ਪੰਜਾਬ ਦੀ ਪੇਚੀਦਾ ਸਥਿਤੀ ਅਤੇ ਚੁਣੌਤੀਆਂ : ਫਿਕਰਮੰਦੀ ਤੇ ਚਿੰਤਨ


ਡਾ. ਮੇਹਰ ਮਾਣਕ  ਉਹ ਕਾਰਜਸ਼ੀਲ ਲੇਖਕ ਹੈ ‌ਜਿਨ੍ਹਾਂ ਦੀਆਂ ਲਿਖਤਾਂ  ਅਖਬਾਰਾਂ, ਮੈਗਜ਼ੀਨ ਅਤੇ ਖ਼ੋਜ ਪੇਪਰਾਂ ਵਿਚ ਲਗਾਤਾਰ ਛਪਦੀਆਂ ਰਹਿੰਦੀਆਂ ਹਨ। ਉਹ ਜਿੱਥੇ ਸਾਹਿਤਕ ਰੁਝਾਨਾਂ, ਸਾਹਿਤ ਦੀਆਂ ਵੱਖੋ ਵੱਖਰੀਆਂ ਵਿਧਾਵਾਂ ਬਾਰੇ ਆਪਣੀ ਲੋਕ ਪੱਖੀ ਦ੍ਰਿਸ਼ਟੀ ਰਾਹੀ ਮੁਲਾਂਕਣ ਕਰਦੇ ਹਨ ਉੱਥੇ ਸੱਤਾ, ਸਮਾਜ, ਸਿਆਸਤ ਦੀਆਂ ਬਹੁ ਪਰਤਾਂ  ਦਾ ਚਿਤਰਣ ਵੀ ਆਪਣੀ ਲੇਖਣੀ ਵਿੱਚ ਕਰਦੇ ਹੋਏ ਸੰਵਾਦ ਛੇੜਦੇ ਹਨ।ਉਨਾਂ ਦੀਆਂ  ਲਿਖਤਾਂ ਵਿੱਚ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਰਾਜਨੀਤਕ ਮੁੱਦਿਆਂ ਦੀ ਗੱਲ ਅਕਸਰ ਕੀਤੀ ਜਾਂਦੀ ਹੈ।ਜਿਸ ਵਿੱਚ ਇਸ ਵਿਕਰਾਲ ਵਰਤਾਰੇ ਪ੍ਰਤੀ ਚਿੰਤਾਵਾਂ ਤੇ ਫਿਕਰਮੰਦੀ ਦੇ ਅਨੇਕਾਂ ਅੰਸ਼ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ।  ਡਾ.ਮਾਣਕ ਦੇ  ਲਿਖੇ ਹੋਏ ਚਾਰ ਕਾਵਿ ਸੰਗ੍ਰਹਿ ਤੇ ਇਕ ਗੀਤ ਸੰਗ੍ਰਹਿ ਵੀ ਕਿਸੇ ਖਾਸ ਮਕਸਦ ਨੂੰ ਕੇਂਦਰ ਬਣਾ ਕੇ ਪਾਠਕਾਂ ਦੇ ਸਾਹਮਣੇ ਆਏ ਹਨ । ਇਹ ਇਨ੍ਹਾਂ ਦਾ ਇੱਕ ਵਿਲੱਖਣ ਢੰਗ ਹੈ ਕਿ ਉਹ ਕਵਿਤਾ ਵਿੱਚ ਵੀ ਵਿਸ਼ਲੇਸ਼ਣ ਕਰਦੇ ਹੋਏ ਇੱਕ ਸੰਵਾਦ ਰਚਾਉਂਦੇ ਹਨ। ਇਸੇ ਤਰ੍ਹਾਂ ਪੰਜਾਬ ਦੀ ਲੋਕਾਈ ਨਾਲ ਸੰਵਾਦ ਰਚਾਉਂਦੀ ਹੋਈ ਉਹਨਾਂ ਦੀ ਨਵੀਂ ਪੁਸਤਕ 

"ਪੰਜਾਬ ਪੇਚੀਦਾ ਸਥਿਤੀ ਤੇ ਚੁਣੌਤੀਆਂ"  ਸਾਡੇ ਸਾਹਮਣੇ ਆਉਂਦੀ ਹੈ ‌। ਇਸ ਪੁਸਤਕ ਦਾ ਟਾਈਟਲ ਹੀ ਆਪਣੇ ਆਪ ਵਿੱਚ ਪੁਸਤਕ ਅੰਦਰਲੀ ਵਸਤੂ ਬਾਰੇ ਸੰਕੇਤ ਕਰ ਜਾਂਦਾ ਹੈ।

       ਇਹ ਪੁਸਤਕ ਇੱਕ ਸਾਰਥਕ ਰਚਨਾ ਹੈ  ਜੋ ਅੱਜ ਦੇ ਪੰਜਾਬ ਨੂੰ ਗੰਭੀਰਤਾ ਨਾਲ ਵਾਚਦੀ ਇਸ ਅੰਦਰਲੇ ਤੇ ਬਾਹਰਲੇ ਸੰਕਟ ਨੂੰ ਪਹਿਚਾਣਦੀ ਹੈ। ਅੱਜ ਪੰਜਾਬ ਕਿੰਨਾਂ ਚੁਣੌਤੀਆਂ ਵਿੱਚੋਂ ਲੰਘ ਰਿਹਾ ਹੈ, ਇਸ ਦੇ ਕਿਹੜੇ ਕਿਹੜੇ ਗੰਭੀਰ ਮਸਲੇ ਹਨ ਜਿਨ੍ਹਾਂ ਬਾਰੇ ਸੁਚੇਤ ਹੋਣਾ ਬਹੁਤ ਜਰੂਰੀ ਹੈ, ਇਹਨਾਂ ਬਹੁਤ ਸਾਰੇ ਮਸਲਿਆਂ ਨੂੰ ਨਾਲ ਲੈ ਕੇ ਤੁਰਦੀ ਇਹ ਪੁਸਤਕ ਪਾਠਕਾਂ ਨੂੰ ਹਲੂਣਦੀ ਹੈ।

ਪੰਜ ਭਾਗਾਂ ਅਤੇ 18 ਉਪਭਾਗਾਂ ਵਿੱਚ ਵੰਡੀ ਇਹ ਕਿਤਾਬ ਪੰਜਾਬ ਦੀ ਸਥਿਤੀ ਦਾ ਦਸਤਾਵੇਜ਼ ਬਣਦੀ ਹੈ। ਇਹ ਪੰਜਾਬ ਦੇ ਮੁੱਖ ਮੁੱਦਿਆਂ ਦਾ ਮੁਲਾਂਕਣ ਕਰਦੀ ਇਤਿਹਾਸ, ਆਰਥਿਕਤਾ, ਰਾਜਨੀਤੀ ਅਤੇ ਸਮਾਜ ਦੇ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਦਾ ਵਿਸ਼ਲੇਸ਼ਣ ਕਰਦੀ ਹੈ। ਇਹ ਕਿਤਾਬ  ਪੰਜਾਬ ਦੇ ਰਾਜਨੀਤਿਕ-ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਦੇ ਉਤਰਾਅ-ਚੜ੍ਹਾਅ ਨੂੰ ਦਰਸਾਉਂਦੀ ਹੈ। ਪੰਜਾਬ ਦੀਆਂ ਪਦਾਰਥਿਕ ਹਾਲਤਾਂ ਨੂੰ ਵਾਚਦੀ ਹੋਈ ਇਹ ਪੁਸਤਕ ਪੰਜਾਬ ਦੇ ਅਰਥਚਾਰੇ ਨੂੰ ਆਪਣੇ ਕੈਨਵਸ ਵਿੱਚ ਲੈ ਕੇ ਆਉਂਦੀ ਹੈ।ਇਸ ਪੁਸਤਕ ਦੇ  ਭਾਗ  ਪਹਿਲੇ ਵਿੱਚ  ਮੇਹਰ ਮਾਣਕ  ਨੇ ਪੰਜਾਬ ਦੇ ਪੇਂਡੂ ਜੀਵਨ, ਅਰਥਚਾਰੇ ਅਤੇ ਸਮਾਜਿਕ ਸਥਿਤੀ ਦਾ ਡੂੰਘਾ ਵਿਸ਼ਲੇਸ਼ਣ ਕੀਤਾ  ਹੈ। ਹਰੇ ਇਨਕਲਾਬ  ਦੇ ਸਾਮਰਾਜੀ ਖੇਤੀਬਾੜੀ ਮਾਡਲ ਨੇ ਉਤਪਾਦ  ਦੇ ਵਾਧੇ ਨਾਲ ਜੋ  ਅਲਾਮਤਾਂ ਪੰਜਾਬ ਲਈ ਪੈਦਾ ਕੀਤੀਆਂ  ਉਹ ਅੱਜ ਪੰਜਾਬ ਅੰਦਰਲਾ ਖੇਤੀ ਸੰਕਟ ਇਸ ਦੀ ਮੂੰਹ ਬੋਲਦੀ ਤਸਵੀਰ ਹੈ। ਥੋੜੇ ਚਿਰੀ ਖੁਸ਼ਹਾਲੀ ਨੇ ਮੰਦਹਾਲੀ ਦਾ ਰੂਪ ਧਾਰਨ ਕਰ ਪੇਂਡੂ ਅਰਥਚਾਰੇ ਨੂੰ ਸੰਕਟ ਵਿੱਚ ਧੱਕ ਦਿੱਤਾ।ਇਸ ਬਾਰੇ ਤੱਥਾਂ  ਸਮੇਤ ਪੁਸਤਕ ਦੱਸਦੀ ਹੈ ਕਿਵੇਂ ਖੇਤੀ ਦੀ ਲਾਗਤ ਵਿੱਚ ਵਾਧਾ, ਫਸਲਾਂ ਦੇ ਘੱਟ ਭਾਅ, ਕਿਸਾਨਾਂ 'ਤੇ ਵਧਦਾ ਕਰਜ਼ਾ, ਭੂਮੀ ਹੇਠਲੇ ਪਾਣੀ ਦਾ ਘਟਦਾ ਪੱਧਰ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਕਮੀ  ਦੇ ਨਾਲ ਖੇਤੀ ਘਾਟੇ ਦਾ ਧੰਦਾ ਕਿਵੇਂ ਬਣੀ ਜਿਸ ਨੇ  ਰੁਜ਼ਗਾਰ ਦੇ ਮੌਕਿਆਂ ਦੀ ਘਾਟ ਵੀ ਵੱਡੀ ਸਮੱਸਿਆ ਪੈਦਾ ਕੀਤੀ।ਇਸ ਵੱਡੀ ਬੇਚੈਨੀ ਨੇ ਨਸ਼ਾਖੋਰੀ, ਬੇਰੁਜ਼ਗਾਰੀ, ਵਿਦੇਸ਼ਾਂ ਵੱਲ ਪਰਵਾਸ, ਦਿਖਾਵੇ ਦੀ ਪ੍ਰਵਿਰਤੀ ਆਦਿ ਨੇ ਪੇਂਡੂ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।

       ਲੇਖਕ ਇਹ ਵੀ ਦੱਸਦਾ  ਕਿ ਪੰਜਾਬ ਦੀਆਂ ਗੁੰਝਲਦਾਰ ਸਮੱਸਿਆਵਾਂ ਦੇ ਕਾਰਨ ਇਹ ਆਰਥਿਕ, ਸਮਾਜਿਕ, ਵਾਤਾਵਰਣਕ ਅਤੇ ਪ੍ਰਸ਼ਾਸਨਿਕ ਕਾਰਨਾਂ ਵੀ ਹਨ। ਲੇਖਕ ਨੂੰ ਕਾਰਪੋਰੇਟ ਦੀ ਆਰਥਿਕ ਸਮਾਜਿਕ ਤੇ ਕੁਦਰਤੀ ਸ੍ਰੋਤਾਂ ਦੀ ਅੰਨੀ ਲੁੱਟ ਤੰਗ ਕਰਦੀ ਹੈ। ਇਸ ਲਈ ਪੁਸਤਕ ਦੇ ਵਿੱਚ ਇਸ ਗੱਲ ਨੂੰ ਵੀ ਉਭਾਰਿਆ ਗਿਆ ਹੈ ਜਦੋਂ ਪੰਜਾਬੀ ਵਸੋ ਅੰਦਰ ਨਿਰਾਸ਼ਾ ਤੇ ਬੇਗਾਨਗੀ ਦਾ ਆਲਮ ਪੈਦਾ ਹੁੰਦਾ ਹੈ , ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਤਾਂ ਨਾਬਰੀ ਦੀ ਸੁਰ ਉਭਰਨੀ ਲਾਜ਼ਮੀ ਹੈ ਇਸੇ ਲਈ ਦਰਪੇਸ਼ ਮਸਲਿਆਂ ਨੂੰ ਨਜਿੱਠਣ ਲਈ ਪੰਜਾਬ ਵਿੱਚੋਂ ਉੱਠਦੇ  ਲੋਕ ਅੰਦੋਲਨ ਇਸ ਦਾ ਸੰਕੇਤ ਹਨ।

       ਭਾਗ ਦੂਜੇ ਵਿੱਚ ਡਾ.ਮਾਣਕ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਅਤੇ ਉਨ੍ਹਾਂ ਦੇ ਪੰਜਾਬ ਦੀ ਖੇਤੀ, ਪੇਂਡੂ ਅਰਥਚਾਰੇ ਅਤੇ ਸਮਾਜ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ।ਨਵੇਂ ਬਿਜਲੀ ਸੋਧ ਬਿੱਲ ਬਾਰੇ ਲੇਖਕ ਦਾ ਮੰਨਣਾ ਹੈ ਬਿਜਲੀ ਖੇਤਰ ਦਾ ਨਿੱਜੀਕਰਨ ,ਬਿਜਲੀ ਦਰਾਂ ਨੂੰ ਮਹਿੰਗਾ ਕਰ ਜਿੱਥੇ ਖੇਤੀ ਲਾਗਤ ਨੂੰ ਵਾਧਾ ਹੋਵੇਗਾ ਉਥੇ ਆਮ ਲੋਕਾਂ ਉੱਪਰ ਵੀ ਬੋਝ ਬਣੇਗਾ । ਇਸ ਦਾ ਸਿੱਧਾ ਪੰਜਾਬ ਦੇ ਅਰਥਚਾਰੇ 'ਤੇ ਪੈਣਾ ਪੰਜਾਬ ਦੇ ਸੰਕਟ ਨੂੰ ਸੰਕਟ ਨੂੰ  ਗਹਿਰਾ ਕਰਨਾ ਹੈ। ਬਿਜਲੀ ਐਕਟ ਕਿਵੇਂ ਹੋਂਦ ਵਿੱਚ ਆਇਆ ਤੇ ਅੱਜ ਇਸ ਦੇ ਵਿੱਚ ਨਵੀਆਂ ਸੋਧਾਂ ਕਰਕੇ  ਕਾਰਪੋਰੇਟ ਦੇ ਹੱਥਾਂ ਦੇ ਵਿੱਚ ਇਸ ਵਿਭਾਗ ਨੂੰ ਥੋਪਣਾ ਇਸ ਪਿਛਲੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕਰਦੀ ਇਹ ਪੁਸਤਕ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕਰਦੀ ਹੈ। ਸਰਕਾਰ ਦੀ ਮਾਰੂ ਨੀਤੀ ਨੇ ਸਿਹਤ ਸੇਵਾਵਾਂ ਵਿੱਚ ਗਿਰਾਵਟ , ਵਾਤਾਵਰਨ ਦੀ ਖਰਾਬੀ ,ਆਰਥਿਕ  ਨਿਘਾਰ,ਲੋਕਾਂ ਅੰਦਰ ਅੰਦਰਲੀ ਬੇਬਸੀ ਡਿਪਰੈਸ਼ਨ ਤੇ ਹੋਰ ਗੰਭੀਰ ਅਲਾਮਤਾਂ ਪੈਦਾ ਕੀਤੀਆਂ ਹਨ। ਇਸ ਬਾਰੇ ਪੁਸਤਕ ਦੇ ਵਿੱਚ ਲੇਖਕ ਜਿੱਥੇ ਸਮੱਸਿਆ ਬਾਰੇ ਦੱਸਦਾ ਉੱਥੇ ਸਮੱਸਿਆ ਬਾਰੇ ਆਪਣਾ ਹੱਲ ਵੀ ਖੋਲ੍ਹ ਕੇ ਲਿਖਦਾ ਹੈ। ਇਸ ਦੇ ਕਈ ਹਵਾਲੇ ਲੇਖਕ ਨੇ ਦਿੱਤੇ ਹਨ ਜਿਵੇਂ ਖੇਤੀਬਾੜੀ ਦਾ ਮਸਲਾ ਉਹ ਸੂਬੇ ਦਾ ਮਸਲਾ ਹੁੰਦਾ ਹੈ ਪਰ ਜੇ ਕੇਂਦਰ ਸਰਕਾਰ ਇਸ ਦੇ ਵਿੱਚ ਦਖ਼ਲਅੰਦਾਜ਼ੀ ਕਰਕੇ ਕਿਸਾਨਾਂ ਦੀਆਂ ਜਮੀਨਾਂ ਹਥਿਆਉਣ ਦੀ ਗੱਲ ਕਰੇਗੀ ਤਾਂ ਉਹ ਭਾਰਤੀ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨ ਦਾ ਹਰ ਹੀਲਾ ਵਰਤ ਰਹੀ ਹੈ ਇਸ ਦੇ ਲਈ ਲੋਕਾਂ ਦੇ ਵਿੱਚ ਵਿਰੋਧ ਖੜ੍ਹਾ ਹੋਵੇਗਾ ਜੋ ਹੋ ਵੀ ਰਿਹਾ ਹੈ। ਇਸੇ ਤਰ੍ਹਾਂ ਅਮਰੀਕਾ ਨਾਲ ਕੀਤੇ ਜਾ ਰਹੇ ਵੱਖ ਵੱਖ ਸਮਝੋਤੇ ਤੇ ਸੰਧੀਆਂ ਅਸਲ ਵਿੱਚ ਸਾਮਰਾਜੀਆਂ ਦੇ ਮੁਨਾਫ਼ੇ ਨੂੰ ਕੇਂਦਰ ਵਿੱਚ ਰੱਖ ਕੇ ਲਏ ਜਾ ਰਹੇ ਸਰਕਾਰ ਦੇ ਫੈਸਲਿਆਂ ਦੀ ਵਿਰੋਧਤਾ ਕਰਨੀ ਪੈਂਦੀ ਹੈ ।ਇਸ ਪੁਸਤਕ ਵਿਚ ਵੱਖ ਵੱਖ ਸਮਝੌਤਿਆਂ ਨੂੰ ਮਾਰੂ ਦੱਸਦਿਆਂ ਇਹ ਸੁਝਾਅ  ਦਿੱਤਾ ਗਿਆ ਹੈ ਕਿ ਭਾਰਤੀ ਅਰਥਚਾਰੇ ਤੇ ਭਾਈਚਾਰੇ ਦੀ ਰੀੜ੍ਹ ਦੀ ਹੱਡੀ ਨੂੰ ਸਾਮਰਾਜੀ ਹਮਲੇ ਤੋਂ ਬਚਾਉਣ ਲਈ ਸਾਰੀਆਂ ਸਿਆਸੀ ਤੇ ਸਮਾਜਿਕ ਧਿਰਾਂ ਨੂੰ ਇਕੱਠੇ ਤੁਰਨ ਦੀ ਜਰੂਰਤ ਹੈ। ਡਾ. ਮੇਹਰ ਮਾਣਕ ਦਾ ਮੰਨਣਾ ਹੈ ਕਿ ਵਿਕਾਸ ਸੰਬੰਧੀ ਹਰ ਨੀਤੀ ਦਾ ਕੇਂਦਰ ਕਿਸਾਨ, ਪੇਂਡੂ ਸਮਾਜ ਅਤੇ ਲੋਕ-ਹਿੱਤ ਹੋਣਾ ਚਾਹੀਦਾ ਹੈ। ਜਦੋਂ ਨੀਤੀਆਂ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਨਗੀਆਂ, ਤਦ ਹੀ ਪੰਜਾਬ ਦਾ ਅਰਥਚਾਰਾ ਅਤੇ ਸਮਾਜ ਮਜ਼ਬੂਤ ਹੋ ਸਕੇਗਾ।

       ਭਾਗ ਤੀਜੇ ਵਿੱਚ  ਲੇਖਕ ਵੱਲੋਂ ਖੇਤੀ ਨੀਤੀ, ਖੇਤੀ ਮੰਡੀ ਪ੍ਰਣਾਲੀ ਅਤੇ ਭਾਰਤ ਦੇ ਕਿਸਾਨ ਅੰਦੋਲਨਾਂ ਦਾ ਵਿਸ਼ਲੇਸ਼ਣ ਕੀਤਾ ਹੈ।ਲੇਖਕ ਦਾ ਮੰਨਣਾ ਹੈ ਕਿ ਪੰਜਾਬ ਨੂੰ ਖੇਤੀ ਸੁਧਾਰਾਂ ਦੀ ਲੋੜ ਹੈ ਜੋ ਕਿਸਾਨਾਂ ਨੂੰ ਆਰਥਿਕ ਸੁਰੱਖਿਆ ਦੇਣ। ਫਸਲਾਂ ਵਿੱਚ ਵਿਭਿੰਨਤਾ, ਪਾਣੀ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਰੱਖਿਆ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਮੰਡੀ ਪ੍ਰਣਾਲੀ ਅਤੇ ਖੇਤੀ  ਮੰਡੀਆਂ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਇੱਕ ਮਹੱਤਵਪੂਰਨ ਮੰਚ ਦਿੰਦੀਆਂ ਹਨ। ਜੇ ਮੰਡੀ ਪ੍ਰਣਾਲੀ ਕਮਜ਼ੋਰ ਹੁੰਦੀ ਹੈ ਤਾਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਮੰਡੀਆਂ ਨੂੰ ਹੋਰ ਪਾਰਦਰਸ਼ੀ, ਮਜ਼ਬੂਤ ਅਤੇ ਕਿਸਾਨ-ਪੱਖੀ ਬਣਾਉਣ ਦੀ ਲੋੜ ਹੈ।

      ਭਾਰਤ ਦੇ ਕਿਸਾਨ ਅੰਦੋਲਨਾਂ ਦਾ ਜ਼ਿਕਰ ਕਰਦਿਆਂ ਲੇਖਕ ਦੱਸਦਾ ਹਨ ਕਿ ਕਿਸਾਨਾਂ ਨੇ ਸਮੇਂ-ਸਮੇਂ 'ਤੇ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਸੰਘਰਸ਼ ਕੀਤਾ ਹੈ। ਇਹ ਅੰਦੋਲਨ ਘੱਟੋ-ਘੱਟ ਸਮਰਥਨ ਮੁੱਲ (MSP), ਕਰਜ਼ਾ ਮੁਕਤੀ, ਖੇਤੀ ਨੀਤੀਆਂ ਅਤੇ ਕਿਸਾਨਾਂ ਦੇ ਹੱਕਾਂ ਨਾਲ ਜੁੜੇ ਮੁੱਦਿਆਂ 'ਤੇ ਕੇਂਦਰਿਤ ਰਹੇ ਹਨ।ਲੇਖਕ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਹੈ ਕਿ ਸਿਆਸੀ ਪਾਰਟੀ ਤੇ ਸਰਕਾਰ ਪੇਂਡੂ ਅਰਥਚਾਰੇ ਦੇ ਪੇਚੀਦਾ ਸੰਕਟ ਨੂੰ ਹੱਲ ਕਰਨ ਲਈ ਰਤਾ  ਵੀ ਸੰਜੀਦਾ ਨਹੀਂ ਜਾਪਦੀ। ਇਸ ਭਾਗ ਦੇ ਵਿੱਚ ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੁਆਰਾ ਕੀਤੇ ਗਏ ਪਿਛਲੀ ਇੱਕ ਸਦੀ ਤੋਂ ਵੱਧ ਦੇ ਸਮੇਂ ਦੇ ਅੰਦੋਲਨਾਂ ਦੇ ਇਤਿਹਾਸ ਦੇ ਨਾਲ ਨਾਲ ਸਮਕਾਲੀ ਲੋਕ ਘੋਲਾਂ ਨੂੰ ਵੀ ਸਾਹਮਣੇ ਰੱਖਿਆ ਹੈ।ਨਵੇਂ ਇਤਿਹਾਸਿਕ ਕਿਸਾਨ ਅੰਦੋਲਨ ਵਿੱਚ ਕਿਸਾਨ ਜਥੇਬੰਦੀਆਂ ਦੇ ਰੋਲ ਨੂੰ ਵੀ ਬਖੂਬੀ ਦੇ ਨਾਲ ਬਿਆਨ ਕੀਤਾ ਤੇ ਲੋਕ ਘੋਲਾਂ ਦੀ ਅਹਿਮੀਅਤ ਵੀ ਇਸ ਪੁਸਤਕ ਵਿੱਚ ਝਲਕਦੀ ਹੈ।

       ਭਾਗ ਚੌਥੇ ਵਿੱਚ ਡਾ.ਮੇਹਰ ਮਾਣਕ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ, ਨਵੀਂ ਵਿਦਿਆ ਨੀਤੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ (AI) ਦੇ ਪ੍ਰਭਾਵਾਂ ਬਾਰੇ ਵਿਚਾਰ ਪੇਸ਼ ਕੀਤੇ ਹਨ।।ਪੰਜਾਬ ਵਿੱਚ  ਸਕੂਲੀ ਸਿੱਖਿਆ ਸਾਹਮਣੇ ਕਈ ਚੁਣੌਤੀਆਂ ਪ੍ਰਤੀ ਫਿਕਰਮੰਦੀ  ਜ਼ਾਹਿਰ ਕਰਦਿਆਂ,  ਵਿਦਿਆ ਲਈ ਬੁਨਿਆਦੀ ਸਹੂਲਤਾਂ,ਗੁਣਵੱਤਾ ਵਾਲੀ ਸਿੱਖਿਆ ਦੀ ਲੋੜ ਤੇ ਜੋਰ ਦਿੱਤਾ ਹੈ। ਕੌਮੀ ਸਿੱਖਿਆ ਨੀਤੀ-2020 ਦੇ ਪ੍ਰਭਾਵਾਂ ਨੂੰ ਉਲੀਕਦਿਆਂ  ਸਿੱਖਿਆ ਵਿਰੋਧੀ ਪੱਖਾਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਮਸਨੂਈ ਬੁੱਧੀ ਦੀ ਮਨੁੱਖ ਦੀ ਸੋਚ, ਸਮਝ ਤੇ ਬੁੱਧੀ ਤੇ ਹੋ ਰਹੀ ਪ੍ਰਭਾਵਿਕਤਾ ਨੂੰ ਵੀ ਵਿਚਾਰਿਆ ਗਿਆ ਹੈ।ਡਾ. ਮੇਹਰ ਮਾਣਕ ਦੇ ਅਨੁਸਾਰ ਪੰਜਾਬ ਦੇ ਭਵਿੱਖ ਲਈ ਮਜ਼ਬੂਤ ਸਿੱਖਿਆ ਪ੍ਰਣਾਲੀ, ਨਵੀਂ ਸੋਚ ਅਤੇ ਤਕਨਾਲੋਜੀ ਦਾ ਸੰਤੁਲਿਤ ਉਪਯੋਗ ਜ਼ਰੂਰੀ ਹੈ।

        ਭਾਗ ਪੰਜਵੇਂ ਵਿਚ ਪੰਜਾਬ ਦੀਆਂ ਤਤਕਾਲੀ ਘਟਨਾਵਾਂ ਬਾਰੇ ਵਿਸ਼ਲੇਸ਼ਣ ਕੀਤਾ ਗਿਆ ਹੈ। ਜਿਵੇਂ ਹੜ੍ਹਾਂ ਦੀ ਤਬਾਹੀ ਤੇ ਹੜਾਂ ਤੋਂ ਪੰਜਾਬ ਨੂੰ ਬਚਾਉਣ ਦੇ ਲਈ ਨੌਜਵਾਨਾਂ ਦੀ ਏਕਤਾ ਤੇ ਭਾਈਚਾਰਕ ਸਾਂਝ ਦੇ ਵਿਲੱਖਣ ਰੋਲ ਦਾ ਵਰਣਨ ਵੀ ਕੀਤਾ ਗਿਆ ਹੈ ‌।ਡਾ. ਮੇਹਰ ਮਾਣਕ ਦੇ ਅਨੁਸਾਰ ਸਮਾਜ ਨੂੰ ਆਪਣੀਆਂ ਪਰੰਪਰਾਵਾਂ ਅਤੇ ਵਿਰਾਸਤ ਨੂੰ ਸੰਭਾਲਦੇ ਹੋਏ ਆਧੁਨਿਕ ਚੁਣੌਤੀਆਂ ਦਾ ਸੂਝ-ਬੂਝ ਨਾਲ ਸਾਹਮਣਾ ਕਰਨਾ ਚਾਹੀਦਾ ਹੈ। ਵਾਤਾਵਰਣ ਦੀ ਰੱਖਿਆ, ਸਮਾਜਿਕ ਜ਼ਿੰਮੇਵਾਰੀ ਅਤੇ ਸੰਵਿਧਾਨਕ ਮੁੱਲਾਂ ਦੀ ਪਾਲਣਾ ਨਾਲ ਹੀ ਇੱਕ ਮਜ਼ਬੂਤ ਸਮਾਜ ਦੀ ਰਚਨਾ ਹੋ ਸਕਦੀ ਹੈ। ਉਨ੍ਹਾਂ ਨੇ ਇਸ ਪੁਸਤਕ ਦੇ ਅਖੀਰਲੇ ਲੇਖ ਦੇ ਵਿੱਚ ਭਾਰਤ ਦੇ ਲੋਕਤੰਤਰੀ ਸਿਧਾਂਤਾਂ ਨੂੰ ਅੱਗੇ ਵਧਾਉਂਦਿਆਂ ਗਣਤੰਤਰ ਦਿਵਸ ਦੀ ਸਾਰਥਿਕਤਾ ਨੂੰ ਵੀ ਜਿੱਥੇ ਬਾਖੂਬੀ ਦੇ ਨਾਲ ਉਲੀਕਿਆ ਹੈ ਤੇ ਉੱਥੇ ਹੀ ਲੋਕਤੰਤਰੀ ਮੁੱਲਾਂ

ਨੂੰ ਖੰਡਿਤ ਕਰਨ ਵਾਲੀਆਂ ਤਾਕਤਾਂ ਦੀ ਵਿਰੋਧਤਾ ਵੀ ਕੀਤੀ ਹੈ ।

       ਸਮੁੱਚੇ ਰੂਪ ਵਿੱਚ ਇਹ ਪੁਸਤਕ ਪੰਜਾਬ ਦੀ ਚਿੰਤਾ ਕਰਦੀ ਹੋਈ ਇੱਕ ਚੇਤਨਾ ਦਾ ਪ੍ਰਸਾਰ ਕਰਦੀ ਹਲੂਣਦੀ ਹੈ "ਆਓ ਆਪਾਂ ਆਪਣਾ ਪੰਜਾਬ ਬਚਾਈਏ"। ਇਹ  ਪੁਸਤਕ ਪੰਜਾਬ  ਦੇ ਮੁੱਦਿਆਂ ਨੂੰ ਗਹਿਰਾਈ ਨਾਲ ਸਮਝ ਕੇ ਯਥਾਰਥ  ਦੀ ਤੱਥਾਤਮਕ ਤਸਵੀਰ ਪੇਸ਼ ਕਰਦੀ ਹੈ । ਇਹ ਅੰਕੜੇ ਜਾਂ ਘਟਨਾਵਾਂ ਦਿਖਾਉਂਦੀ ਹੀ ਨਹੀਂ ਬਲਕਿ ਚਿੰਤਨ ਮੰਥਨ ਕਰਕੇ ਪੰਜਾਬ ਦਾ ਵਰਤਮਾਨ ਤੇ ਭਵਿੱਖ ਸੋਹਣਾ ਬਣਾਉਣ ਲਈ ਦਰਪੇਸ਼ ਸੰਕਟਾਂ ਤੋਂ ਪਾਰ ਜਾਣ ਲਈ ਸੋਚਣ ਲਈ ਮਜਬੂਰ ਕਰਦੀ ਹੈ। ਪੰਜਾਬ  ਦੀਆਂ ਚਿੰਤਾਵਾਂ ਜੋ ਇਸ ਪੁਸਤਕ ਨੇ ਉਭਾਰੀਆਂ ਹਨ ਉਨ੍ਹਾਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਇਸ ਰਚਨਾ ਦਾ ਹਾਸਲ ਹੈ।

ਡਾ. ਅਰਵਿੰਦਰ  ਕੌਰ ਕਾਕੜਾ







Previous Post Next Post

نموذج الاتصال