ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਮਾਲਕੀ ਵਾਲੇ ਕੁਝ ਪਲਾਟ ਵੇਚਣ ਦਾ ਮਾਮਲਾ

ਦਿੱਲੀ ਕਮੇਟੀ ਬੇਲੋੜੀ ਬਿਆਨਬਾਜ਼ੀ ਕਰਕੇ ਸੰਗਤਾਂ ਨੂੰ ਕਰ ਰਹੀ ਹੈ ਗੁੰਮਰਾਹ - ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ

ਅੰਮ੍ਰਿਤਸਰ, 22 ਜੂਨ- (The Hind Canadian Times) : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਮਾਲਕੀ ਵਾਲੇ ਕੁਝ ਪਲਾਟ ਵੇਚਣ ਦੇ ਮਾਮਲੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਬੇਲੋੜੀ ਬਿਆਨਬਾਜ਼ੀ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਵਰਤੋਂ ਵਿਚ ਨਾ ਆ ਰਹੀ ਹੋਣ ਅਤੇ ਲੋਕਾਂ ਵੱਲੋਂ ਕਬਜ਼ੇ ਕਰਨ ਕਰਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਤੰਗ ਗਲੀਆਂ ਵਿਚ ਛੋਟੇ ਪਲਾਟਾ ਦੇ ਰੂਪ ਵਿਚ ਕੁਝ ਜਗ੍ਹਾ ਨੂੰ ਨਿਯਮਾਂ ਅਨੁਸਾਰ ਜਾਇਦਾਦ ਸਬ-ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਵੇਚਣ ਦਾ ਫੈਸਲਾ ਕੀਤਾ ਸੀ। ਇਸ ਬਾਰੇ ਇਸ਼ਤਿਹਾਰ ਲਗਾ ਕੇ ਕਈ ਵਾਰ ਖੁਲ੍ਹੀ ਬੋਲੀ ਰੱਖੀ ਸੀ, ਜਿਸ ਵਿੱਚ ਸਭ ਤੋਂ ਵੱਧ ਬੋਲੀ ਦੇਣ ਵਾਲੇ ਨੂੰ ਇਹ ਜਗ੍ਹਾ ਵੇਚੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦੀ ਕੀਮਤ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਸੰਗਤਾਂ ਨੂੰ ਲਗਾਤਾਰ ਗੁਮਰਾਹ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਸਕੱਤਰ ਨੇ ਕਿਹਾ ਕਿ 16 ਲੱਖ ਦੀ ਜਗ੍ਹਾ ਨੂੰ 60 ਲੱਖ ਦੀ ਪ੍ਰਚਾਰਨਾਂ ਨਰੋਲ ਸਿਆਸੀ ਬਿਆਨਬਾਜੀ ਹੈ। ਜੇਕਰ ਦਿੱਲੀ ਕਮੇਟੀ ਚਾਹੇ ਤਾਂ 60 ਲੱਖ ਦੀ ਲੈ ਸਕਦੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ ਅਤੇ ਅਜਿਹਾ ਕੋਈ ਵੀ ਕਾਰਜ ਨਹੀਂ ਕਰਦੀ ਜਿਸ ਨਾਲ ਸਿੱਖ ਮਨਾ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗੁਰਦੁਆਰਾ ਸਾਹਿਬ ਦੀ ਕੋਈ ਜਾਇਦਾਦ ਜੋ ਵਰਤੋਂ ਵਿੱਚ ਨਾ ਆ ਰਹੀ ਹੋਵੇ ਨੂੰ ਵੇਚਿਆ ਜਾਂਦਾ ਹੈ ਤਾਂ ਉਸ ਪੈਸੇ ਨਾਲ ਗੁਰਦੁਆਰਾ ਸਾਹਿਬ ਦੀ ਹੋਰ ਜਾਇਦਾਦ ਖਰੀਦ ਕਰ ਲਈ ਜਾਂਦੀ ਹੈ।

ਸ਼੍ਰੋਮਣੀ ਕਮੇਟੀ ਸਕੱਤਰ ਨੇ ਕਿਹਾ ਕਿ ਭਾਵੇਂ ਸਿੱਖ ਸੰਸਥਾ ਨੇ ਨਿਯਮਾਂ ਅਨੁਸਾਰ ਇਹ ਜਾਇਦਾਦ ਖੁੱਲੀ ਬੋਲੀ ਰਾਹੀਂ ਵੇਚੀ ਸੀ ਪ੍ਰੰਤੂ ਇਸ ਉਤੇ ਬੇਲੋੜੇ ਵਿਵਾਦ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ 'ਤੇ ਇਸ ਬੋਲੀ ਨੂੰ ਰੱਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਅਹੁਦੇਦਾਰ ਇਸ ਮਾਮਲੇ ਨੂੰ ਸਿਆਸੀ ਤੌਰ ਤੇ ਤੂਲ ਨਾ ਦੇਣ।  ਆਪਣੀ ਸਿਆਸਤ ਚਮਕਾਉਣ ਲਈ ਸਿੱਖ ਸੰਸਥਾਵਾਂ ਖਿਲਾਫ਼ ਤੱਥਾਂ ਰਹਿਤ ਬਿਆਨਬਾਜੀ ਕਰਨੀ ਜੁੰਮੇਵਾਰ ਆਹੁਦੇ ਤੇ ਬੈਠੇ ਵਿਅਕਤੀਆਂ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਸੰਗਤਾਂ ਨੂੰ ਵੀ ਅਜਿਹੀ ਅਧਾਰਹੀਣ ਤੇ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।


Previous Post Next Post

نموذج الاتصال