ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੁਰਾਤਨ ਕਬੱਡੀ ਖਿਡਾਰੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ : ਅਜੈਬ ਸਿੰਘ ਚੱਠਾ

6 ਅਤੇ 7 ਫਰਵਰੀ 2027 ਨੂੰ ਜਲੰਧਰ ਵਿਖੇ ਲੱਗੇਗਾ ਕਬੱਡੀ ਖਿਡਾਰੀਆਂ ਦਾ ਮੇਲਾ : ਡਾ. ਅਮਰੀਕ ਸਿੰਘ 


ਟੋਰਾਂਟੋ, ਕੈਨੇਡਾ, 31 ਅਗਸਤ (ਹਰਦੇਵ ਚੌਹਾਨ) : ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ 1950 ਤੋਂ 2000 ਤੱਕ ਕਬੱਡੀ ਖੇਡਣ ਵਾਲੇ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰਮੋਟਰਾਂ ਦੇ ਸਨਮਾਨ ਲਈ 6 ਅਤੇ 7 ਫਰਵਰੀ 2027 ਨੂੰ ਜਲੰਧਰ ਵਿਖੇ ਇਕ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। 

ਅਜੈਬ ਸਿੰਘ ਚੱਠਾ ਚੇਅਰਮੈਨ, ਜਗਤ ਪੰਜਾਬੀ ਸਭਾ,ਕੈਨੇਡਾ ਨੇ ਦੱਸਿਆ ਕਿ ਇਸ ਇਤਿਹਾਸਕ ਸਮਾਗਮ ਵਿੱਚ 200 ਤੋਂ ਵੱਧ ਸਾਬਕਾ ਕਬੱਡੀ ਖਿਡਾਰੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਸਟਾਈਲ ਕਬੱਡੀ ਨੇ ਅਨੇਕਾਂ ਮਹਾਨ ਅਤੇ ਤਕੜੇ ਖਿਡਾਰੀ ਪੈਦਾ ਕੀਤੇ ਹਨ। ਇਨ੍ਹਾਂ ਵਿੱਚ ਅਜੀਤ ਸਿੰਘ ਮਾਲੜੀ, ਤੋਖੀ ਐਟਮ, ਗੁਰਦਿਆਲ ਸਿੰਘ ਢਿੱਲੋਂ, ਕਰਤਾਰ ਸਿੰਘ ਪੰਨੂ, ਪ੍ਰੀਤਾ, ਘੁੱਗਾ ਸੰਕਰੀਆ, ਕਿਰਪਾਲ ਸਾਧ, ਦੇਵ ਅੱਟਾ ਅਤੇ ਤੋਖੀ ਟਾਈਗਰ ਦੇ ਨਾਮ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਇਨ੍ਹਾਂ ਖਿਡਾਰੀਆਂ ਨੇ ਆਪਣੀ ਤਾਕਤ, ਫੁਰਤੀ ਅਤੇ ਸ਼ਾਨਦਾਰ ਖੇਡ ਨਾਲ ਕਬੱਡੀ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ਕੀਤਾ।

ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਬੰਸਾ ਢੰਡੋਵਾਲੀਆ, ਰਸਾਲਾ, ਤਾਰਾ, ਢਾਂਡੀ ਅਤੇ ਸੁਰਜੀਤ ਅੱਜ ਵੀ ਕਬੱਡੀ ਦੇ ਸੁਨਹਿਰੀ ਦੌਰ ਦੀਆਂ ਯਾਦਾਂ ਅਤੇ ਖੇਡ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੇ ਹਨ। ਉਨ੍ਹਾਂ ਦੇ ਤਜਰਬੇ ਕਬੱਡੀ ਦੇ ਇਤਿਹਾਸ ਦੀ ਅਨਮੋਲ ਵਿਰਾਸਤ ਹਨ।

ਕਬੱਡੀ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਅੱਗੇ ਵਧਾਉਣ ਵਿੱਚ ਪ੍ਰਮੋਟਰਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ। ਦਲੀਪ ਸਿੰਘ ਗਰੇਵਾਲ, ਮੁਖਤਿਆਰ ਸਿੰਘ, ਬਲਬੀਰ ਸਿੰਘ ਸੰਕਰੀਆ ਅਤੇ ਮੋਹਿੰਦਰ ਸਿੰਘ ਮੋੜ ਵਰਗੇ ਪ੍ਰਮੋਟਰਾਂ ਨੇ ਕਬੱਡੀ ਦੇ ਵਿਕਾਸ ਅਤੇ ਪ੍ਰਚਾਰ-ਪ੍ਰਸਾਰ ਲਈ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ।

ਕਬੱਡੀ ਖੇਡਣ ਅਤੇ ਖਿਡਾਉਣ ਵਾਲਿਆਂ ਦਾ ਮਾਣ-ਸਤਿਕਾਰ ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਭਵਿੱਖ ਵਿੱਚ ਵੀ ਹਮੇਸ਼ਾ ਕਾਇਮ ਰਹੇਗਾ। ਇਸੇ ਸੋਚ ਅਧੀਨ ਜਗਤ ਪੰਜਾਬੀ ਸਭਾ ਕੈਨੇਡਾ ਨੇ ਪੁਰਾਣੇ ਖਿਡਾਰੀਆਂ, ਕੋਚਾਂ ਅਤੇ ਪ੍ਰਮੋਟਰਾਂ ਦੀਆਂ ਪ੍ਰਾਪਤੀਆਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।

ਇਸ ਮੌਕੇ “ਕਬੱਡੀ ਖਿਡਾਰੀ (1950–2000)” ਨਾਮੀ ਇਤਿਹਾਸਕ ਪੁਸਤਕ ਵੀ ਤਿਆਰ ਕੀਤੀ ਜਾਵੇਗੀ। ਇਸ ਪੁਸਤਕ ਵਿੱਚ ਖਿਡਾਰੀਆਂ, ਕੋਚਾਂ ਅਤੇ ਪ੍ਰਮੋਟਰਾਂ ਦੀਆਂ ਤਸਵੀਰਾਂ, ਜੀਵਨੀਆਂ, ਖੇਡ ਪ੍ਰਾਪਤੀਆਂ ਅਤੇ ਕਬੱਡੀ ਲਈ ਪਾਏ ਯੋਗਦਾਨ ਨੂੰ ਦਰਜ ਕੀਤਾ ਜਾਵੇਗਾ। ਸਮਾਗਮ ਦੌਰਾਨ ਕਈ ਪ੍ਰਸਿੱਧ ਖਿਡਾਰੀਆਂ, ਕੋਚਾਂ ਅਤੇ ਪ੍ਰਮੋਟਰਾਂ ਦੇ ਜੀਵਨ ਅਤੇ ਖੇਡ ਸਫ਼ਰ ਬਾਰੇ ਤਿਆਰ ਕੀਤੀਆਂ ਦਸਤਾਵੇਜ਼ੀ ਫ਼ਿਲਮਾਂ ਵੀ ਦਿਖਾਈਆਂ ਜਾਣਗੀਆਂ।

ਜਿਹੜੇ ਵਿਅਕਤੀਆਂ ਨੇ 1950 ਤੋਂ 2000 ਤੱਕ ਕਬੱਡੀ ਖੇਡੀ ਹੈ ਜਾਂ ਜਿਨ੍ਹਾਂ ਕੋਲ ਉਸ ਸਮੇਂ ਦੇ ਕਿਸੇ ਕਬੱਡੀ ਖਿਡਾਰੀ, ਕੋਚ ਜਾਂ ਪ੍ਰਮੋਟਰ ਬਾਰੇ ਜਾਣਕਾਰੀ, ਤਸਵੀਰਾਂ ਜਾਂ ਹੋਰ ਇਤਿਹਾਸਕ ਸਮੱਗਰੀ ਮੌਜੂਦ ਹੈ, ਉਹ ਡਾ. ਅਮਰੀਕ ਸਿੰਘ ( +91 94635 75768 ) ਨਾਲ ਸੰਪਰਕ ਕਰ ਸਕਦੇ ਹਨ।  ਕਬੱਡੀ ਨਾਲ ਸਬੰਧਤ ਸ਼ਖ਼ਸੀਅਤਾਂ ਦੇ ਨਾਮ ਸਮਾਗਮ ਅਤੇ ਪ੍ਰਸਤਾਵਿਤ ਪੁਸਤਕ ਵਿੱਚ ਸ਼ਾਮਲ ਕੀਤੇ ਜਾ ਸਕਣਗੇ।

Previous Post Next Post

نموذج الاتصال