ਪੁਸਤਕ ਰੀਵਿਊ - ਗੁਰੂਆਂ ਅਤੇ ਭਗਤਾਂ ਦੇ ਕਥਨ


ਸੁਖਦੇਵ ਸਿੰਘ ਸ਼ਾਂਤ ਪਿਛਲੇ ਲੱਗਭੱਗ ਇੱਕ ਦਹਾਕੇ ਤੋਂ ਗੁਰਮਤਿ ਸਾਹਿਤ ਦੇ ਅਧਿਐਨ ਵਿੱਚ ਰੁੱਝੇ ਹੋਏ ਹਨ। ਉਂਜ ਉਨ੍ਹਾਂ ਦਾ ਸਾਹਿਤ ਪ੍ਰਤੀ ਲਗਾਓ ਚਿਰੋਕਣਾ ਹੈ। ਉਨ੍ਹਾਂ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿੱਚ ਮੁੱਲਵਾਨ ਕਾਰਜ ਕੀਤਾ ਹੈ, ਜਿਸ ਵਿੱਚ ਮਿੰਨੀ ਕਹਾਣੀ, ਕਹਾਣੀ, ਕਵਿਤਾ, ਬਾਲ ਸਾਹਿਤ ਤੇ ਗੁਰਮਤਿ ਸਾਹਿਤ ਸ਼ਾਮਲ ਹੈ। ਉਨ੍ਹਾਂ ਵੱਲੋਂ ਲਿਖੀਆਂ ਪੁਸਤਕਾਂ ਵਿੱਚ ਗੁਰਬਾਣੀ/ਗੁਰਮਤਿ ਦੀਆਂ 8, ਬਾਲ ਸਾਹਿਤ ਦੀਆਂ 10, ਮਿੰਨੀ ਕਹਾਣੀ/ਕਹਾਣੀ ਦੀਆਂ 3, ਕਵਿਤਾ ਦੀ ਇੱਕ (ਕੁੱਲ 22 ਪੁਸਤਕਾਂ) ਅਤੇ 4 ਟ੍ਰੈਕਟ ਸ਼ਾਮਲ ਹਨ। ਪੰਜਾਬ ਸਰਕਾਰ ਦੇ ਸਹਿਕਾਰੀ ਸਭਾਵਾਂ ਵਿਭਾਗ ਤੋਂ ਸਹਾਇਕ ਰਜਿਸਟਰਾਰ ਵਜੋਂ ਸੇਵਾਮੁਕਤ ਸ. ਸਾਂਤ ਜੀਵਨ ਦੀਆਂ 74 ਬਹਾਰਾਂ ਮਾਣ ਚੁੱਕੇ ਹਨ। ਉਹ ਮੂਲ ਤੌਰ ਤੇ ਪਟਿਆਲਾ ਦੇ ਰਹਿਣ ਵਾਲੇ ਹਨ ਪਰ ਅਕਸਰ ਆਪਣੇ ਬੱਚਿਆਂ ਕੋਲ ਅਮਰੀਕਾ (ਇੰਡੀਆਨਾ) ਆਉਂਦੇ-ਜਾਂਦੇ ਰਹਿੰਦੇ ਹਨ।

   ਧਾਰਮਿਕ ਅਧਿਐਨ ਤੇ ਅੰਗਰੇਜ਼ੀ ਵਿੱਚ ਐਮਏ, ਗਿਆਨੀ ਅਤੇ ਹਾਇਰ ਡਿਪਲੋਮਾ ਇਨ ਕੋਆਪ੍ਰੇਸ਼ਨ ਦੀ ਯੋਗਤਾ ਪ੍ਰਾਪਤ ਸ. ਸ਼ਾਂਤ ਨੂੰ ਭਾਸ਼ਾ ਵਿਭਾਗ ਪੰਜਾਬ, ਡਾ ਗੰਡਾ ਸਿੰਘ ਮੈਮੋਰੀਅਲ ਟਰੱਸਟ ਪਟਿਆਲਾ , ਪੰਜਾਬੀ ਸਾਹਿਤ ਸਭਾ ਪਟਿਆਲਾ, ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ ਆਦਿ ਸੰਸਥਾਵਾਂ ਵੱਲੋਂ ਸਨਮਾਨਿਤ ਅਤੇ ਪੁਰਸਕ੍ਰਿਤ ਕੀਤਾ ਜਾ ਚੁੱਕਾ ਹੈ। ਹੱਥਲੇ ਨਿਬੰਧ ਵਿੱਚ ਉਨ੍ਹਾਂ ਦੀ ਨਵੀਨਤਮ ਪੁਸਤਕ 'ਗੁਰੂਆਂ ਅਤੇ ਭਗਤਾਂ ਦੇ ਕਥਨ' (ਸੰਗਮ ਪਬਲੀਕੇਸ਼ਨਜ਼ ਸਮਾਣਾ, ਪੰਨੇ 160, ਮੁੱਲ 250/- ਰੁਪਏ) ਦਾ ਲੇਖਾ-ਜੋਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

   ਇਸ ਪੁਸਤਕ (ਜੋ ਗਿਣਤੀ ਵਿੱਚ 23ਵੀਂ ਹੈ) ਵਿੱਚ, ਜਿਵੇਂ ਕਿ ਇਹਦੇ ਨਾਂ ਤੋਂ ਹੀ ਸਪਸ਼ਟ ਹੈ, ਗੁਰੂ ਗ੍ਰੰਥ ਸਾਹਿਬ ਵਿਚਲੇ ਕੀਮਤੀ ਤੇ ਅਨਮੋਲ ਬਚਨ ਚੁਣ ਕੇ ਸਾਂਭੇ ਗਏ ਹਨ। ਪਰ ਵਿਦਵਾਨ ਲੇਖਕ ਨੇ ਸਿਰਫ਼ ਗੁਰਬਾਣੀ ਦੀਆਂ ਪੰਕਤੀਆਂ ਨੂੰ ਹੀ ਦਰਜ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਸੰਬੰਧਿਤ ਸਿਰਲੇਖਾਂ ਹੇਠ ਬਾਕਾਇਦਾ ਉਹਦੀ ਵਿਆਖਿਆ ਕਰਕੇ ਸੰਗ੍ਰਹਿਤ ਕੀਤਾ ਹੈ। ਪੁਸਤਕ ਵਿੱਚ ਸ਼ਾਮਲ ਇਨ੍ਹਾਂ ਵਿਸ਼ਿਆਂ ਦੀ ਗਿਣਤੀ 90 ਹੈ, ਜਿਨ੍ਹਾਂ ਨੂੰ ਗੁਰਮੁਖੀ ਵਰਣਮਾਲਾ ੳ, ਅ, ੲ ਅਨੁਸਾਰ ਵਿਉਂਤਬੱਧ ਕੀਤਾ ਗਿਆ ਹੈ। ਇਨ੍ਹਾਂ ਵਿਸ਼ਿਆਂ ਦੇ ਅੰਤਰਗਤ ਸਿਰਫ਼ ਇੱਕ-ਇੱਕ ਵਿਚਾਰ ਨਹੀਂ ਹੈ, ਸਗੋਂ 2 ਤੋਂ ਲੈ ਕੇ 13 ਤੱਕ ਹਨ। ਤੇ ਇਸ ਤਰ੍ਹਾਂ ਇਹ ਕੁੱਲ 474 ਵਿਚਾਰ ਹਨ। 72ਵੇਂ ਨੰ. ਤੇ ਦਰਜ ਇੱਕ ਵਿਸ਼ੇ (ਬੋਲਚਾਲ ਜਾਂ ਗੱਲਬਾਤ) ਦੇ ਅਧੀਨ ਸਭ ਤੋਂ ਵੱਧ 13 ਕਥਨ ਸ਼ਾਮਲ ਕੀਤੇ ਗਏ ਹਨ। 

   ਕਿਤੇ-ਕਿਤੇ ਦੋ-ਦੋ ਵਿਸ਼ੇ ਇੱਕੋ ਸਿਰਲੇਖ ਹੇਠ ਦਰਜ ਹਨ, ਜਿਵੇਂ ਉਸਤਤ-ਨਿੰਦਿਆ (ਪੰਨਾ 13), ਅਮੀਰੀ-ਗਰੀਬੀ (23), ਸੱਚ-ਝੂਠ (36), ਸੁਖ-ਦੁਖ (49), ਹਿੰਸਾ-ਅਹਿੰਸਾ (59), ਗੁਣ-ਔਗੁਣ (82), ਘਰ-ਪਰਿਵਾਰ (84), ਪਤੀ-ਪਤਨੀ (112), ਭਲਾ-ਬੁਰਾ (132) ਆਦਿ। ਕੁਝ ਇੱਕ ਵਿਸ਼ਿਆਂ ਨੂੰ ਹੋਰ ਸਪਸ਼ਟ ਕਰਨ ਦੇ ਆਸ਼ੇ ਨਾਲ ਬ੍ਰੈਕਟਾਂ ਵਿੱਚ ਹੋਰ ਅਰਥ ਵੀ ਦਿੱਤੇ ਗਏ ਹਨ, ਜਿਵੇਂ ਉਪਦੇਸ਼ਕ (ਪ੍ਰਚਾਰਕ), ਅਧਿਆਤਮਕ ਅਨੁਭਵ (ਰਹੱਸਵਾਦ), ਅਮੀਰੀ-ਗਰੀਬੀ (ਆਰਥਕ ਨਾ-ਬਰਾਬਰੀ), ਆਗੂ (ਹੁਕਮਰਾਨ/ਰਾਜੇ), ਆਤਮਾ ਦੀ ਅਵਾਜ਼ (ਜ਼ਮੀਰ ਦੀ ਅਵਾਜ਼), ਇਜ਼ਤ (ਪਤਿ/ਸ਼ੋਭਾ), ਸਬਰ-ਸੰਤੋਖ (ਸੰਤੁਸ਼ਟੀ), ਗਿਆਨੀ (ਵਿਦਵਾਨ), ਦਰਵੇਸ਼ (ਸਾਧੂ/ਫ਼ਕੀਰ), ਦੁਬਿਧਾ (ਦੁਚਿਤੀ), ਦ੍ਰਿਸ਼ਟੀ (ਸੋਚ), ਪਾਪ (ਅਪਰਾਧ), ਪ੍ਰੀਤ (ਪ੍ਰੇਮਾ ਭਗਤੀ), ਬਿਬੇਕ ਬੁੱਧ (ਅਕਲ/ਸੋਚ-ਵਿਚਾਰ), ਬਿਰਹਾ (ਵਿਛੋੜੇ ਦੀ ਤੜਫ), ਬੋਲਚਾਲ (ਗੱਲਬਾਤ), ਭ੍ਰਿਸ਼ਟਾਚਾਰ (ਵੱਢੀ/ਰਿਸ਼ਵਤ/ਪਰਾਇਆ ਹੱਕ), ਮੁਕਤੀ (ਜੀਵਨ ਮੁਕਤੀ), ਲੋਕਾਚਾਰੀ (ਲੋਕ-ਲਾਜ) ਆਦਿ।

   ਇਹ ਪੁਸਤਕ ਗੁਰਮਤਿਮਾਰਗ ਦੇ ਪਾਂਧੀਆਂ, ਕਥਾਵਾਚਕਾਂ ਲਈ ਤਾਂ ਸਲਾਹੁਣਯੋਗ ਹੈ ਹੀ, ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਵੀ ਉਨੀ ਹੀ ਲਾਭਕਾਰੀ ਤੇ ਮਹੱਤਵਪੂਰਣ ਹੈ। ਇਸ ਪੁਸਤਕ ਤੋਂ ਮਦਦ ਲੈ ਕੇ ਕੋਈ ਵੀ ਭਾਸ਼ਣਕਾਰ ਇਸ ਵਿਸ਼ੇ ਤੇ ਆਪਣਾ ਭਾਸ਼ਣ ਤਿਆਰ ਕਰ ਸਕਦਾ ਹੈ ਜਾਂ ਖੋਜਕਾਰ ਨਵੀਂ ਖੋਜ ਵਾਸਤੇ ਸਹਾਇਤਾ ਲੈ ਸਕਦਾ ਹੈ। ਪੁਸਤਕ 'ਚੋਂ ਸਿਰਫ਼ ਇੱਕ ਉਦਾਹਰਣ (ਲਿਖਾਰੀ, ਪੰਨਾ 152) ਸਾਡੇ ਕਥਨ ਦੀ ਪੁਸ਼ਟੀ ਕਰ ਦੇਵੇਗੀ :


* ਧਨੁ ਲੇਖਾਰੀ ਨਾਨਕਾ ਜਿਨਿ ਨਾਮ ਲਿਖਾਇਆ ਸਚੁ॥

* ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ॥

* ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ॥

  ਸੇ ਜਨ ਸਚੇ ਪਾਵਹਿ ਮੋਖ ਦੁਆਰੁ॥

* ਲਿਖਦਿਆ ਲਿਖਦਿਆ ਕਾਗਦ ਮਸੁ ਖੋਈ॥

  ਦੂਜੈ ਭਾਇ ਸੁਖੁ ਪਾਏ ਨ ਕੋਈ॥

  ਕੂੜੁ ਲਿਖਹਿ ਤੈ ਕੂੜੁ ਕਮਾਵਹਿ

  ਜਲਿ ਜਾਵਹਿ ਕੂੜਿ ਚਿਤੁ ਲਾਵਣਿਆ॥

* ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ॥

  ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ॥


   ਪੁਸਤਕ ਦੇ ਮੁੱਢ ਵਿੱਚ ਸੁਖਦੇਵ ਸਿੰਘ ਸ਼ਾਂਤ ਵੱਲੋਂ ਧੰਨਵਾਦ ਦੇ ਸ਼ਬਦ, ਸ਼੍ਰੀਮਤੀ ਸੁਰਿੰਦਰ ਕੌਰ (ਸ਼ਾਂਤ ਜੀ ਦੀ ਸੁਪਤਨੀ) ਵੱਲੋਂ ਕੁਝ ਵਿਚਾਰ ਅਤੇ ਅੰਤਿਕਾ ਵਜੋਂ ਪੁਸਤਕ ਸੂਚੀ ਦੇ ਅੰਤਰਗਤ ਤਿੰਨ ਪੁਸਤਕਾਂ ਦਾ ਵੇਰਵਾ ਸ਼ਾਮਲ ਹੈ।

   ਗੁਰੂ ਗ੍ਰੰਥ ਸਾਹਿਬ, ਜੋ ਕਿ ਸਮੁੱਚੀ ਮਾਨਵਤਾ ਦੇ ਰਹਿਬਰ, ਗਿਆਨ ਦੇ ਚਾਨਣ-ਮੁਨਾਰੇ, ਗਿਆਨ ਦੇ ਸਾਗਰ ਆਦਿ ਲਕਬਾਂ ਦੇ ਧਾਰਨੀ ਹਨ, ਵਿੱਚੋਂ ਚੁਣ-ਚੁਣ ਕੇ ਮਾਨਵ-ਕਲਿਆਣ ਲਈ ਚੋਣਵੇਂ ਵਿਸ਼ਿਆਂ ਦੀ ਨਿਸ਼ਾਨਦੇਹੀ ਕਰਨੀ ਵਾਕਈ ਬਹੁਤ ਮੁਸ਼ਕਿਲ ਕਾਰਜ ਹੈ, ਪਰ ਸੁਖਦੇਵ ਸਿੰਘ ਸ਼ਾਂਤ, ਜੋ ਕਿ ਸੂਰਤ ਅਤੇ ਸੀਰਤ ਤੋਂ ਗੁਰਮੁਖ ਵਿਅਕਤੀ ਹਨ, ਨੇ ਬੜੀ ਮਿਹਨਤ ਅਤੇ ਲਗਨ ਨਾਲ ਖੋਜ ਕਰਕੇ ਇਹ ਮਾਣਕ-ਮੋਤੀ ਜਗਿਆਸੂਆਂ ਲਈ ਢੂੰਡੇ ਹਨ, ਜਿਨ੍ਹਾਂ ਨੂੰ ਪੜ੍ਹ ਕੇ, ਜੀਵਨ ਵਿੱਚ ਅਪਣਾ ਕੇ ਇਨਸਾਨ ਬਹੁਤ ਸਾਰੀਆਂ ਆਪ-ਸਹੇੜੀਆਂ ਮੁਸੀਬਤਾਂ ਤੋਂ ਛੁਟਕਾਰਾ ਪਾ ਸਕਦਾ ਹੈ। ਇਸ ਨਿਵੇਕਲੀ ਪੁਸਤਕ ਲਈ ਲੇਖਕ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਧੰਨਵਾਦ ਤੇ ਸਤਿਕਾਰ ਦਾ ਪਾਤਰ ਹੈ। ਖ਼ੁਸ਼ਆਮਦੀਦ!


 ਪ੍ਰੋ. ਨਵ ਸੰਗੀਤ ਸਿੰਘ 

                          

Previous Post Next Post

نموذج الاتصال