ਜਿਗਰ (ਲਿਵਰ) ਮਨੁੱਖੀ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ। ਇਹ ਭੋਜਨ ਦੇ ਪਾਚਣ ਵਿੱਚ ਸਹਾਇਤਾ ਕਰਦਾ ਹੈ, ਪੋਸ਼ਕ ਤੱਤਾਂ ਨੂੰ ਸੰਭਾਲ ਕੇ ਰੱਖਦਾ ਹੈ, ਸਰੀਰ ਦੀ ਚਰਬੀ ਅਤੇ ਸ਼ੂਗਰ ਦੇ ਮੈਟਾਬੋਲਿਜ਼ਮ ਨੂੰ ਨਿਯੰਤਰਿਤ ਕਰਦਾ ਹੈ ਅਤੇ ਖੂਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਪਰ ਜਦੋਂ ਲਿਵਰ ਦੀਆਂ ਕੋਸ਼ਿਕਾਵਾਂ ਵਿੱਚ ਵਾਧੂ ਚਰਬੀ ਇਕੱਠੀ ਹੋਣ ਲੱਗਦੀ ਹੈ ਤਾਂ ਇਸ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣ ਲੱਗਦੀ ਹੈ। ਇਸ ਸਥਿਤੀ ਨੂੰ ਹੀ ਫੈਟੀ ਲਿਵਰ ਰੋਗ ਕਿਹਾ ਜਾਂਦਾ ਹੈ।
![]() |
Surinder Pal Singh |
ਸਿਹਤ ਮਾਹਿਰਾਂ ਅਨੁਸਾਰ ਸ਼ੂਗਰ, ਉੱਚ ਕੋਲੇਸਟ੍ਰੋਲ, ਮੋਟਾਪਾ ਅਤੇ ਹੋਰ ਮੈਟਾਬੋਲਿਕ ਬਿਮਾਰੀਆਂ ਵੀ ਫੈਟੀ ਲਿਵਰ ਦੇ ਮੁੱਖ ਜੋਖ਼ਮ ਕਾਰਕ ਹਨ। ਖ਼ਾਸ ਕਰਕੇ ਉਹ ਲੋਕ ਜਿਨ੍ਹਾਂ ਦੇ ਪੇਟ ਦੇ ਆਲੇ-ਦੁਆਲੇ ਵੱਧ ਚਰਬੀ ਹੁੰਦੀ ਹੈ, ਇਸ ਰੋਗ ਦੀ ਲਪੇਟ ਵਿੱਚ ਆਉਣ ਦੀ ਵੱਧ ਸੰਭਾਵਨਾ ਰੱਖਦੇ ਹਨ। ਇਸ ਤੋਂ ਇਲਾਵਾ ਅਧਿਕ ਮਾਤਰਾ ਵਿੱਚ ਸ਼ਰਾਬ ਦਾ ਸੇਵਨ ਵੀ ਲਿਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਫੈਟੀ ਲਿਵਰ ਦਾ ਕਾਰਨ ਬਣ ਸਕਦਾ ਹੈ।
ਇਸ ਬਿਮਾਰੀ ਦੀ ਸਭ ਤੋਂ ਵੱਡੀ ਖ਼ਤਰਨਾਕ ਵਿਸ਼ੇਸ਼ਤਾ ਇਹ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਇਹ ਅਕਸਰ ਕੋਈ ਸਪੱਸ਼ਟ ਲੱਛਣ ਨਹੀਂ ਦਿਖਾਉਂਦੀ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਤਦੋਂ ਪਤਾ ਲੱਗਦਾ ਹੈ ਜਦੋਂ ਉਹ ਕਿਸੇ ਹੋਰ ਕਾਰਨ ਕਰਕੇ ਸਿਹਤ ਜਾਂਚ ਜਾਂ ਅਲਟਰਾਸਾਊਂਡ ਕਰਵਾਉਂਦੇ ਹਨ। ਜਦੋਂ ਬਿਮਾਰੀ ਅੱਗੇ ਵਧਦੀ ਹੈ ਤਾਂ ਥਕਾਵਟ, ਕਮਜ਼ੋਰੀ, ਪੇਟ ਦੇ ਉੱਪਰਲੇ ਹਿੱਸੇ ਵਿੱਚ ਬੇਚੈਨੀ ਜਾਂ ਬਿਨਾਂ ਕਾਰਨ ਵਜ਼ਨ ਘੱਟਣ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ। ਪਰ ਉਸ ਸਮੇਂ ਤੱਕ ਲਿਵਰ ਨੂੰ ਕਾਫ਼ੀ ਨੁਕਸਾਨ ਪਹੁੰਚ ਚੁੱਕਿਆ ਹੋ ਸਕਦਾ ਹੈ।
ਜੇਕਰ ਫੈਟੀ ਲਿਵਰ ਦਾ ਸਮੇਂ ਸਿਰ ਇਲਾਜ਼ ਜਾਂ ਪ੍ਰਬੰਧਨ ਨਾ ਕੀਤਾ ਜਾਵੇ ਤਾਂ ਇਸਦੇ ਨਤੀਜ਼ੇ ਗੰਭੀਰ ਹੋ ਸਕਦੇ ਹਨ। ਲਿਵਰ ਵਿੱਚ ਇਕੱਠੀ ਹੋਈ ਚਰਬੀ ਸੋਜ ਅਤੇ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਮੇਂ ਦੇ ਨਾਲ ਇਹ ਸਥਿਤੀ ਫਾਈਬਰੋਸਿਸ ਵਿੱਚ ਬਦਲ ਸਕਦੀ ਹੈ, ਜਿਸ ਵਿੱਚ ਲਿਵਰ ਵਿੱਚ ਜ਼ਖ਼ਮਾਂ ਵਰਗਾ ਟਿਸ਼ੂ ਬਣਨ ਲੱਗਦਾ ਹੈ। ਅੱਗੇ ਚੱਲ ਕੇ ਇਹ ਸਿਰੋਸਿਸ ਦਾ ਰੂਪ ਧਾਰ ਸਕਦੀ ਹੈ, ਜੋ ਲਿਵਰ ਦੀ ਕਾਰਗੁਜ਼ਾਰੀ ਨੂੰ ਸਥਾਈ ਤੌਰ 'ਤੇ ਪ੍ਰਭਾਵਿਤ ਕਰ ਦਿੰਦੀ ਹੈ। ਗੰਭੀਰ ਮਾਮਲਿਆਂ ਵਿੱਚ ਇਹ ਲਿਵਰ ਫੇਲ੍ਹ ਹੋਣ ਜਾਂ ਲਿਵਰ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ।
ਫੈਟੀ ਲਿਵਰ ਦਾ ਪ੍ਰਭਾਵ ਕੇਵਲ ਲਿਵਰ ਤੱਕ ਹੀ ਸੀਮਿਤ ਨਹੀਂ ਰਹਿੰਦਾ। ਅਨੇਕਾਂ ਅਧਿਐਨਾਂ ਨੇ ਦਰਸਾਇਆ ਹੈ ਕਿ ਇਸਦਾ ਦਿਲ ਦੀਆਂ ਬਿਮਾਰੀਆਂ, ਦਿਲ ਦੇ ਦੌਰੇ, ਸਟ੍ਰੋਕ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਹੋਰ ਮੈਟਾਬੋਲਿਕ ਸਮੱਸਿਆਵਾਂ ਨਾਲ ਵੀ ਗਹਿਰਾ ਸੰਬੰਧ ਹੈ। ਇਸ ਲਈ ਫੈਟੀ ਲਿਵਰ ਨੂੰ ਇੱਕ ਇਕੱਲੀ ਬਿਮਾਰੀ ਦੀ ਥਾਂ ਸਮੁੱਚੀ ਸਿਹਤ ਲਈ ਚੇਤਾਵਨੀ ਵਜੋਂ ਦੇਖਣਾ ਚਾਹੀਦਾ ਹੈ।
ਖੁਸ਼ਕਿਸਮਤੀ ਨਾਲ ਫੈਟੀ ਲਿਵਰ ਰੋਗ ਨੂੰ ਵੱਡੇ ਪੱਧਰ 'ਤੇ ਰੋਕਿਆ ਜਾ ਸਕਦਾ ਹੈ। ਸਿਹਤਮੰਦ ਜੀਵਨ-ਸ਼ੈਲੀ ਅਪਣਾਕੇ ਅਤੇ ਖੁਰਾਕ ਵਿੱਚ ਸੁਧਾਰ ਕਰਕੇ ਇਸਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਫਲਾਂ, ਸਬਜ਼ੀਆਂ, ਸਾਬਤ ਅਨਾਜ ਅਤੇ ਘੱਟ ਚਰਬੀ ਵਾਲੇ ਪ੍ਰੋਟੀਨ ਨਾਲ ਭਰਪੂਰ ਸੰਤੁਲਿਤ ਖੁਰਾਕ ਲਿਵਰ ਦੀ ਸਿਹਤ ਲਈ ਬਹੁਤ ਲਾਭਦਾਇਕ ਹੈ। ਇਸਦੇ ਨਾਲ ਹੀ ਜੰਕ ਫੂਡ, ਮਿੱਠੇ ਅਤੇ ਵੱਧ ਚਰਬੀ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਨਿਯਮਿਤ ਸਰੀਰਕ ਕਸਰਤ ਵੀ ਮਹੱਤਵਪੂਰਨ ਹੈ। ਮਾਹਿਰਾਂ ਅਨੁਸਾਰ ਹਰ ਹਫ਼ਤੇ ਘੱਟੋ-ਘੱਟ 150 ਮਿੰਟ ਦਰਮਿਆਨੀ ਪੱਧਰ ਦੀ ਕਸਰਤ ਕਰਨੀ ਚਾਹੀਦੀ ਹੈ। ਤੇਜ਼ ਚੱਲਣਾ, ਸਾਈਕਲ ਚਲਾਉਣਾ, ਤੈਰਾਕੀ ਜਾਂ ਯੋਗਾ ਵਰਗੀਆਂ ਗਤੀਵਿਧੀਆਂ ਨਾ ਸਿਰਫ਼ ਵਜ਼ਨ ਨੂੰ ਨਿਯੰਤਰਿਤ ਰੱਖਦੀਆਂ ਹਨ, ਸਗੋਂ ਲਿਵਰ ਦੀ ਕਾਰਗੁਜ਼ਾਰੀ ਨੂੰ ਵੀ ਸੁਚੱਜਾ ਬਣਾਉਂਦੀਆਂ ਹਨ।
ਫੈਟੀ ਲਿਵਰ ਵਰਗੀ ਖਾਮੋਸ਼ ਬਿਮਾਰੀ ਨਾਲ ਨਜਿੱਠਣ ਲਈ ਜਨਤਕ ਜਾਗਰੂਕਤਾ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗਾਂ, ਵਿਦਿਅਕ ਸੰਸਥਾਵਾਂ ਅਤੇ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਮਿਲ ਕੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਨਿਯਮਿਤ ਸਿਹਤ ਜਾਂਚ ਅਤੇ ਸਮੇਂ ਸਿਰ ਜੀਵਨ-ਸ਼ੈਲੀ ਵਿੱਚ ਤਬਦੀਲੀਆਂ ਕਰਕੇ ਇਸ ਦੀਆਂ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ।
ਫੈਟੀ ਲਿਵਰ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਆਧੁਨਿਕ ਸੁਵਿਧਾਵਾਂ ਦੇ ਨਾਲ ਕੁਝ ਲੁਕਵੇਂ ਖ਼ਤਰੇ ਵੀ ਜੁੜੇ ਹੋਏ ਹਨ। ਤਕਨੀਕ ਨੇ ਭਾਵੇਂ ਜੀਵਨ ਨੂੰ ਆਸਾਨ ਬਣਾਇਆ ਹੈ, ਪਰ ਇਸ ਨੇ ਸਰੀਰਕ ਸਰਗਰਮੀਆਂ ਨੂੰ ਘਟਾ ਕੇ ਅਤੇ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਵੱਧਾ ਕੇ ਨਵੀਆਂ ਸਿਹਤ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ।
ਸੰਦੇਸ਼ ਸਪੱਸ਼ਟ ਹੈ—ਜੇ ਲਿਵਰ ਸੁਰੱਖਿਅਤ ਹੈ ਤਾਂ ਸਿਹਤ ਸੁਰੱਖਿਅਤ ਹੈ। ਅੱਜ ਲਏ ਗਏ ਸਹੀ ਫ਼ੈਸਲੇ ਕੱਲ੍ਹ ਨੂੰ ਇੱਕ ਖਾਮੋਸ਼ ਬਿਮਾਰੀ ਨੂੰ ਵੱਡੇ ਜਨ ਸਿਹਤ ਸੰਕਟ ਵਿੱਚ ਬਦਲਣ ਤੋਂ ਰੋਕ ਸਕਦੇ ਹਨ।
ਸੁਰਿੰਦਰਪਾਲ ਸਿੰਘ

