ਦੱਖਣ, ਪੂਰਬੀ ਰਾਜਾਂ ਵਿੱਚ ਚੋਣਾਂ ਦਾ ਘਮਸਾਣ

ਗੁਰਮੀਤ ਸਿੰਘ ਪਲਾਹੀ

ਭਾਰਤ ਦੇ ਪੂਰਬੀ ਹਿੱਸੇ ਦੇ ਮਹੱਤਵਪੂਰਣ ਸੂਬੇ ਪੱਛਮੀ ਬੰਗਾਲ ਵਿੱਚ ਸਿਆਸੀ ਧਿਰ ਤ੍ਰਿਮੂਲ ਕਾਂਗਰਸ ਦੀ ਤਿੰਨ ਵਾਰ ਚੁਣੀ ਗਈ ਮੁੱਖ ਮੰਤਰੀ ਚੋਣ ਮੋਰਚੇ ’ਤੇ ਅਡਿੱਗ ਖੜੀ ਦਿਖਾਈ ਦੇ ਰਹੀ ਹੈ, ਜਦਕਿ ਦੇਸ਼ ਦੇ ਦੱਖਣੀ ਸੂਬੇ ਤਮਿਲਨਾਡੂ ‘ਚ ਡੀ.ਐੱਮ.ਕੇ. ਅਤੇ ਅੰਨਾ.ਡੀ.ਐੱਮ.ਕੇ. ਵਿਚਕਾਰ ਸਖ਼ਤ ਟੱਕਰ ਹੈ।  ਭਾਜਪਾ ਬੰਗਾਲ ਵਿੱਚ ਕਿਸੇ ਮਜ਼ਬੂਤ ਚਿਹਰੇ ਦੀ ਤਲਾਸ਼ ਵਿੱਚ ਹੈ।

ਬੰਗਾਲ ਦੀ ਸਿਆਸੀ ਹਵਾ ਵਿੱਚ ਮਹਿਲਾ, ਮੁਸਲਿਮ, ਮਸਜਿਦ, ਮੰਦਰ, ਮਟਨ, ਮੱਛਲੀ, ਮਨੀ ਪਾਵਰ, ਮਸਲ ਪਾਵਰ, ਮਮਤਾ ਅਤੇ ਮੋਦੀ ਹਾਵੀ ਹਨ। ਤ੍ਰਿਮੂਲ ਕਾਂਗਰਸ ਦੀ ਕੋਸ਼ਿਸ਼ ਚੋਣਾਂ ਵਿੱਚ ਦੀਦੀ ਬਨਾਮ ਮੋਦੀ ਬਣਾਉਣ ਦੀ ਹੈ, ਜਦਕਿ ਮੁੱਖ ਮੁਕਾਬਲੇ ਵਿੱਚ ਖੜੀ ਭਾਜਪਾ ਚੋਣਾਂ, ਹਿੰਦੂ-ਮਸਲਿਮ ਘੁਸਪੈਂਠ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਲੜਨ ਦੀ ਚਾਹਵਾਨ ਹੈ।

ਦੱਖਣ ਦੇ ਮਹੱਤਵਪੂਰਨ ਸੂਬੇ ਤਾਮਿਲਨਾਡੂ ’ਚ ਪਿਛਲੇ ਪੰਜ ਦਹਾਕਿਆਂ ਤੋਂ  ਕੋਈ ਵੀ ਰਾਸ਼ਟਰ ਪਾਰਟੀ ਸੂਬਾ ਸਰਕਾਰ ਨਾ ਬਣਾ ਸਕੀ ਅਤੇ ਨਾ ਹੀ ਕਿਸੇ ਗਠਬੰਧਨ ਦੇ ਬਾਵਜੂਦ ਸੱਤਾ ’ਚ ਸ਼ਾਮਲ  ਹੋ ਸਕੀ ਹੈ। ਡੀ.ਐੱਮ.ਕੇ. ਅਤੇ ਅੰਨਾ ਡੀ.ਐੱਮ.ਕੇ. ‘ਚ ਸੂਬੇ ਦੀ ਸੱਤਾ ਲਈ ਲੜਾਈ ਹੁੰਦੀ ਰਹੀ ਹੈ।

ਮਈ 2026 ਵਿੱਚ ਦੱਖਣੀ ਸੂਬਿਆਂ  ਕੇਰਲਾ ਅਤੇ ਤਾਮਿਲਨਾਡੂ ‘ਚ ਵਿਧਾਨ ਸਭਾ ਚੋਣ ਹੈ। ਕੇਰਲ ਵਿੱਚ ਖੱਬੀ ਲੋਕਤੰਤਰਿਕ ਧਿਰ ਅਤੇ ਤਾਮਿਲਨਾਡੂ ‘ਚ ਡੀ.ਐੱਮ.ਕੇ,  ਦਾ ਰਾਜ-ਭਾਗ ਹੈ। ਪੂਰਬੀ ਸੂਬੇ ਬੰਗਾਲ ਵਿੱਚ  ਚੋਣਾਂ  ਮਈ ‘ਚ ਤਹਿ ਹਨ। ਉੱਤਰੀ ਪੂਰਬੀ ਸੂਬੇ ਅਸਾਮ ਅਤੇ ਪਾਂਡੀਚੇਰੀ ‘ਚ ਵਿਧਾਨ ਸਭਾ ਚੋਣਾਂ ਮਈ 2026 ‘ਚ ਨਿਰਧਾਰਤ ਹਨ। ਅਸਾਮ ‘ਚ ਭਾਜਪਾ ਅਤੇ  ਪਾਂਡੀਚੇਰੀ ‘ਚ ਆਲ ਇੰਡੀਆ ਐਨ.ਆਰ. ਕਾਂਗਰਸ ਅਤ ਭਾਜਪਾ ਭਾਈਵਾਲੀ ਨਾਲ ਰਾਜ ਕਰ ਰਹੇ ਹਨ।

ਭਾਰਤੀ ਚੋਣ ਕਮਿਸ਼ਨ ਵੱਲੋਂ ਐੱਸ.ਆਈ.ਆਰ. ਕਾਰਨ ਸਿਆਸੀ ਪਾਰਾ ਵਧਦਾ ਰਿਹਾ । ਸੂਬੇ ਦਾ  ਪੱਖ ਪੇਸ਼ ਕਰਨ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਈ, ਕਿਉਂਕਿ ਭਾਜਪਾ ਵੱਲੋਂ ਤ੍ਰਿਮੂਲ ਕਾਂਗਰਸ  ਨੂੰ ਪ੍ਰੇਸ਼ਾਨ ਕਰਨ ਲਈ ਅਤੇ ਰਾਜ ਸ਼ਕਤੀ ਪ੍ਰਾਪਤ ਕਰਨ ਲਈ ਪੂਰਾ ਤਾਣ  ਲਗਾਇਆ ਜਾ ਰਿਹਾ ਹੈ। ਇਸ ਵੇਲੇ ਟੱਕਰ ਵੀ ਤ੍ਰਿਮੂਲ ਕਾਂਗਰਸ ਅਤੇ ਭਾਜਪਾ ਵਿਚਕਾਰ ਹੈ। ਕਦੇ ਇਹ ਟੱਕਰ ਕਾਂਗਰਸ ਅਤੇ ਖੱਬੀਆਂ ਧਿਰਾਂ ਦਰਮਿਆਨ ਹੋਇਆ ਕਰਦੀ ਸੀ। ਖੱਬੀਆਂ ਧਿਰਾਂ ਨੇ ਬੰਗਾਲ ‘ਚ 34 ਸਾਲ ਰਾਜ ਕੀਤਾ । ਖੱਬੀ ਧਿਰ ਦਾ ਰਾਜ ਖ਼ਤਮ ਕਰਕੇ ਮਮਤਾ ਬੈਨਰਜੀ ਡੇਢ ਦਹਾਕੇ ਤੋਂ ਸੱਤਾ ‘ਚ ਹੈ। ਕੁੱਲ ਮਿਲਾਕੇ 294 ਸੀਟਾਂ  ਵਿੱਚੋਂ 213  ਸੀਟਾਂ ‘ਤੇ ਕਾਬਜ਼ ਹੈ।

ਸਾਲ 2021 ਵਿਧਾਨ ਸਭਾ ਚੋਣ ਸਮੇਂ ਟੀ.ਐੱਮ.ਸੀ. ਨੇ 48.5 ਫ਼ੀਸਦੀ ਵੋਟ ਲਈ ਅਤੇ ਭਾਜਪਾ ਨੇ 38.5 ਫ਼ੀਸਦੀ ਵੋਟ ਪ੍ਰਾਪਤ ਕਰਕੇ 77 ਸੀਟਾਂ ਜਿੱਤੀਆਂ, ਕਾਂਗਰਸ ਅਤੇ ਖੱਬੀ ਧਿਰ ਨੂੰ ਕੋਈ ਵੀ ਸੀਟ ਨਾ ਮਿਲੀ। ਕਾਂਗਰਸ ਨੂੰ ਤਿੰਨ ਫ਼ੀਸਦੀ ਅਤੇ ਖੱਬੀ ਧਿਰ ਨੂੰ 2.7 ਫ਼ੀਸਦੀ ਵੋਟ ਮਿਲੇ ਸਨ।

 ਮਮਤਾ ਬੈਨਰਜੀ ਸਰਕਾਰ ਦੇ ਸਾਹਮਣੇ ਇਸ ਵੇਲੇ ਵੱਡੀਆਂ ਚੁਣੌਤੀਆਂ ਹਨ । ਉਸਦੇ ਕਈ ਮੰਤਰੀ ਭ੍ਰਿਸ਼ਟਾਚਾਰ, ਭਰਤੀ ਘੁਟਾਲੇ ਕਾਰਨ ਵੱਡੀ ਚਰਚਾ ‘ਚ ਹੈ। ਪਰ ਐੱਸ.ਆਈ.ਆਰ. ਦੇ ਮੁੱਦੇ ‘ਤੇ ਤ੍ਰਿਮੂਲ ਕਾਂਗਰਸ ਦੇ ਵਰਕਰ ਪਿੰਡਾਂ, ਸ਼ਹਿਰਾਂ ‘ਚ ਪੂਰੀ ਤਰ੍ਹਾਂ ਸਰਗਰਮ ਹਨ।  ਉੱਧਰ ਭਾਜਪਾ ਵਰਕਰ ਪੂਰੀ ਤੇਜ਼ੀ ਨਾਲ ਹੁਣੇ ਤੋਂ ਹੀ ਵੋਟਰਾਂ ਕੋਲ ਘਰ-ਘਰ ਜਾ ਕੇ ਪ੍ਰਚਾਰ ਆਰੰਭ ਕਰ ਚੁੱਕੇ ਹਨ। ਭਾਵੇਂ ਤ੍ਰਿਮੂਲ ਕਾਂਗਰਸ ਅਤੇ ਭਾਜਪਾ ਸਿੱਧੀ ਟੱਕਰ ਵਿੱਚ ਹਨ, ਪਰ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਨੂੰ ਐੱਮ.ਪੀ. ਦੀ ਇੱਕ ਸੀਟ ਮਿਲੀ ਸੀ ਅਤੇ ਪੂਰੇ ਰਾਜ ਵਿੱਚ ਉਸ ਦੀ ਵੋਟ ਪ੍ਰਤੀਸ਼ਤ 15.7 ਹੋ ਗਈ। ਜਦ ਕਿ ਟੀ.ਐੱਮ.ਸੀ. 46.2 ਫ਼ੀਸਦੀ ਅਤੇ ਭਾਜਪਾ 39.1 ਫ਼ੀਸਦੀ ਵੋਟ ਪ੍ਰਾਪਤ ਕਰ ਸਕੀ। ਟੀ.ਐੱਮ.ਸੀ. ਨੇ 29 ਲੋਕ ਸਭਾ ਸੀਟਾਂ, ਭਾਜਪਾ ਨੇ 12 ਸੀਟਾਂ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ। ਲੋਕ ਸਭਾ ਦੀਆਂ ਬੰਗਾਲ ‘ਚ ਕੁੱਲ 42 ਸੀਟਾਂ ਹਨ।

ਦੂਜੇ ਪਾਸੇ ਦੱਖਣੀ ਰਾਜ ਤਾਮਿਲਨਾਡੂ ‘ਚ ਡੀ.ਐੱਮ.ਕੇ. ਅਤੇ ਅੰਨਾ ਡੀ.ਐੱਮ.ਕੇ. ਦੇ ਦਰਮਿਆਨ ਜਦੋਂ 2021 ‘ਚ ਵਿਧਾਨ ਸਭਾ ਚੋਣ ਯੁੱਧ ਹੋਇਆ ਤਾਂ ਡੀ.ਐੱਮ.ਕੇ. 133, ਅੰਨਾ ਡੀ.ਐੱਮ.ਕੇ. 66 ਸੀਟਾਂ ਲਿਜਾ ਸਕੀ। ਡੀ.ਐੱਮ.ਕੇ. ਨੇ 37.70 ਫ਼ੀਸਦੀ ਅਤੇ ਅੰਨਾ ਡੀ.ਐੱਮ.ਕੇ. ਨੇ 33.23 ਫ਼ੀਸਦੀ ਵੋਟ ਪ੍ਰਾਪਤ ਕੀਤੇ ਜਦ ਕਿ  ਕਾਂਗਰਸ 18 ਸੀਟਾਂ ਲੈ ਕੇ 4.27 ਫ਼ੀਸਦੀ, ਭਾਜਪਾ 04 ਸੀਟਾਂ ਲੈ ਕੇ 2.62 ਫ਼ੀਸਦੀ ਵੋਟ ਲਿਜਾ ਸਕੀ ਸੀ। ਲੋਕ ਸਭਾ ਦੀਆਂ 39 ਸੀਟਾਂ ਵਿੱਚ 22 ਡੀ.ਐੱਮ.ਕੇ., ਕਾਂਗਰਸ 09, ਸੀ.ਪੀ.ਐੱਮ. 02, ਅਤੇ ਹੋਰ 06 ਸੀਟਾਂ ਪ੍ਰਾਪਤ ਕਰ ਸਕੇ ਪਰ ਅੰਨਾ ਡੀ.ਐੱਮ.ਕੇ. 20.7 ਫ਼ੀਸਦੀ ਵੋਟ ਬੈਂਕ ਲੈ ਕੇ ਵੀ ਕੋਈ ਸੀਟ ਨਾ ਜਿੱਤ ਸਕੀ। ਵਿਧਾਨ ਸਭਾ ਚੋਣਾਂ ‘ਚ ਏ.ਆਈ. ਡੀ.ਐੱਮ.ਕੇ. ਅਤੇ ਭਾਜਪਾ ਇਕੱਠਿਆਂ ਚੋਣ ਲੜੇਗੀ। ਜਦ ਕਿ ਡੀ.ਐੱਮ.ਕੇ. ਅਤੇ ਕਾਂਗਰਸ ਦਾ ਗੱਠਜੋੜ ਸੀਟਾਂ ਦੀ ਆਪਸੀ ਵੰਡ ਨਾਲ ਚੋਣ ਲੜੇਗਾ। ਸੂਬੇ ਵਿੱਚ ਅੰਨਾ ਡੀ.ਐੱਮ.ਕੇ. ਤੇ ਭਾਜਪਾ ਭ੍ਰਿਸ਼ਟਾਚਾਰ, ਰੁਜ਼ਗਾਰ, ਪਰਿਵਾਰਵਾਦ ਦੋਸ਼ ਲਗਾ ਰਹੇ ਹਨ ਜਦ ਕਿ ਸੱਤਾ ਧਿਰ ਡੀ.ਐੱਮ.ਕੇ. ਆਪਣੀ ਲੋਕ-ਹਿਤੈਸ਼ੀ ਸਕੀਮ ਅਤੇ ਕੇਂਦਰ ਵੱਲੋਂ ਸੂਬੇ ਵਿੱਚ ਹਿੰਦੀ ਨੂੰ ਜ਼ਬਰੀ ਥੋਪਣ, ਐੱਸ.ਆਈ.ਆਰ. ਅਤੇ ਸੂਬੇ ਨਾਲ ਲਗਾਤਾਰ ਵਿਤਕਰਿਆਂ ਨੂੰ ਚੋਣ ਮੁੱਦਾ ਬਣਾ ਰਹੀ ਹੈ।

ਤਾਮਿਲਨਾਡੂ ਉਹ ਰਾਜ ਹੈ, ਜਿੱਥੇ ਫਿਲਮੀ ਅਦਾਕਾਰਾ ਜੈ ਲਲਿਤਾ ਨੇ ਲੰਮਾ ਸਮਾਂ ਰਾਜ ਕੀਤ। ਤਾਮਿਲਨਾਡੂ  ‘ਚ ਇਸ ਵਾਰ ਇੱਕ ਤੀਜੀ ਧਿਰ ਦੋ ਸਾਲ ਪੁਰਾਣੀ ਟੀ.ਵੀ.ਕੇ. ਅਦਾਕਾਰ ਥਲਾਪਤੀ ਵਿਜੈ ਦੀ ਅਗਵਾਈ ‘ਚ ਚੋਣ ਚੁਣੌਤੀ ਪੇਸ਼ ਕਰ ਰਹੀ ਹੈ, ਜਿਸ ਨਾਲ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਭਾਵੇਂ ਕਿ ਰਜਨੀਕਾਂਤ ਅਤੇ ਕਮਲ ਹਸਨ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਈਆਂ, ਪਰ ਅਦਾਕਾਰ ਥਲਾਪਤੀ ਵਿਜੈ ਦੀ ਵੱਡੀ ਚਰਚਾ ਅਤੇ ਲੋਕ ਪ੍ਰਿਯਤਾ ਹੈ।

ਤਾਮਿਲਨਾਡੂ ‘ਚ ਕਰੂਰ ਰੈਲੀ ‘ਚ 41 ਲੋਕਾਂ ਦੀ ਥਲਾਪਤੀ ਵਿਜੈ ਦੀ ਬਹਿਤ ਵੱਡੀ ਰੈਲੀ ‘ਚ ਭਗਦੜ ਕਾਰਨ ਮੌਤ ਹੋ ਗਈ, ਪਰ ਲੋਕ ਇਸ ਹਾਦਸੇ ‘ਚ ਡੀ.ਐੱਮ.ਕੇ.  ਸਰਕਾਰ ਦੀ ਗ਼ੈਰ-ਜ਼ਿੰਮੇਵਾਰੀ ਮਨ ਰਹੇ ਹਨ। ਉਂਞ ਦੱਖਣੀ ਤਾਮਿਲਨਾਡੂ ਅਤੇ ਨੌਜਵਾਨਾਂ ‘ਚ ਟੀ.ਵੀ.ਕੇ. ਦਾ ਪ੍ਰਭਾਵ ਹੈ ਅਤੇ ਉਸ ਵੱਲੋਂ 15 ਫ਼ੀਸਦੀ ਵੋਟਾਂ ਲੈ  ਜਾਣ ਦੀ ਸੰਭਾਵਨਾ ਹੈ।

ਦੱਖਣੀ ਰਾਜ ਕੇਰਲਾ ‘ਚ ਰਾਜ-ਭਾਗ ਸੀ.ਪੀ.ਐੱਮ. ਅਤੇ ਖੱਬੇ ਫਰੰਟ ਦੇ ਕੋਲ ਹੈ। 2021 ‘ਚ 140 ਵਿੱਚ 99 ਸੀਟਾਂ ਇਸ ਫਰੰਟ ਨੇ ਜਿੱਤੀਆਂ। 2024 ਦੀਆਂ ਲੋਕ ਸਭਾ ਚੋਣਾਂ ‘ਚ ਇੰਡੀਆ ਫਰੰਟ, ਜਿਸ ਵਿੱਚ ਕਾਂਗਰਸ ਤੇ ਖੱਬੀਆਂ ਧਿਰਾਂ ਸ਼ਾਮਲ ਸਨ। ਕੁੱਲ 20 ਲੋਕ  ਸਭਾ ਸੀਟਾਂ ਵਿੱਚੋਂ 19 ਸੀਟਾਂ ਜਿੱਤੀਆਂ ਅਤੇ ਐਨ.ਡੀ.ਏ. ਨੇ ਸਿਰਫ਼ ਇੱਕ। ਕਾਂਗਰਸ ਨੇ 14, ਸੀ.ਪੀ.ਐੱਮ. ਇੱਕ ਤੇ ਹੋਰ  ਭਾਈਵਾਲ  ਚਾਰ ਸੀਟਾਂ ਜਿੱਤੇ ਜਦ ਕਿ ਭਾਜਪਾ ਇੱਕ ਸੀਟ ਹੀ ਲੈ ਜਾ ਸਕੀ।

 ਕੇਰਲ ‘ਚ ਮੁਕਾਬਲਾ ਖੱਬੀਆਂ ਧਿਰਾਂ ਫਰੰਟ, ਜਿਸ ਵਿੱਚ ਸੀਪੀ.ਐੱਮ.,ਸੀ.ਪੀ.ਆਈ., ਕੇਰਲਾ ਕਾਂਗਰਸ ਦਰਮਿਆਨ ਅਤੇ ਯੂਨਾਈਟਿਡ ਡੈਮੋਕਰੇਟਿਕ ਫਰੰਟ ਦਰਮਿਆਨ ਹੈ, ਜਿਸ ਵਿੱਚ ਕਾਂਗਰਸ, ਆਰ.ਐੱਸ.ਪੀ., ਇੰਡੀਅਨ ਯੂਨੀਅਨ ਮੁਸਲਿਮ ਦਰਮਿਆਨ ਹੈ। ਜਦ ਕਿ ਐੱਨ.ਡੀ.ਏ. ਜਿਸ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ, ਵੀ ਇੱਕ ਧਿਰ ਹੈ। ਚੋਣਾਂ ‘ਚ ਬੇਰਜ਼ੁਗਾਰੀ, ਭ੍ਰਿਸ਼ਟਾਚਾਰ ਘੱਟ ਗਿਣਤੀਆਂ ਦੇ ਹਿੱਤ ਮੁੱਖ ਮੁੱਦੇ ਹਨ। ਇਸ ਸੂਬੇ ‘ਚ ਭਾਜਪਾ ਦਾ ਖ਼ਾਸ ਅਧਾਰ ਵੇਖਣ ਨੂੰ ਨਹੀਂ ਮਿਲਦਾ।

ਅਸਾਮ ‘ਚ ਭਾਜਪਾ ਅਤੇ ਏ.ਐੱਸ.ਓ.ਐੱਮ. ਵਿਚਕਾਰ ਟੱਕਰ ਰਹਿੰਦੀ ਹੈ। ਇਸ ਸਮੇਂ ਰਾਜ ਭਾਜਪਾ ਦਾ ਹੈ। ਪਾਂਡੀਚੇਰੀ ਵਿੱਚ ਐੱਨ.ਡੀ.ਏ. ਜਿਸ ਵਿੱਚ ਭਾਜਪਾ ਅਤੇ ਏ.ਆਈ.ਐੱਨ.ਆਰ.ਸੀ. ਸ਼ਾਮਲ ਹਨ ਅਤੇ ਐੱਸ.ਪੀ.ਏ., ਜਿਸ ਵਿੱਚ ਡੀ.ਐੱਮ.ਕੇ. ਅਤੇ ਕਾਂਗਰਸ ਸ਼ਾਮਲ ਹਨ, ਵਿੱਚ ਮੁਕਾਬਲਾ ਹੋਏਗਾ। ਭਾਵੇਂ ਕਿ ਨਵੀਂ ਪਾਰਟੀ ਟੀ.ਵੀ.ਕੇ. ਪਾਰਟੀ ਦਾ ਐਕਟਰ ਵਿਜੈ ਦੋਹਾਂ ਫਰੰਟਾਂ ਦੇ ਵਿਚਕਾਰ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ।

ਇਹਨਾਂ ਪੰਜਾਂ ਰਾਜਾਂ ਵਿੱਚ ਕੇਰਲਾ ਨੂੰ ਛੱਡਕੇ ਭਾਜਪਾ ਆਪਣੀ ਵਿਸ਼ੇਸ਼ ਭੂਮਿਕਾ ‘ਚ ਹੈ। ਭਾਜਪਾ ਉੱਤੇ ਦੋਸ਼ ਲੱਗ ਰਹੇ ਹਨ ਕਿ ਉਹ ਭਾਰਤੀ ਚੋਣ ਕਮਿਸ਼ਨ ਨੂੰ ਆਪਣੇ ਹਿੱਤ ਵਿੱਚ ਵਰਤਕੇ ਕਿਸੇ ਵੀ ਹੀਲੇ ਖ਼ਾਸ ਕਰਕੇ ਪੱਛਮੀ ਬੰਗਾਲ ਦੀ ਖਾੜਕੂ ਨੇਤਾ ਮਮਤਾ ਬੈਨਰਜੀ ਨੂੰ ਹਰਾਉਣਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬੰਗਾਲ ਦੌਰਿਆਂ ਦਰਮਿਆਨ ਚੋਣ ਮਾਹੌਲ ਭੱਖਵਾਂ ਦਿਖਦਾ ਹੈ।

ਚੋਣਾਂ ਜਿੱਤਣ ਲਈ ਹਰ ਸੱਤਾ ਧਾਰੀ ਧਿਰ, ਹਰ ਹਰਵਾ ਵਰਤ ਰਹੀ ਹੈ। ਵਿਰੋਧੀ ਧਿਰਾਂ ਸੁਤੰਤਰ ਤੇ ਨਿਰਪੱਖ  ਚੋਣਾਂ ਦੀ ਮੰਗ ਕਰ ਰਹੀਆਂ ਹਨ, ਜਿਸਦਾ ਖ਼ਦਸ਼ਾ ਲਗਾਤਾਰ ਬਣਿਆ ਦਿਖਾਈ ਦਿੰਦਾ ਹੈ। ਪਿਛਲੇ ਦਿਨਾਂ ‘ਚ ਬਿਹਾਰ ‘ਚ ਸੱਤਾ ਧਿਰ ਨੇ ਕਿਵੇਂ ਵਿਟਰਾਂ ਲਈ ਕੈਸ਼ ਟ੍ਰਾਂਸਫ਼ਰ  ਕੀਤਾ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਇਸ “ਭ੍ਰਿਸ਼ਟਾਚਾਰ” ਨੂੰ  ਨਜ਼ਰ ਅੰਦਾਜ਼ ਕੀਤਾ ਗਿਆ। ਹੈਰਾਨੀ ਦੀ ਗੱਲ ਤਾਂ ਇਹ ਵੀ ਰਹੀ ਕਿ ਜਦੋਂ ਪ੍ਰਸ਼ਾਂਤ ਕਿਸ਼ੋਰ ਦੀ ਜਨ ਪਾਰਟੀ (ਜੇ.ਐੱਸ.ਪੀ.) ਵੱਲੋਂ ਸੁਪਰੀਮ ਕੋਰਟ ‘ਚ ਇਸ ਸੰਬੰਧੀ ਪਟੀਸ਼ਨ ਦਾਇਰ ਕੀਤੀ ਗਈ ਤਾਂ ਇਸ ਮਾਮਲੇ ਨੂੰ ਸੁਪਰੀਮ ਕੋਰਟ ਵੱਲੋਂ ਵੀ ਅਣਦੇਖਿਆ ਕੀਤਾ ਗਿਆ। ਕੇ.ਐੱਸ.ਪੀ. ਨੇ ਇਕ ਪਟੀਸ਼ਨ ਦਾਇਰ ਕੀਤੀ ਸੀ। ਉਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ “ਮੁੱਖ ਮੰਤਰੀ ਨੇ ਮਹਿਲਾ ਰੁਜ਼ਗਾਰ ਯੋਜਨਾ” ਤਹਿਤ ਮਹਿਲਾ ਲਾਭਪਾਤਰੀਆਂ ਨੂੰ 10,000 ਰੁਪਏ ਟ੍ਰਾਂਸਫ਼ਰ ਕਰਕੇ ਆਦਰਸ਼ ਚੋਣ ਜਾਬਤਾ ਦੀ ਉਲੰਘਣਾ ਕੀਤੀ ਹੈ, ਜਿਸਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵਰਚੁਆਲੀ ਕੀਤੀ ਗਈ। ਕੀ ਇਸ  ਕਿਸਮ ਦਾ “ਮਨੀ ਟ੍ਰਾਂਸਫ਼ਰ” ਪਾਂਡੀਚੇਰੀ ਅਤੇ ਅਸਾਮ ਵਿੱਚ ਨਹੀਂ ਹੋਏਗਾ, ਜਿੱਥੇ ਭਾਜਪਾ ਸਰਕਾਰ ਹੈ?

ਭਾਵੇਂ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਵੋਟਾਂ ਪ੍ਰਾਪਤ ਕਰਨ ਲਈ ਮੁਫ਼ਤ ਰਿਉੜੀਆਂ ਵੰਡਣ ਉੱਤੇ ਨਾ ਖ਼ੁਸ਼ੀ ਪ੍ਰਗਟ ਕੀਤੀ ਹੈ, ਪਰ ਇਹ ਚਲਨ ਦੇਸ਼ ਵਿੱਚ ਲਗਾਤਾਰ  ਜਾਰੀ ਹੈ। ਉਸ ਤੋਂ ਉੱਪਰ ਭਾਰਤੀ ਚੋਣ ਕਮਿਸ਼ਨ ਦੀ ਐੱਸ.ਆਈ.ਆਰ. ਨੇ ਭਾਰਤੀ  ਵੋਟਰਾਂ ਲਈ ਖ਼ਦਸ਼ੇ ਪ੍ਰਗਟ ਕੀਤੇ ਹਨ। ਕਾਬਜ਼ ਸਰਕਾਰੀ ਧਿਰਾਂ ਵੱਲੋਂ ਬੇਵਜਹ ਵੋਟਾਂ ਵੋਟਰ ਸੂਚੀਆਂ ਵਿੱਚੋਂ ਕੱਟੀਆਂ  ਗਈਆਂ ਹਨ, ਜਿਸ ਨਾਲ ਲੋਕਾਂ ਵਿੱਚ ਲੋਕਤੰਤਰੀ ਵੋਟ ਪ੍ਰਕਿਰਿਆ ਸੁਖਾਵੀਂ ਬਣਾਈ ਰੱਖਣ ਲਈ ਰੁਕਾਵਟ ਪੈਦਾ ਹੋਈ ਹੈ।

 ਜਿਵੇਂ ਦੇਸ਼ ਦੀ ਮੁੱਖ ਹਾਕਮ ਧਿਰ ਵੱਲੋਂ ਸੁਤੰਤਰ ਤੇ ਨਿਰਪੱਖ ਚੋਣਾਂ ਦੀ ਯੋਜਨਾ ਬੱਧ ਉਲੰਘਣਾ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਕੀਤੀ ਜਾ ਰਹੀ ਹੈ ਅਤੇ ਜਿਵੇਂ ਵੋਟਰਾਂ ਨੂੰ ਵਿਆਪਕ ਪ੍ਰੇਰਨਾ ਜਾਂ ਰਿਸ਼ਵਤਖੋਰੀ ਨਾਲ ਪ੍ਰਭਾਵਤ ਕੀਤੇ ਜਾਣ ਦੇ ਅਮਲ ਜਾਰੀ ਹਨ ਉਹ ਭਾਰਤ ਦੇ ਸੰਵਿਧਾਨ ਦੇ ਮੂਲ ਢਾਂਚੇ ਲਈ ਸਿੱਧਾ ਖੋਰਾ ਹਨ।

ਦੱਖਣ, ਪੂਰਬੀ ਰਾਜਾਂ ਦੇ ਸੂਝਵਾਨ ਵੋਟਰ ਆਪਣੇ ਵਿਵੇਕ ਅਤੇ ਬੁੱਧੀ ਨਾਲ ਕੀ ਉਹਨਾਂ ਸਾਰੇ ਗ਼ਲਤ ਅਮਲਾਂ ਨੂੰ ਪਿਛਾੜ ਦੇਣਗੇ, ਜਿਸ ਦਾ ਹਮਲਾ ਉਹ ਆਉਣ ਵਾਲੇ ਦਿਨਾਂ ‘ਚ ਆਪਣੇ ‘ਤੇ  ਝੱਲਣਗੇ? ਸਾਮ,ਦਾਮ,ਦੰਡ ਅਤੇ ਧੁੰਆਧਾਰ ਫ਼ਿਰਕੂ ਪ੍ਰਚਾਰ ਉਹਨਾਂ ਦੇ ਇਰਾਦਿਆਂ ਨੂੰ ਕੀ ਦ੍ਰਿੜ ਰੱਖ ਸਕੇਗਾ ਜਾਂ ਫਿਰ ਮੁੱਠੀ ਭਰ “ਸਿੱਧੀ ਨਕਦੀ ਰਕਮ” ਦੇ ਵਹਾਅ ਵਿੱਚ ਵਹਿ ਕੇ ਉਹ ਦੇਸ਼ ਦੀ ਸੰਵਿਧਾਨਕ ਲੋਕਤੰਤਰੀ ਤਾਕਤ ਨੂੰ ਖੇਰੂ-ਖੇਰੂ ਕਰਨ ਵਾਲਿਆਂ ਦੇ ਪੱਖ ‘ਚ ਖੜੋ ਜਾਣਗੇ?

-ਗੁਰਮੀਤ ਸਿੰਘ ਪਲਾਹੀ

-981580270


Previous Post Next Post

نموذج الاتصال