ਕਾਨਫਰੰਸ ਦੀ ਸਹਿ-ਪ੍ਰਧਾਨ ਅਤੇ ਅਕਾਦਮਿਕ ਮਾਮਲਿਆਂ ਦੀ ਉਪ-ਪ੍ਰਧਾਨ ਡਾ. ਕਮਲਜੀਤ ਕੌਰ ਸਿੱਧੂ ਨੇ ਦੱਸਿਆ ਹੈ ਕਿ ਇਸ ਵਾਰ ਕਾਨਫਰੰਸ ਦਾ ਮੁੱਖ ਵਿਸ਼ਾ “ਜਿਗਿਆਸਾ ਤੋਂ ਵਿਦਵਤਾ, ਆਵਾਜ਼ ਤੋਂ ਪ੍ਰਭਾਵ” ਰੱਖਿਆ ਗਿਆ ਹੈ। ਸੰਮੇਲਨ ਦਾ ਉਦੇਸ਼ ਸਿੱਖ ਇਤਿਹਾਸ, ਵਿਰਾਸਤ, ਸਮਾਜ, ਸੰਸਥਾਵਾਂ ਅਤੇ ਸਮਕਾਲੀ ਮੁੱਦਿਆਂ ਨਾਲ ਸਬੰਧਤ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਖੋਜ ਨੂੰ ਸਮਾਜਿਕ ਬਦਲਾਅ ਨਾਲ ਜੋੜਨਾ ਹੈ।
ਪਹਿਲੇ ਦਿਨ ਅਰਥਸ਼ਾਸਤਰੀ ਅਤੇ ਅਮਰੀਕਾ ਦੇ ਕੌਮਾਂਤਰੀ ਮੁਦਰਾ ਕੋਸ਼ ਵਿਭਾਗ ਦੇ ਮੁਖੀ ਡਾ. ਮਨਮੋਹਨ ਸਿੰਘ ਕੁਮਾਰ ਮੁੱਖ ਬੁਲਾਰੇ ਹੋਣਗੇ। ਉਹ ਬਦਲਦੀ ਦੁਨੀਆ ਵਿੱਚ ਸਿੱਖ ਪਰਵਾਸੀ ਭਾਈਚਾਰੇ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਵਿਚਾਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਦੇ ਉਪ-ਨਿਰਦੇਸ਼ਕ ਡਾ. ਅੰਜੁਮ ਦਾਰਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਨਾਲ ਸਬੰਧਤ ਖੋਜ ਪੇਸ਼ ਕੀਤੀ ਜਾਵੇਗੀ।
ਕਾਨਫਰੰਸ ਦੌਰਾਨ ਗੁਰਬਾਣੀ ਦੇ ਅਰਥਾਂ ਦੀ ਤੁਲਨਾਤਮਕ ਖੋਜ ਨਾਲ ਸਬੰਧਤ ਵਿਸ਼ੇਸ਼ ਖੋਜ ਪ੍ਰਾਜੈਕਟ ਵੀ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਡਾ. ਗੁਰਮੇਲ ਸਿੰਘ, ਡਾ. ਹਰਜਿੰਦਰ ਸਿੰਘ ਸੰਧੂ ਅਤੇ ਮਨਦੀਪ ਸਿੰਘ ਸੱਜਣ ਵਿਚਾਰ ਸਾਂਝੇ ਕਰਨਗੇ। ਉੱਚ ਸਿੱਖਿਆ ਦੇ ਖੇਤਰ ਵਿੱਚ ਆਰਟੀਫੀਸ਼ੀਅਲ ਏਜੰਸੀ (ਨਕਲੀ ਬੁੱਧੀ) ਦੀ ਭੂਮਿਕਾ, ਸਿੱਖਾਂ ਅਤੇ ਮੂਲ ਨਿਵਾਸੀ ਭਾਈਚਾਰਿਆਂ ਵਿਚਕਾਰ ਸਾਂਝ, ਪੰਜਾਬੀ ਪ੍ਰਤੀਰੋਧ ਦਾ ਇਤਿਹਾਸ ਅਤੇ ਨੌਜਵਾਨਾਂ ਦੇ ਵਿਚਾਰ ਵੀ ਵਿਚਾਰ-ਚਰਚਾ ਦਾ ਹਿੱਸਾ ਹੋਣਗੇ।
ਦੂਜੇ ਦਿਨ ਸਿੱਖ ਸੰਸਥਾਵਾਂ ਦੇ ਇਤਿਹਾਸ, ਵਰਤਮਾਨ ਸਥਿਤੀ ਅਤੇ ਭਵਿੱਖੀ ਦਿਸ਼ਾ ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਡਾ. ਸਤਵੀਰ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਚਰਚਾ ਵਿੱਚ ਗੁਰਦੁਆਰਾ ਸਾਹਿਬਾਨ ਦੀ ਬਦਲ ਰਹੀ ਭੂਮਿਕਾ ਅਤੇ ਸੰਗਤ ਦੀਆਂ ਲੋੜਾਂ ਬਾਰੇ ਵਿਚਾਰ ਕੀਤਾ ਜਾਵੇਗਾ।
ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ. ਗਿਆਨ ਸਿੰਘ ਸੰਧੂ ਵੱਲੋਂ ਸੰਸਥਾ ਨੂੰ ਭਵਿੱਖ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਦੇ ਰੂਪ ਵਿੱਚ ਵਿਕਸਤ ਕਰਨ ਸਬੰਧੀ ਦ੍ਰਿਸ਼ਟੀ ਸਾਂਝੀ ਕੀਤੀ ਜਾਵੇਗੀ। ਇਸ ਮੌਕੇ “ਸਰਬੱਤ ਦੇ ਭਲੇ” ਲਈ ਆਪਸੀ ਸਹਿਯੋਗ ਅਤੇ ਸਾਂਝੀ ਕਾਰਜਨੀਤੀ ਬਾਰੇ ਵੀ ਖੁੱਲ੍ਹੀ ਚਰਚਾ ਹੋਵੇਗੀ। ਸੰਸਥਾ ਵੱਲੋਂ ਵਿਦਵਾਨਾਂ, ਖੋਜਕਾਰਾਂ, ਵਿਦਿਆਰਥੀਆਂ ਅਤੇ ਪੰਥਕ ਸ਼ਖ਼ਸੀਅਤਾਂ ਨੂੰ ਸੰਮੇਲਨ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
