ਪ੍ਰੋ. ਨਵ ਸੰਗੀਤ ਸਿੰਘ ਵੱਲੋਂ ਹਿੰਦੀ ਤੋਂ ਅਨੁਵਾਦਿਤ ਬਾਲ ਕਹਾਣੀ ਸੰਗ੍ਰਹਿ "ਟੀਨੂ ਦੀ ਲਾਇਬ੍ਰੇਰੀ" ਜਾਰੀ


ਪਟਿਆਲਾ, June 22,2026 (The Hind Canadian Times) : ਪੰਜਾਬੀ ਦੇ ਜਾਣੇ-ਪਛਾਣੇ ਅਨੁਵਾਦਕ, ਲੇਖਕ ਅਤੇ ਰੀਵਿਊਕਾਰ ਪ੍ਰੋ. ਨਵ ਸੰਗੀਤ ਸਿੰਘ ਵੱਲੋਂ ਹਿੰਦੀ ਤੋਂ ਅਨੁਵਾਦਿਤ ਇੱਕ ਬਾਲ ਕਹਾਣੀ ਸੰਗ੍ਰਹਿ 'ਟੀਨੂ ਦੀ ਲਾਇਬ੍ਰੇਰੀ' ਨੂੰ ਅੱਜ ਇੱਥੇ ਜਾਰੀ ਕੀਤਾ ਗਿਆ। ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ 19ਵੀਂ ਕਿਤਾਬ ਹੈ, ਜੋ ਉਨ੍ਹਾਂ ਨੇ ਹਿੰਦੀ ਤੋਂ ਅਨੁਵਾਦ ਕੀਤੀ ਹੈ, ਜਿਸਦੀ ਮੂਲ ਲੇਖਕ ਨੀਨਾ ਸਿੰਘ ਸੋਲੰਕੀ ਹਨ। ਮੂਲ ਹਿੰਦੀ ਵਿੱਚ ਇਸ ਪੁਸਤਕ ਦਾ ਨਾਂ ਹੈ -''ਟੀਨੂ ਕਾ ਪੁਸਤਕਾਲਯ''। ਪ੍ਰੋ. ਸਿੰਘ ਨੇ ਦੱਸਿਆ ਕਿ ਇਸ ਪੁਸਤਕ ਵਿਚ ਕੁੱਲ 12 ਕਹਾਣੀਆਂ ਹਨ। ਇਹ ਸਾਰੀਆਂ ਕਹਾਣੀਆਂ ਰੌਚਕ-ਭਰਪੂਰ ਤਾਂ ਹਨ ਹੀ, ਨਾਲ ਨਾਲ ਸੰਦੇਸ਼ਮਈ ਅਤੇ ਗਿਆਨ-ਭਰਪੂਰ ਵੀ ਹਨ। ਬੱਚਿਆਂ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਸਤੁਤ ਕਰਦੀਆਂ ਇਹ ਕਹਾਣੀਆਂ ਨਾ ਸਿਰਫ ਬੱਚਿਆਂ ਲਈ, ਸਗੋਂ ਵੱਡਿਆਂ ਨੂੰ ਵੀ ਕੁਝ ਕੁਝ ਸੰਦੇਸ਼ ਦਿੰਦੀਆਂ ਹਨ। ਇਸ ਕਿਤਾਬ ਦੀ ਭੂਮਿਕਾ ਭੋਪਾਲ ਦੀ ਪ੍ਰਸਿੱਧ ਹਿੰਦੀ ਲੇਖਕ ਸ਼੍ਰੀਮਤੀ ਸੁਮਨ ਉਬਰਾਏ ਨੇ ਲਿਖੀ ਹੈ। 

ਕਿਤਾਬ ਦੀ ਲੇਖਕ ਦੀਆਂ ਕੁਝ ਕਹਾਣੀਆਂ ਨੂੰ ਪ੍ਰੋ ਸਿੰਘ ਨੇ ਪਹਿਲਾਂ ਵੀ ਪੰਜਾਬੀ ਵਿੱਚ ਅਨੁਵਾਦ ਕਰਕੇ ਵੱਖ ਵੱਖ ਪੱਤਰ-ਪੱਤ੍ਰਿਕਾਵਾਂ ਵਿਚ ਪ੍ਰਕਾਸ਼ਿਤ ਕਰਵਾਇਆ ਹੈ। ਸਿਰਫ਼ 80 ਪੰਨਿਆਂ ਦੀ ਇਸ ਪੁਸਤਕ ਨੂੰ ਸਾਹਿਤਯਸ਼ਿਲਾ ਪ੍ਰਕਾਸ਼ਨ, ਦਿੱਲੀ ਨੇ ਬੜੇ ਸੋਹਣੇ ਢੰਗ ਨਾਲ ਚਿੱਤਰ ਬਣਾ ਕੇ ਛਾਪਿਆ ਹੈ। ਜ਼ਿਕਰਯੋਗ ਹੈ ਕਿ ਪ੍ਰੋ ਸਿੰਘ, ਜੋ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਤੋਂ ਸੇਵਾਮੁਕਤ ਪ੍ਰੋਫੈਸਰ ਹਨ, ਨੇ ਇਸ ਤੋਂ ਪਹਿਲਾਂ 16 ਕਿਤਾਬਾਂ ਦੇ ਅਨੁਵਾਦ ਕੀਤੇ ਹਨ, ਇੱਕ ਕਿਤਾਬ ਦਾ ਲਿਪੀਆਂਤਰ ਕੀਤਾ ਹੈ ਤੇ ਇੱਕ ਆਲੋਚਨਾ ਦੀ ਕਿਤਾਬ ਲਿਖੀ ਹੈ। ਇਸ ਵਰ੍ਹੇ ਛਪਣ ਵਾਲੀ ਇਹ ਉਨ੍ਹਾਂ ਦੀ ਦੂਜੀ ਕਿਤਾਬ ਹੈ। ਇਸਤੋਂ ਪਹਿਲਾਂ ਪਿਛਲੇ ਮਹੀਨੇ ਹੀ ਉਨ੍ਹਾਂ ਨੇ ਇੱਕ ਅੰਗਰੇਜ਼ੀ ਦੀ ਕਿਤਾਬ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਪ੍ਰਕਾਸ਼ਿਤ ਕਰਵਾਇਆ ਸੀ। ਪ੍ਰੋ. ਸਿੰਘ ਨੂੰ ਉਨ੍ਹਾਂ ਦੀ ਇਸ ਨਵ-ਪ੍ਰਕਾਸ਼ਿਤ ਪੁਸਤਕ ਲਈ ਦੂਰੋਂ ਨੇੜਿਓਂ ਉਨ੍ਹਾਂ ਦੇ ਸ਼ੁਭਚਿੰਤਕਾਂ, ਦੋਸਤਾਂ ਅਤੇ ਵਿਦਿਆਰਥੀਆਂ ਦੇ ਵਧਾਈ ਸੰਦੇਸ਼ ਮਿਲ ਰਹੇ ਹਨ, ਜਿਨ੍ਹਾਂ ਵਿਚ ਸ. ਅਮਰ ਸਿੰਘ ਕਾਨੂੰਗੋ (ਪੰਜੋਲਾ), ਸ. ਜਗਜੀਤ ਸਿੰਘ ਲੋਹਟਬੱਦੀ (ਕੈਨੇਡਾ), ਮਨਪ੍ਰੀਤ ਕੌਰ, ਸ਼੍ਰੀਮਤੀ ਸੁਖਵਿੰਦਰ ਕੌਰ (ਚਨੋ), ਰੀਨੂ ਕੌਰ, ਹਰਸਿਮਰਤ ਕੌਰ, (ਦੋਵੇਂ ਖੋਜਾਰਥੀ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਸ. ਮੱਲ ਸਿੰਘ (ਤਲਵੰਡੀ ਸਾਬੋ) ਆਦਿ ਸ਼ਾਮਲ ਹਨ।


Previous Post Next Post

نموذج الاتصال