ਦੁਰਵਰਤੋਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਮਿਥੇਨੋਲ ਦੀ ਕੋਰੀਅਰ ਰਾਹੀਂ ਵਿਕਰੀ ’ਤੇ ਰੋਕ ਲਾਈ

ਐਸ.ਡੀ.ਐਮਜ਼ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ’ਚ ਮਿਥਾਈਲ ਅਲਕੋਹਲ ਦੀ ਵਿਕਰੀ ’ਤੇ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ

ਜਲੰਧਰ, 23 ਜੂਨ :  (The Hind Canadian Times) : ਖਤਰਨਾਕ ਰਾਸਾਇਣਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਇਕ ਫੈਸਲਾਕੁੰਨ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਜ਼ਿਲ੍ਹੇ ਵਿੱਚ ਕੋਰੀਅਰ ਸੇਵਾਵਾਂ ਰਾਹੀਂ ਮਿਥਾਈਲ ਅਲਕੋਹਲ (ਮਿਥੇਨੋਲ) ਦੀ ਵਿਕਰੀ ਅਤੇ ਡਲਿਵਰੀ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਇਹ ਨਿਰਦੇਸ਼ ਇਸ ਜ਼ਹਿਰੀਲੇ ਪਦਾਰਥ ਦੇ ਗੈਰ-ਕਾਨੂੰਨੀ ਵਪਾਰ ਅਤੇ ਸੰਭਾਵੀ ਦੁਰਵਰਤੋਂ ਬਾਰੇ ਵਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ।

ਇੱਕ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਉਪ ਮੰਡਲ ਮੈਜਿਸਟ੍ਰੇਟਸ (ਐਸ.ਡੀ.ਐਮਜ਼) ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਮਿਥੇਨੋਲ ਦੀ ਵਿਕਰੀ ਅਤੇ ਵੰਡ ’ਤੇ ਨੇੜਿਓਂ ਨਜ਼ਰ ਰੱਖਣ ਅਤੇ ਨਿਯਮਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਰਸਾਇਣ ਦੀ ਅਣ-ਅਧਿਕਾਰਤ ਅਤੇ ਬਿਨਾਂ ਲਾਇਸੈਂਸ ਤੋਂ ਵਿਕਰੀ, ਖਾਸ ਕਰ ਕੋਰੀਅਰ ਸੇਵਾਵਾਂ ਦੀ ਆੜ ਵਿੱਚ ਹੋਣ ਵਾਲੀ ਵਿਕਰੀ, ਨੂੰ ਰੋਕਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਡਿਪਟੀ ਕਮਿਸ਼ਨਰ ਨੇ ਮਿਥੇਨੋਲ ਦਾ ਕਾਰੋਬਾਰ ਕਰਨ ਵਾਲੇ ਗੈਰ-ਲਾਇਸੈਂਸਸ਼ੁਦਾ ਵਪਾਰੀਆਂ ਦੀ ਪਛਾਣ ਕਰਨ, ਇਸਨੂੰ ਸਟਾਕ ਕਰਨ ਅਤੇ ਵੇਚਣ ਦੀ ਪ੍ਰਵਾਨਗੀ ਵਾਲੇ ਲਾਇਸੈਂਸ ਧਾਰਕਾਂ ਦੀ ਇੱਕ ਵੱਖਰੀ ਸੂਚੀ ਤਿਆਰ ਕਰਨ ਅਤੇ ਲਾਇਸੰਸਸ਼ੁਦਾ ਫਰਮਾਂ ਦੀ ਨਿਯਮਿਤ ਜਾਂਚ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਿਥੇਨੋਲ ਦੀ ਖ਼ਰੀਦ, ਵਿਕਰੀ ਅਤੇ ਸਟਾਕ ਦੇ ਵੇਰਵੇ ਵਾਲੀਆਂ ਮਹੀਨਾਵਾਰ ਰਿਪੋਰਟਾਂ ਐਸ.ਡੀ.ਐਮਜ਼ ਨੂੰ ਸਖ਼ਤ ਨਿਗਰਾਨੀ ਲਈ ਜਮ੍ਹਾ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਇਹ ਕਦਮ ਜ਼ਹਿਰੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਦੁਰਵਰਤੋਂ ਨੂੰ ਕੰਟਰੋਲ ਕਰਨ ਅਤੇ ਖੇਤਰ ਵਿੱਚ ਜਨਤਕ ਸਿਹਤ ਸੁਰੱਖਿਆ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ।

Previous Post Next Post

نموذج الاتصال