ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਸੰਗੀਤ ਕਦੇ ਵੀ ਕੇਵਲ ਰੋਜ਼ੀ-ਰੋਟੀ ਦਾ ਸਾਧਨ ਨਹੀਂ ਰਿਹਾ। ਇਹ ਉਨ੍ਹਾਂ ਦੀ ਸਾਧਨਾ, ਉਨ੍ਹਾਂ ਦਾ ਜਨੂੰਨ ਅਤੇ ਉਨ੍ਹਾਂ ਦੀ ਰੂਹ ਦੀ ਆਵਾਜ਼ ਹੈ। ਜਦੋਂ ਕਲਾਕਾਰ ਆਪਣੀ ਕਲਾ ਨੂੰ ਪੈਸੇ ਦੀ ਥਾਂ ਪਿਆਰ ਅਤੇ ਸਮਰਪਣ ਨਾਲ ਅਪਣਾਉਂਦਾ ਹੈ ਤਾਂ ਉਸ ਦੀ ਪੇਸ਼ਕਾਰੀ ਸਿੱਧੀ ਸਰੋਤਿਆਂ ਦੇ ਦਿਲਾਂ ਤੱਕ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਉਹ ਕਈ ਪ੍ਰੋਗਰਾਮ ਸਿਰਫ਼ ਸੰਗੀਤ ਪ੍ਰੇਮੀਆਂ ਦੇ ਸੱਦੇ ਅਤੇ ਆਪਣੇ ਅੰਦਰਲੇ ਸੰਤੋਖ ਲਈ ਕਰਦੇ ਹਨ ਜਦਕਿ ਪੇਸ਼ੇਵਰ ਸਮਾਗਮਾਂ ਵਿੱਚ ਮਾਰਕੀਟ ਦੇ ਨਿਯਮਾਂ ਅਨੁਸਾਰ ਕੰਮ ਕਰਦੇ ਹਨ।
ਮਨਜੀਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਵੀ ਵਾਦਕ ਜਾਂ ਗਾਇਕ ਲਈ ਦੋ ਗੱਲਾਂ ਸਭ ਤੋਂ ਵੱਧ ਮਹੱਤਵਪੂਰਨ ਹਨ - ਆਪਣੇ ਸਾਜ਼ ਜਾਂ ਆਵਾਜ਼ 'ਤੇ ਪੂਰੀ ਤਕਨੀਕੀ ਪਕੜ ਅਤੇ ਸੰਗੀਤ ਦੀ ਡੂੰਘੀ ਸਮਝ। ਉਨ੍ਹਾਂ ਕਿਹਾ ਕਿ ਸਾਜ਼ ਨੂੰ ਵਜਾਉਣਾ ਤਾਂ ਸਿੱਖਿਆ ਜਾ ਸਕਦਾ ਹੈ ਪਰ ਉਸ ਵਿੱਚ ਰੂਹ ਫੂਕਣ ਲਈ ਸੰਗੀਤ ਨੂੰ ਮਹਿਸੂਸ ਕਰਨਾ ਪੈਂਦਾ ਹੈ। ਜਦੋਂ ਤਕਨੀਕ, ਰਿਆਜ਼ ਅਤੇ ਅੰਦਰਲੀ ਸੰਵੇਦਨਾ ਇੱਕ ਹੋ ਜਾਂਦੇ ਹਨ ਤਾਂ ਹੀ ਅਸਲ ਕਲਾਕਾਰ ਜਨਮ ਲੈਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸੰਗੀਤ ਸਿਰਫ਼ ਉਂਗਲਾਂ ਦਾ ਨਹੀਂ ਸਗੋਂ ਦਿਮਾਗ ਅਤੇ ਦਿਲ ਦਾ ਵੀ ਸਫ਼ਰ ਹੈ।
ਰੂਬਰੂ ਗੱਲਬਾਤ ਤੋਂ ਬਾਅਦ ਮਨਜੀਤ ਸਿੰਘ ਨੇ ਆਪਣੇ ਸੈਕਸੋਫੋਨ ਦੀਆਂ ਮਧੁਰ ਸੁਰ-ਲਹਿਰਾਂ ਨਾਲ ਸਮੁੱਚੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਉਨ੍ਹਾਂ ਨੇ ਮੁਹੰਮਦ ਰਫ਼ੀ, ਮੰਨਾ ਡੇ, ਐਸ. ਡੀ. ਬਰਮਨ, ਕਿਸ਼ੋਰ ਕੁਮਾਰ, ਮਹਿੰਦਰ ਕਪੂਰ ਅਤੇ ਲਤਾ ਮੰਗੇਸ਼ਕਰ ਦੇ ਅਨੇਕਾਂ ਸਦਾਬਹਾਰ ਮਧੁਰ ਗੀਤ ਸੈਕਸੋਫੋਨ 'ਤੇ ਇਸ ਅੰਦਾਜ਼ ਵਿੱਚ ਪੇਸ਼ ਕੀਤੇ ਕਿ ਸਰੋਤੇ ਇੱਕ ਵਾਰ ਫਿਰ ਸੁਨਹਿਰੀ ਸੰਗੀਤਕ ਦੌਰ ਵਿੱਚ ਪਰਤਦੇ ਮਹਿਸੂਸ ਹੋਏ। ਉਨ੍ਹਾਂ ਦੀ ਦਿਲਕਸ਼ ਪੇਸ਼ਕਾਰੀ ਨੂੰ ਹਾਜ਼ਰੀਨ ਨੇ ਵਾਹ ਵਾਹ ਅਲਾਪਦਿਆਂ ਤਾੜੀਆਂ ਨਾਲ ਭਰਪੂਰ ਦਾਦ ਦਿੱਤੀ।
ਸਮਾਗਮ ਦੇ ਅੰਤ ਵਿੱਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਇੰਦਰਜੀਤ ਧਾਮੀ, ਹਰਦਮ ਮਾਨ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਭੁਪਿੰਦਰ ਮੱਲ੍ਹੀ ਅਤੇ ਰਿੱਕੀ ਬਾਜਵਾ ਨੇ ਮਨਜੀਤ ਸਿੰਘ ਦੀ ਵਿਲੱਖਣ ਕਲਾਕਾਰੀ, ਸੈਕਸੋਫੋਨ 'ਤੇ ਉਨ੍ਹਾਂ ਦੀ ਬੇਮਿਸਾਲ ਮੁਹਾਰਤ ਅਤੇ ਗੀਤਾਂ ਦੀ ਸੁਚੱਜੀ ਚੋਣ ਦੀ ਭਰਪੂਰ ਸ਼ਲਾਘਾ ਕੀਤੀ। ਗ਼ਜ਼ਲ ਮੰਚ ਵੱਲੋਂ ਮਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਧਾਨ ਜਸਵਿੰਦਰ ਨੇ ਮਨਜੀਤ ਸਿੰਘ ਅਤੇ ਹਾਜਰ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

