ ਮੰਡਲ (Stratosphere) ਵਿੱਚ 10 ਤੋਂ 50 ਕਿਲੋਮੀਟਰ ਦੀ ਉਚਾਈ 'ਤੇ ਪਾਇਆ ਜਾਂਦਾ ਹੈ। ਇਹ ਪਰਤ ਸੂਰਜ ਤੋਂ ਆਉਣ ਵਾਲੀ ਖਤਰਨਾਕ ਪਰਾ ਬੈਂਗਣੀ (UV) ਕਿਰਨਾਂ ਨੂੰ ਧਰਤੀ 'ਤੇ ਪਹੁੰਚਣ ਤੋਂ ਰੋਕਦੀ ਹੈ।

ਓਜ਼ੋਨ ਪਰਤ ਦੀ ਮਹੱਤਤਾ

ਓਜ਼ੋਨ ਪਰਤ ਨੂੰ ਧਰਤੀ ਦੀ "ਸੁਰੱਖਿਆ ਢਾਲ" ਕਿਹਾ ਜਾਂਦਾ ਹੈ ਕਿਉਂਕਿ ਇਹ ਪਰਾ ਬੈਂਗਣੀ ਬੀ(UV-B) ਅਤੇ ਪਰਾ ਬੈਂਗਣੀ ਸੀ (UV-C) ਤਰੰਗਾਂ ਨੂੰ ਸ਼ੋਸ਼ਿਤ ਕਰਕੇ ਜੀਵਨ ਨੂੰ ਨੁਕਸਾਨ ਤੋਂ ਬਚਾਉਂਦੀ ਹੈ। ਜੇ ਇਹ ਕਿਰਨਾਂ ਬਿਨਾਂ ਰੋਕਾਅ ਦੇ ਧਰਤੀ 'ਤੇ ਆਉਣ ਤਾਂ ਇਹ ਮਨੁੱਖਾਂ ਵਿੱਚ ਚਮੜੀ ਦਾ ਕੈਂਸਰ, ਅੱਖਾਂ ਦੀ ਮੋਤੀਆਬਿੰਦ ਬਿਮਾਰੀ, ਇਮਿਊਨ ਸਿਸਟਮ ਦੀ ਕਮਜ਼ੋਰੀ ਅਤੇ ਪੌਦਿਆਂ ਵਿੱਚ ਵਿਕਾਸਕ ਪ੍ਰਭਾਵ ਘਟਾਉਣ ਦਾ ਕਾਰਨ ਬਣ ਸਕਦੀਆਂ ਹਨ। ਸਮੁੰਦਰੀ ਜੀਵਾਂ ਦੇ ਜੀਵਨ ਚੱਕਰ ਉੱਤੇ ਵੀ ਇਸਦਾ ਖਤਰਨਾਕ ਪ੍ਰਭਾਵ ਪੈਂਦਾ ਹੈ, ਕਿਉਂਕਿ ਪਲੈਂਕਟਨ (plankton) ਪਰਾ ਬੈਂਗਣੀ ਕਿਰਨਾਂ ਲਈ ਬਹੁਤ ਸੰਵੇਦਨਸ਼ੀਲ ਹੁੰਦੇ ਹਨ।

ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਰਕ

ਕਲੋਰੋਫਲੋਓਰੋਕਾਰਬਨ (CFCs):

ਫ੍ਰਿਜ, ਏਅਰ ਕੰਡੀਸ਼ਨਰ, ਐਰੋਸੋਲ ਸਪਰੇ ਅਤੇ ਫੋਮ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਕਲੋਰੋਫਲੋਓਰੋਕਾਰਬਨ(CFC) ਰਸਾਇਣ ਸਮਤਾਪ ਮੰਡਲ ਵਿੱਚ ਪਹੁੰਚ ਕੇ ਓਜ਼ੋਨ ਅਣੂਆਂ ਨੂੰ ਤੋੜ ਦਿੰਦੇ ਹਨ।

ਹੈਲੋਨ ਅਤੇ ਕਾਰਬਨ ਟੈਟ੍ਰਾਕਲੋਰਾਈਡ:

ਅੱਗ ਬੁਝਾਉਣ ਵਾਲੇ ਉਪਕਰਣਾਂ ਅਤੇ ਉਦਯੋਗਿਕ ਪ੍ਰਕਿਰਿਆਵਾਂ ਵਿੱਚ ਵਰਤੇ ਜਾਣ ਵਾਲੇ ਇਹ ਤੱਤ ਵੀ ਓਜ਼ੋਨ ਨੂੰ ਨਸ਼ਟ ਕਰਦੇ ਹਨ।

ਨਾਈਟ੍ਰਸ ਆਕਸਾਈਡ (N₂O):

ਖੇਤੀਬਾੜੀ ਵਿੱਚ ਖਾਦਾਂ ਦੀ ਵਰਤੋਂ ਨਾਲ ਬਣਨ ਵਾਲੀ ਇਹ ਗੈਸ ਵੀ ਓਜ਼ੋਨ ਦੇਖਭਾਲ ਲਈ ਖ਼ਤਰਾ ਬਣ ਰਹੀ ਹੈ।

ਜਲਵਾਯੂ ਪਰਿਵਰਤਨ:

ਗ੍ਰੀਨਹਾਊਸ ਗੈਸਾਂ ਦੇ ਵਾਧੇ ਨਾਲ ਵਾਤਾਵਰਣ ਦਾ ਤਾਪਮਾਨ ਬਦਲ ਰਿਹਾ ਹੈ ਜਿਸ ਨਾਲ ਓਜ਼ੋਨ ਦੀ ਕੁਦਰਤੀ ਬਣਤਰ ਪ੍ਰਭਾਵਿਤ ਹੁੰਦੀ ਹੈ।

ਓਜ਼ੋਨ ਪਰਤ ਦੀ ਰੱਖਿਆ ਲਈ ਵਿਸ਼ਵ ਪੱਧਰ ਉੱਤੇ ਉਪਰਾਲੇ

ਮੋਂਟਰੀਅਲ ਪ੍ਰੋਟੋਕਾਲ (1987):

ਇਹ ਅੰਤਰਰਾਸ਼ਟਰੀ ਸਮਝੌਤਾ ਓਜ਼ੋਨ-ਨਾਸ਼ਕ ਪਦਾਰਥਾਂ (ODS) ਦੇ ਉਤਪਾਦਨ ਅਤੇ ਵਰਤੋਂ 'ਤੇ ਪਾਬੰਦੀ ਲਗਾਉਣ ਲਈ ਬਣਾਇਆ ਗਿਆ ਸੀ। ਇਸ ਦੇ ਕਾਰਨ ਕਈ ਦੇਸ਼ਾਂ ਨੇ ਕਲੋਰੋਫਲੋਰਓਕਾਰਬਨ CFC ਵਰਗੇ ਰਸਾਇਣਾਂ ਦੀ ਵਰਤੋਂ ਘਟਾਈ ਹੈ ਅਤੇ ਨਤੀਜੇ ਵਜੋਂ ਓਜ਼ੋਨ ਪਰਤ ਹੌਲੀ-ਹੌਲੀ ਮੁੜ ਸੁਧਰ ਰਹੀ ਹੈ।

ਬਦਲਵੀਂ ਤਕਨੀਕਾਂ ਦੀ ਵਿਕਾਸ:

ਵਾਤਾਵਰਨ-ਮਿੱਤ੍ਰ (eco-friendly) ਗੈਸਾਂ ਜਿਵੇਂ ਹਾਈਡਰੋ ਫਲੋਰੋ ਕਾਰਬਨ HFCs ਅਤੇ ਕੁਦਰਤੀ ਰਿਫ੍ਰਿਜਰੈਂਟ ਦੀ ਵਰਤੋਂ ਨਾਲ ਓਜ਼ੋਨ ਉੱਤੇ ਨੁਕਸਾਨ ਘਟਾਇਆ ਜਾ ਰਿਹਾ ਹੈ।

ਜਾਗਰੂਕਤਾਂ ਮੁਹਿੰਮਾਂ:

ਵਿਗਿਆਨੀਆਂ ਅਤੇ ਵਾਤਾਵਰਨ ਨਾਲ ਸਬੰਧਤ ਸੰਸਥਾਵਾਂ ਵੱਲੋਂ ਲੋਕਾਂ ਨੂੰ ਇਹ ਸਮਝਾਉਣ ਲਈ ਸਿੱਖਿਆ ਅਤੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਕਿ ਉਹ ਓਜ਼ੋਨ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਹਨ।

ਓਜ਼ੋਨ ਪਰਤ ਨੂੰ ਸੁਧਰਣ ਦੇ ਕੁਦਰਤੀ ਤਰੀਕੇ

ਉਦਯੋਗਿਕ ਪ੍ਰਦੂਸ਼ਣ ਘਟਾਉਣਾ

ਪੌਦੇ ਲਗਾਉਣਾ ਅਤੇ ਜੰਗਲਾਂ ਦੀ ਸੰਭਾਲ

ਊਰਜਾ ਦੀ ਸੁਰੱਖਿਅਤ ਵਰਤੋਂ

ਐਰੋਸੋਲ ਅਤੇ ਪਲਾਸਟਿਕ ਉਤਪਾਦਾਂ ਦੀ ਘੱਟ ਵਰਤੋਂ

ਜੈਵਿਕ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ

ਓਜ਼ੋਨ ਪਰਤ ਧਰਤੀ ਉੱਤੇ ਜੀਵਨ ਲਈ ਇੱਕ ਅਦਿੱਖ ਪਰ ਸ਼ਕਤੀਸ਼ਾਲੀ ਰੱਖਿਆ ਪਰਦਾ ਹੈ। ਇਸ ਦੇ ਬਿਨਾਂ ਮਨੁੱਖੀ ਜੀਵਨ ਅਸੰਭਵ ਹੈ। ਵਿਗਿਆਨਕ ਅਧਿਐਨਾਂ ਨੇ ਸਾਬਤ ਕੀਤਾ ਹੈ ਕਿ ਜੇ ਮਨੁੱਖ ਵਾਤਾਵਰਨ ਸੁਰੱਖਿਆ ਲਈ ਸੱਚੇ ਉਪਰਾਲੇ ਜਾਰੀ ਰੱਖਣੇ ਸਮੇਂ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਹੀ ਓਜ਼ੋਨ ਪਰਤ 21ਵੀਂ ਸਦੀ ਦੇ ਮੱਧ ਤੱਕ ਮੁੜ ਪੂਰੀ ਤਰ੍ਹਾਂ ਸੁਧਰ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਪ੍ਰਕਿਰਤੀ ਨਾਲ ਸਾਂਝ ਪਾਈ ਰੱਖੇ। ਓਜ਼ੋਨ ਦੀ ਸੁਰੱਖਿਆ ਦਰਅਸਲ, ਮਨੁੱਖਤਾ ਦੀ ਹੀ ਸੁਰੱਖਿਆ ਹੈ।


ਸੁਰਿੰਦਰਪਾਲ ਸਿੰਘ 

ਵਿਗਿਆਨ ਅਧਿਆਪਕ

ਸ੍ਰੀ ਅੰਮ੍ਰਿਤਸਰ ਸਾਹਿਬ, 

ਪੰਜਾਬ।

Previous Post Next Post

نموذج الاتصال