ਮਾਨਵਤਾ ਦੀ ਮੂਰਤ ਸਨ ਜਸਪਾਲ ਕੌਰ ਅਨੰਤ

 ਭੋਗ ‘ਤੇ ਵਿਸ਼ੇਸ਼

Jaspal Kaur Anant 

ਸਰੀ: ਮਾਨਵਤਾ, ਸੇਵਾ ਤੇ ਸਨੇਹ ਦੀ ਮੂਰਤ ਜਸਪਾਲ ਕੌਰ ਅਨੰਤ 2 ਨਵੰਬਰ 2025 ਦੀ ਸ਼ਾਮ ਨੂੰ ਇਸ ਸੰਸਾਰਿਕ ਯਾਤਰਾ ਨੂੰ ਅਲਵਿਦਾ ਕਹਿ ਗਏ। ਉਹ ਇਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਸਾਰੀ ਉਮਰ ਸਿੱਖ ਸੋਚ, ਮਨੁੱਖਤਾ ਦੀ ਸੇਵਾ, ਸੱਚਾਈ ਅਤੇ ਨਿਸਵਾਰਥ ਪਿਆਰ ਦੇ ਸਿਧਾਂਤਾਂ 'ਤੇ ਚਲਦਿਆਂ ਇਕ ਆਦਰਸ਼ ਜੀਵਨ ਬਿਤਾਇਆ।

ਜਸਪਾਲ ਕੌਰ ਅਨੰਤ ਦਾ ਜਨਮ 24 ਅਕਤੂਬਰ 1952 ਨੂੰ ਲੁਧਿਆਣਾ ਵਿਖੇ ਸ. ਜਗਤ ਸਿੰਘ ਕੋਹਲੀ ਦੇ ਘਰ ਹੋਇਆ। ਉਨ੍ਹਾਂ ਨੇ 1971 ਵਿੱਚ ਕਮਰਸ਼ੀਅਲ ਪ੍ਰੈਕਟਿਸ ਵਿਚ ਡਿਪਲੋਮਾ ਅਤੇ 1976 ਵਿੱਚ ਪੋਲੀਟੈਕਨਿਕ ਕਾਲਜ ਫਾਰ ਵੋਮੈਨ, ਚੰਡੀਗੜ੍ਹ ਤੋਂ ਐਮ.ਕਾਮ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਗਵਰਨਮੈਂਟ ਵੂਮਨ ਪੋਲੀਟੈਕਨਿਕ ਕਾਲਜ, ਚੰਡੀਗੜ੍ਹ ਵਿਚ ਲੰਬੇ ਸਮੇਂ ਤੱਕ ਨਿਭਾਈ ਸੇਵਾ ਦੌਰਾਨ ਅਣਗਿਣਤ ਵਿਦਿਆਰਥਣਾਂ ਨੂੰ ਜ਼ਿੰਦਗੀ ਦੀ ਸੇਧ ਦਿੱਤੀ। ਸੇਵਾ ਮੁਕਤੀ ਵੇਲੇ ਉਹ ‘ਹੈਡ ਆਫ ਡਿਪਾਰਟਮੈਂਟ’ ਦੇ ਅਹੁਦੇ ‘ਤੇ ਸਨ — ਇਕ ਅਹੁਦਾ ਜੋ ਉਨ੍ਹਾਂ ਦੀ ਨਿਸ਼ਠਾ ਅਤੇ ਯੋਗਤਾ ਦਾ ਪ੍ਰਤੀਕ ਸੀ।

ਉਨ੍ਹਾਂ ਦਾ ਵਿਆਹ 15 ਅਕਤੂਬਰ 1972 ਨੂੰ ਪ੍ਰਸਿੱਧ ਫੋਟੋਗ੍ਰਾਫਰ, ਲੋਕ ਸੰਪਰਕ ਅਧਿਕਾਰੀ ਅਤੇ ਸਾਹਿਤਕਾਰ ਸ. ਜੈਤੇਗ ਸਿੰਘ ਅਨੰਤ ਨਾਲ ਹੋਇਆ। ਦੋਵੇਂ ਜੀਵਨ ਸਾਥੀਆਂ ਨੇ ਮਿਲ ਕੇ ਕਲਾ, ਸਿੱਖੀ ਅਤੇ ਸੇਵਾ ਦੀ ਰਾਹ ‘ਤੇ ਅਦਭੁਤ ਯਾਤਰਾ ਕੀਤੀ। 1997 ਵਿੱਚ ਦੋਵੇਂ ਕਨੇਡਾ ਆ ਵਸੇ ਅਤੇ ਆਪਣੀ ਮਿਹਨਤ, ਸਿਦਕ ਤੇ ਮਾਣ ਨਾਲ ਪੰਜਾਬੀ ਸਮਾਜ ਵਿਚ ਵਿਸ਼ੇਸ਼ ਸਥਾਨ ਬਣਾਇਆ।

ਉਹਨਾਂ ਦੇ ਘਰ ਹਮੇਸ਼ਾ ਕਲਾਕਾਰਾਂ, ਫੋਟੋਗ੍ਰਾਫਰਾਂ, ਲੇਖਕਾਂ ਤੇ ਵਿਦਵਾਨਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਜਸਪਾਲ ਕੌਰ ਅਨੰਤ ਹਰ ਆਏ ਮਹਿਮਾਨ ਦਾ ਖੁਸ਼ਦਿਲੀ ਨਾਲ ਸਵਾਗਤ ਕਰਦੇ ਸਨ - ਮਹਿਮਾਨ ਨਿਵਾਜੀ ਉਨ੍ਹਾਂ ਦਾ ਪ੍ਰਮੁੱਖ ਗੁਣ ਸੀ। ਗਰੀਬਾਂ ਦੀ ਸੇਵਾ ਕਰਨਾ, ਹੋਰਨਾਂ ਦਾ ਦੁੱਖ ਸਾਂਝਾ ਕਰਨਾ ਅਤੇ ਹਰ ਕਿਸੇ ਨੂੰ ਪਿਆਰ ਨਾਲ ਮਿਲਣਾ ਉਨ੍ਹਾਂ ਦੀ ਵਿਸ਼ੇਸ਼ ਪਹਿਚਾਣ ਸੀ। ਉਨ੍ਹਾਂ ਦੇ ਜੀਵਨ ਦੀ ਇਕ ਅਦੁੱਤੀ ਮਿਸਾਲ ਇਹ ਸੀ ਕਿ ਭਾਰਤ ਵਿੱਚ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਊਸ਼ਾ ਅਤੇ ਉਸ ਦੇ ਪਿਤਾ ਨੂੰ ਉਨ੍ਹਾਂ ਨੇ ਪਰਿਵਾਰਕ ਮੈਂਬਰ ਵਾਂਗ ਪਿਆਰ ਦਿੱਤਾ। ਕਨੇਡਾ ਆ ਕੇ ਵੀ ਉਨ੍ਹਾਂ ਨੂੰ ਵਿਸਾਰਿਆ ਨਹੀਂ, ਸਗੋਂ ਜੀਵਨ ਦੇ ਅੰਤ ਤੱਕ ਉਹਨਾਂ ਨੂੰ ਹਰ ਮਹੀਨੇ 5000 ਰੁਪਏ ਪੈਨਸ਼ਨ ਭੇਜਦੇ ਰਹੇ। ਇਹ ਉਨ੍ਹਾਂ ਦੀ ਮਾਨਵਤਾ ਅਤੇ ਕਰੁਣਾ ਦਾ ਜਿਉਂਦਾ ਜਾਗਦਾ ਪ੍ਰਤੀਕ ਸੀ।

ਆਪਣੇ ਪਤੀ ਪ੍ਰਸਿੱਧ ਵਿਦਵਾਨ ਜੈਤੇਗ ਸਿੰਘ ਅਨੰਤ ਦਾ ਹਰ ਕੰਮ ਵਿੱਚ ਉਹਨਾਂ ਨੇ ਪੂਰਨ ਸਹਿਯੋਗ ਦਿੱਤਾ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੋਇਆਂ ਜੈਤੇਗ ਸਿੰਘ ਅਨੰਤ ਨੂੰ ਉਹਨਾਂ ਦੇ ਕਲਾ ਅਤੇ ਲਿਖਣ ਦੇ ਕਾਰਜ ਵਿੱਚ ਬੇਹਦ ਸਾਥ ਦਿੱਤਾ। ਜਿਸ ਦੀ ਬਦੌਲਤ ਹੀ ਸ. ਜੈਤੇਗ ਸਿੰਘ ਅਨੰਤ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਵੀ ਮੁੱਲਵਾਨ 20 ਕਿਤਾਬਾਂ ਦਾ ਯੋਗਦਾਨ ਪਾ ਸਕੇ ਹਨ। ਸ. ਜੈਤੇਗ ਸਿੰਘ ਅਨੰਤ 2018 ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਹਨ ਅਤੇ ਜਸਪਾਲ ਕੌਰ ਅਨੰਤ ਨੇ ਸਾਢੇ ਸੱਤ ਸਾਲਾਂ ਉਨ੍ਹਾਂ ਦੀ ਹਰ ਤਕਲੀਫ਼ ਨੂੰ ਆਪਣੇ ਪਿਆਰ ਅਤੇ ਸੇਵਾ ਨਾਲ ਰਾਹਤ ਪ੍ਰਦਾਨ ਕਰਵਾਈ। ਉਹ ਰੱਬ ਦੀ ਰਜ਼ਾ ਵਿਚ ਰਹਿਣ ਵਾਲੀ, ਸਹਿਣਸ਼ੀਲ ਅਤੇ ਦ੍ਰਿੜ ਮਨ ਵਾਲੀ ਸ਼ਖ਼ਸੀਅਤ ਸਨ।

ਉਨ੍ਹਾਂ ਦੇ ਵਿਛੋੜੇ ਉੱਤੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਤਰਲੋਚਨ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਬਲਕਾਰ ਸਿੰਘ, ਨਾਮਧਾਰੀ ਸੰਸਥਾ ਦੇ ਮੁਖੀ ਠਾਕੁਰ ਦਲੀਪ ਸਿੰਘ, ਵਰਲਡ ਸਿੱਖ ਆਰਗਨਾਈਜੇਸ਼ਨ ਕਨੇਡਾ ਦੇ ਫਾਊਂਡਰ ਗਿਆਨ ਸਿੰਘ ਸੰਧੂ, ਭਾਈ ਰਣਧੀਰ ਸਿੰਘ ਟਰੱਸਟ ਯੂਕੇ ਦੇ ਭਾਈ ਜੁਝਾਰ ਸਿੰਘ, ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਸੇਵਾ ਮੁਕਤ ਲੋਕ ਸੰਪਰਕ ਅਧਿਕਾਰੀ (ਪਟਿਆਲਾ) ਉਜਾਗਰ ਸਿੰਘ, ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪ੍ਰੋਫੈਸਰ ਡਾ. ਕਲਿਆਣ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਦੇ ਡਾ. ਸੁਖਪਾਲ ਸਿੰਘ ਉਦੋਕੇ, ਬਿਜਲੀ ਬੋਰਡ ਦੇ ਸਾਬਕਾ ਚੀਫ ਇੰਜੀਨੀਅਰ ਜੋਤਿੰਦਰ ਸਿੰਘ, ਹਰਦਮ ਸਿੰਘ ਮਾਨ, ਗੁਰਚਰਨ ਸਿੰਘ ਟੱਲੇਵਾਲੀਆ, ਨਾਵਅਕਾਰ ਜਰਨੈਲ ਸਿੰਘ ਸੇਖਾ ਅਤੇ ਜਰਨੈਲ ਸਿੰਘ ਸਿੱਧੂ ਨੇ  ਸ. ਜੈਤੇਗ ਸਿੰਘ ਅਨੰਤ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।

ਮਰਹੂਮ ਜਸਪਾਲ ਕੌਰ ਅਨੰਤ ਦਾ ਅੰਤਿਮ ਸੰਸਕਾਰ 9 ਨਵੰਬਰ 2025 ਨੂੰ ਦੁਪਹਿਰ 12:30 ਵਜੇ ਫਾਈਵ ਰਿਵਰ ਫਿਊਨਰਲ ਹੋਮ, ਡੈਲਟਾ ਵਿੱਚ ਹੋਵੇਗਾ। ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਬਰੁੱਕਸਾਈਡ ਸਾਹਿਬ, ਸਰੀ ਵਿਖੇ ਬਾਅਦ ਦੁਪਹਿਰ 2:30 ਵਜੇ ਹੋਵੇਗੀ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال