ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਸ. ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣਾ ਅਧਿਕਾਰਾਂ ਤੋਂ ਬਾਹਰੀ ਕਾਰਵਾਈ- ਐਡਵੋਕੇਟ ਧਾਮੀ


ਅੰਮ੍ਰਿਤਸਰ, 5 ਜੁਲਾਈ- (The Hind Canadian Times) : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦੇ ਫੈਸਲੇ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਪੰਥ ਵਿੱਚ ਦੁਬਿਧਾ ਪਾਉਣ ਵਾਲੀ ਅਤੇ ਅਧਿਕਾਰਾਂ ਤੋਂ ਬਾਹਰੀ ਕਾਰਵਾਈ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਕੌਮ ਦੇ ਮਸਲੇ ਨਜਿੱਠਣ ਲਈ ਹਨ, ਨਾ ਕਿ ਕੌਮੀ ਸੰਕਟ ਪੈਦਾ ਕਰਨ ਲਈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਨੂੰ ਦਰਕਿਨਾਰ ਕਰਨਾ ਉਚਿਤ ਨਹੀਂ ਹੈ ਅਤੇ ਅਜਿਹੇ ਚਲਣ ਨਾਲ ਕੌਮ ਅੰਦਰ ਆਪਾ ਧਾਪੀ ਵਾਲਾ ਮਾਹੌਲ ਪੈਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਬੇਸ਼ਕ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ, ਪ੍ਰੰਤੂ ਪੰਥਕ ਮਾਮਲਿਆਂ ਨੂੰ ਵਿਚਾਰਨ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਵੀ ਪੰਥਕ ਮਾਮਲੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਪੰਜ ਸਿੰਘ ਸਾਹਿਬਾਨ ਮਿਲ ਕੇ ਬੈਠਣ ਅਤੇ ਫੈਸਲੇ ਲੈਣ ਦੀ ਲੰਬੀ ਇਤਿਹਾਸਕ ਪ੍ਰੰਪਰਾ ਰਹੀ ਹੈ। ਇਹੀ ਪ੍ਰੰਪਰਾ ਸਿੱਖ ਕੌਮ ਨੂੰ ਦੁਨੀਆਂ ਵਿੱਚ ਉਭਾਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਦੂਜੇ ਤਖ਼ਤ ਸਾਹਿਬਾਨ ਤੋਂ ਹੀ ਚੁਨੌਤੀ ਦਿੱਤੀ ਜਾਣ ਲੱਗ ਪਈ ਤਾਂ ਇਹ ਸਿੱਖ ਪਰੰਪਰਾਵਾਂ ਦੀ ਮੌਲਿਕਤਾ ਅਤੇ ਅਮੀਰੀ ਨੂੰ ਸੱਟ ਮਾਰਨ ਤੋਂ ਘੱਟ ਨਹੀਂ ਮੰਨੀ ਜਾ ਸਕਦੀ।

ਉਨ੍ਹਾਂ ਆਖਿਆ ਕਿ ਮੌਜੂਦਾ ਮਾਮਲੇ ਦੇ ਸਬੰਧ ਵਿੱਚ ਮਿਲ ਬੈਠ ਕੇ ਹੱਲ ਵੱਲ ਤੁਰਨਾ ਚਾਹੀਦਾ ਹੈ, ਤਾਂ ਜੋ ਕੌਮ ਅੰਦਰ ਦਿਸ ਰਹੇ ਟਕਰਾਅ ਦੀ ਥਾਂ ’ਤੇ ਸਿੱਖ ਸ਼ਕਤੀ ਨੂੰ ਕੌਮੀ ਹਿਤਾਂ, ਕੌਮ ਦੀ ਚੜ੍ਹਦੀ ਕਲਾ ਅਤੇ ਸਿੱਖੀ ਪ੍ਰਚਾਰ ਲਈ ਵਰਤਿਆ ਜਾ ਸਕੇ।

Previous Post Next Post

نموذج الاتصال