ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਨੇ ਖਿਡੌਣੇ ਦੇ ਕੇ ਹਸਪਤਾਲ ਦੇ ਬੱਚਿਆਂ ਦੇ ਚਿਹਰਿਆਂ ‘ਤੇ ਰੌਣਕ ਲਿਆਂਦੀ

ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੀ ਅਗਵਾਈ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਬਲਜੀਤ ਸਿੰਘ ਰਾਏ, ਮਨਜੀਤ ਸਿੰਘ ਚੀਮਾ, ਲਖਵੀਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਮਾਨਕਟਲਾ, ਇੰਦਰਜੀਤ ਸਿੰਘ ਲੱਧੜ ਅਤੇ ਸੰਦੀਪ ਸਿੰਘ ਧੰਜੂ ਨੇ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਨੂੰ ਖਿਡੌਣੇ ਦੇ ਕੇ ਉਨਾਂ ਦੇ ਚਿਹਰਿਆਂ ਉਤੇ ਮੁਸਕ੍ਰਾਹਟ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ।

ਸਰੀ, 25 ਜੂਨ (ਹਰਦਮ ਮਾਨ)-ਬੀਤੇ ਦਿਨ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਕਮਿਊਨਿਟੀ ਦੀ ਮਦਦ ਨਾਲ ਬੀ ਸੀ ਚਿਲਡਰਨ ਹਸਪਤਾਲ ਵਿੱਚ ਦਾਖ਼ਲ ਬੱਚਿਆਂ ਨੂੰ ਖਿਡੌਣੇ ਦਾਨ ਕੀਤੇ ਗਏ। ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੀ ਅਗਵਾਈ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਬਲਜੀਤ ਸਿੰਘ ਰਾਏ, ਮਨਜੀਤ ਸਿੰਘ ਚੀਮਾ, ਲਖਵੀਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਮਾਨਕਟਲਾ, ਇੰਦਰਜੀਤ ਸਿੰਘ ਲੱਧੜ ਅਤੇ ਸੰਦੀਪ ਸਿੰਘ ਧੰਜੂ ਨੇ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਨੂੰ ਖਿਡੌਣੇ ਦੇ ਕੇ ਉਨਾਂ ਦੇ ਚਿਹਰਿਆਂ ਉਤੇ ਮੁਸਕ੍ਰਾਹਟ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ। ਇਸ ਮੌਕੇ ਹਾਜਰ ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਐਸੋਸੀਏਸ਼ਨ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ ਅਤੇ ਆਉਂਦੇ ਸਮੇਂ ਵਿੱਚ ਅਜਿਹੇ ਹੋਰ ਕਾਰਜ ਕਰਨ ਲਈ ਪ੍ਰੇਰਨਾ ਵੀ ਦਿੱਤੀ।

ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਨੇ ਕਿਹਾ ਕਿ ਅਜਿਹੇ ਕਾਰਜਾਂ ਨਾਲ ਜਿੱਥੇ ਅਸੀਂ ਕਮਿਊਨਿਟੀ ਦੇ ਸੇਵਾ ਕਾਰਜ ਵਿਚ ਆਪਣਾ ਯੋਗਦਾਨ ਪਾ ਰਹੇ ਹਾਂ ਉੱਥੇ ਸਾਨੂੰ ਨਿੱਜੀ ਤੌਰ ਉਤੇ ਵੀ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਐਸੋਸੀਏਸ਼ਨ ਵੱਲੋਂ ਅਜਿਹੇ ਉਪਰਾਲੇ ਹੋਰ ਵੀ ਵੱਡੀ ਪੱਧਰ ਉਤੇ ਕੀਤੇ ਜਾਣਗੇ। ਉਹਨਾਂ ਕਮਿਊਨਿਟੀ ਵਿੱਚੋਂ ਹੋਰ ਵੀ ਲੋਕਾਂ ਨੂੰ ਐਸੋਸੀਏਸ਼ਨ ਨਾਲ ਜੁੜਨ ਅਤੇ ਅਜਿਹੇ ਨੇਕ ਕੰਮਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹੋਂਦ ਵਿੱਚ ਆਈ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਸਿੱਖੀ ਦੇ ਸਿਧਾਂਤ ‘ਸਰਬੱਤ ਦਾ ਭਲਾ’ ਦੇ ਨੈਤਿਕ ਆਧਾਰ ‘ਤੇ ਬਣਾਈ ਗਈ ਹੈ ਜਿਸ ਦਾ ਉਦੇਸ਼ ਨਿਰਪੱਖ ਹੋ ਕੇ ਸਮਾਜਿਕ ਸੇਵਾ ਅਤੇ ਮਾਨਵਤਾ ਦੀ ਭਲਾਈ ਮਿਥਿਆ ਗਿਆ ਹੈ। ਐਸੋਸੀਏਸ਼ਨ ਵੱਲੋਂ ਆਪਣੇ ਨੇਕ ਕਾਰਜਾਂ ਦੀ ਸ਼ੁਰੂਆਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੇਵਕ ਰਾਏ ਬੁਲਾਰ ਜੀ ਦੇ ਵੰਸ਼ਜ ਰਾਏ ਬਿਲਾਲ ਭੱਟੀ ਅਤੇ ਸਈਅਦ ਉੱਲਾਹ ਭੱਟੀ ਦੀ ਕੈਨੇਡਾ ਫੇਰੀ ਦੌਰਾਨ ਉਨ੍ਹਾਂ ਦੇ ਸਨਮਾਨ ਨਾਲ ਕੀਤੀ ਗਈ। 

ਐਸੋਸੀਏਸ਼ਨ ਵੱਲੋਂ ਪਿਛਲੇ ਦਿਨੀਂ ਕਮਿਊਨਿਟੀ ਵਿੱਚ ਸਾਰਥਿਕ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਕਲੋਵਰਡੇਲ ਅਥਲੈਟਿਕਸ ਪਾਰਕ ਤੋਂ ਸ਼ਹਿਰ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ। ਐਸੋਸੀਏਸ਼ਨ ਵੱਲੋਂ 12  ਜੁਲਾਈ ਨੂੰ ਮਾਨਵਤਾ ਦੀ ਸੇਵਾ ਲਈ ਸਰੀ ਵਿੱਚ ਖੂਨਦਾਨ ਕੈਂਪ ਵੀ ਲਾਇਆ ਜਾ ਰਿਹਾ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال