ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐੱਸ. ਪੀ. ਸਿੰਘ ਓਬਰਾਏ “ਅੰਬੈਸਡਰ ਫਾਰ ਪੀਸ” ਐਵਾਰਡ ਨਾਲ ਸਨਮਾਨਿਤ


ਮੈਰੀਲੈਂਡ, ( ਬਲਵਿੰਦਰ ਬਾਲਮ) : ਉੱਘੇ ਸਮਾਜਸੇਵੀ ਅਤੇ ਮਨੁੱਖਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਯੂਨੀਵਰਸਲ ਪੀਸ ਫੈਡਰੇਸ਼ਨ (ਯੂਪੀਐੱਫ) ਵੱਲੋਂ ਵੱਕਾਰੀ “ਅੰਬੈਸਡਰ ਫਾਰ ਪੀਸ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਮੈਰੀਲੈਂਡ ਅਤੇ ਵਾਸ਼ਿੰਗਟਨ ਡੀ.ਸੀ. ਖੇਤਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਇਹ ਐਵਾਰਡ ਯੂਨੀਵਰਸਲ ਪੀਸ ਫੈਡਰੇਸ਼ਨ ਯੂਐੱਸਏ ਦੀ ਵਾਈਸ ਪ੍ਰੈਜ਼ੀਡੈਂਟ ਟੋਮੀਕੋ ਦੂਗਾਨ ਵੱਲੋਂ ਡਾ. ਓਬਰਾਏ ਨੂੰ ਸਿੱਖਿਆ, ਸਿਹਤ ਸੇਵਾਵਾਂ, ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਪਾਏ ਬੇਮਿਸਾਲ ਯੋਗਦਾਨ ਲਈ ਭੇਟ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਟੋਮੀਕੋ ਦੁਗਾਨ ਨੇ ਡਾ. ਓਬਰਾਏ ਨੂੰ “ਭਾਈਚਾਰੇ ਦਾ ਅਨਮੋਲ ਹੀਰਾ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਓਬਰਾਏ ਦੀਆਂ ਨਿਰਸਵਾਰਥ ਸੇਵਾਵਾਂ ਨੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਵਿੱਚ ਆਸ ਦੀ ਕਿਰਨ ਜਗਾਈ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਯੂਨੀਵਰਸਲ ਪੀਸ ਫੈਡਰੇਸ਼ਨ ਨਾਲ ਉਨ੍ਹਾਂ ਦੀ ਸਾਂਝ ਸ਼ਾਂਤੀ, ਏਕਤਾ, ਆਪਸੀ ਸਤਿਕਾਰ ਅਤੇ ਮਨੁੱਖੀ ਭਲਾਈ ਦੇ ਵਿਸ਼ਵਵਿਆਪੀ ਮਿਸ਼ਨ ਨੂੰ ਹੋਰ ਮਜ਼ਬੂਤ ਕਰੇਗੀ।

ਡਾ. ਓਬਰਾਏ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ, ਗਰੀਬ ਪਰਿਵਾਰਾਂ ਲਈ ਸਿਹਤ ਸਹੂਲਤਾਂ, ਮੁਸੀਬਤ ਵਿੱਚ ਫਸੇ ਲੋਕਾਂ ਦੀ ਸਹਾਇਤਾ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਲਈ ਦੁਨੀਆ ਭਰ ਵਿੱਚ ਸਤਿਕਾਰੇ ਜਾਂਦੇ ਹਨ। ਉਨ੍ਹਾਂ ਦੀਆਂ ਮਾਨਵਤਾਵਾਦੀ ਸੇਵਾਵਾਂ ਨੇ ਉਨ੍ਹਾਂ ਨੂੰ ਉਮੀਦ, ਹਮਦਰਦੀ ਅਤੇ ਨਿਰਸਵਾਰਥ ਸੇਵਾ ਦਾ ਪ੍ਰਤੀਕ ਬਣਾਇਆ ਹੈ।

ਸਮਾਗਮ ਦੌਰਾਨ ਡਾ. ਓਬਰਾਏ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕਰੀਨਾ ਹੂ, ਟੋਮੀਕੋ ਦੁਗਾਨ, ਰਣਜੀਤ ਚਹਿਲ ਤੇ ਕੇ ਕੇ ਸਿੱਧੂ ਨੇ ਕੀਤਾ ਗਿਆ। ਇਸ ਮੌਕੇ ਡਾ. ਸੁਰਿੰਦਰ ਸਿੰਘ ਗਿੱਲ, ਚੇਅਰਮੈਨ ਇੰਟਰਨੈਸ਼ਨਲ ਫੋਰਮ ਯੂਐੱਸਏ; ਦਵਿੰਦਰ ਸਿੰਘ ਗਿੱਲ, ਡਾਇਰੈਕਟਰ ਸਿੱਖਸ ਆਫ਼ ਯੂਐੱਸਏ; ਕੇ. ਕੇ. ਸਿੱਧੂ, ਸੰਸਥਾਪਕ ਪੰਜਾਬੀ ਕਲੱਬ ਮੈਰੀਲੈਂਡ; ਰਣਜੀਤ ਚਾਹਲ, ਸਕੱਤਰ ਪੰਜਾਬੀ ਕਲੱਬ ਮੈਰੀਲੈਂਡ; ਗੁਰਚਰਨ ਸਿੰਘ ਗੁਰੂ, ਪ੍ਰਧਾਨ ਵਰਲਡ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ; ਕਰੀਨਾ ਹੂ, ਪੈਟਰਨ-ਇਨ-ਚੀਫ਼ ਇੰਟਰਨੈਸ਼ਨਲ ਫੋਰਮ ਯੂਐੱਸਏ; ਟੋਮੀਕੋ ਡੱਗਨ, ਵਾਈਸ ਪ੍ਰੈਜ਼ੀਡੈਂਟ ਯੂਪੀਐੱਫ ਯੂਐੱਸਏ; ਨੌਨਿਹਾਲ ਸਿੰਘ, ਨਿਰਪਜੀਤ ਸਿੰਘ, ਰਣਜੀਤ ਰਾਣਾ, ਰਾਇਲ ਤਾਜ ਦੇ ਮਾਲਕ ਜਸਵਿੰਦਰ ਸਿੰਘ ਅਤੇ ਵਾਸ਼ਿੰਗਟਨ ਡੀ.ਸੀ. ਦੀ ਉੱਘੀ ਮੀਡੀਆ ਸ਼ਖ਼ਸੀਅਤ ਲਲਿਤ ਝਾਅ ਸਮੇਤ ਕਈ ਪਤਵੰਤੇ ਹਾਜ਼ਰ ਸਨ।

ਐਵਾਰਡ ਸਮਾਗਮ ਤੋਂ ਬਾਅਦ ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਡਾ. ਐੱਸ. ਪੀ. ਸਿੰਘ ਓਬਰਾਏ ਦੇ ਸਨਮਾਨ ਵਿੱਚ ਰਾਇਲ ਤਾਜ ਰੈਸਟੋਰੈਂਟ, ਮੈਰੀਲੈਂਡ ਵਿਖੇ ਸ਼ਾਨਦਾਰ ਰਾਤਰੀ ਭੋਜ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਭਾਈਚਾਰੇ ਦੇ ਆਗੂਆਂ ਨੂੰ ਡਾ. ਓਬਰਾਏ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਉਨ੍ਹਾਂ ਦੇ ਮਹਾਨ ਮਾਨਵਤਾਵਾਦੀ ਮਿਸ਼ਨ ਦੀ ਸ਼ਲਾਘਾ ਕਰਨ ਦਾ ਮੌਕਾ ਮਿਲਿਆ।

ਹਾਜ਼ਰ ਸ਼ਖ਼ਸੀਅਤਾਂ ਨੇ ਡਾ. ਓਬਰਾਏ ਨੂੰ ਵਧਾਈ ਦਿੰਦਿਆਂ ਕਿਹਾ ਕਿ “ਅੰਬੈਸਡਰ ਫਾਰ ਪੀਸ” ਦਾ ਸਨਮਾਨ ਉਨ੍ਹਾਂ ਦੀਆਂ ਮਨੁੱਖਤਾ, ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਸਮਾਜ ਭਲਾਈ ਨੂੰ ਸਮਰਪਿਤ ਸੇਵਾਵਾਂ ਦੀ ਯੋਗ ਪਛਾਣ ਹੈ।

ਡਾ. ਓਬਰਾਏ ਨੇ ਇਸ ਵੱਕਾਰੀ ਸਨਮਾਨ ਅਤੇ ਨਿੱਘੇ ਸਵਾਗਤ ਲਈ ਯੂਨੀਵਰਸਲ ਪੀਸ ਫੈਡਰੇਸ਼ਨ ਅਤੇ ਸਮੂਹ ਭਾਈਚਾਰਕ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਅਤੇ ਵਿਸ਼ਵ ਸ਼ਾਂਤੀ ਦੇ ਆਪਣੇ ਮਿਸ਼ਨ ਨੂੰ ਹੋਰ ਸਮਰਪਣ ਨਾਲ ਜਾਰੀ ਰੱਖਣ ਦਾ ਅਹਿਦ ਦੁਹਰਾਇਆ।

ਬਲਵਿੰਦਰ ਬਾਲਮ

ਗੁਰਦਾਸਪੁਰ


Previous Post Next Post

نموذج الاتصال