(
ਪਿਛਲੇ
ਅੰਕ ਦੀ ਬਾਕੀ )
ਇੱਕ ਹੋਰ ਮਿਸਾਲ ਆ, 1947 ਦੌਰਾਨ ਭਾਰਤ-ਪਾਕਿਸਤਾਨ ਵੰਡ ਦਾ ਘੱਲੂਘਾਰਾ, ਜਿਹਨੂੰ ਸਥਾਨਿਕ ਹਵਾਲਾ-ਫ਼ਰੇਮ ਹੀ ਰੱਖ ਭੂਤਮੁੱਖੀ ਪਹੰਚ ਸੰਗ ਵਾਚਦਿਆ ਕੋਈ ਕਵਿਤਾਅ ਸਕਦਾ:
“ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫ਼ੋਲ !”
—-ਅੰਮ੍ਰਿਤਾ ਪ੍ਰੀਤਮ
ਪਰ ਜੇ ਕਿਸੇ ਨੇ ਵੰਡ ਦੇ ਘੱਲੂਘਾਰੇ ਨੂੰ ਸਥਾਨਿਕ ਹਵਾਲਾ-ਫ਼ਰੇਮ ਵਿੱਚ ਰੱਖ ਕੇ ਵਿਸ਼ਵ ਹਵਾਲਾ-ਫ਼ਰੇਮ ਦੇ ਪ੍ਰਸੰਗ ਵਿੱਚ ਵਾਚਿਆ ਹੁੰਦਾ, ਤਾਂ ਉਸ ਵਿੱਚੋਂ ਜੋ ਕਵਿਤਾ ਨਿੱਕਲਦੀ, ਉਸ ਨੇ ਵਾਰਿਸ ਸ਼ਾਹ ਨੂੰ ਹਾਕਾਂ ਮਾਰਨ ਦੀ ਬਜਾਇ ਉਲਟਾ ਘੱਲੂਘਾਰੇ ਦੇ ਡੂੰਘ-ਜੜ੍ਹੇ ਕਾਰਨਾਂ ਨੂੰ ਪ੍ਰਨਾਏ ਨੁਕਤਿਆਂ ਵੱਲ ਇਸ਼ਾਰੇ ਕਰਨੇ ਸਨ ਮਸਲਨ ਸਦੀਆਂ ਬਾਅਦ ਅਸੀਂ ਅੱਜ ਵੀ ਕਿਉਂ ਵਾਰਿਸ ਸ਼ਾਹ ਦੇ ਵੇਲਿਆਂ ਦੀਆਂ ਕਦਰਾਂ-ਕੀਮਤਾਂ ਆਪਣੇ ਜੀਵਨ ਜਾਂ ਮਨ ਵਿੱਚ ਢੋਂਅਦੇ ਆ ਰਹੇ ਆਂ, ਹੀਰ ਦੀ ਇੱਕ ਵੀ ‘ਕਲੀ’ ਤੇ ਮਿਰਜ਼ੇ ਦੀ ਇੱਕ ਵੀ ‘ਸੱਦ’ ਨਹੀਂ ਟੱਪ ਜਾਂ ਉਲੰਘ ਸਕੇ ਆਂ; ਕਿਓਂ 20ਵੀਂ ਜਾਂ ਹੁਣ 21ਵੀਂ ਸਦੀ ਵਿੱਚ ਬੈਠੇ ਵੀ, 18ਵੀਂ, 15ਵੀਂ ਸਦੀ ਨੂੰ ਹਾਕਾਂ ਮਾਰ ਰਹੇ ਆਂ, ਸਾਡੀਆਂ ਅੱਜ ਦੀਆਂ ਸਮੱਸਿਆਵਾਂ ਹੱਲ ਕਰਨ ਲਈ; ਕੀ ਸ਼ਰਮ ਨਹੀਂ ਆਉਂਣੀ ਚਾਹੀਦੀ, ਆਪਣੇ ਅਜੇਹੇ ਹਾਲ ‘ਤੇ? ਖ਼ੈਰ, ਜੇ ਅਸੀਂ ਇਸ ਭੂਤਮੁੱਖੀ ਸੋਚ ਤੇ ਇਸ ਨਾਲ ਨੱਥੀ ਗ਼ੁਲਾਮ-ਮਾਨਸਿਕਤਾ ਦਾ ਸ਼ਿਕਾਰ ਨਾ ਹੁੰਦੇ, ਤਾਂ 1947 ਦਾ ਘੱਲੂਘਾਰਾ ਹੋਣਾ ਹੀ ਨਹੀਂ ਸੀ!
ਤੇ ਅਜੇਹੇ ਹਾਲ ਤੋਂ ਵਿਸ਼ਵ ਹਵਾਲਾ-ਫ਼ਰੇਮ ਹੀ ਬਚਾ ਸਕਦਾ ਹੈ, ਜਿਹਨੂੰ ਉਸਾਰਨ ਲਈ ਅਸੀਂ, ਪੰਜਾਬ/ਭਾਰਤ ਤੋਂ ਬਾਹਰਲੇ ਦੇਸ਼ਾ ਵਿੱਚ ਰਹਿਣ ਵਾਲੇ ਪੰਜਾਬੀ, ਚੰਗੇਰੀ ਸਥਿਤੀ ਵਿੱਚ ਹਾਂ, ਪੰਜਾਬ/ਭਾਰਤ ਵਾਸੀਆਂ ਦੇ ਮੁਕਾਬਲਤਨ, ਤਾਂ ਹੀ ਜੇ ਪਰਵਾਸ ਨਾ ਧਾਰੀਏ। ਵਿਸ਼ਵ ਹਵਾਲਾ-ਫ਼ਰੇਮ ਬਗ਼ੈਰ ਮੇਰੀਆ ਪਿਛਲੀਆਂ ਦੋ ਕਾਵਿ ਪੁਸਤਕਾਂ ‘ਭੂਤ ਨਗਰੀ’ ਤੇ ‘ਕਿੱਸਿਆਂ ਦੇ ਕੈਦੀ’ ਅਤੇ ਇੱਕ ਗ਼ਦ ਪੁਸਤਕ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ’ ਸੰਭਵ ਨਹੀਂ ਹੋਣੀਆਂ ਸਨ; ਯਾਣਿ ਜੇ ਮੈੰ ਭਾਰਤ ਨਾਂ ਛੱਡਦਾ ਜਾਂ ਭਾਰਤ ਛੱਡਣ ਬਾਅਦ ਇੱਧਰਲੇ ਦੇਸ਼ਾਂ ਵਿੱਚ ਆ ਪਰਵਾਸ ਧਾਰ ਲੈਂਦਾ ਤਾਂ ਇਹ ਪੁਸਤਕਾਂ ਨਹੀਂ ਲਿਖੀਆਂ ਜਾਣੀਆਂ ਸਨ।
ਮਿਨੀ ਰੇਨਾਸਾਂਸ ਤੋਂ ਬ੍ਰਹਿਮੰਡ ਦੇ ਆਰੰਭ ਤੱਕ
? ਤੁਸੀਂ ਉੱਨੀ ਸੌ 70ਵਿਆਂ ਦੇ ਪੰਜਾਬ ਦੀ ਲਹਿਰ ਦੇ ਸਾਹਿਤਕ ਤੇ ਸੱਭਿਆਚਾਰਕ ਪੱਖ ਨੂੰ ‘ਮਿੰਨੀ ਰੇਨਾਸਾਂਸ’ ਦਾ ਨਾਂ ਦੇ ਕੇ ਉਸ ਲਹਿਰ ਦੇ ਪ੍ਰਭਾਵ ਥੱਲੇ ਰਚੇ ਗਏ ਪੰਜਾਬੀ ਸਾਹਿਤ ਦੇ ਹਾਂ-ਪੱਖੀ ਰੋਲ ਨੂੰ ਉਭਾਰਦੇ ਹੋ। ਇਹਦੇ ਬਿੱਲਕੁਲ ਉਲਟ ਰਾਹ ਫ਼ੜਿਆ ਹੋਇਆ ਆ ਅਮਰਜੀਤ ਚੰਦਨ ਨੇ, ਜੋ ਖ਼ੁਦ ਉਸ ‘ਮਿੰਨੀ ਰੇਨਾਸਾਂਸ’ ਵਿੱਚ ਸ਼ਾਮਲ ਸੀ। ਉਦਾਹਰਣ ਦੇ ਤੌਰ ਤੇ, ਪਿੱਛੇ ਜਿਹੇ ਉਹਨੇ ਕਿਹਾ ਕਿ “ਪ੍ਰਗਤੀਵਾਦ ਤੇ ਨਕਸਲੀ ਲਹਿਰ ਨੇ ਪੰਜਾਬੀ ਕਵਿਤਾ ਦਾ ਵੱਡਾ ਨੁਕਸਾਨ ਕੀਤਾ ਹੈ।” ਇਸ ਬਾਰੇ ਕੀ ਕਹੋਗੇ?
——ਸੱਚ ਕਹਿ ਰਹਿ ਓਂ; ਮੈਂ ਵੀ ਅਮਰਜੀਤ ਚੰਦਨ ਵਲੋ ਦਿੱਤੇ ਅਜੇਹੇ ਬਿਆਨ ਇੱਧਰ ੳੇੱਧਰ ਪੜ੍ਹੇ ਨੇ, ਮਿਸਾਲ ਵਜੋਂ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ (https://punjabi.abplive.com/news/punjab/amarjit-chandan-347132). ਮੇਰਾ ਪ੍ਰਤੀਕਰਮ ਹੈ ਕਿ ਯੋਰਪੀਅਨ ਇਨਲਾਈਟਨਮੈਂਟ ਲਹਿਰ ਬਾਅਦ, ਇਸਦੇ ਸਦਕੇ, ਸੰਸਾਰ ਵਿੱਚ ਚੱਲੀਆਂ ਪ੍ਰਗਤੀਵਾਦੀ ਲਹਿਰਾਂ, ਭਾਰਤ ਵਿੱਚ ਚੱਲੀ ਨਕਸਲੀ ਲਹਿਰ, ਜਾਂ ਹੋਰ ਕਿਸੇ ਵੀ ਲਹਿਰ, ਵਲੋਂ ‘ਕਵਿਤਾ’ ਦਾ ਨੁਕਸਾਨ ਕਰਨ ਦਾ ਉਹਦਾ ਮਾਅਰਕਾ ਜਾਂ ਸੰਕਲਪ ਆਧੁਨਿਕ ਯੁੱਗ ਵਿੱਚ ਨਿਰੋਲ ਪੰਜਾਬੀ ਹੈ; ਅੰਗਰੇਜ਼ੀ ਤਾਂ ਕੀ, ਇਹ ਹਿੰਦੀ ਤੱਕ ਜਾਂਦਿਆਂ ਜਾਂਦਿਆਂ ਹੀ ਦਮ ਤੋੜ ਜਾਂਦਾ ਆ। ਕਿਸੇ ਵੀ ਦੇਸ਼ ਜਾਂ ਭਾਸ਼ਾ ਵਿੱਚ ਚੱਲੀ ਕੋਈ ਲਹਿਰ, ਖ਼ਾਸਕਰ ਰਾਜਨੀਤਿਕ ਜਾਂ ਸਾਹਿਤਕ ਲਹਿਰ, ਉਸ ਦੇਸ਼ ਜਾਂ ਭਾਸ਼ਾ ਦੇ ਸਮੁੱਚੇ ਸਾਹਿਤਕ, ਸਮੇਤ ਕਾਵਿ, ਖ਼ਜ਼ਾਨੇ ਵਿੱਚ ਵੱਖ ਵੱਖ ਪਹਿਲੂਆਂ ਤੋਂ ਵਾਧਾ ਹੀ ਕਰ ਸਕਦੀ ਹੈ; ਇਹ ਉਸ ਲਹਿਰ ਦੀ ਦੇਣ ਹੁੰਦੀ ਹੈ। ਉਨੀਂ ਸੌ ਦੇਰ-60ਵਿਆਂ ਤੇ 70ਵਿਆਂ ਦੇ ਪੰਜਾਬ ਵਿੱਚ, ਨਕਸਲੀ ਲਹਿਰ ਦੇ ਪ੍ਰਭਾਵ ਹੇਠ ਚੱਲੀ ‘ਕ੍ਰਾਤੀਂਕਾਰੀ ਕਵਿਤਾ’, ਜਾਂ ‘ਜੁਝਾਰੂ ਕਵਿਤਾ’, ਲਹਿਰ ਪ੍ਰਗਤੀਵਾਦੀ ਕਵਿਤਾ ਦਾ ਹੀ ਇੱਕ ਰੂਪ ਸੀ, ਤੇ ਇਹਦੀ ਪੰਜਾਬੀ ਕਵਿਤਾ ਨੂੰ ਦੇਣ ਸਨ: ਪਾਸ਼ (ਅਵਤਾਰ ਸਿੰਘ ਸੰਧੂ), ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਹੋਰ ਅਨੇਕਾਂ ਕਵੀ ਤੇ ਉਨ੍ਹਾਂ ਦੀ ਕਵਿਤਾ। ਕਿਸੇ ਵੀ ਲਹਿਰ ਵਲੋਂ “ਪੰਜਾਬੀ ਕਵਿਤਾ” ਦਾ ਨੁਕਸਾਨ ਕਰਨ ਦੇ ਸੰਕਲਪ ਦੀਆਂ ਜੜ੍ਹਾਂ ਸਿੱਧੀਆਂ ਜਾਗੀਰੂ ਤੇ ਰਾਜਾਸ਼ਾਹੀ ਯੁੱਗ ਦੀ ਸੋਚ ਤੱਕ ਪਹੁੰਚਦੀਆਂ ਨੇ, ਜਿਵੇਂ “ਪੰਜਾਬੀ ਕਵਿਤਾ” ਕਿਸੇ ਦੀ ਜਾਗੀਰ ਹੋਵੇ ਤੇ ‘ਲਹਿਰ’ ਨਾਮੀ ਲੁਟੇਰਾ ਉਸ ਵਿਚੋਂ ਕੁਝ ਲੁੱਟ ਕੇ ਲੈ ਗਿਆ ਹੋਵੇ ਜਾਂ ਕੁਝ ਉਜਾੜ ਗਿਆ ਹੋਵੇ। ਜ਼ਾਹਿਰ ਹੈ ਕਿ ਇਸ ਸੰਕਲਪ ਦੇ ਧਾਰਨੀਆਂ ਦੇ ਮਨਾਂ ਵਿੱਚ ਕਵਿਤਾ ਦੀ ਆਮ (generic) ਪ੍ਰਭਾਸ਼ਾ ਨਹੀਂ, ਬਲਕਿ ਆਪਣੀ ਹੀ ਕੋਈ ਨਿੱਜੀ (private) ਪ੍ਰਭਾਸ਼ਾ ਅਟਕੀ ਹੁੰਦੀ ਹੈ, ਸੁਚੇਤ ਜਾਂ ਅਚੇਤ ਤੌਰ ‘ਤੇ। ਕਵਿਤਾ ਦੀ ਅਜੇਹੀ ਪ੍ਰਭਾਸ਼ਾ ਜਾਂ ਮੁੱਲਅੰਕਣ ‘ਤਰਕ’ ਜਾਂ ਮਿਆਰ-ਏ-ਪੈਮਾਨਾ ‘ਤੇ ਆਧਾਰਿਤ ਹੋਣ ਦੀ ਥਾਂ ਨਿੱਜੀ ਪਸੰਦ, ਹਿੱਤ-ਪੂਰਤੀ, ਜਾਂ ਕਿਸੇ ਸਥਿਰ ਸੋਚ ਦੇ ਕੀਲੇ ਨਾਲ ਬੰਨੇ ਹੁੰਦੇ ਨੇ।
ਇਸੇ ਗੱਲਬਾਤ ਦੌਰਾਨ ਚੰਦਨ ਬਿਨਾਂ ਕਿਸੇ ਦਲੀਲ ਤੋਂ, ਆਪਣੇ ਵਿਸ਼ਵਾਸ ‘ਤੇ ਆਧਾਰਿਤ ਇਹ ਦਾਅਵਾ ਵੀ ਕਰਦਾ ਆ:
“ਗੁੱਸੇ 'ਚ ਕੋਈ ਚੰਗੀ ਕਵਿਤਾ ਨਹੀਂ ਰਚੀ ਜਾ ਸਕਦੀ।”
ਜਦ ਕਿ ਕੋਈ ਵੀ ਗੰਭੀਰ ਆਲੋਚਕ/ਚਿੰਤਕ ਕਿਸੇ ਵੀ ਲਹਿਰ ਦੀ ਕਵਿਤਾ ਦਾ ਮੁੱਲ-ਅੰਕਣ ਸਪਸ਼ਟ ਆਲੋਚਨਾ-ਮਿਆਰ, ਯਾਣਿ standard, ਪੈਮਾਨਿਆਂ, ਜਾਂ ਕਿਸੇ ਇਕਸਾਰ ਵਿਚਾਰਧਾਰਾ ਦੇ ਆਧਾਰ ‘ਤੇ ਕਰੇਗਾ, ਨਾ ਕਿ ਆਪਣੇ ਮਹਿਜ ਵਿਸ਼ਵਾਸ ਤੇ ਨਿੱਜੀ ਕਾਵਿ-ਸੁਆਦਾਂ ਦੇ ਆਧਾਰ ‘ਤੇ; ਪੰਜਾਬੀ ਵਿੱਚ ‘ਚੰਦਨ’ ਹੀ ਨਹੀ, ਬਾਹਲੇ ਆਲੋਚਕਾਂ ਦਾ ਇਹੀਓ ਹਾਲ ਆ। “ਪ੍ਰਗਤੀਵਾਦ ਤੇ ਨਕਸਲੀ ਲਹਿਰ ਨੇ ਪੰਜਾਬੀ ਕਵਿਤਾ ਦਾ ਵੱਡਾ ਨੁਕਸਾਨ ਕੀਤਾ ਹੈ।” ਦੇ ਆਪਣੇ ਵਿਸਵਾਸ਼ ਦੀ ਹਿਮਾਇਤ ਵਿੱਚ ਉੱਤਕ ਬਿਆਨ ਤੋਂ ਇਲਾਵਾ ਇਹਨੂੰ ਇੱਕ ਹੋਰ ਵਿਸ਼ਵਾਸ ਦਾ ਠੁੱਮਣਾ ਦਿੰਦਾ, ‘ਚੰਦਨ’ ਕਹਿੰਦਾ ਹੈ:
“ਹਮੇਸ਼ਾਂ ਸਹਿਜਤਾ ਨਾਲ ਬਣੀਆਂ ਚੀਜ਼ਾਂ ਹੀ ਟਿਕੀਆਂ ਰਹਿੰਦੀਆਂ ਹਨ।”ਰਵਿੰਦਰ ਸਿੰਘ ਸੋਢੀ
ਉੱਤਕ ਦਾਅਵਾ ਸ਼ਾਇਦ ਬ੍ਰਹਿਮੰਡ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੀ ਸਥਿਤੀ ਨਾਲ ਮੇਲ ਖਾਂਦਾ ਹੋਵੇ, ਪਰ ਬ੍ਰਹਿਮੰਡ ਦੇ ਹੋਂਦ ਵਿੱਚ ਆਉਣ ਦੇ ਪਲ ਤੋਂ ਲੈ ਕੇ ਨਾ ਕੋਈ ਸਥਾਈ ਸਹਿਜਤਾ ਹੈ ਤੇ ਨਾ ਟਿਕਾਓ। ਵਿਗਿਆਨ ਤੋਂ ਸਮਾਨਤਾ, ਯਾਣਿ analogy, ਨਾਲ ਸਿੱਖਦੇ ਹੋਏ, ਅਸੀਂ ਜਾਣਦੇ ਆ ਕਿ ‘ਸਹਿਜ’ ਤੋਂ ਜਾਂ ਨਾਲ ਕੁਝ ਨਹੀਂ ਬਣਦਾ। ਆਦਿ ਵਿੱਚ, ਬ੍ਰਹਿਮੰਡ ਦੀ ਸ਼ੁਰੂਆਤ ਸਹਿਜ ਨਾਲ ਨਹੀਂ, ਬਲਕਿ ਸੂਈ ਨੱਕੇ ਤੋਂ ਕਿਤੇ ਛੋਟੇ, ਊਰਜਾ ਨਾਲ ਤੁੰਨੇ, ਇੱਕ ਬਿੰਦੂ ਦੇ ਮਹਾਂ-ਧਮਾਕੇ ਸੰਗ ਫ਼ਟਣ ਨਾਲ ਹੋਈ ਸੀ; ਸ਼ੁਰੂਆਤ ਤੋਂ ਬਾਅਦ ਬ੍ਰਹਿਮੰਡ ਕਿਸੇ ਰਿਸ਼ੀ ਦੀ ‘ਸਹਿਜ’ ਸਮਾਧੀ ਵਾਂਗ ‘ਟਿਕ’ ਕੇ ਨਹੀਂ ਸੀ ਬਹਿ ਗਿਆ, ਸਗੋਂ ਲਗਾਤਾਰ ਸੁਰਜ/ਤਾਰੇ, ਧਰਤੀਆਂ, ਚੰਨ, ਤੇ ਇਨ੍ਹਾਂ ਨਾਲ ਭਰੀਆਂ ਗਲੈਕਸੀਆਂ ਬਣਾਉਂਦਾ, ਸਹਿਜ ਨਾਲ ਨਹੀਂ, ਬਲਕਿ ਧੂਮ ਧੜੱਕੇ ਨਾਲ, ਫ਼ੈਲ ਰਿਹਾ ਆ; ਇਸ ਧਰਤੀ ਉੱਪਰ ਇੱਕ ਸੈੱਲ ਤੋਂ ਸ਼ੁਰੂ ਹੋ ਕੇ ਜ਼ਿੰਦਗੀ ਦਾ ਅਨਗਣਿਤ ਜੂਨਾਂ, ਯਾਣਿ ਸਪੀਸੀਜ਼, ਵਿੱਚ ਫ਼ੈਲ ਜਾਣਾ, ਸਹਿਜ ਅਵਸਥਾ ਨਹੀਂ, ਬਲਕਿ ਵਾਤਾਵਰਣ ਵਿੱਚ ਵਾਰ ਵਾਰ ਕਠੋਰ ਆਫ਼ਤੀ ਤਬਦੀਲੀਆਂ ਵਿਚੋਂ ਜ਼ਿੰਦਗੀ ਦੇ ਲੰਘਦੇ ਰਹਿਣ ਦਾ ਸਿੱਟਾ ਆ, ਜਿਹਨੂੰ ੲੈਵੋਲੂਸ਼ਨ ਕਿਹਾ ਜਾਂਦਾ। ਨਾ ਹੀ ਇਸ ਧਰਤੀ ਉੱਪਰ ਮਨੁੱਖੀ ਜੂਨ ਦੇ ਵਿਕਾਸ ਦਾ ਇਤਿਹਾਸ ‘ਸਹਿਜ’ ਨਾਲ ਉੱਸਰਿਆ; ਸਗੋਂ ਗੁਫ਼ਾ/ਜੰਗਲ ਤੋਂ ਚੱਲ ਕੇ ਅੱਜ ਤੱਕ ਪਹੁੰਚਣ ਲਈ ਮਨੁੱਖ ਨੇ ਬੜਾ ਲੰਬਾ ਪੈਂਡਾ ਤਹਿ ਕੀਤਾ ਆ, ਤਰਕ ਤੇ ਵਿਗਿਆਨ ਦੀ ਮੱਦਦ ਨਾਲ, ਕਈ ਯੁਗ ਪਲਟਾਊ ਇਨਕਲਾਬਾਂ 'ਚੀਂ ਲੰਘਦੇ ਹੋਏ।
ਫਿਰ ਵੀ ਵਿਚਾਰਨ ਵਾਲਾ ਨੁਕਤਾ ਆ, ਜਦੋਂ ‘ਚੰਦਨ’ ਆਪਣੇ ਦਾਅਵੇ
“ਹਮੇਸ਼ਾਂ ਸਹਿਜਤਾ ਨਾਲ ਬਣੀਆਂ ਚੀਜ਼ਾਂ ਹੀ ਟਿਕੀਆਂ ਰਹਿੰਦੀਆਂ ਹਨ।”
ਵਿੱਚ ‘ਟਿਕਾਅ’ ਦਾ ਜ਼ਿਕਰ ਕਰਦਾ ਹੈ ਤਾਂ ਇਹ ਬੇਤਰਤੀਬਾ, ਯਾਣਿ ਰੈਨਡਮ (random), ਨਹੀਂ। ਜਿਹੜੀ ਸਹਿਜਧਾਰੀ ਸੋਚ ਉਹ ਇੱਥੇ ਪੇਸ਼ ਕਰ ਰਿਹਾ, ਤੇ ਹੋਰ ਵੀ ਬਹੁਤ ਸਾਰੇ ਪੰਜਾਬੀ ਸਾਹਿਤਕਾਰਾਂ ਦੇ ਮਗ਼ਜ ਵਿੱਚ ਜੜ੍ਹਾਂ ਪਕੜ ਬੈਠੀ ਆ; ਉਸ ਸੋਚ ਜਾਂ ਪਹੁੰਚ ਦੀ ਗਿਰੀ ਆ ‘ਟਿਕਾਓ’, ਜਾਂ ਜੜ੍ਹਤਾ, ਭਾਵ ਤਬਦੀਲੀ ਦਾ ਵਿਰੋਧ। ਮੇਰਾ ਇਹ ਨੁਕਤਾ ਸਪਸ਼ਟ ਜਾਂਦਾ, ਜਦੋਂ ਉਹ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਹੀ ‘ਚੰਦਨ’ ਇਸ ਦਾਅਵਾ ਕਰਦਾ:
"ਪੰਜਾਬੀ ਪ੍ਰੋਫੈਸਰਾਂ, ਅਲੋਚਕਾਂ ਤੇ ਪੰਜਾਬੀ ਅਖ਼ਬਾਰਾਂ ਨੇ ਮਾਂ ਬੋਲੀ ਦਾ ਸੱਤਿਆਨਸ ਕੀਤਾ ਹੈ। ਇਹ ਮਾਂ ਬੋਲੀ ਦੀ ਠੇਠਤਾ ਬਰਕਰਾਰ ਨਹੀਂ ਰੱਖ ਸਕੇ।”
ਉਹ ਇਸ ਦਾਅਵੇ ਦੀ ਵਿਆਖਿਆ ਕਰਦਾ ਵੈੱਬ ਮੈਗਜ਼ੀਨ/ਸਾਈਟ ‘ਲਿਖਾਰੀ’ ‘ਚੇ 31 ਅਗਸਤ 2021 ਨੂੰ ਪ੍ਰਕਾਸ਼ਤ ਆਪਣੇ ਇੱਕ ਲੇਖ “ਪੰਜਾਬੀ ਦਾ ਸਤਿਆਨਾਸ” ਵਿੱਚ। ਮਿਸਾਲ ਵਜੋਂ, ਪੰਜਾਬੀ ਕੋਲ, ਅੰਗਰੇਜ਼ੀ ਅਵਾਂਗ, ‘a’ ਤੇ ‘the’ ਜਿਹੇ ‘ਆਰਟੀਕਲਜ਼’ ਨਹੀਂ ਹੈਗੇ, ਤੇ ਇਨ੍ਹਾਂ ਦੀ ਅਨਹੋਂਦ ਸੰਚਾਰ ‘ਚੇ ਅਕਸਰ ਅਨਿਸ਼ਚਿਤਤਾ ਦਾ ਸਰੋਤ ਬਣਦੀ ਆ। ਜੇ ਆਪਣੀਆਂ ਲਿਖਤਾਂ ਰਾਹੀਂ ਕੋਈ ਬੰਦਾ ਇਸ ਸਮੱਸਿਆ ਦਾ ਹੱਲ ਸੁਝਾਵੇ ਜਾਂ ਲਾਗੂ ਕਰੇ, ਤਾਂ ਇਸ ‘ਵਿਕਾਸ’ ਕੋਸ਼ਿਸ਼ ਦੀ ਸਰਾਹਨਾ ਕਰਨ ਦੀ ਬਜਾਏ, ਪੰਜਾਬੀ ਬੰਦਾ ਆਪਣੀ ਪੂਰੀ ਜੜ੍ਹਤਾ ਨਾਲ, ‘ਚੰਦਨ’ ਦੇ ਰੂਪ ‘ਚੇ ਇਸ ਕੋਸ਼ਿਸ਼ ਮਗਰ ਸ਼ੁੱਧਤਾ ਤੇ ਠੇਠਤਾ ਦੀ ਡਾਂਗ ਕੱਢੀ ਫਿਰਦਾ ਆ, ਇਸ ਲੇਖ ‘ਚੇ। ਇਹ ਇੱਕ ਉਦਾਹਰਨ ਹੀ ਹੈ ਕਿ ਕਿੰਝ ਪੰਜਾਬੀ ਬੰਦੇ ਦੀ ‘ਜੜ੍ਹਤਾ’ ਤੇ ਭੂਤਮੁਖੀ ਸੋਚ ਪੰਜਾਬੀ ਬੋਲੀ ਦਾ ਨੁਕਸਾਨ ਕਰਦੀ ਹੈ।
ਤਬਦੀਲੀ ਤੇ ਨਤੀਜਣ ਵਿਕਾਸ ਕੁਦਰਤ ਦਾ ਅਟੱਲ ਨਿਯਮ ਆਂ। ਇਸ ਤਰ੍ਹਾਂ ਸਮਾਜ ਤੇ ਉਸ ਦੀਆਂ ਸੰਚਾਰ ਲੋੜਾਂ ਦਾ ਵੀ ਵਿਕਾਸ ਹੁੰਦਾ ਰਹਿੰਦਾ ਆ। ਬਦਲਦੀਆਂ ਸੰਚਾਰ ਲੋੜਾਂ ਨੂੰ ਪੂਰਨ ਦੇ ਯੋਗ ਰਹਿਣ ਲਈ, ਬੋਲੀ ਦਾ ਵਿਕਾਸ ਹੁੰਦੇ ਰਹਿਣਾ ਵੀ ਜ਼ਰੂਰੀ ਹੁੰਦਾ ਆ। ਪਰ ਪੰਜਾਬੀ ਬੰਦੇ ਦੀ ਜੜ੍ਹਤਾ ਤੇ ਭੂਤਮੁਖੀ ਸੋਚ ਪੰਜਾਬੀ ਬੋਲੀ/ਭਾਸ਼ਾ ਇਸ ਵਿਕਾਸ ਦੇ ਰਾਹ ‘ਤੇ ਇੰਝ ਕੰਡੇ ਵਿਖੇਰਦੀ ਰਹਿੰਦੀ ਆ। ਇੱਕ ਹੋਰ ਮਿਸਾਲ ਵਜੋਂ ਜੇ ਲੋੜ ਪੂਰਨ ਲਈ ਬੰਦਾ ਕਿਸੇ ਹੋਰ ਭਾਸ਼ਾ ‘ਚੋਂ ਸ਼ਬਦ ਲੈ ਲਵੇ, ਤਾਂ ਸਾਡੀ ‘ਜੜ੍ਹਤਾ’ ਦੁਹਾਈ ਪਾਉਣ ਲੱਗ ਪੈਂਦੀ ਆ ਸ਼ੁੱਧਤਾ ਤੇ ਠੇਠਤਾ ਭੰਗ ਹੋਣ ਦੀ। ਸਫ਼ਲ ਬੋਲੀਆਂ ਉਹ ਹੁੰਦੀਆ ਨੇ ਜੋ ਸੰਚਾਰ ਲੋੜਾਂ ਪੂਰਨ ਲਈ ਹੋਰਨਾਂ ਬੋਲੀਆਂ ਦੇ ਸ਼ਬਦ ਅਪਣਾਉਂਣੋਂ ਨਹੀਂ ਝਿਜਕਦੀਆਂ; ਜਿਵੇਂ ਅੰਗਰੇਜ਼ੀ।
ਕੁੱਲ ਮਿਲਾ ਕੇ, ਅਮਰਜੀਤ ਚੰਦਨ ਦੇ ਇਹ ਤਰਕੋਂ ਸੱਖਣੇ ਦਾਅਵੇ ਸਾਨੂੰ ਚੇਤਾ ਕਰਵਾਉਂਦੇ ਨੇ ਕਿ ਭੂਤਮੁੱਖੀ ਸੋਚ ਤੇ ਤਰਕਹੀਣਤਾ ਦਾ ਸੁਮੇਲ ਬਹੁਤ ਖ਼ਤਰਨਾਕ ਸ਼ੈਅ ਦੀ ਰੈਸਿਪੀ ਆ ਜਿਸ ‘ਚੋਂ ਅਕਸਰ ਧਾਰਮਿਕ ਜਾਂ ਰਾਜਨੀਤਕ ਕੱਟੜਵਾਦੀ ਲੀਡਰਾਂ ਦੇ ‘ਫ਼ਤਵੇ’ ਨਿੱਕਲਦੇ ਨੇ। “ਪ੍ਰਗਤੀਵਾਦ ਤੇ ਨਕਸਲੀ ਲਹਿਰ ਨੇ ਪੰਜਾਬੀ ਕਵਿਤਾ ਦਾ ਵੱਡਾ ਨੁਕਸਾਨ ਕੀਤਾ ਹੈ।” ਵਰਗੇ ਬਿਆਨ ਵੀ ਅਸਲੋਂ ‘ਫ਼ਤਵੇ’ ਹੀ ਨੇ। ਗ਼ਦਰ ਕਵਿਤਾ, ਬਾਵਾ ਬਲਬੰਤ, ਪ੍ਰੋ: ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ (‘ਲੂਣਾ’ ਵਰਗੀਆਂ ਰਚਨਾਵਾਂ ਕਰਕੇ) ਵਰਗੇ ਪ੍ਰਗਤੀਸ਼ੀਲ ਕਵੀਆ ਅਤੇ ‘ਨਕਸਲੀ ਲਹਿਰ’ ਲਹਿਰ ਦੇ ਪ੍ਰਭਾਵ ਹੇਠ ਚੱਲੀ ‘ਕ੍ਰਾਤੀਕਾਰੀ ਪੰਜਾਬੀ ਕਵਿਤਾ’ ਲਹਿਰ ਦੇ ਪਾਸ਼ ਤੇ ਸੰਤ ਰਾਮ ਉਦਾਸੀ ਵਰਗੇ ਕਵੀਆਂ ਤੋਂ ਬਗੈਰ ਆਧੁਨਿਕ ਪੰਜਾਬੀ ਕਵਿਤਾ ਕੀ ਰਹਿ ਜਾਂਦੀ ਹੈ? ਜ਼ਿਆਦਾਤਰ ‘ਗ਼ੁਲਾਮ-ਮਾਨਸਿਕਤਾ’ ਦੀ ਕਵਿਤਾ!
ਪੰਜਾਬ ਦੇ ਬਾਕੀ ਲੋਕਾਂ ਵਾਂਗ ਪ੍ਰਗਤੀਸ਼ੀਲ, ਜਾਂ ਖੱਬੀ, ਧਿਰ ਦੇ ਬੰਦੇ ਵੀ ਇਸੇ ਜਾਗੀਰੂ ਜਾਂ ਅਰਧ-ਜਾਗੀਰੂ ਸਮਾਜ ਦੀਆ ਜਾਗੀਰੂ ਕਦਰਾਂ-ਕੀਮਤਾਂ ਵਾਲੇ ਮਾਹੌਲ ਵਿੱਚ ਹੀ ਜੰਮੇ ਪਲੇ ਹੁੰਦੇ ਨੇ ਤੇ ਉਨ੍ਹਾਂ ਨੂੰ ਵੀ ਪੀੜ੍ਹੀ ਦਰ ਪੀੜ੍ਹੀ ਚਲੀ ਆਉਂਦੀ ਜੜ੍ਹਤਾ ਤੇ ਭੂਤ-ਮੁੱਖੀ ਸੋਚ ਦੀ ਗੁੜ੍ਹਤੀ ਵਿਰਸੇ ਵਿੱਚ ਮਿਲੀ ਹੁੰਦੀ ਆ। ਪੰਜਾਬ ਦੀ ਖੱਬੀ ਦੀ ਇਹ ਤ੍ਰਾਸਦੀ ਆ ਕਿ ਕਿਤਾਬਾਂ ਪੜ੍ਹ ਕੇ ਗ੍ਰਹਿਣ ਕੀਤੀ ਕੋਟੇਸ਼ਨਧਾਰੀ ਕਾਮਰੇਡੀ ਸੋਚ ਦੇ ਨਾਲ ਨਾਲ ਜਾਗੀਰੂ ਕਦਰਾਂ-ਕੀਮਤਾਂ, ਜੜ੍ਹਤਾ ਤੇ ਭੂਤ-ਮੁੱਖੀ ਸਮੇਤ, ਬੰਦੇ ਦੀ ਮਾਨਸਿਕਤਾ ਵਿੱਚ ਸਲਾਮਤ ਰਹਿੰਦੀਆਂ ਨੇ, ਥੋੜ੍ਹੀਆਂ ਜਾਂ ਬਹੁਤੀਆਂ, ਜੇ ਸਾਰੇ ਨਹੀਂ ਤਾਂ ਬਹੁਤੇ ਬੰਦਿਆਂ ਵਿੱਚ। ਅਜੇਹੇ ਕਾਮਰੇਡੀ ਸੋਚ ਵਾਲੇ ਕਈਆਂ ਬੰਦਿਆ ਨੂੰ ਜਦੋਂ ਤੁਸੀਂ ਜਾਂ ਹਾਲਾਤ, ਖਰੋਂਚ ਦੇ ਵੇਖਦੇ ਨੇ ਤਾਂ ਉਨਾਂ ਵਿੱਚਲਾ ਭੂਤ-ਮੁੱਖੀ ਸੋਚ ਤੇ ਜਾਗੀਰੂ ਕਦਰਾਂ-ਕੀਮਤਾਂ ਲੈਸ ਬੰਦਾ ਸਹਿਜ ਨਾਲ ਪ੍ਰਗਟ ਹੋ ਜਾਂਦਾ ਆ। ਇੰਝ ਕਈਆਂ ਦੀ ਸੋਚ ਦੀ ਘੋੜੀ ਮੁੜ ਮੁੜ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਆ ਜਾਂਦੀ ਆ, ਤੇ ਹੋਰ ਕਈਆਂ ਦੀ, ਜਿਵੇਂ ਕਿਸੇ ਲਹਿਰ ਤੋਂ ਬਾਅਦ, ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਆ ਸਥਾਈ ਤੌਰ ‘ਤੇ ਰੁਕ ਜਾਂਦੀ ਆ। ਉਦਾਹਰਣ ਵਜੋਂ “ਸਾਬਕਾ ਮਾਰਕਸੀ/ਨਕਸਲੀ ਪਰ ਮੌਜੂਦਾ ‘ਸਿੱਖ ਚਿੰਤਕ’ “। ਮਿਸਾਲਾਂ ਲੱਭਣ ਵਿੱਚ ਕੋਈ ਦੇਰ ਨਹੀਂ ਲੱਗਣੀ; ਪਰ ਨਾਵਾਂ ਵਿੱਚ ਕੀ ਪਿਆ।
? ਇਹਤੋਂ ਵੀ ਬਹੁਤ ਪਹਿਲਾਂ, ਅਮਰਜੀਤ ਚੰਦਨ ਨੇ ਪਾਸ਼ ਬਾਰੇ ਵੀ ਕੁਝ ਇਸ ਤਰਾਂ ਦਾ ਹੀ ਕਿਹਾ ਸੀ ਕਿ ਪਾਸ਼ ਦੀ ਕਵਿਤਾ ਦਾ ਜ਼ਿਕਰ ਘੱਟ ਗਿਆ ਸੀ ਤੇ ਕੁਝ ਸਮੇਂ ਬਾਅਦ ਉਹਨੂੰ ਕਿਸੇ ਨਹੀਂ ਪੁੱਛਣਾ। ਮੈਨੂੰ ਤਾਂ ਲੱਗਦਾ, ਸਮੇਂ ਦੇ ਨਾਲ ਨਾਲ ਘੱਟਣੀ ਕੀ ਆ, ਪਾਸ਼-ਕਾਵਿ ਦੀ ਪ੍ਰਸਿੱਧੀ ਵਧੀ ਹੀ ਹੋਊ! ਤੁਹਾਡਾ ਇਸ ਬਾਰੇ ਕੀ ਵਿਚਾਰ ਆ?
—— ਮੇਰਾ ਜੁਆਬ ਤਾਂ ‘ਚੰਦਨ’ ਵਲੋਂ ਦਿੱਤੇ ਹੋਰ ਫ਼ਤਵਿਆਂ ਦੇ ਹੁੰਘਾਰਿਆਂ ਵਜੋਂ ਪ੍ਰਗਟ ਮੇਰੇ ਪ੍ਰਤੀਕਰਮਾਂ ਜਿਹਾ ਹੀ ਹੋਣਾ ਹੈ; ‘ਚੰਦਨ’ ਦੇ ਪਾਸ਼-ਕਾਵਿ ਬਾਰੇ ਦਿੱਤੇ ਇਸ ਫ਼ਤਵੇ ਦੇ ਪ੍ਰਤੀਕਰਮ ਵਜੋਂ ਮੈਨੂੰ ਸਿਰਜਣਾ ਵਾਲੇ ਡਾ. ਰਘਬੀਰ ਸਿੰਘ ਦਾ ਹਵਾਲਾ ਦੇਣ ਦਿਓ: ‘ਚੇਤਨਾ ਪ੍ਰਕਾਸ਼ਨ’ ਵਲੋਂ ਸਤੰਬਰ 2000 ਨੂੰ ਪ੍ਰਕਾਸ਼ਤ ‘ਸੰਪੂਰਨ ਪਾਸ਼-ਕਾਵਿ’ ਵਿਚ ਇੱਕ ਭੂਮਿਕਾ ਵਜੋਂ ਦਿੱਤੇ ਲੇਖ “ਪਾਸ਼ ਦੀ ਵਿਲੱਖਣਤਾ“ ਵਿੱਚ ਡਾ. ਰਘਬੀਰ ਸਿੰਘ ਲਿਖਦਾ:
“ ਪਤਾ ਨਹੀਂ ਕਿ ਪਾਸ਼ ਦੇ ਰਹਿ ਚੁੱਕੇ ਸਾਹਿਤਕ ਤੇ ਰਾਜਨੀਤਕ ਆੜੀ, ਅਮਰਜੀਤ ਚੰਦਨ ਦੇ ਇਸ ਕਥਨ ਪਿੱਛੇ ਕਿੰਨੀ ਕੁ ਸਾਹਿਤਕ ਸੂਝ ਹੈ ਤੇ ਕਿੰਨੀ ਕੁ ਵਿਹਾਰਕ ਚਤੁਰਾਈ ਕਿ ‘ਪਾਸ਼ ਦੀ ਰਚਨਾ ‘ਚ ਅੱਜ ਉਹ ਰੁਚੀ ਨਜ਼ਰ ਨਹੀਂ ਆ ਰਹੀ ਜੋ ਪੰਜ ਸਾਲ ਪਹਿਲਾਂ ਸੀ’ ਜਾਂ ‘ਵੀਹ ਪੰਚੀ ਪਿਛੋਂ ਉਹ ਗੌਲਿਆਂ ਨਹੀਂ ਜਾਏਗਾ’— ਇਹ ਹਕੀਕਤ ਹੈ ਕਿ ਪਾਸ਼ ਦੀ ਲਿਖਤ ਵਿੱਚ ਪਹਿਲਾਂ ਦੇ ਟਾਕਰੇ ਦਿਲਚਸਪੀ ਸਗੋਂ ਹੋਰ ਵੱਧੀ ਹੈ। ਹਾਂ, ਅਮਰਜੀਤ ਚੰਦਨ ਜਾਂ ਕੋਈ ਵੀ ਹੋਰ, ਜੋ ਵਿਅਕਤੀ ਮਹਿਜ਼ ਨਕਸਲਵਾਦੀ ਲਹਿਰ ਦੇ ਆਸਰੇ ਹੀ ਸਾਹਿਤਕ ਮੰਡਲਾਂ ਵਿੱਚ ਵਿਚਰਦੇ ਰਹੇ, ਉਨਾਂ ਦਾ ਕੋਈ ਵੀ ਜ਼ਿਕਰ ਸ਼ਾਇਦ ਹੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਆਵੇ।”
ਆਪਣੇ ਹੋਰ ਫ਼ਤਵਿਆਂ ਵਾਂਗ ਬਗ਼ੈਰ ਡੈਟਾ ਜਾਂ ਵਿਗਿਆਨਕ ਵਿਧੀ ਵਰਤੋਂ ਦੇ, ਵਿਸ਼ਵਾਸ ਤੇ ਪੱਖਪਾਤ ਦੇ ਆਧਾਰ ‘ਤੇ ਹੀ ਪਾਸ਼-ਕਾਵਿ ਉੱਪਰ ‘ਚੰਦਨ’ ਵਲੋਂ ਦਿੱਤੇ ਗਏ ਫ਼ਤਵੇ ਵਿੱਚਲੀ ਭਵਿੱਖ-ਬਾਣੀ ਨੂੰ ਸਮੇਂ ਨੇ ਸਿਰ ਦੇ ਭਾਰ ਖੜਿਆਂ ਕਰ ਦਿੱਤਾ ਹੈ, ਆਪਾਂ ਸਾਰਿਆਂ ਦੀਆਂ ਅੱਖਾਂ ਸਾਹਮਣੇ; ਸਮੇਂ ਦੇ ਨਾਲ ਨਾਲ ਘੱਟਣੀ ਕੀ ਆ, ਪਾਸ਼-ਕਾਵਿ ਦੀ ਪ੍ਰਸਿੱਧੀ ਵਧੀ ਹੀ ਆ। ਵੀਹ-ਪੰਚੀ ਸਾਲ ਵੀ ਕਦੋਂ ਦੇ ਬੀਤ ਗਏ, ਪਾਸ਼-ਕਾਵਿ ਦੀ ਪ੍ਰਸਿੱਧੀ ਅਜੇ ਵੀ ਵੱਧ ਰਹੀ ਆ ਜਾਂ ਸਿਖਰਾਂ ਛੋਹ ਰਹੀ ਆ, ਇੱਥੋਂ ਤੱਕ ਕਿ ‘ਵੀਹ ਪੰਚੀ ਪਿਛੋਂ ਪਾਸ਼ ਗੌਲਿਆਂ ਨਹੀਂ ਜਾਏਗਾ’ ਦਾ ਫ਼ਤਵਾ ਜਾਰੀ ਕਰਨ ਵਾਲੇ ‘ਚੰਦਨ’ ਨੂੰ ਪਾਸ਼ ਨੂੰ ਗੌਲਣਾ ਪੈ ਰਿਹਾ, ਮਿਸਾਲ ਵਜੋਂ, ਜਦੋਂ ਉਹ 21 ਜੁਲਾਈ 2023 ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਇੱਕ ਲੇਖ ਲਿਖਦਾ, ‘ਪਾਸ਼ ਦੀ ਕਵਿਤਾ’, ਜਿਸਦਾ ਆਖ਼ਰੀ ਵਾਕ ਹੈ: “ਪਾਸ਼ ਆਪਣੀ ਕਾਵਿਕ ਪ੍ਰਤਿਭਾ ਕਰ ਕੇ ਹੀ ਪਾਸ਼ ਹੈ।”
? ’ਏਬੀਪੀ ਸਾਂਝਾ' ਨਾਲ ਇਸੇ ਗੱਲਬਾਤ ‘ਚੰਦਨ’ ਕਹਿਦਾ ਹੈ "ਪੰਜਾਬੀ ਸਾਹਿਤਕਾਰ ਕੁੱਕੜਾਂ ਦੇ ਖੁੱਡੇ 'ਚ ਵੜੇ ਹਨ ਤੇ ਮੈਂ ਇਸ ਖੁੱਡੇ 'ਚੋਂ ਬਾਹਰ ਹਾਂ।” ਤੇ ਤੁਸੀ ਹੋਰ ਪੰਜਾਬੀ ਸਾਹਿਤਕਾਰਾਂ ਵੱਲ ਨੂੰ ਇੱਕੋ ‘ਖ਼ੂਹ ਦੇ ਡੱਡੂ’ ਹੋਣ ਦੀ ਕਹਾਵਤ ਸੁੱਟ ਦਿੱਤੀ; ਫ਼ਰਕ ਕੀ ਹੋਇਆ?
——ਜਿਹੜੇ ਖ਼ੂਹ ਦੀ ਗੱਲ ਮੈਂ ਕਰ ਰਿਹਾਂ, ਉਸ ਭੂਤ ਨਗਰੀ ਦੇ ਖ਼ੂਹ, ਯਾਨਿ ਭੂਤਮੁੱਖੀ ਸੋਚ ਤੇ ਪਹੁੰਚ ਦੇ ਖ਼ੂਹ, ਦਾ ਤਰਕ ਤੇ ਪ੍ਰਸੰਗ ਮੈਂ ਪਹਿਲਾਂ ਹੀ ਦੇ ਚੁੱਕਿਆਂ ਆਂ। ਭਾਵੇਂ ‘ਚੰਦਨ’ ਨੇ ਆਪਣੇ ਵਰਤੇ ਵਾਕਾਂਸ਼ "ਪੰਜਾਬੀ ਸਾਹਿਤਕਾਰ ਕੁੱਕੜਾਂ ਦੇ ਖੁੱਡੇ 'ਚ ਵੜੇ ਹਨ” ਦੀ ਕੋਈ ਵਿਆਖਿਆ ਨਹੀ ਕਰੀ, ਪਰ ਵਰਤੋਂ ਦੇ ਪ੍ਰਸੰਗ ਤੋਂ ਲੱਗਦਾ ਹੈ ਕਿ ਇਹਤੋਂ ਉਹਦਾ ਭਾਵ ਹੈ ਕਿ ਪੰਜਾਬੀ ਸਾਹਿਤਕਾਰ ਪੰਜਾਬੀ ਬੋਲੀ ਠੇਠਤਾ ਤੇ ‘ਪੰਜਾਬੀ ਕੌਮ’ ਦੀ ਗੱਲ ਇੰਨੀ ਹਿੰਮਤ ਨਾਲ ਕਰਦੇ; ਜਾਂ ਮੇਰੀ ਸ਼ਬਦਾਵਲੀ ਵਿੱਚ, ਭੂਤਮੁੱਖੀ ਸੋਚ ਦੀਆ ਬਾਗਾਂ ਇਤਨੀ ਜ਼ੋਰ ਦੀ ਨਹੀਂ ਦਿਦੇ, ਜਾਂ ਭੂਤ ਨਗਰੀ ਦੇ ਖ਼ੂਹ ਵਿੱਚ ਟਰੈਂ ਟਰੈਂ ਦਾ ਖੌਰੂ ਇਤਨੀ ਜ਼ੋਰ ਦੀ ਨਹੀਂ ਪਾਉੱਦੇ ਜਾਂ ਉਸ ਤਰਜ਼ ‘ਤੇ ਨਹੀਂ ਪਾਉਂਦੇ ਜਿੱਦਾਂ ‘ਚੰਦਨ’ ਚਾਹੁੰਦਾ। ਸੋ, ਫ਼ਰਕ ਹੈ ਭੂਤ ਨਗਰੀ ਦੇ ਖ਼ੂਹ ਦੀ ਗਹਿਰਾਈ ਜਿੱਡਾ, ਜਾਂ ਭੂਤ ਤੋਂ ਵਰਤਮਾਨ ਦੇ ਅਤੇ ਵਰਤਮਾਨ ਤੋਂ ਭਵਿੱਖ ਦੇ ਸਫ਼ਰ ਦੇ ਲੰਬਾਈ ਜਿੱਡਾ।
ਇਹ ਸਪਸ਼ਟ ਕਰ ਦਿਆਂ ਕਿ ਇੱਥੇ ਗੱਲ ਵਿਚਾਰਾਂ ਦੀ ਹੋ ਰਹੀ ਆ, ਬੰਦਿਆਂ ਦੀ ਨਹੀਂ।ਵਰਨਾ, ਨਿੱਜੀ ਤੌਰ ‘ਤੇ, ’ਚੰਦਨ’ ਤੇ ਹੋਰ ਸਾਹਿਤਕਾਰ, ਮੇਰੇ ਸਤਿਕਾਰ ਦੇ ਪਾਤਰ ਆ। ਮਿਸਾਲ ਵਜੋਂ, ਮੇਰੇ ਵਿਚਾਰ ਵਿੱਚ, ਉੱਨੀ ਸੌ 70ਵਿਆਂ ਦੇ ਪੰਜਾਬ ਵਿੱਚ ਚੱਲੀ ਲਹਿਰ, ਜਿਹਨੂੰ ਮੈਂ ਪੰਜਾਬ ਦਾ ਮਿੱਨੀ ਰੈਨਾਸਾਂਸ ਕਹਿਨਾਂ, ਨੂੰ ‘ਚੰਦਨ’ ਦੀ ਕਾਫ਼ੀ ਦੇਣ ਸੀ; ਉਹੀ ਲਹਿਰ ਜਿਹਨੂੰ ‘ਚੰਦਨ’ ਬਾਅਦ ਵਿੱਚ ਇੱਕ ਤਰ੍ਹਾਂ ਯੂ-ਟਰਨ ਮਾਰ ਕੇ ਨਿਕਾਰਨ ਲੱਗ ਪੈਂਦਾ।
? ਜੇ ‘ਚੰਦਨ’, ਤੁਹਾਡੇ ਕਹਿਣ ਮੁਤਾਬਕ, ਲਹਿਰ ਵਿੱਚ ਹਿੱਸਾ ਲੈਣ ਤੋਂ ਬਾਅਦ ਯੂ-ਟਰਨ ਮਾਰ ਕੇ ਕਹਿ ਸਕਦਾ ਹੈ, “ਪ੍ਰਗਤੀਵਾਦ ਤੇ ਨਕਸਲੀ ਲਹਿਰ ਨੇ ਪੰਜਾਬੀ ਕਵਿਤਾ ਦਾ ਵੱਡਾ ਨੁਕਸਾਨ ਕੀਤਾ ਹੈ।”, ਤਾਂ ਕੀ ਗਰੰਟੀ ਹੈ ਕਿਸੇ ਦੀ ਵੀ; ਉਦਾਹਰਣ ਦੇ ਤੌਰ ‘ਤੇ ਜੇ ਪਾਸ਼ ਸਾਡੇ ਵਿਚਕਾਰ ਰਹਿੰਦਾ, ਤਾਂ ਕੀ ਗਰੰਟੀ ਹੈ ਤੁਹਾਡੇ ਸ਼ਬਦਾਂ ਵਿੱਚ ਉਹਦੀ ਵੀ “ਸੋਚ ਦੀ ਘੋੜੀ ਮੁੜ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ” ਆ ਕੇ ਨਾ ਰੁਕ ਜਾਂਦੀ?
—— ਬੜ੍ਹਾ ਵਧੀਆ ਸੁਆਲ ਕੀਤਾ, ਤੁਸੀਂ ਸੋਢੀ ਜੀ! ਤੁਸੀਂ ਠੀਕ ਓਂ, ਆਪਾਂ ਜਾਣਦੇ ਈ ਆਂ ਕਿ ਇਨ੍ਹਾਂ ਮਾਮਲਿਆਂ ਵਿੱਚ ਗਰੰਟੀ ਤਾਂ ਕਿਸੇ ਦੀ ਵੀ ਕੋਈ ਨਹੀ; ਬੰਦਿਆ ਦੇ ਵਿਚਾਰ ਬਦਲ ਸਕਦੇ ਆ। ਅਸਲ ਵਿੱਚ, ਆਮ ਤੌਰ ‘ਤੇ ਕਵਿਤਾ ਇੱਕ ਸਫ਼ਰ ਹੈ, ਕਿਉਂਕਿ ਸਮੇਂ ਦੇ ਨਾਲ ਨਾਲ ਕਵੀ ਦੇ ਵਿਚਾਰਾਂ ਤੇ ਕਾਵਿ-ਸ਼ਿਲਪ ਦਾ ਵਿਕਾਸ ਥੋੜਾ ਜਾਂ ਬਾਹਲਾ ਲਗਾਤਾਰ ਹੋਣਾ ਜਾਰੀ ਰਹਿ ਸਕਦਾ; ਪਰ ਗਰੰਟੀ ਕੋਈ ਨਹੀਂ। ਜੇ ਵਿਕਾਸ ਹੋ ਜਾਏ, ਤਾਂ ਮਹੱਤਵਪੂਰਨ ਪ੍ਰਸ਼ਨ ਹੁੰਦਾ ਕਿ ਵਿਕਾਸ ਕਿਸ ਦਿਸ਼ਾ ਵਿੱਚ ਹੋ ਰਿਹਾ? ਮਿਸਾਲ ਵਜੋ, ਭਵਿੱਖਮੁੱਖੀ ਜਾਂ ਭੂਤਮੁੱਖੀ ਦਿਸ਼ਾ ਵਿੱਚ? ਪਰ, ਆਪਾਂ ਇੱਕ ਵਿਗਿਆਨਿਕ ਤਰੀਕਾ, ਜੋ ਆਮ ਵਿਗਿਆਨਕ ਵਿਧੀ ਦਾ ਇੱਕ ਛੋਟਾ ਰਿਹਾ ਰੂਪ ਆ, ਵਰਤ ਸਕਦੇ ਆ ਇਹ ਭਵਿੱਖਬਾਣੀ ਕਰਨ ਲਈ ਪਾਸ਼ ਦੀ ਸੋਚ ਦੀ ਘੋੜੀ ਮੁੜ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਆ ਕੇ ਰੁਕ ਜਾਂਦੀ ਜਾਂ ਨਾ? ਇਸ ਸੋਚ ਪ੍ਰਯੋਗ, ਯਾਣਿ ਥਾਊਟ ਇਕਸਪੈਰੀਮਿੰਟ, ਵਿੱਚ ਆਪਾਂ ਪਾਸ਼ ਦੀ ਕਵਿਤਾ ਨੂੰ ਡੈਟਾ, ਯਾਣਿ ਅੰਕੜੇ, ਸਰੋਤ ਵਜੋਂ ਵਰਤਾਂਗੇ। ਆਮ ਵਿਗਿਆਨਕ ਵਿਧੀ ਦੌਰਾਨ ਡੇਟਾ ਪ੍ਰਯੋਗ ਤੋਂ ਆਉੱਦਾ; ਇਸ ਅਭਿਆਸ ਵਿੱਚ ਪਾਸ਼ ਦੀ ਕਾਵਿ-ਰਚਨ ਪ੍ਰਕ੍ਰਿਆ ਸਾਡਾ ਪ੍ਰਯੋਗ ਆ/ਸੀ।
ਅਜੋਕੇ ਦੇ ਪ੍ਰਸੰਗ ਵਿੱਚ, ਜੇ ਕਵਿਤਾ ਵਿੱਚਲੀ ਸੋਚ ਦਾ ਸਹੀ ਦਿਸ਼ਾ ਵਿੱਚ ਵਿਕਾਸ ਹੁੰਦਾ ਰਹੇ, ਦੂਜੇ ਸ਼ਬਦਾਂ ਵਿੱਚ, ਕਵਿਤਾ ਸਹੀ ਦਿਸ਼ਾ ਵਿੱਚ ਵਿਕਾਸ-ਸਫ਼ਰ ਕਰਦੀ ਰਹੇ, ਤੇ ਕਵੀ ਵਿੱਚ ਆਪਣੀ ਕਵਿਤਾ ਲਈ ਪ੍ਰਤੀਬੱਧਤਾ ਹੋਵੇ, ਤਾਂ ਫਿਰ ਕਵੀ ਦੀ ਸੋਚ-ਘੋੜੀ ਦੀ ਮੁੜ-ਘਿੜ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਆਉਣ ਦੀ ਗੂੰਜਾਇਸ਼ ਬੜ੍ਹੀ ਘੱਟ ਹੁੰਦੀ ਹੈ। ਮਨੁੱਖੀ ਇਤਿਹਾਸ ਦੇ ਭੂਤ ਤੋਂ ਭਵਿੱਖ ਵੱਲ ਨੂੰ ਪ੍ਰਗਤੀਸ਼ੀਲ ਵਿਕਾਸ-ਸਫ਼ਰ ਵਾਲੀ ਦਿਸ਼ਾ ਸਹੀ ਦਿਸ਼ਾ ਹੁੰਦੀ ਹੈ। ਪਾਸ਼ ਉੱਪਰ ਉੱਤਕ ਦੋਵੇਂ ਸ਼ਰਤਾਂ ਢੁੱਕਦੀਆਂ ਸਨ: ਪਾਸ਼ ਦੀ ਕਵਿਤਾ ‘ਚੇ ਸਹੀ ਦਿਸ਼ਾ ਵਿੱਚ ਵਿਕਾਸ-ਸਫ਼ਰ ਹੈ, ਤੇ ਉਹਦੇ ਵਿੱਚ ਆਪਣੀ ਕਵਿਤਾ ਲਈ ਲੋਹੜੇ ਦੀ ਪ੍ਰਤੀਬੱਧਤਾ ਸੀ, ਉਹਦੀ ਖ਼ਾਤਰ ਜੇਲ੍ਹ ਜਾਣ ਤੱਕ, ਹਕੂਮਤ ਵਲੋਂ ਨ੍ਹੇਰੇ-ਸਨ੍ਹੇਰੇ ਖਪਾ ਦੇਣ ਦੇ ਸਿਰ ਉੱਪਰ ਲਗਾਤਾਰ ਮੰਡਰਾਅ ਰਹੇ ਖ਼ਤਰੇ ਸਮੇਤ। ਆਪਣੇ ਪਹਿਲੇ ਕਾਵਿ-ਸੰਗ੍ਰਹਿ, ਲੋਹ ਕਥਾ, ਵਿੱਚ ਹੀ ਪਾਸ਼ ਦੀ ਕਵਿਤਾ ਨੇ ਹੇਮ-ਕੁੰਡ ‘ਤੇ ਬਹਿ ਭਗਤੀ ਕਰਨ [ਕਵਿਤਾ ‘ਅੰਤਿਕਾ’] ਤੋਂ ਲੈ ਕੇ ਉਹਦੇ ਅੱਜ ਦੇ ਸਮਾਜ ਦੇ ਪਿੰਡੇ ‘ਤੇ ‘ਕੰਡਿਆਲੀ ਥੋਹਰ’ (ਸ਼ਿਵ ਦੀ) ਬਣਕੇ ਉੱਗ ਆਈ ਵਾਰਸ ਸ਼ਾਹ ਦੀ ਲਾਸ਼ ਤੱਕਣ [ਕਵਿਤਾ ‘ਖੁੱਲੀ ਚਿੱਠੀ’] ਦਾ ਪ੍ਰਗਤੀਸ਼ੀਲ ਸਫ਼ਰ ਤੈਅ ਕਰ ਲਿਆ ਸੀ।
ਕਵਿਤਾ ‘ਅੰਤਿਕਾ’ ਵਿੱਚਲਾ ‘ਮੈਂ’ ਆਪਣੇ ਆਪ ਨੂੰ ਸਾਧਾਰਨ ਲੋਕਾਂ ਤੋਂ ਉੱਪਰ ਚੁੱਕ ਜਾਗੀਰੂ ਭਾਵਨਾ ‘ਚੋਂ ਉੱਪਜੇ ਪੈਗੰਬਰੀ ਅੰਦਾਜ ਵਿੱਚ ਕਹਿੰਦਾ ਹੈ:
“ਅਸੀਂ ਜੰਮਣਾ ਨਹੀਂ ਸੀ
ਅਸੀਂ ਲੜਨਾ ਨਹੀਂ ਸੀ
ਅਸੀਂ ਤਾਂ ਬਹਿ ਕੇ ਹੇਮਕੰਟ ਦੇ ਉੱਤੇ
ਭਗਤੀ ਕਰਨੀ ਸੀ
ਪਰ ਜਦ ਸਤਲੁਜ ਦੇ ਪਾਣੀ ਵਿੱਚੋਂ ਭਾਫ ਉੱਠੀ…
ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਭ ਰੁਕੀ
ਜਦ ਕੁੜੀਆਂ ਦੇ ਕੋਲ ਜਿਮ ਕਾਰਟਰ ਤੱਕਿਆ।
ਤੇ ਮੁੰਡਿਆਂ ਕੋਲ ਤੱਕਿਆ 'ਜੇਮਜ਼ ਬਾਂਡ'
ਤਾਂ ਮੈਂ ਕਹਿ ਉੱਠਿਆ ਚਲ ਬਈ ਸੰਤ (ਸੰਧੂ)
ਹੇਠਾਂ ਧਰਤੀ 'ਤੇ ਚਲੀਏ
ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ” —-(ਪਾਸ਼:ਅੰਤਿਕਾ)
‘ਅੰਤਿਕਾ’ ਤੋਂ ‘ਖੁੱਲ੍ਹੀ ਚਿੱਠੀ’, ਯਾਨਿ ਭੂਤ ਤੋਂ ਵਰਤਮਾਨ, ਤੱਕ ਦਾ ਸਫ਼ਰ ਪਾਸ਼ ਕਾਵਿ-ਸੰਗ੍ਰਹਿ ਵਿੱਚ ਹੀ ਤਹਿ ਕਰ ਜਾਂਦਾ ਹੈ, ਜਦੋਂ ਕਿ ਬਾਹਲੇ ਪੰਜਾਬੀ ਲੇਖਕ ਇਹ ਸਫ਼ਰ, ਅੱਜ ਇੱਕਵੀਂ ਸਦੀ ‘ਚੇ ਵੀ, ਜਿੰਦਗੀ ਭਰ ਤਹਿ ਨਹੀਂ ਕਰ ਪਾਉਂਦੇ। ਮਿਸਾਲ ਵਜੋਂ:
“ਅੱਜ ਵਾਰਸ ਸ਼ਾਹ ਦੀ ਲਾਸ਼
ਕੰਡਿਆਲੀ ਥੋਹਰ ਬਣ ਕੇ
ਸਮਾਜ ਦੇ ਪਿੰਡੇ ਤੇ ਉੱਗ ਆਈ ਹੈ-
ਉਸ ਨੂੰ ਕਹੋ ਕਿ
ਇਹ ਯੁੱਗ ਵਾਰਸ ਦਾ ਯੁੱਗ ਨਹੀਂ
ਵੀਤਨਾਮ ਦਾ ਯੁੱਗ ਹੈ
ਹਰ ਖੇੜੇ ਵਿਚ ਹੱਕਾਂ ਦੇ ਸੰਗ੍ਰਾਮ ਦਾ ਯੁੱਗ ਹੈ।”—-(ਪਾਸ਼: ਖੁੱਲ੍ਹੀ ਚਿੱਠੀ)
ਮਤਲਬ, ਪਾਸ਼ ਦੇ ਕਾਵਿ-ਸਫ਼ਰ ਦੀ ਸ਼ੁਰੂਆਤ ਹੀ ਜਾਗੀਰੂ ਕਦਰਾਂ-ਕੀਮਤਾਂ ਪਛਾਣ ਕੇ ਉਨਾਂ ਵਿਰੁੱਧ ਲੜਾਈ ਵਿੱਢਣ ਨਾਲ ਸ਼ੁਰੂ ਹੋਈ ਸੀ। ਅਗਾਂਹ ਦੇ ਸਫ਼ਰ ਦੌਰਾਨ ਇਹ ਪਛਾਣ ਹੋਰ ਬਰੀਕ/ਸਪਸ਼ਟ ਤੇ ਇਹ ਲੜਾਈ ਹੋਰ ਪ੍ਰਬਲ/ਤਿੱਖੀ ਹੀ ਹੁੰਦੀ ਗਈ। ਮਿਸਾਲ ਵਜੋਂ ਪਾਸ਼ ਆਪਣੇ ਅਗਲੇ ਕਾਵਿ-ਸੰਗ੍ਰਹਿ ‘ਉਡਦਿਆਂ ਬਾਜ਼ਾਂ ਮਗਰ’ ਵਿੱਚ ਜਾਗੀਰੂ ਜਾਂ ਅਰਧ-ਜਾਗੀਰੂ ਸਾਹਿਤਕ, ਰਾਜਨੀਤਿਕ, ਤੇ ਸੱਭਿਆਚਾਰਿਕ ਕਦਰਾਂ-ਕੀਮਤਾਂ ਦੇ ਬਿੰਬਾਂ ਨੂੰ ਪਛਾਣਦਾ ਹੋਇਆ ਉਨ੍ਹ੍ਹਾਂ ਨੂੰ ਨਿਕਾਰਦਾ ਆ, ਆਪਣੀ ਇੱਕ ਸ਼ਾਹਕਾਰ ਕਵਿਤਾ ‘ਚੇ:
“ਮੇਰੇ ਮੂੰਹ 'ਚ ਤੁੰਨ ਦਿਓ ਯਮਲੇ ਜੱਟ ਦੀ ਤੂੰਬੀ…
ਮੇਰੀ ਹਿੱਕ 'ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਵਲ…
ਮੇਰੇ ਢੂਹੇ 'ਚ ਦੇ ਦਿਓ ਲਾਲਾ ਜਗਤ ਨਰਾਇਣ ਦਾ ਸਿਰ…
ਮੇਰੀ ਪਿੱਠ 'ਤੇ ਲੱਦ ਦਿਓ ਬਾਜਪਾਈ ਦਾ ਬੋਝਲ ਪਿੰਡਾ
ਸਾਂਭੋ ਆਨੰਦ ਬਖਸ਼ੀ, ਤੁਸੀਂ ਜਾਣੋ ਲਕਸ਼ਮੀ ਕਾਂਤ…
ਪਰ ਮੈਂਨੂੰ ਦੇ ਦਿਓ ਕੁਝ ਬੋਲ
ਜਿਨ੍ਹਾਂ ਦਾ ਇਕ ਗੀਤ ਬਣ ਸਕੇ…।” —-(ਪਾਸ਼: ’ਮੈਂਨੂੰ ਚਾਹੀਦੇ ਹਨ ਕੁਝ ਬੋਲ’)
ਇਹਤੋਂ ਵੀ ਅਗਲੇ ਕਾਵਿ-ਸੰਗ੍ਰਹਿ ‘ਸਾਡੇ ਸਮਿਆਂ ਵਿੱਚ’ ‘ਚੇ, ਮਿਸਾਲ ਵਜੋਂ, ਕਵਿਤਾ ‘ਧੁੱਪੇ ਵੀ ਤੇ ਛਾਵੇਂ ਵੀ’ ਵਿੱਚ ਭੂਤ ਨੂੰ ਪ੍ਰਗਤੀਸ਼ੀਲ ਨਜ਼ਰੀਏ ਤੋਂ ਨਜਿੱਠਦਾ ਹੋਇਆ ਪਾਸ਼ ਕਹਿੰਦਾ ਆ:
“ਇਹ ਜ਼ਰਾ ਜਿੰਨੀ ਵਿੱਥ, ਸ਼ਾਇਦ ਉਹ ਅਣਪੜ੍ਹੀਆਂ ਕਿਤਾਬਾਂ ਹਨ
ਜਿਨ੍ਹਾਂ ਵਿਚ ਗਿਆਨ ਦੇ ਜਗਦੇ ਦਰਖ਼ਤ ਹੌਲੀ ਹੌਲੀ ਅੰਨ੍ਹੇ ਹੋ ਰਹੇ ਹਨ।”
ਜਾਂ
“ਇਹ ਜ਼ਰਾ ਜਿੰਨੀ ਵਿੱਥ ਕੋਈ ਬੋਲੀ ਹਨੇਰੀ ਹੈ,
ਉਨ੍ਹਾਂ ਗੀਤਾਂ ਦੇ ਅਣਚੁਗੇ ਅਸਤਾਂ ਤੇ ਵਗਦੀ
ਜਿਨ੍ਹਾਂ ਨੂੰ ਮੈਂ ਪਹਾੜਿਆਂ ਤੇ ਕਾਇਦਿਆਂ ਵਿਚ ਕੱਲਿਆਂ ਛੱਡ ਆਇਆ ਸਾਂ”—-(ਪਾਸ਼: ’ਧੁੱਪੇ ਵੀ ਤੇ ਛਾਵੇਂ ਵੀ’)
ਇਸ ਕਾਵਿ-ਸਫ਼ਰ ਦੇ ਅਖ਼ੀਰ ਵੱਲ ਨੂੰ ਪਾਸ਼ ਦੀ ਲਿਖੀ ਕਵਿਤਾ ‘ਖੂਹ’ ਵਿੱਚ ਅੰਤ ਦੇ ਕਰੀਬ ਪੁਜੇ, ਗੁਜ਼ਰ ਰਹੇ, ਜਾਗੀਰੂ ਯੁੱਗ ਪ੍ਰਤੀ ਭੂਤਮੁੱਖੀ ਪਹੁੰਚ ਦੇ ਐਨ ਉਲਟ ਅਪਣਾਈ ਪ੍ਰਗਤੀਸ਼ੀਲ ਪਹੁੰਚ ਦੀ ਪ੍ਰੋੜਤਾ ਤੇ ਪ੍ਰਪੱਕਤਾ ਸਿਖਰ ‘ਤੇ ਪਹੁੰਚ ਜਾਂਦੀ ਹੈ, ਜਦੋਂ ਪਾਸ਼ ਅਲੋਪ ਹੋ ਰਹੇ ਖੂਹਾਂ ਨੂੰ ਗੁਜ਼ਰ ਰਹੇ ਜਾਗੀਰੂ ਦੇ ਪ੍ਰਤੀਕ ਵਜੋਂ ਵਰਤ ਕੇ ਜਾਗੀਰੂ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉੱਡਾਉਂਦਾ ਹੈ:
“ਖੂਹ ਬੜੇ ਥੋੜ੍ਹੇ ਬਚੇ ਨੇ ਹੁਣ
ਪਰ ਉਹ ਕੱਲਮ-ਕੱਲੇ ਸੁੰਨੇ ਜਹੇ ਜਿਥੇ ਵੀ ਹਨ
ਹਨੇਰੇ ਤੋਂ ਸੁਰੱਖਿਅਤ ਨਹੀਂ
ਜੋ ਪਿਆਸ ਦੇ ਪੱਜ ਉੱਤਰਦਾ ਹੈ ਉਨ੍ਹਾਂ 'ਚ
ਤੇ ਮੌਤ ਭਰ ਦੇਂਦੈ
ਸਭ ਤੋਂ ਭੋਲ਼ੇ-ਭਾਲ਼ੇ ਪੰਛੀਆਂ ਦੇ ਆਂਡਿਆਂ ਵਿੱਚ।”
ਉਹਨੂੰ ਭੂਤ ਕਾਲ ਨਾਲ ਕੋਈ ਰੁਮਾਂਸਵਾਦੀ ਮੋਹ ਨਹੀਂ:
“ਖੂਹ ਤੁਹਾਨੂੰ ਜੋੜਦੇ ਹਨ ਮੋਈਆਂ ਸਦੀਆਂ ਨਾਲ
ਖੂਹ ਤੁਹਾਨੂੰ ਗੂੰਜ ਦੇ ਨਸ਼ੇ 'ਤੇ ਲਾ ਕੇ
ਆਪਣੇ ਜ਼ਖ਼ਮਾਂ ਨੂੰ ਗਾਉਣਾ ਸਿਖਾਉਂਦੇ ਹਨ।”
ਕਿਸੇ ਰੂਪ ਵਿੱਚ, ਕਿਸੇ ਹੱਦ ਤੱਕ, ਭੂਤਮੁੱਖੀ ਸੋਚ/ਪਹੁੰਚ ਤੋਂ ਚੇਤਨ, ਪਾਸ਼ ਪਾਠਕ ਨੂੰ ਇਸ ਤੋਂ ਖ਼ਬਰਦਾਰ ਕਰਦਾ:
“ਵਸਤੂ ਜਾਂ ਮਸ਼ੀਨ ਨਹੀਂ
ਹੁਣ ਮੁਕੰਮਲ ਫ਼ਲਸਫ਼ਾ ਨੇ ਖੂਹ
ਖੂਹ ਤਾਂ ਚਾਹੁੰਦੇ ਹਨ ਉਨ੍ਹਾਂ ਸੰਗ ਜੁੜੀ ਹਰ ਭਿਆਨਕਤਾ
ਤੁਹਾਡੇ ਅੰਦਰ ਪਿਛਲਖੁਰੀ ਗਿੜਦੀ ਰਹੇ।”
ਸੋ, ਜਿਵੇ ਮੈਂ ਪਾਸ਼ ਦੇ ਕਾਵਿ-ਸਫ਼ਰ ‘ਚੋਂ ਚੰਦ ਮਿਸਾਲਾਂ ਦੇ ਕੇ ਦਿਖਾਇਆ ਆ ਕਿ ਕਿੰਝ ਇਸ ਸਫ਼ਰ ਦੇ ਸ਼ੁਰੂ ਵਿੱਚ ਹੀ ਉਹਦੀ ਕਵਿਤਾ ਜਾਗੀਰੂ ਕਦਰਾਂ-ਕੀਮਤਾਂ ਜਾਂ ਬਿੰਬਾਂ ਨੂੰ ਪਛਾਣਦੀ, ਉਨ੍ਹਾਂ ਪ੍ਰਤੀ ਪ੍ਰਗਤੀਸ਼ੀਲ ਪਹੁੰਚ ਅਪਣਾਉਂਦੀ, ਉਨਾਂ ਵਿਰੁੱਧ ਲੜਾਈ ਵਿੱਢ ਦਿੰਦੀ ਆ। ਸ਼ੁਰੂ ਤੋਂ ਚੱਲ ਕੇ ਅਖ਼ੀਰ ਨੂੰ ਵਧਦੀ ਹੋਈ, ਭੂਤਮੁੱਖੀ ਪਹੁੰਚ ਦੀ ਥਾਂ, ਭਵਿੱਖਮੁੱਖੀ/ਪ੍ਰਗਤੀਸ਼ੀਲ ਪਹੁੰਚ ਵਰਤਦੀ ਹੋਈ, ਇਹ ਪਛਾਣ ਹੋਰ ਬਰੀਕ/ਸਪਸ਼ਟ ਤੇ ਇਹ ਲੜਾਈ ਹੋਰ ਪ੍ਰਬਲ/ਤਿੱਖੀ ਹੁੰਦੀ ਜਾਂਦੀ ਹੈ, ਅਤੇ ਅੰਤ ‘ਤੇ ਆਪਣੀ ਚਰਮ-ਸੀਮਾ ‘ਤੇ ਜਾਂਦੀ ਆ, ਦੋਵੇਂ ਪੱਖਾਂ ਤੋਂ: ਸਾਮੱਗਰੀ ਤੇ ਕਲਾ-ਕੌਸ਼ਲਤਾ। ਇਸ ਪਛਾਣ ਦੀ ਬਰੀਕੀ, ਯਾਣਿ ਰਿਜ਼ੋਲੂਸ਼ਨ, ਤੇ ਲੜਾਈ ਦਾ ਤਿੱਖਾਪਨ, ਵਿਚਾਰਧਾਰਿਕ ਸਮਝਦਾਰੀ ਤੇ ਕਲਾ-ਕੌਸ਼ਲਤਾ ਦੇ ਘੇਰੇ ਵਿੱਚ ਰਹਿੰਦਾ ਹੋਇਆ, ਜਿੰਨਾ ਜ਼ਿਆਦਾ, ਉੱਨਾ ਹੀ ਵੱਧ ਪ੍ਰਭਾਵਸ਼ੀਲ ਪਾਠਕਾਂ ਲਈ।
ਇੱਥੇ ਮੈਂ ਪਾਸ਼ ਦੇ ਕਾਵਿ-ਸਫ਼ਰ ‘ਚੋਂ ਚੰਦ ਮਿਸਾਲਾਂ ਹੀ ਪੇਸ਼ ਕੀਤੀ ਆਂ, ਹੋਰ ਵੀ ਪੇਸ਼ ਕਰ ਸਕਦਾਂ; ਪਰ ਭਵਿੱਖ-ਬਾਣੀ ਦੀ ਵਿਗਿਆਨਕ ਵਿਧੀ ਦੇ ਪ੍ਰਦਰਸ਼ਨ ਲਈ, ਇੰਨੀਆ ਮਿਸਾਲਾਂ ਹੀ ਜਿੰਨੀਆਂ ਮੈਂ ਦਿੱਤੀਆਂ ਨੇ, ਕਾਫ਼ੀ ਆ। ਹਰੇਕ ਦਿੱਤੇ ਮਿਸਾਲੀ ਕਾਵਿ-ਟੋਟੇ ਜਾਂ ਸਬੰਧਿਤ ਕਵਿਤਾ ਨੂੰ ਇੱਕ ਡੇਟਾ ਬਿੰਦੂ ਸਮਝੋ। ਹਰ ਡੇਟਾ ਬਿੰਦੂ ਨੂੰ ਨੰਬਰ ਭਾਵ ਸਕੋਰ ਦਿਓ, ਉਹਦੇ ਨਾਲ ਜੁੜ੍ਹਦੇ ਕਾਵਿ-ਟੋਟੇ/ਕਵਿਤਾ ਵਲੋਂ ਜਾਗੀਰੂ ਕਦਰਾਂ-ਕੀਮਤਾਂ ਜਾਂ ਬਿੰਬਾਂ ਦੀ ਕੀਤੀ ਪਛਾਣ ਤੇ ਵਿਰੋਧਤਾ ਦੇ ਆਧਾਰ ‘ਤੇ; ਕਾਵਿ-ਟੋਟੇ ਦੀ ਜਿੰਨੀ ਵੱਧ ਪ੍ਰਭਾਵਸ਼ੀਲਤਾ ਉੱਨੇ ਜ਼ਿਆਦਾ ਨੰਬਰ। ਕਿਉਂਕਿ, ਜਿੱਦਾ ਮੈਂ ਇੱਥੇ ਦਿਖਾਇਆ ਆ, ਮਿਸਾਲਾਂ ਸਹਿਤ, ਕਿ ਪਾਸ਼ ਦੇ ਕਾਵਿ-ਸਫ਼ਰ ਦੌਰਾਨ ਇਹ ਪ੍ਰਭਾਵਸ਼ੀਲਤਾ ਵਧਦੀ ਗਈ ਸਮੇਂ ਦੇ ਵਧਣ ਦੇ ਨਾਲ ਨਾਲ; ਇਸ ਲਈ, ਸਿਫ਼ਰ ਤੋਂ 100 ਨੰਬਰਾਂ ਦੀ ਸਕੇਲ ਉੱਪਰ, ਮਿਸਾਲ ਵਜੋਂ, ਜੇ ‘ਲੋਹ ਕਥਾ’ ਦੇ ਪੈਗਬਰੀ (‘ਅੰਤਿਕਾ’) ਟੋਟੇ ਵਾਲੇ ਡੈਟਾ-ਬਿੰਦੂ ਨੂੰ ਸਿਫ਼ਰ, ‘ਖੁੱਲ੍ਹੀ ਚਿੱਠੀ’ ਵਾਲੇ ਨੂੰ 25,’ ਮੈਂਨੂੰ ਚਾਹੀਦੇ ਹਨ ਕੁਝ ਬੋਲ’ ਵਾਲੇ ਨੂੰ 50, ‘ਧੁੱਪੇ ਵੀ ਤੇ ਛਾਵੇਂ’ ਨੂੰ 60, ਅਤੇ ‘ਖੂਹ’ ਵਾਲੇ ਬਿੰਦੂਆਂ 70, 75, 80; ਤਾਂ ਤੁਸੀਂ ਦੇਖ ਸਕਦੇ ਜੋ ਕਿ ਸਮੇਂ ਦੇ ਨਾਲ ਨਾਲ ਡੇਟਾ ਬਿੰਦੂਆਂ ਦੇ ਨੰਬਰ ਉੱਪਰ ਨੂੰ ਵਧਦੇ ਹੀ ਜਾ ਰਹੇ ਨੇ। ਜੇ ਗ੍ਰਾਫ਼ ਪੇਪਰ ਵਿੱਚ ਇਨ੍ਹਾਂ ਬਿੰਦੂਆਂ ਵਿੱਚਦੀ ਲੰਘਦੀ ਇੱਕ ਸਿੱਧੀ ਰੇਖਾ ਜਾਂ ਕਰਵ ਖਿੱਚ ਦਿੱਤੀ ਜਾਵੇ ਤਾਂ ਉਹਦਾ ਮੂੰਹ ਉਤਾਂਹ ਨੂੰ ਹੋਵੇਗਾ ਕਿਉਂਕਿ ਨੰਬਰਾਂ ਦੀ ਕੀਮਤ ਸੱਜਿਓ ਖੱਬੇ, ਸਮੇਂ ਦੇ ਨਾਲ ਨਾਲ, ਵਧ ਰਹੀ ਹੈ। ਇਸ ਰੇਖਾ ਜਾਂ ਕਰਵ ਨੂੰ ਕੰਪਿਊਟਰ ਵਿਗਿਆਨ ਵਿੱਚ ਰੁਝਾਨ ਰੇਖਾ/ਕਰਵ, ਯਾਣਿ ਟਰੈਂਡ ਲਾਈਨ, ਕਿਹਾ ਜਾਂਦਾ ਆ। ਰੁਝਾਨ ਰੇਖਾ, ਵੱਖ ਵੱਖ ਮਾਡਲ ਵਰਤ ਕੇ, ਭਵਿਖ-ਬਾਣੀ ਕਰਨ ਲਈ ਵਰਤੀ ਜਾਂਦੀ ਆ ਕਿ ਮਿਣੀ ਜਾ ਰਹੀ ਚੀਜ਼, ਜੋ ਇੱਥੇ ਸਾਡੇ ਕੇਸ ਵਿੱਚ ਪ੍ਰਭਾਵਸ਼ੀਲਤਾ ਹੈ, ਦਾ ਮਿਣਤੀ ਨੰਬਰ ਭਵਿੱਖ ਵਿੱਚ ਕੀ ਹੋਵੇਗਾ। ਆਪਣੇ ਕੇਸ ਦੀ ਉੱਤਕ ਰੁਝਾਨ ਰੇਖਾ ਦੇ ਆਧਾਰ ‘ਤੇ, ਕੋਈ ਮਾਡਲ ਵਰਤ ਕੇ, ਕੀਤੀ ਭਵਿਖ-ਬਾਣੀ ਵਿੱਚ ਪ੍ਰਭਾਵਸ਼ੀਲਤਾ ਦਾ ਨੰਬਰ 80 ਨਾਲੋਂ ਜ਼ਿਆਦਾ ਹੀ ਹੋਵੇਗਾ, ਜੇ ਕੇਸ ਦੇ ਹਾਲਾਤ ਨਾ ਬਦਲ ਦਿੱਤੇ ਜਾਣ। ਇਸ ਦਾ ਮਤਲਬ ਹੋਇਆ ਕਿ ਪਾਸ਼ ਦੇ ਕਾਵਿ-ਸਫ਼ਰ ਵਿੱਚ ਉਹਦੀ ਕਵਿਤਾ ਵਲੋਂ ਜਾਗੀਰੂ ਕਦਰਾਂ-ਕੀਮਤਾਂ ਜਾਂ ਬਿੰਬਾਂ ਨੂੰ ਪਛਾਣਨ ਤੇ ਉਨ੍ਹਾਂ ਵਿਰੁੱਧ ਪ੍ਰਗਤੀਵਾਦੀ ਦਿਸ਼ਾ ਵਿੱਚ ਲੜਦੇ ਰਹਿਣ ਦੀ ਪ੍ਰਭਾਵਸ਼ੀਲਤਾ ਵਧਦੀ ਰਹਿਣੀ ਸੀ; ਘੱਟ ਤੋਂ ਘੱਟ, ਘੱਟਣੀ ਨਹੀਂ ਸੀ। ਦੂਜੇ ਸ਼ਬਦਾਂ ਵਿੱਚ, ਆਪਾਂ ਮਹਾਨ ਸੰਭਾਵਨਾ, ਯਾਣਿ ਗਰੇਟ ਲਾਈਕਲੀਹੁੱਡ, ਨਾਲ ਕਹਿ ਸਕਦੇ ਹਾਂ ਕਿ ਪਾਸ਼ ਦੀ ਸੋਚ ਦੀ ਘੋੜੀ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਨਹੀਂ ਜਾਣੀ ਸੀ, ਘੜੀ ਭਰ ਆਰਾਮ ਕਰਨ ਲਈ ਵੀ ਨਹੀਂ! ਇਹ ਹੈ ਸਾਡੀ ਵਿਗਿਆਨ ਵਿਧੀ ਦੀ ਭਵਿੱਖ-ਬਾਣੀ ਇਸ ਕੇਸ ਲਈ।
( ਬਾਕੀ ਅਗਲੇ ਅੰਕ 'ਚ )