ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਤੇਜਵੰਤ ਸਿੰਘ ਕੰਗ ਨੂੰ ਜਾਪਾਨ ਸਰਕਾਰ ਦੇ ‘ਲੋਟਸ ਪ੍ਰੋਗਰਾਮ’ ਤਹਿਤ ਖੋਜ ਪ੍ਰਾਜੈਕਟ ਮਿਲਿਆ

ਕਿਊਸ਼ੂ ਯੂਨੀਵਰਸਿਟੀ, ਜਾਪਾਨ ਨਾਲ ਮਿਲ ਕੇ ਹਵਾ ਵਿਚੋਂ ਕਾਰਬਨ ਡਾਈਆਕਸਾਈਡ ਹਟਾਉਣ ਲਈ ਹੋਵੇਗੀ ਖੋਜ

ਮਨਜ਼ੂਰ ਕੀਤੇ ਗਏ ਚਾਰ ਪ੍ਰਾਜੈਕਟਾਂ ਵਿਚੋਂ ਇਕ ਪ੍ਰਾਜੈਕਟ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਕ ਆਈ.ਆਈ.ਐੱਸ.ਈ.ਆਰ. ਮੁਹਾਲੀ ਅਤੇ ਦੋ ਪ੍ਰਾਜੈਕਟ ਆਈ.ਆਈ.ਟੀ. ਰੋਪੜ ਨੂੰ ਮਿਲੇ


ਅੰਮ੍ਰਿਤਸਰ, 30 ਸਤੰਬਰ, 2026 (The Hind Canadian Times) : ਅੰਤਰਰਾਸ਼ਟਰੀ ਖੋਜ ਸਹਿਯੋਗ ਅਤੇ ਵਾਤਾਵਰਣ ਦੀ ਸੰਭਾਲ ਦੇ ਖੇਤਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਕੀਤੀ ਹੈ। ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਪ੍ਰੋ. ਤੇਜਵੰਤ ਸਿੰਘ ਕੰਗ ਨੂੰ ਜਾਪਾਨ ਸਰਕਾਰ ਦੇ ‘ਲੋਟਸ ਪ੍ਰੋਗਰਾਮ’ ਤਹਿਤ ਤਿੰਨ ਸਾਲ ਦਾ ਖੋਜ ਪ੍ਰਾਜੈਕਟ ਮਿਲਿਆ ਹੈ। ਇਹ ਪ੍ਰਾਜੈਕਟ ਜਾਪਾਨ ਦੀ ਕਿਊਸ਼ੂ ਯੂਨੀਵਰਸਿਟੀ ਦੇ ਖੋਜਕਰਤਾਵਾਂ ਨਾਲ ਮਿਲ ਕੇ ਕੀਤਾ ਜਾਵੇਗਾ। ਪੰਜਾਬ ਖੇਤਰ ਵਿਚ ਮਨਜ਼ੂਰ ਕੀਤੇ ਗਏ ਚਾਰ ਪ੍ਰਾਜੈਕਟਾਂ ਵਿਚੋਂ ਇਕ ਪ੍ਰਾਜੈਕਟ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਕ ਆਈ.ਆਈ.ਐੱਸ.ਈ.ਆਰ. ਮੁਹਾਲੀ ਅਤੇ ਦੋ ਪ੍ਰਾਜੈਕਟ ਆਈ.ਆਈ.ਟੀ. ਰੋਪੜ ਨੂੰ ਮਿਲੇ ਹਨ।

ਇਸ ਖੋਜ ਦਾ ਮੁੱਖ ਮਕਸਦ ਹਵਾ ਵਿਚੋਂ ਸਿੱਧੇ ਤੌਰ ’ਤੇ ਕਾਰਬਨ ਡਾਈਆਕਸਾਈਡ (CO₂) ਨੂੰ ਹਟਾਉਣ ਲਈ ਨਵੀਂ ਕਿਸਮ ਦੀਆਂ ਝਿੱਲੀਆਂ (ਮੈਂਬਰੇਨ) ਤਿਆਰ ਕਰਨਾ ਹੈ। ਇਸ ਤਕਨੀਕ ਨੂੰ ‘ਡਾਇਰੈਕਟ ਏਅਰ ਕੈਪਚਰ’ ਕਿਹਾ ਜਾਂਦਾ ਹੈ। ਸੌਖੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਸ ਤਕਨੀਕ ਰਾਹੀਂ ਹਵਾ ਵਿਚ ਮੌਜੂਦ ਕਾਰਬਨ ਡਾਈਆਕਸਾਈਡ ਨੂੰ ਸਿੱਧਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਵਿਗਿਆਨੀਆਂ ਅਨੁਸਾਰ ਹਵਾ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ, ਜਿਸ ਦਾ ਸਬੰਧ ਧਰਤੀ ਦੇ ਵਧ ਰਹੇ ਤਾਪਮਾਨ ਅਤੇ ਮੌਸਮੀ ਤਬਦੀਲੀ ਨਾਲ ਹੈ। ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਗੈਸਾਂ ਨੂੰ ਉਨ੍ਹਾਂ ਦੇ ਸਰੋਤਾਂ ’ਤੇ ਘਟਾਉਣਾ ਜ਼ਰੂਰੀ ਹੈ, ਪਰ ਇਸ ਦੇ ਨਾਲ ਹਵਾ ਵਿਚ ਪਹਿਲਾਂ ਹੀ ਮੌਜੂਦ ਕਾਰਬਨ ਡਾਈਆਕਸਾਈਡ ਨੂੰ ਘਟਾਉਣ ਲਈ ਵੀ ਨਵੇਂ ਤਰੀਕੇ ਲੱਭਣ ਦੀ ਲੋੜ ਹੈ। ਇਸ ਪ੍ਰਾਜੈਕਟ ਰਾਹੀਂ ਅਜਿਹੀ ਤਕਨੀਕ ਵਿਕਸਿਤ ਕਰਨ ’ਤੇ ਕੰਮ ਕੀਤਾ ਜਾਵੇਗਾ ਜੋ ਪ੍ਰਭਾਵਸ਼ਾਲੀ ਹੋਣ ਦੇ ਨਾਲ-ਨਾਲ ਘੱਟ ਖਰਚ ਵਾਲੀ ਅਤੇ ਵਾਤਾਵਰਣ ਪੱਖੋਂ ਟਿਕਾਊ ਵੀ ਹੋਵੇ।

ਕਿਊਸ਼ੂ ਯੂਨੀਵਰਸਿਟੀ, ਜਾਪਾਨ ਨਾਲ ਤਿੰਨ ਸਾਲਾਂ ਦਾ ਇਹ ਸਾਂਝਾ ਪ੍ਰਾਜੈਕਟ ਭਾਰਤ ਅਤੇ ਜਾਪਾਨ ਦੇ ਵਿਗਿਆਨੀਆਂ ਵਿਚਕਾਰ ਖੋਜ ਦੇ ਤਜਰਬੇ ਸਾਂਝੇ ਕਰਨ, ਨਵਾਂ ਗਿਆਨ ਹਾਸਲ ਕਰਨ ਅਤੇ ਆਪਸੀ ਖੋਜ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ।

ਇਸ ਪ੍ਰਾਪਤੀ ’ਤੇ ਪ੍ਰੋ. ਤੇਜਵੰਤ ਸਿੰਘ ਕੰਗ ਨੂੰ ਵਧਾਈ ਦਿੰਦਿਆਂ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦੀ ਖੋਜ ਨੂੰ ਮਿਲ ਰਹੀ ਪਛਾਣ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਖੋਜ ਸਹਿਯੋਗ ਉੱਚ ਪੱਧਰੀ ਵਿਗਿਆਨਕ ਖੋਜ, ਨਵੀਆਂ ਤਕਨੀਕਾਂ ਅਤੇ ਵਿਸ਼ਵ ਪੱਧਰੀ ਸਮੱਸਿਆਵਾਂ ਦੇ ਹੱਲ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਵਾਤਾਵਰਣ ਦੀ ਸੰਭਾਲ ਲਈ ਟਿਕਾਊ ਤਰੀਕੇ ਵਿਕਸਿਤ ਕਰਨ ਵਾਸਤੇ ਪ੍ਰੋ. ਕੰਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਖੋਜ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ।

ਪ੍ਰੋ. ਤੇਜਵੰਤ ਸਿੰਘ ਕੰਗ ਨੇ ਇਸ ਖੋਜ ਪ੍ਰਾਜੈਕਟ ਲਈ ਖੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਪ-ਕੁਲਪਤੀ ਵੱਲੋਂ ਯੂਨੀਵਰਸਿਟੀ ਵਿਚ ਖੋਜ ਲਈ ਸਹਿਯੋਗੀ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਯੂਨੀਵਰਸਿਟੀ ਵੱਲੋਂ ਖੋਜ ਅਤੇ ਨਵੀਆਂ ਖੋਜ ਗਤੀਵਿਧੀਆਂ ਲਈ ਲਗਾਤਾਰ ਸਹਿਯੋਗ ਅਤੇ ਲੋੜੀਂਦੀਆਂ ਸਹੂਲਤਾਂ ਦੇਣ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਵਧੀਆ ਖੋਜ ਮਾਹੌਲ ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ’ਤੇ ਕੰਮ ਕਰਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਖੋਜ ਦੇ ਮੌਕੇ ਹਾਸਲ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਪ੍ਰੋ. ਕੰਗ ਨੇ ਕਿਹਾ ਕਿ ਇਹ ਪ੍ਰਾਜੈਕਟ ਭਾਰਤ ਅਤੇ ਜਾਪਾਨ ਵਿਚਕਾਰ ਵਿਗਿਆਨਕ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਾਤਾਵਰਣ ਨਾਲ ਜੁੜੀਆਂ ਸਮੱਸਿਆਵਾਂ ਦੇ ਟਿਕਾਊ ਹੱਲ ਲੱਭਣ ਵਿਚ ਯੋਗਦਾਨ ਪਾਏਗਾ। ਉਨ੍ਹਾਂ ਆਪਣੀ ਖੋਜ ਟੀਮ, ਵਿਦਿਆਰਥੀਆਂ ਅਤੇ ਸਹਿਯੋਗੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਖੋਜ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੀ। ਉਨ੍ਹਾਂ ਯੂਨੀਵਰਸਿਟੀ ਅਧਿਕਾਰੀਆਂ ਅਤੇ ਸਮੁੱਚੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਰਿਵਾਰ ਵੱਲੋਂ ਮਿਲਦੇ ਲਗਾਤਾਰ ਸਹਿਯੋਗ, ਭਰੋਸੇ ਅਤੇ ਹੌਸਲੇ ਲਈ ਧੰਨਵਾਦ ਪ੍ਰਗਟ ਕੀਤਾ। 

Previous Post Next Post

نموذج الاتصال