ਸਮਾਗਮ ਦਾ ਸੰਚਾਲਨ ਵਿਪਸਾ ਦੇ ਜਨਰਲ ਸਕੱਤਰ ਜਗਜੀਤ ਨੌਸ਼ਿਹਰਵੀ ਨੇ ਕੀਤਾ। ਉਨ੍ਹਾਂ ਮੋਮਨ ਸਾਹਿਬ ਦੇ ਸਪੁੱਤਰ ਪਰਦੀਪ ਸਿੰਘ ਪਾਬਲਾ, ਨੂੰਹ ਮਨਜੀਤ ਕੌਰ ਪਾਬਲਾ, ਪ੍ਰੋ. ਸੁਰਿੰਦਰ ਸੀਰਤ, ਡਾ. ਸੁਖਵਿੰਦਰ ਕੰਬੋਜ ਅਤੇ ਲਾਜ ਨੀਲਮ ਸੈਣੀ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਮੋਮਨ ਸਾਹਿਬ ਨੂੰ ਇਸ ਸੰਸਾਰ ਤੋਂ ਵਿਛੜਿਆਂ ਭਾਵੇਂ ਇੱਕ ਵਰ੍ਹਾ ਹੋ ਗਿਆ ਹੈ, ਪਰ ਉਨ੍ਹਾਂ ਦੀ ਕਵਿਤਾ ਅੱਜ ਵੀ ਪਾਠਕਾਂ ਦੇ ਦਿਲਾਂ ਵਿੱਚ ਉਸੇ ਤਰ੍ਹਾਂ ਵਸਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਨਾਲ ਡੂੰਘੇ ਸਰੋਕਾਰ, ਪਰਵਾਸੀ ਜੀਵਨ ਦੀਆਂ ਸੱਚਾਈਆਂ ਅਤੇ ਮਨੁੱਖੀ ਸੰਵੇਦਨਾਵਾਂ ਮੋਮਨ ਸਾਹਿਬ ਦੀ ਸ਼ਾਇਰੀ ਦੀ ਵਿਲੱਖਣ ਪਛਾਣ ਹਨ। ਇਸ ਮੌਕੇ ਉਨ੍ਹਾਂ ਦੇ ਲੋਕਪ੍ਰਿਯ ਸ਼ਿਅਰ ਸਰੋਤਿਆਂ ਨਾਲ ਸਾਂਝੇ ਕੀਤੇ ਗਏ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ।
ਲਾਜ ਨੀਲਮ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੋਮਨ ਸਾਹਿਬ ਦੀ ਮਹਾਨਤਾ ਸਿਰਫ਼ ਉਨ੍ਹਾਂ ਦੀ ਸ਼ਾਇਰੀ ਤੱਕ ਸੀਮਤ ਨਹੀਂ ਸੀ, ਸਗੋਂ ਉਨ੍ਹਾਂ ਦਾ ਸੇਵਾਮਈ ਅਤੇ ਮੁੱਲਾਂ-ਆਧਾਰਿਤ ਜੀਵਨ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਤਾ ਅਤੇ ਜੀਵਨ ਸਾਥਣ ਦੀ ਲੰਮੇ ਸਮੇਂ ਤੱਕ ਨਿਸਵਾਰਥ ਸੇਵਾ ਕਰ ਕੇ ਉਨ੍ਹਾਂ ਨੇ ਮਨੁੱਖੀ ਫ਼ਰਜ਼ਾਂ ਦੀ ਅਨੋਖੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀਆਂ ਕਾਵਿ-ਕ੍ਰਿਤੀਆਂ 'ਕਲਮਾਂ ਦੀ ਕਸਤੂਰੀ' ਅਤੇ 'ਗ਼ਜ਼ਲ ਗੁਲਜ਼ਾਰ' ਪੰਜਾਬੀ ਸਾਹਿਤ ਦੀ ਅਮੋਲਕ ਵਿਰਾਸਤ ਹਨ।
ਪ੍ਰੋ. ਸੁਰਿੰਦਰ ਸੀਰਤ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੀ ਆਪਣੀ ਸਾਂਝ ਨੂੰ ਯਾਦ ਕਰਦਿਆਂ ਮੋਮਨ ਸਾਹਿਬ ਨੂੰ ਪੰਜਾਬੀ ਗ਼ਜ਼ਲ ਦੇ ਅਹਿਮ ਹਸਤਾਖਰਾਂ ਵਿੱਚ ਸ਼ੁਮਾਰ ਕੀਤਾ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਮੋਮਨ ਸਾਹਿਬ ਨਾਲ ਉਨ੍ਹਾਂ ਦੀ ਪਹਿਲੀ ਸਾਹਿਤਕ ਮੁਲਾਕਾਤ ਅੱਜ ਵੀ ਯਾਦਾਂ ਵਿੱਚ ਤਾਜ਼ਾ ਹੈ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੇ ਹਮੇਸ਼ਾ ਨਵੀਂ ਸੋਚ ਨੂੰ ਜਨਮ ਦਿੱਤਾ। ਸੁਰਜੀਤ ਸਖੀ ਨੇ ਗੁਆਂਢੀ ਹੋਣ ਦੇ ਨਾਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਸਾਦਗੀ, ਅਨੁਸ਼ਾਸਨ ਅਤੇ ਸਾਹਿਤ ਪ੍ਰਤੀ ਸਮਰਪਣ ਨੂੰ ਚੇਤੇ ਕੀਤਾ, ਜਦਕਿ ਅਮਰਜੀਤ ਸਿੰਘ ਜੌਹਲ ਨੇ ਮੋਮਨ ਸਾਹਿਬ ਦੀਆਂ ਗ਼ਜ਼ਲਾਂ ਨੂੰ ਸੁਰਾਂ ਵਿੱਚ ਪੇਸ਼ ਕਰਕੇ ਸਮਾਗਮ ਨੂੰ ਵਿਸ਼ੇਸ਼ ਰੰਗ ਬਖ਼ਸ਼ਿਆ।
ਵਿਪਸਾ ਦੇ ਪ੍ਰਧਾਨ ਕੁਲਵਿੰਦਰ ਨੇ ਡਾ. ਜਗਤਾਰ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਮਨ ਸਾਹਿਬ ਦੀ ਗ਼ਜ਼ਲ ਦੀ ਤਾਕਤ ਉਸ ਦੀ ਸਾਦਗੀ, ਲੋਕ-ਮੁਹਾਵਰਿਆਂ ਦੀ ਸੁਚੱਜੀ ਵਰਤੋਂ ਅਤੇ ਸਮਾਜਿਕ ਚੇਤਨਾ ਵਿੱਚ ਨਿਹਿਤ ਹੈ। ਉਨ੍ਹਾਂ ਵੱਲੋਂ ਪੇਸ਼ ਕੀਤੇ ਮੋਮਨ ਸਾਹਿਬ ਦੇ ਸ਼ਿਅਰਾਂ ਨੇ ਹਾਜ਼ਰੀਨ ਨੂੰ ਡੂੰਘੇ ਵਿਚਾਰ-ਚਿੰਤਨ ਵੱਲ ਪ੍ਰੇਰਿਆ। ਮੋਮਨ ਸਾਹਿਬ ਦੇ ਸਪੁੱਤਰ ਪਰਦੀਪ ਸਿੰਘ ਪਾਬਲਾ ਨੇ ਵਿਪਸਾ ਅਤੇ ਸਮੂਹ ਸਾਹਿਤਕ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਸਾਂਝੀਆਂ ਕੀਤੀਆਂ ਯਾਦਾਂ ਉਨ੍ਹਾਂ ਦੇ ਪਰਿਵਾਰ ਲਈ ਅਮੁੱਲੀ ਯਾਦਗਾਰ ਹਨ। ਉਨ੍ਹਾਂ ਇਸ ਮੌਕੇ ਵਿਪਸਾ ਨੂੰ 500 ਡਾਲਰ ਦੀ ਸਹਿਯੋਗੀ ਰਾਸ਼ੀ ਭੇਟ ਕੀਤੀ। ਸੰਸਥਾ ਵੱਲੋਂ ਪਰਦੀਪ ਸਿੰਘ ਪਾਬਲਾ ਅਤੇ ਮਨਜੀਤ ਕੌਰ ਪਾਬਲਾ ਨੂੰ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਪ੍ਰਿੰਸੀਪਲ ਹਰਨੇਕ ਸਿੰਘ ਨੇ ਆਪਣੀ ਮਿੰਨੀ ਕਹਾਣੀ ਪੇਸ਼ ਕੀਤੀ। ਇਸ ਤੋਂ ਬਾਅਦ ਹੋਏ ਕਵੀ ਦਰਬਾਰ ਵਿੱਚ ਮੁਕੇਸ਼ ਸ਼ਰਮਾ, ਅਮਰਜੀਤ ਜੌਹਲ, ਪ੍ਰੋ. ਸੁਰਿੰਦਰ ਸੀਰਤ, ਡਾ. ਸੁਖਵਿੰਦਰ ਕੰਬੋਜ, ਕੁਲਵਿੰਦਰ, ਜਗਜੀਤ ਨੌਸ਼ਿਹਰਵੀ ਅਤੇ ਸੁਰਜੀਤ ਸਖੀ ਨੇ ਆਪਣੀਆਂ ਰਚਨਾਵਾਂ ਰਾਹੀਂ ਸਾਹਿਤਕ ਮਹਿਫਿਲ ਨੂੰ ਹੋਰ ਵੀ ਰੰਗੀਨ ਬਣਾਇਆ।
ਅੰਤ ਵਿੱਚ ਵਿਸਪਾ ਦੇ ਪ੍ਰਧਾਨ ਕੁਲਵਿੰਦਰ ਨੇ ਸਮੂਹ ਮਹਿਮਾਨਾਂ ਅਤੇ ਹਾਜਰੀਨ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਵਿਪਸਾ ਦੀ ਸਾਲਾਨਾ ਅੰਤਰਰਾਸ਼ਟਰੀ ਸਾਹਿਤਕ ਕਾਨਫ਼ਰੰਸ 27 ਸਤੰਬਰ 2026 ਨੂੰ ਫਰੀਮਾਂਟ ਵਿਖੇ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ ਭਾਰਤ, ਪਾਕਿਸਤਾਨ, ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਨਾਮਵਰ ਲੇਖਕ ਅਤੇ ਵਿਦਵਾਨ ਸ਼ਮੂਲੀਅਤ ਕਰਨਗੇ। ਲਹਿੰਦੇ ਪੰਜਾਬ ਦੀ ਵਿਦਵਾਨ ਡਾ. ਨਬੀਲਾ ਰਹਿਮਾਨ ਦੀ ਸ਼ਮੂਲੀਅਤ ਵੀ ਯਕੀਨੀ ਹੋ ਚੁੱਕੀ ਹੈ। ਕਾਨਫ਼ਰੰਸ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਮਕਾਲੀ ਚੁਣੌਤੀਆਂ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਸਮਾਗਮ ਵਿੱਚ ਕੰਵਲਦੀਪ ਕੌਰ, ਬਰਜਿੰਦਰ ਸਿੰਘ, ਡਾ. ਰਾਮ ਸਿੰਘ, ਸੁਰਿੰਦਰ ਕੌਰ ਹਾਜ਼ਰਾ, ਪ੍ਰੋ. ਬਲਜਿੰਦਰ ਸਿੰਘ, ਸਤਿੰਦਰਜੀਤ ਕੌਰ, ਮਨਜੀਤ ਪਲਾਹੀ, ਨਵਦੀਪ ਕੰਬੋਜ, ਜਗਤਾਰ ਸਿੰਘ ਓਟਾਲ, ਪਰਮਜੀਤ ਕੌਰ ਓਟਾਲ, ਜਸਵੰਤ ਸਿੰਘ, ਅਭੀਤਾਬ ਸੈਣੀ ਅਤੇ ਹੋਰ ਅਨੇਕਾਂ ਸਾਹਿਤ-ਪ੍ਰੇਮੀ ਹਾਜਰ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
