( ਪਿਛਲੇ ਅੰਕ ਦੀ ਬਾਕੀ )
?ਕਵਿਤਾ ਵੱਲ ਮੁੜਦੇ ਹੋਏ; ਪੰਜਾਬ 'ਚੇ ਰਹਿੰਦੇ ਕਈ ਲੇਖਕ ਤੇ ਆਲੋਚਕ ਅਕਸਰ ਇਹ ਦੋਸ਼ ਲਾਉਂਦੇ ਰਹਿੰਦੇ ਆ ਕਿ ਪਰਵਾਸੀ ਲੇਖਕ ਡਾਲਰਾਂ ਦੇ ਜ਼ੋਰ ਆਪਣੀਆਂ ਨੀਵੇਂ ਪੱਧਰ ਦੀਆਂ ਲਿਖਤਾਂ ਦੀਆਂ ਕਿਤਾਬਾਂ ਛਪਵਾ ਲੈਂਦੇ ਆ। ਇਹਦੇ ਬਾਰੇ ਤੁਹਾਡਾ ਪ੍ਰਤੀਕਰਮ?
![]() |
ਡਾ. ਸੁਖਪਾਲ ਸੰਘੇੜਾ |
—— ਕੂੜਾ ਕਵਾੜ ਤਾਂ ਪੰਜਾਬ ਵਿਚ ਵੀ ਬਥੇਰਾ ਛਪਦਾ। ਬਾਕੀ, ਕਿਤਾਬ ਦਾ ਛਪਣਾ ਤੇ ਕਿਤਾਬ ਵਿਚਲੀਆਂ ਲਿਖਤਾਂ ਦੀ ਸਾਹਿਤਕ ਪੱਧਰ ਦੋ ਵੱਖੋ ਵੱਖਰੀਆਂ ਗੱਲਾਂ। ਪੰਜਾਬੀ ਵਿੱਚ ਕਿਤਾਬ ਛਪਵਾਉਣ ਲਈ ਹਰ ਕੋਈ ਅਸਰ ਰਸੂਖ ਵਰਤਦਾ। ਪੌਂਡ ਤੇ ਡਾਲਰ (ਕਰੰਸੀ) ਅਸਰ ਰਸੂਖ ਦਾ ਸਿਰਫ ਇਕ ਸਰੋਤ ਆ। ਕਰੰਸੀ ਪੰਜਾਬ ਦੇ ਲੇਖਕ ਵੀ ਛਪਣ ਲਈ ਵਰਤਦੇ ਈ ਆ, ਬਾਹਰਲੇ ਲੇਖਕ ਜ਼ਰਾ ਜ਼ਿਆਦਾ ਵਰਤ ਲੈਂਦੇ ਹੁਣੇ ਆਂ। ਪਰ ਅਸਰ ਰਸੂਖ ਦੇ ਹੋਰ ਬਥੇਰੇ ਸਰੋਤ ਹੈਗੇ ਆ, ਜਿਵੇਂ ਯੁਨੀਵਰਸਟੀਆਂ ਦੀਆਂ ਕੁਰਸੀਆਂ, ਸਾਹਿਤਕ ਸੰਸਥਾਵਾਂ ਵਲੋਂ ਵਰਤਾਏ ਜਾਂਦੇ ਇਨਾਮ ਸਨਮਾਨ, ਸਰਕਾਰੇ ਦਰਬਾਰੇ ਬਹਿਣੀ ਉੱਠਣੀ, ਅਤੇ ਸਥਾਪਤ ਲੇਖਕਾਂ ਤੇ ਅਲੋਚਕਾਂ ਨਾਲ ਯਾਰੀਆਂ ਤੇ ਚਾਅ ਪਲੂਸੀਆਂ; ਇਨ੍ਹਾਂ ਸਰੋਤਾਂ ਦੀ ਪੰਜਾਬ ਬੈਠੇ ਲੇਖਕ ਵੀ ਭਰਪੂਰ ਵਰਤੋਂ ਕਰਦੇ ਆ। ਮੈਂ ਤਾਂ ਚਾਹੁਨਾ ਪਈ ‘ਕਿਤਾਬ ਛਾਪਣੀ’ ਹਰ ਲੇਖਕ ਦੀ ਪਹੁੰਚ ਵਿਚ ਹੋਣੀ ਚਾਹੀਦੀ ਆ। ਜਿਵੇਂ ਮੇਰੀ ਪਿਛਲੀ ਗੱਲਬਾਤ ਦੌਰਾਨ, ਜੋ ਸੰਨ 2000 ਆਲੇ ਦੁਆਲੇ ‘ਨਵਾਂ ਜ਼ਮਾਨਾ’ ਛਪੀ ਜਦੋਂ ਇੰਟਰਨੈੱਟ/ਵੈੱਬ ਅਜੇ ਘਰ ਘਰ ਨਹੀਂ ਸੀ ਪਹੁੰਚੀ, ਮੈਂ ਕਿਹਾ ਸੀ ਕਿ ਵੈੱਬ ਨੇ ਕਿਤਾਬ ਛਾਪਣ ਦਾ ਕੰਮ ਟਾਈਪ ਕਰਨ ਜਿੰਨਾ ਸੌਖਾ ਕਰ ਦੇਣਾ, ਉਹ ਹੁਣ ਹੋ ਚੁਕਿਆ ਹੈ, ਕਈ ਪੱਖਾਂ ਤੋਂ। ਬਾਕੀ ਗੱਲ ਰਹੀ ਸਾਹਿਤਕ ਪੱਧਰ ਦੀ; ਕਿਸੇ ਵੀ ਕਿਤਾਬ ਦਾ ਛਪਣਾ ਉਹਦੇ ਸਾਹਿਤਕ ਪੱਧਰ ਦੀ ਗਰੰਟੀ ਨਹੀਂ ਹੁੰਦਾ। ਉਹਦਾ ਸਾਹਿਤਕ ਪੱਧਰ ਤੇ ਸਾਹਿਤ ਨੂੰ ਉਹਦੀ ਦੇਣ ਸਾਹਿਤ ਦੇ ਪਾਠਕਾਂ ਅਤੇ ਗੰਭੀਰ ਵਿਦਵਾਨਾਂ/ਆਲੋਚਕਾਂ ਵਲੋਂ ਤੈਅ ਕੀਤੀ ਜਾਣੀ ਹੁੰਦਾ ਆ, ਨਾ ਕਿ ਚਾਹ ਦੇ ਕੱਪਾਂ, ਸ਼ਰਾਬ/ਚਿੱਕਨਾਂ, ਇਨਾਮਾਂ/ਸਨਮਾਨਾਂ, ਤੇ ਹੋਰ ਗਰਜ਼ਾ ‘ਤੇ ਵਿਕ ਜਾਣ ਵਾਲੇ ਤਥਾ-ਕਥਿਤ ਆਲੋਚਕਾਂ ਵਲੋਂ। ਐਸਾ ਮੇਰਾ ਵਿਸ਼ਵਾਸ ਹੈ, ਤੇ ਉਮੀਦ ਵੀ।
? ਗੱਲ ਪਰਵਾਸੀ ਲੇਖਕਾਂ ਦੀ ਚੱਲੀ ਹੈ ਤਾਂ ਇਹ ਵੀ ਪੁੱਛ ਵੇਖਾਂ: ਪੰਜਾਬੀ ਸਾਹਿਤ ਵਿੱਚ ‘ਪਰਵਾਸੀ ਲੇਖਕ’ ਤੇ ‘ਪਰਵਾਸੀ ਕਵਿਤਾ’ ਆਦਿ ਸੰਕਲਪਾਂ ਬਾਰੇ ਤੁਹਾਡਾ ਕੀ ਵਿਚਾਰ ਹੈ?
![]() |
ਰਵਿੰਦਰ ਸਿੰਘ ਸੋਢੀ |
——ਮੇਰੀ ਜਾਣਕਾਰੀ ਮੁਤਾਬਕ, ਅੰਗਰੇਜ਼ੀ, ਹਿੰਦੀ, ਜਾਂ ਕਿਸੇ ਵੀ ਭਾਸ਼ਾ-ਸਾਹਿਤ ਦਾ ਇਸ ਤਰ੍ਹਾਂ ਨਹੀਂ, ਜਿਸ ਤਰ੍ਹਾਂ ਇਹ ਵਰਤਿਆ ਜਾਂਦਾ, ਪੰਜਾਬੀ ਸਾਹਿਤ ਵਿੱਚ: ’ਪਰਵਾਸ’ ਬਹੁਤ ਖ਼ਤਰਨਾਕ, ਸ਼ਾਜਿਸ਼ੀ, ਤੇ ਭ੍ਰਿਸ਼ਟ ਸੰਕਲਪ ਆ, ਕਈ ਪੱਖਾਂ ਤੋਂ, ਸੋਢੀ ਜੀ, ਮੇਰੇ ਵਿਚਾਰ ਅਨੁਸਾਰ। ਇਸ ਦੀਆਂ ਜੜ੍ਹਾਂ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ, ਜਾਂ ਹਿੰਦੂ ਫ਼ਲਸਫ਼ੇ, ਦੇ ਉਸ ਹਿੱਸੇ ਤੱਕ ਪਹੁੰਚਦੀਆ, ਜਿਸ ਅਨੁਸਾਰ “ਪਹਿਲਾਂ ਯੁੱਗ ਸੱਤਯੁਗ ਸੀ ਅਤੇ ਤ੍ਰੇਤਾ ਤੇ ਦੁਆਪਰ ਤੋਂ ਬਾਅਦ ਹੁਣ ਦਾ ਯੁੱਗ ਕਲਯੁੱਗ ਹੈ।” ਇਹ ਵਿਸ਼ਵਾਸ ਭੂਤ-ਮੁੱਖੀ ਸੋਚ ਤੇ ਪਹੁੰਚ ਨੂੰ ਜਨਮ ਦਿੰਦਾ, ਜਿਹਦੇ ਧਾਰਨੀ ਅੱਜ ਸਮੱਸਿਆਵਾਂ ਦੇ ਹੱਲ ਭੂਤ ਕਾਲ ਲੱਭਦੇ ਆ। ਜੇ ਸੱਤਯੁੱਗ ਤਾਂ ਪਿੱਛੇ ਰਹਿ ਗਿਆ, ਅੱਜ ਕਲਯੁੱਗ, ਯਾਣਿ ਭੈੜਾ ਯੁੱਗ ਆ; ਤਾਂ ਪਿਛਲ-ਝਾਕ ਤਾਂ ਲੱਗਣੀ ਹੀ ਹੋਈ “ਭਲੇ ਜ਼ਮਾਨਿਆਂ” ਵੱਲ ਨੂੰ। ਮਿਸਾਲ ਦੇ ਤੌਰ ‘ਤੇ, ਸਾਡੇ ਵਿੱਚੋਂ ਵੱਡਾ ਹਿੱਸਾ, ਸਣੇ ਲੇਖਕ, ਪੰਜਾਬੀ ਅੱਜ ਵੀ ਰਣਜੀਤ ਸਿੰਘ ਦੀ ਰਾਜ-ਵਾਪਸੀ ਦੇ ਸੁਪਨੇ ਦੇਖਦੇ ਹਨ; ਵਾਰਿਸਸ਼ਾਹ, ਬਾਬਾ ਨਾਨਕ, ਬੁਲੇ ਸ਼ਾਹ, ਤੇ ਸ਼ਿਵ ਆਦਿ ਨੂੰ ਹਾਕਾਂ ਮਾਰਦੇ ਆ, ਜਾਂ ਉਨ੍ਹਾਂ ਨੂੰ ਹਾਕਾਂ ਉਪਰ ਤਾੜੀਆਂ ਮਾਰਦੇ ਨਹੀਂ ਥੱਕਦੇ। ਮੁੱਕਦੀ ਗੱਲ, ਭੂਤ-ਮੁੱਖੀ ਸੋਚ ਤੇ ਮਾਨਸਿਕਤਾ ਜੜ੍ਹਤਾ, ਯਾਨਿ ਤਬਦੀਲੀ ਦਾ ਵਿਰੋਧ, ਨੂੰ ਜਨਮ ਦਿਂਦੀ ਆ।
‘ਪਰਵਾਸ’ ਸੰਕਲਪ ਦੀ ਮਾਂ, ਪੰਜਾਬ ਤੇ ਭਾਰਤ ਸਰਕਾਰਾਂ ਸਮੇਤ, ਪੰਜਾਬੀ/ਭਾਰਤੀ ਕੌਮ ਦੀ ‘ਜੜ੍ਹਤਾ’ ਹੈ। ਪੰਜਾਬੀ ਯੂਨੀਵਰਸਿਟੀ ਦੇ ‘ਪੰਜਾਬੀ ਸ਼ਬਦ ਕੋਸ਼’ ਅਨੁਸਾਰ ‘ਪਰਵਾਸੀ’ ਦਾ ਅਰਥ ਹੈ, “ਆਪਣਾ ਦੇਸ ਛੱਡ ਦੇ ਵਿਦੇਸ਼ ਵਿੱਚ ਜਾ ਕੇ ਵਸਣ ਵਾਲਾ”, ਯਾਨਿ ਪਰਵਾਸ ਦਾ ਮਤਲਬ ਹੋਇਆ: ‘ਆਪਣਾ ਦੇਸ਼’ ਛੱਡ ਕਿਸੇ ਹੋਰ ਦੇਸ਼ ਜਾ ਵਸਣਾ। ਪਰਵਾਸ ਦੀ ਇਹ ਪ੍ਰਭਾਸ਼ਾ ਅਪਣਾਉਂਣੇ ਹੀ ਭਾਰਤ ਦੇ ਪਰਵਾਸ ਐਕਟ, ਯਾਨਿ The Emigration Act, 1983, ਅਨੁਸਾਰ, “ਪਰਵਾਸੀ ਦਾ ਮਤਲਬ ਹੈ ਭਾਰਤ ਦਾ ਕੋਈ ਨਾਗਰਿਕ ਜੋ ਪਰਵਾਸ ਕਰਨ ਇਰਾਦਾ ਰੱਖਦਾ ਹੈ ਜਾਂ ਪਰਵਾਸ ਕਰਦਾ ਹੈ ਜਾਂ ਪਰਵਾਸ ਕਰ ਚੁੱਕਾ ਹੈ”।
ਪਰਵਾਸ ਤੇ ਪਰਵਾਸੀ ਦੀ ਇਸ ਪ੍ਰਭਾਸ਼ਾ ਦੇ ਨਜ਼ਰੀਏ ਤੋਂ 1) ਬੰਦੇ ਦਾ ਇੱਕ ਹੀ ਦੇਸ਼ ਹੁੰਦਾ ਹੈ, ਬੇ-ਸ਼ੱਕ ਉਹਦਾ ਜਨਮ-ਦੇਸ਼, 2) ਜਦੋਂ ਉਹ ਕਿਸੇ ਵੀ ਹੋਰ ਦੇਸ਼ ਵਿੱਚ ਵਸ ਜਾਵੇ, ਭਾਵੇਂ ਉਸ ਦੇਸ਼ ਦਾ ਨਾਗਰਿਕ ਬਣਕੇ ਹੀ, ਤਾਂ ਉਹ ਪਰਵਾਸੀ ਜਾਂ ਵਿਦੇਸ਼ੀ ਹੋ ਜਾਂਦਾ ਹੈ। ਇਹ ਨਜ਼ਰੀਆ ਹੈ ਸਾਡੇ ਪ੍ਰਤੀ ਪੰਜਾਬ ਜਾਂ ਭਾਰਤ ਦੀ ਸਥਾਪਤੀ ਦਾ। ‘ਜ਼ਿੰਦਗੀ ਭਰ ਇੱਕੋ ਦੇਸ਼ ਤੇ ਬਾਕੀ ਸੱਭ ਵਿਦੇਸ਼’ ਦਾ ਸਿਧਾਂਤ ‘ਜੜ੍ਹਤਾ’ ਸੋਚ ਦੀ ਪੈਦਾਵਾਰ ਆ। ਇਹ ਮੇਲ ਨਹੀਂ ਖਾਂਦਾ ਆਧੁਨਿਕ ਯੁੱਗ ਦੀ ਸਚਾਈ ਨਾਲ, ਜਿਸਨੂੰ ਪੱਛਮ ਬਾਹਲੇ, ਜੇ ਸਾਰੇ ਨਹੀਂ, ਦੇਸ਼ ਪਛਾਣਦੇ ਨੇ ਕਿ ਬੰਦੇ ਦੇ ਇੱਕ ਤੋਂ ਜ਼ਿਆਦਾ ਦੇਸ਼ ਹੋ ਸਕਦੇ ਨੇ। ਮਿਸਾਲ ਵਜੋਂ, ਜਦੋਂ ਬੰਦਾ ਇੱਕ ਦੇਸ਼ ਵਿੱਚ ਪੈਦਾ ਹੋ ਕੇ ਉਮਰ ਦੇ ਕਿਸੇ ਵੀ ਪੜਾਅ ‘ਤੇ ਕਿਸੇ ਦੂਜੇ ਦੇਸ਼ ਵਿੱਚ ਆਣ ਵਸੇ ਤੇ ਉਹਦੀ ਨਾਗਰਿਕਤਾ ਗ੍ਰਹਿਣ ਕਰ ਲਵੇ ਤਾਂ ਇਹ ਦੂਜਾ ਦੇਸ਼ ਵੀ ਬੰਦੇ ਦਾ ਦੇਸ਼ ਬਣ ਜਾਂਦਾ ਹੈ, ‘ਜਨਮ-ਦੇਸ਼’ ਉੱਪਰ ਕਾਂਟਾ ਮਾਰੇ ਬਗ਼ੈਰ ਹੀ; ਦੂਜੇ ਜਾਂ ਨਵੇਂ ਨੂੰ ਆਪਣੀ ਮਰਜ਼ੀ ਜਾਂ ਚੋਣ ਦਾ ਦੇਸ਼, ਯਾਣਿ ਕਨਟ੍ਰੀ ਆਫ ਚੌਆਇਸ, ਵੀ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਦੇਸ਼ ਨੂੰ ਜਨਮ ਦੇਸ਼ ਜਾਂ ਮੁੱਢਲਾ ਦੇਸ਼ ਕਿਹਾ ਜਾਂਦਾ ਹੈ। ਇੱਕ ਪਿੱਛੇ ਰਹਿ ਗਿਆ ਜਨਮ-ਦੇਸ਼ ਤੇ ਦੂਜਾ ਹੁਣ ਦਾ ਦੇਸ਼: ਪ੍ਰਦੇਸ਼ ਕੋਈ ਨਹੀਂ। ਮਿਸਾਲ ਵਜੋਂ ਜੇ ਤੁਸੀਂ ਕਿਸੇ ਪੱਛਮੀ ਦੇਸ਼, ਅਮਰੀਕਾ, ਕੈਨੇਡਾ, ਇੰਗਲੈਂਡ, ਆਦਿ ਦੇ ਨਾਗਰਿਕ ਹੋ, ਅਤੇ ਕਿਸੇ ਹੋਰ ਦੇਸ਼ ਮੂਵ ਹੋ ਕੇ ਉਹਦੀ ਨਾਗਰਿਕਤਾ ਲੈ ਲਵੋ, ਤਾਂ ਪਹਿਲਾਂ ਦੇਸ਼ ਤੁਹਾਡੀ ਨਾਗਰਿਕਤਾ ਕੈਂਸਲ ਨਹੀਂ ਕਰ ਦਿੰਦਾ। ਪਰ ਜੇ ਤੁਸੀਂ ਭਾਰਤੀ ਨਾਗਰਿਕ ਹੋ, ਤੇ ਕਿਸੇ ਹੋਰ ਦੇਸ਼ ਮੂਵ ਕਰ ਜਾਓ ਤਾਂ ਭਾਰਤੀ ਨਿਜ਼ਾਮ ਲਈ ਪਰਵਾਸੀ ਹੋ ਜਾਂਦੇ ਓਂ, ਅਤੇ ਜੇ ਤੁਸੀਂ ਉਸ ‘ਹੋਰ ਦੇਸ਼’ ਦੇ ਨਾਗਰਿਕ ਬਣ ਜਾਓ ਤਾਂ “ਜ਼ਿੰਦਗੀ ਭਰ ਇੱਕੋ ਦੇਸ਼ ਤੇ ਬਾਕੀ ਸੱਭ ਵਿਦੇਸ਼” ਦਾ ਆਪਣਾ ਸਿਧਾਂਤ ਲਾਗੂ ਕਰਦਾ ਭਾਰਤੀ ਨਿਜ਼ਾਮ ਤੁਹਾਡੀ ਭਾਰਤੀ ਨਾਗਰਿਕਤਾ ਉੱਪਰ ਕਾਂਟਾ ਮਾਰ ਦਿੰਦਾ, ਭਾਵੇੰ ਤੁਸੀੰ ਭਾਰਤ ਜੰਮੇ ਹੋਵੋਂ। ਭਾਰਤ ਦਾ ਸੰਵਿਧਾਨ ਆਗਿਆ ਨਹੀਂ ਦਿੰਦਾ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਦੇ ਨਾਲ ਨਾਲ ਭਾਰਤ ਦੀ ਨਾਗਰਿਕਤਾ ਕਾਇਮ ਰੱਖਣ ਦੀ। ਇੱਥੋਂ ਤੱਕ ਕਿ ਪਾਕਿਸਤਾਨ ਤੇ ਤਿੱਬਤ ਵੀ ਆਪਣੇ ਨਾਗਰਿਕਾਂ ਨਾਲ ਅਜੇਹਾ ਸਲੂਕ ਨਹੀਂ ਕਰਦੇ।
ਪਹਿਲਾਂ ਨੁਕਤਾ, ਅਸੀਂ ਭਾਰਤੀ ਨਾਗਰਿਕ ਹੁੰਦੇ ਹੋਏ ਕਿਸੇ ਹੋਰ ਦੇਸ਼ ਮੂਵ ਕਰ ਜਾਂਦੇ ਹਾਂ ਉੱਥੇ ਰਹਿਣ ਲਈ, ਭਾਰਤੀ ਨਿਜ਼ਾਮ ਲਈ ਅਸੀਂ ਪਰਵਾਸੀ ਹੋ ਜਾਂਦੇ। ਚਲੋ, ਮੰਨ ਲਿਆ। ਪਰ, ਭਾਰਤ ਤੋਂ ਬਾਹਰ ਪੱਛਮੀ ਦੇਸ਼ਾਂ ਰਹਿਣ ਵਾਲੇ ਬਹੁਤੇ ਪੰਜਾਬੀਆ ਨੇ ਉਨ੍ਹਾਂ ਦੇਸ਼ਾ ਦੀ ਨਾਗਰਿਕਤਾ ਲੈ ਰੱਖੀ ਹੈ, ਜਿਨ੍ਹਾਂ ਵਿੱਚ ਉਹ ਰਹਿੰਦੇ ਨੇ। ਨਤੀਜਣ ਭਾਰਤੀ ਨਿਜ਼ਾਮ ਨੇ ਉਨ੍ਹਾ ਦੀ ਉਨਾਂ ਭਾਰਤੀ ਨਾਗਰਿਕਤਾ ਭੰਗ ਕੀਤੀ ਹੋਈ ਹੈ। ਜੇ ਅਸੀ ਭਾਰਤੀ ਨਾਗਰਿਕ ਹੀ ਨਹੇ ਰਹੇ, ਤਾਂ ‘ਪਰਵਾਸੀ’ ਦੀ ਉੱਤਕ ਪ੍ਰਭਾਸ਼ਾ ਅਨੁਸਾਰ ਕੋਈ ਸਾਨੂੰ ਪਰਵਾਸੀ ਨਹੀਂ ਆਖ ਸਕਦਾ, ਕਿਉਕਿ ਇਹ ਪ੍ਰਭਾਸ਼ਾ ਭਾਰਤੀ ਨਾਗਰਿਕ ‘ਤੇ ਲਾਗੂ ਹੁੰਦੀ ਆ। ਪਰ ਅਸੀਂ, ਜੜ੍ਹਤਾ ਦਾ ਸ਼ਿਕਾਰ ਬੰਦੇ, ਆਪਣੇ ਨਵੇਂ ਦੇਸ਼ ਦੀ ਨਾਗਰਿਕਤਾ ਲੈ ਕੇ ਉਹਨੂੰ ਵਿਦੇਸ਼ ਸਮਝਦੇ ਹੋਏ ਉਹਦੇ ਵਿੱਚ ਪਰਵਾਸੀ ਜਾਂ ਵਿਦੇਸ਼ੀ ਬਣੇ ਰਹਿੰਦੇ ਆ, ਉਮਰ ਭਰ ਲਈ; ਖ਼ੁਦ ਨੂੰ ਆਪੂੰ ਦਿੱਤੀ ਜਲਾਵਤਨੀ ਦੀ ਉਮਰ-ਸਜ਼ਾ ਆਪਣੇ ਵਤਨ ਵਿੱਚ ਭੋਗ ਰਹੇ।
ਦੂਜਾ ਨੁਕਤਾ, ਭਾਰਤ ਵਿੱਚ ਪਰਵਾਸਵਾਦ ਕੁਝ ਜ਼ਿਆਦਾ ਹੀ ਭਾਰੂ ਹੈ। ਮਿਸਾਲ ਵਜੋਂ, ਜਦ ਬਿਹਾਰ, ਯੂ.ਪੀ. ਜਾਂ ਹੋਰ ਕਿਸੇ ਵੀ ਸੂਬੇ ਤੋਂ ਮਜ਼ਦੂਰ ਪੰਜਾਬ ਆ ਜਾਣ ਮਜ਼ਦੂਰੀ ਕਰਨ, ਤਾਂ ਉਹ ਵੀ ਪਰਵਾਸੀ ਮਜ਼ਦੂਰ ਕਹਿਲਾਉਂਦੇ ਆ, ਭਾਰਤੀ ਨਾਗਰਿਕ ਹੋਣ ਦੇ ਬਾਵਜੂਦ ਵੀ, ਭਾਰਤ ਦੇਸ਼ ਵੀ। ਇਸ ਤੱਥ ਦੀ ਲੋਏ, ਮੇਰਾ ਪੰਜਾਬ ਵਿੱਚ ਵਸਦੇ ਪੰਜਾਬੀ ਲੇਖਕਾਂ, ਆਲੋਚਕਾਂ, ਤੇ ਪੰਜਾਬੀ ਸਾਹਿਤ ਦੀ ਸਥਾਪਤੀ ਨੂੰ ਇੱਕ ਸੁਆਲ ਆ ਕੀ ਉਹ ਸਾਨੂੰ ਪਰਵਾਸੀ ਲੇਖਕ ਆਖਣ ਤੋਂ ਪਹਿਲਾਂ, ਪੰਜਾਬ ਤੋੰ ਬਾਹਰ ਪਰ ਭਾਰਤ ਦੇ ਅੰਦਰ ਵਸੇ ਪੰਜਾਬੀ ਲੇਖਕਾਂ/ਆਲੋਚਕਾਂ ਨੂੰ ਪਰਵਾਸੀ ਲੇਖਕ/ਆਲੋਚਕ ਆਖਣਗੇ?
ਭਾਰਤ ਵਿੱਚ ਰਹਿੰਦਿਆਂ ਤੇ ਭਾਰਤ ਛੱਡਣ ਤੋਂ ਬਾਅਦ ਵੀ, ਮੈਂ ਪੰਜਾਬੀ ਸਾਹਿਤ ਦੇ ਪ੍ਰਸ਼ਾਸਨੀ ਪ੍ਰਬੰਧ ਤੇ ਸਥਾਪਤੀ ਵਿੱਚ ਕਦੇ ਦਿਲਚਸਪੀ ਨਹੀਂ ਲਈ, ਕਿਉਕਿ ਜੋ ਪੜ੍ਹਦਾ ਸੁਣਦਾ ਰਿਹਾ ਹਾਂ, ਜੋ ਬਚਪਨ ਜਾਂ ਬਚਪਨੀ ਜਵਾਨੀ ਵਿੱਚ ਭਾਰਤ ਵਿੱਚ ਰਹਿੰਦਿਆਂ ਹੰਢਾਇਆ ਵੀ, ਉਸ ਅਨੁਸਾਰ, ਇਹ (ਯਾਨਿ ਪੰਜਾਬੀ ਸਾਹਿਤ ਦੇ ਪ੍ਰਸ਼ਾਸਨੀ ਪ੍ਰਬੰਧ ਤੇ ਸਥਾਪਤੀ) ਵੀ ਸਮੁੱਚੇ ਭਾਰਤੀ ਪ੍ਰਬੰਧ ਵਾਂਗ ਨੇਤਿਕ ਤੇ ਮਾਇਕ ਭ੍ਰਿਸ਼ਟਾਚਾਰ ਨਾਲ ਛਿਲਕੇ ਤੋਂ ਗਿਰੀ (core) ਤੱਕ ਗਲਿਆਂ ਸੜ੍ਹਿਆਂ ਹੋਇਆ ਸੀ/ਹੈ। ਇਸ ਸੰਦਰਭ ਵਿੱਚ ਇਹ ਵੀ ਪ੍ਰਮਾਣਿਕ ਸੱਚਾਈ ਆ ਕਿ ਪਰਵਾਸਵਾਦ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਫੈਲੇ ਹੋਏ ਸਾਹਿਤਿਕ ਤੇ ਮਾਇਕ ਭ੍ਰਿਸ਼ਟਾਚਾਰ ਹੀ ਇੱਕ ਹੋਰ ਚੈਨਲ ਆ। ਪੰਜਾਬ ਸਣੇ ਭਾਰਤ ਵਿੱਚ ਵਸਦੀ ਪੰਜਾਬੀ ਸਾਹਿਤ ਦੀ ਸਥਾਪਤੀ ਲਈ ਪਰਵਾਸਵਾਦ ਬੂਹਾ ਖੋਹਲਦਾ ਹੈ ਭਾਰਤ ਤੋੰ ਬਾਹਰ ਵਸਦੇ ਪੰਜਾਬੀ ਲੇਖਕਾਂ ਤੇ ਪਾਠਕਾਂ ਦੀ ਦੁਨੀਆਂ ਵੱਲ ਨੂੰ, ਤਾਂ ਕਿ ਸਥਾਪਤੀ ਉਨ੍ਹਾ ਦਾ ਸ਼ੋਸ਼ਨ ਕਰ ਸਕੇ। ਇੰਝ ਸਥਾਪਤੀ ਦੀ ਸਿਰਜੀ ਇਸ ‘ਪਰਵਾਸੀ ਪੰਜਾਬੀ ਸਾਹਿਤ’ ਦੀ ਦੁਨੀਆ ਵਿੱਚ ਲੇਖਕ, ਯਾਨਿ ਪਰਵਾਸੀ ਲੇਖਕ, ਪੰਜਾਬੀ ਸਾਹਿਤ ਦੇ ਦੂਸਰੇ ਦਰਜੇ ਦੇ ਸ਼ਹਿਰੀ, ਯਾਨਿ ਸੈਂਕੰਡ ਕਲਾਸ ਸਿਟੀਜ਼ਨ, ਨੇ: ਭਾਵ ਡੰਮ-ਡਾਊਨ ਲੇਖਕ, ਸਥਾਪਤੀ ਦੀ ਨਜ਼ਰ ਵਿੱਚ। ਸਥਾਪਤੀ ਵਲੋਂ ‘ਪਰਵਾਸੀ ਪੰਜਾਬੀ ਸਾਹਿਤ’ ਦੀ ਦੁਨੀਆਂ ਵਿੱਚ ਸਾਹਿਤ ਦੇ ਨਾਂ ‘ਤੇ ਚਾਅ-ਪਲੂਸੀਆਂ ਕਰਨੀਆਂ ਕਰਵਾਉਂਣੀਆਂ ਸ਼ੁਰੂ ਹੋ ਜਾਂਦੀਆਂ ਨੇ; ਪਰਵਾਸੀ ਲੇਖਕਾਂ, ਯਾਣਿ ਡੰਮ-ਡਾਊਨ ਲੇਖਕਾਂ, ਵੱਲ ਨੂੰ ਉਨ੍ਹਾਂ ਸਪੈਸ਼ਲ ਬਣਾਏ ਪਰਵਾਸੀ ਇਨਾਮ/ਸਨਮਾਨ ਸੁੱਟੇ ਜਾਂਦੇ ਆ, ਭਾਰਤ ਵਿੱਚ ਵਸਦੇ ਪੰਜਾਬੀ ਸਾਹਿਤ ਦੇ ‘ਪਹਿਲੇ ਦਰਜੇ ਦੇ ਸ਼ਹਿਰੀ’ ਲੇਖਕਾਂ ਦੇ ਇਨਾਮ/ਸਨਮਾਨ ਸਿਲਸਿਲੇ ਵਿੱਚ ਵਿਗਨ ਪਾਏ ਬਿਨ੍ਹਾਂ; ਪੰਜਾਬ/ਭਾਰਤ ਤੋਂ ਨਿੱਕਲਦੇ ਪੰਜਾਬੀ ਸਾਹਿਤਕ ਰਸਾਲਿਆਂ ਵਲੋਂ ਵਿਸ਼ੇਸ਼ ਪਰਵਾਸੀ ਸਾਹਤਿਕ ਅੰਕ ਕੱਢੇ ਜਾਂਦੇ ਨੇ, ਯਾਨਿ ‘ਡੰਮ-ਡਾਊਨ ਸਾਹਿਤ’ ਬਾਰੇ ਅੰਕ, ਜਿਨ੍ਹਾਂ ਵਿੱਚ ਸ਼ਾਮਲ ਕਰਨ ਲਈ ਲੇਖਕਾਂ ਦੀ ਚੋਣ ਅਕਸਰ ਗਰਜ਼ਾਂ ਤੇ ਅੰਤਰ ਚਾਅ-ਪਲੂਸੀਆਂ, ਨਾ ਕਿ ਸਾਹਿਤਕ ਗੁਣਵੱਤਾ, ਦੇ ਆਧਾਰ ‘ਤੇ ਕੀਤੀ ਜਾਂਦੀ ਆ; ਸਥਾਪਤੀ ਵਲੋਂ ਨਿਰੋਲ ਪਰਵਾਸੀ ਪਰਚੇ ਵੀ ਕੱਢੇ ਜਾਂਦੇ ਨੇ, ਜਿਨ੍ਹਾਂ ਵਿੱਚ ਵੀ ਲੇਖਕਾਂ ਅਕਸਰ ਆਪਸੀ ਗਰਜ਼ਾਂ, ਨਾ ਕਿ ਸਾਹਿਤਕ ਗੁਣਵੱਤਾ, ਦੇ ਆਧਾਰ ‘ਤੇ ਸ਼ਾਮਲ ਕੀਤੇ ਜਾਂਦੇ ਨੇ; ਇਨ੍ਹਾਂ ਪਰਚਿਆਂ ਵਿੱਚ, ਘੱਟੋ ਘੱਟ ਇੱਕ ਵਾਰ ਮੈਂ ਦੇਖਿਆ ਹੈ, ਸਾਹਿਤ ਦੀ ‘’ਡੰਮ-ਡਾਊਨ ਤਾ” ਇੰਨੀ ਡਿਗ ਪੈਦੀ ਹੈ ਕਿ ਕਰੀਬ ਸਾਰਾ ਅੰਕ ਹੀ ‘ਪਰਵਾਸੀ ਲੇਖਕਾਂ’ ਦੀਆਂ bio’s ਦੇ ਨਾਲ ਭਰ ਦਿੱਤਾ ਜਾਂਦਾ; ਅਤੇ “ਵਿਦੇਸੀ ਜਾਂ ਪਰਵਾਸੀ ਪੰਜਾਬ” ਦੇ ਦੌਰੇ ਨਿੱਕਲੇ, ਪੰਜਾਬ/ਭਾਰਤ ਤੋਂ ਪੰਜਾਬੀ ਲੇਖਕ/ਆਲੋਚਕ, ‘ਪਰਵਾਸੀ ਲੇਖਕਾਂ’ ਨੂੰ ਮੱਤਾਂ ਦੇਣ ਲੱਗ ਪੈਂਦੇ ਨੇ ਕਿ ਉਹ ਕੀ ਬਣ/ਕਰ ਸਕਦੇ ਆ, ਕੀ ਨਹੀਂ। ਮਿਸਾਲ ਵਜੋਂ, ਪਿੱਛੇ ਜਿਹੇ ਇੱਕ ਸਾਹਿਤਕ ਇੱਕਤਰਤਾ ਵਿੱਚ ਭਾਰਤ ਤੋਂ ਆਇਆ ਪੰਜਾਬੀ ਲੇਖਕ/ਆਲੋਚਕ ਸਾਨੂੰ ਦੱਸ ਰਿਹਾ ਸੀ ਕਿ ਅਸੀਂ, ਯਾਣਿ ਪਰਵਾਸੀ ਪੰਜਾਬੀ ਲੇਖਕ, ਪੰਜਾਬੀ ਕਵੀ ਜਾਂ ਕਹਾਣੀਕਾਰ ਤਾਂ ਬਣ ਸਕਦੇ ਆ, ਪਰ ਪੰਜਾਬੀ ਚਿੰਤਕ ਬਣਨ ਦੇ ਯੋਗ ਨਹੀਂ ਆ। ਕੁੱਲ ਮਿਲਾ ਕੇ, ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਦਾ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਪ੍ਰਤੀ ਵਤੀਰਾ ਇੱਦਾਂ ਦਾ, ਜਿਵੇਂ ਉਹ ਬਸਤੀਵਾਦੀ ਸ਼ਕਤੀ ਹੋਣ, ਤੇ ਅਸੀਂ ਭਾਰਤ ਤੋਂ ਬਾਹਰਲੇ ਦੇਸ਼ਾ ਵਿੱਚ ਰਹਿਣ ਵਾਲੇ ਪੰਜਾਬੀ ਲੇਖਕ ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਬਸਤੀਆਂ, ਯਾਣਿ ਕਲੋਨੀਆਂ, ਹੋਈਏ। ਸੋ, ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਲਈ ਪਰਵਾਸਵਾਦ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਉੱਪਰ ਪਾਈ ਹੋਈ ਕਾਠੀ ਆ, ਜਿਹਨੂੰ ਸਾਡੇ ਵਿੱਚੋਂ ਬਹੁਤੇ, ਭੂਤਮੁੱਖੀ ਸੋਚ ਦੇ ਅਸਰ ਅਧੀਨ, ਸਵੀਕਾਰ ਕਰ ਲੈਨੇ ਆਂ।
? ਇਹਦਾ ਮਤਲਬ ਹੋਇਆ ਕਿ ਤੁਸੀਂ ਆਪਣੇ ਨੂੰ ‘ਪਰਵਾਸੀ ਲੇਖਕ’ ਜਾਂ ‘ਪਰਵਾਸੀ ਕਵੀ’ ਨਹੀ ਸਮਝਦੇ?
——ਜਿਸ ਤਰ੍ਹਾਂ ਪੰਜਾਬੀ ਸਾਹਿਤ ਤੇ ਭਾਈਚਾਰੇ ਵਿੱਚ ਵਰਤਿਆਂ ਜਾਂਦਾ ਹੈ, ਬਿੱਲਕੁਲ ਨਹੀਂ, ਸੋਢੀ ਜੀ! ਸਾਹਿਤਕ ਪਰਵਾਸਵਾਦ ਸਾਹਿਤ ਦੇ ਨਾਂ ‘ਤੇ ਚੱਲ ਰਿਹਾ ਧੰਦਾ ਹੈ, ਚੰਗਾ ਹੈ ਜਾਂ ਮੰਦਾ ਹੈ। ਮਿਸਾਲ ਵਜੋਂ, ਕਵਿਤਾ ਕਵਿਤਾ ਹੀ ਹੁੰਦੀ ਹੈ, ਵਾਸੀ ਕਵਿਤਾ ਤੇ ਪਰਵਾਸੀ ਕਵਿਤਾ ਨਹੀਂ ਹੁੰਦੀ। ਟਰਮ ‘ਪਰਵਾਸੀ ਕਵਿਤਾ’ ਕਵਿਤਾ ਨੂੰ ਕੱਢੀ ਕੋਈ ਭੱਦੀ ਗਾਲ੍ਹ ਜਿਹੀ ਲੱਗਦੀ ਆ, ਮਾਫ਼ ਕਰਨਾ, ਮੇਰੇ ਵਿਚਾਰ ਅਨੁਸਾਰ ਘੱਟੋ ਘੱਟ ਕਵੀ ਲਈ:
ਦੇਸ਼ ਪ੍ਰਦੇਸ਼ ਕੁਝ ਨਹੀਂਓਂ ਹੁੰਦਾ
ਨਾ ਵਾਸੀ ਪ੍ਰਵਾਸੀ।
ਬੰਦੇ ਮਨ ਲਕੀਰਾਂ ਖਿੱਚੀਆਂ
ਕੁਦਰਤ ਫ਼ਰਕ ਨਾ ਕਾਸੀ।
ਬ੍ਰਹਿਮੰਡ ਅੱਖ ਵਜ਼ੂਦ-ਏ-ਧਰਤੀ
ਬਿੰਦੀ ਤੋਂ ਵੀ ਛੋਟਾ,
ਕਿੰਨਾ ਛੋਟਾ ਮਨ ਜੋ ਸੋਚੇ
ਵਾਸੀ ਤੇ ਪ੍ਰਵਾਸੀ।
? ਜਿਹਨੂੰ ਤੁਸੀਂ ‘ਪਰਵਾਸਵਾਦ’ ਕਹਿੰਦੇ ਓਂ, ਜੇ ਇੰਨਾ ਈ ਭੈੜਾ ਤੇ ਬੋਗਸ ਆ, ਤਾਂ ਫਿਰ ਇਸ ਦਾ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਏਨਾਂ ਬੋਲਬਾਲਾ ਕਿਓਂ, ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਅੰਦਰ ਹੀ ਨਹੀਂ, ਸਗੋਂ ਬਾਹਰਲੇ ਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕਾਂ ਦਰਮਿਆਨ ਵੀ?
——ਇੱਕ ਹੋਰ ਢੰਗ ਹੈ ਇਸ ਸਤਿਥੀ ਨੂੰ ਦੇਖਣ ਦਾ; ਮਾਨੋ ’ਪਰਵਾਸਵਾਦ’ ਪੰਜਾਬ/ਭਾਰਤ ਵਿੱਚ ਵਸਦੇ ਪੰਜਾਬੀ ਲੇਖਕਾਂ, ਆਲੋਚਕਾਂ, ਤੇ ਪੰਜਾਬੀ ਸਾਹਿਤ ਦੀ ਸਥਾਪਤੀ ਵਲੋਂ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਉੱਪਰ ਸੁੱਟਿਆਂ ‘ਸਰਾਪ’ ਹੈ: ‘ਪਰਵਾਸੀ ਲੇਖਕ’, ‘ਪਰਵਾਸੀ ਕਵੀ’, ਤੇ ‘ਪਰਵਾਸੀ ਕਵਿਤਾ’ ਆਦਿ ਨਾਵਾਂ ਦੇ ਰੂਪਾਂ ਵਿੱਚ। ਇਹ ‘ਸਰਾਪ’ ਸਜ਼ਾ ਹੈ ਜੋ ਸਾਨੂੰ ਸੁਣਾਈ ਗਈ ਹੈ ਅਹਿੱਲ ਸਿਸਟਮ ਵਲੋਂ, ਜੜ੍ਹਤਾ ਦੇ ਖ਼ਿਲਾਫ ਚੱਲਣ ਦੀ, ਯਾਨਿ ਮੂਵ ਹੋਣ, ਦੇ ਦੋਸ਼ ਵਜੋਂ। ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ‘ਸੁਣਾਈ ਸਜ਼ਾ’ ਨੂੰ ਸਵੀਕਾਰ ਕਰ ਹੰਢਾਈਏ, ਜਾਂ ਆਪਣੇ ਚੁਣੇ ਹੋਏ ਦੇਸ਼ਾਂ ਵਿੱਚ ਤੇ ਧਰਤੀ ਉਤੇ ਵਾਸੀ ਬਣਕੇ ਰਹੀਏ, ਭਾਵੇਂ ਕਿਸੇ ਵੀ ਭਾਸ਼ਾ ਵਿੱਚ ਸਾਹਿਤ ਰਚਨਾ ਕਰੀਏ। ਦਿੱਕਤ ਜਾਂ ਬਿੱਜ ਇਹ ਪੈਂਦੀ ਆ ਕਿ ਇਨ੍ਹਾਂ ਦੇਸ਼ਾ ਵਿੱਚ ਆਈ ਪਹਿਲੀ ਪੀੜ੍ਹੀ ਦੇ ਪੰਜਾਬੀਆਂ ਦਾ, ਮਸਲਨ ਸਾਡਾ, ਜਨਮ ਤੇ ਪਾਲਣ-ਪੋਸਣ ਜਿੰਨਾ ਕੁ ਉੱਧਰ ਹੋਇਆ, ਪੰਜਾਬ ਦੇ ਭੂਤਮੁੱਖੀ ਸਮਾਜ ਵਿੱਚ ਹੋਇਆ, ਤੇ ਅਸੀਂ ਆਉਂਦੇ ਹੋਏ ਸੁਭਾਵਿਕ ਹੀ ਭੂਤਮੁੱਖੀ ਸੋਚ, ਖ਼ਾਬ, ਤੇ ਪਹੁੰਚ ਆਪਣੇ ਨਾਲ ਲੈ ਆਏ। ਇਹੀ ਭੇਤ ਆ ਕਿ ਕਿਵੇਂ ਅਸੀਂ, ਜਾਂ ਸਾਡੇ ਵਿੱਚੋਂ ਬਾਹਲੇ, ਪੰਜਾਬ/ਭਾਰਤ ਵਸਦੀ ਪੰਜਾਬੀ ਸਾਹਿਤ ਸਥਾਪਤੀ ਵਲੋਂ ਸੁੱਟੇ ਗਏ ‘ਪਰਵਾਸਵਾਦ’ ਦੇ ਇਸ ਜਾਲ ਵਿੱਚ ਸਹਿਜੇ ਹੀ ਫ਼ਸ ਜਾਂਦੇ ਆ।
? ਚਲੋ, ਜੇ ਤੁਹਾਡਾ ‘ਪਰਵਾਸਵਾਦ’ ਬਾਰੇ ਨਜ਼ਰੀਆ ਮੰਨ ਵੀ ਲਈਏ, ਫਿਰ ਵੀ ਸੱਚ ਹੈ ਕਿ ਅਸੀੰ, ਬਾਹਰਲੇ ਦੇਸ਼ਾ ਵਿੱਚ ਰਹਿਦੇ ਪੰਜਾਬੀ ਲੇਖਕ, ਪੰਜਾਬ ਵਿੱਚ ਤਾਂ ਹੁਣ ਰਹਿੰਦੇ ਨਹੀਂ। ਸਾਡੀ ਪਛਾਣ ਕੀ ਆ? ਇਸ ਵਿੱਚ ਕੁਛ ਤਾਂ ਵੱਖਰਾ ਹੋਊ ਪੰਜਾਬ ਵਸਦੇ ਪੰਜਾਬੀ ਲੇਖਕਾਂ ਨਾਲੋਂ।
——ਵਧੀਆ ਨੁਕਤਾ! ਸਾਡੀਆਂ, ਯਾਨਿ ਬਾਹਰ ਵਸਦੇ ਪੰਜਾਬੀ ਲੇਖਕਾਂ ਦੀਆਂ, ਅਤੇ ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ ਦੀਆ ਪਛਾਣਾਂ ਵਿਚਵਾਰ ਸਾਂਝ ਵੀ ਹੈ ਤੇ ਵਖਰੇਵਾਂ ਵੀ। ਸਾਂਝ ਇਹ ਹੈ ਅਸੀਂ, ਦੋਵੇਂ ਧਿਰਾਂ, ਇੱਕੋ ਭਾਸ਼ਾ (ਪੰਜਾਬੀ) ਦੇ ਲੇਖਕ ਆਂ, ਇੱਕੋ ਦੇਸ਼ (ਭਾਰਤ) ਦੇ ਜੰਮਪਲ ਆ, ਇੱਕੋ ਇਤਿਹਾਸਕ ਵਿਰਸੇ ਦੇ ਵਾਰਿਸ ਹਾਂ, ਅਤੇ ਇੱਕੋ ਧਰਤੀ ਦੇ ਵਾਸੀ ਹਾਂ। ਵਖਰੇਵਾਂ ਇਹ ਹੈ ਕਿ ਅਸੀਂ ਉਮਰ ਦੇ ਇੱਕ ਪੜਾਅ ‘ਤੇ ਭਾਰਤ ਤੋਂ ਮੂਵ ਹੋ ਕੇ ਕਿਸੇ ਪੱਛਮੀ ਦੇਸ਼ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਸੁਆਲ ਇਹ ਆ ਕਿ ਇਸ ਵੱਖਰੇਵੇਂ ਨੂੰ ਕੀ ਨਾਮ ਦਿੱਤਾ ਜਾਏ।
ਇੱਧਰ ਅਧਿਆਪਕ ਹੋਣ ਨਾਤੇ, ਮੈਂ ਦੱਸ ਦਿਆਂ ਕਿ ਬਾਹਰਲੇ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੂੰ ਇਧਰਲੀਆਂ ਯੂਨੀਵਰਸਿਟੀਆਂ ਕੀ ਕਹਿੰਦੀਆਂ ਨੇ: ਅੰਤਰਰਾਸ਼ਟਰੀ ਵਿਦਿਆਰਥੀ। ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਨੂੰ ਜੇ ਅੰਤਰਰਾਸ਼ਟਰੀ ਪੰਜਾਬੀ ਲੇਖਕ ਕਹਿ ਲਿਆ ਜਾਵੇ ਤਾਂ ਅਰਥ-ਭਰਪੂਰ ਹੋਏਗਾ, ‘ਪਰਵਾਸੀ ਪੰਜਾਬੀ ਲੇਖਕ’ ਟਰਮ ਦੀ ਨਿਆਰਥਕਤਾ ਸਾਹਵੇਂ। ਲੇਖਕ ਦੇ ਮੌਜੂਦਾ ਦੇਸ਼ ‘ਤੇ ਆਧਾਰਿਤ ਵੱਖਰੇਂਵਾਂ, ਜਿਵੇਂ ਅਮਰੀਕੀ ਪਂਜਾਬੀ ਕਵੀ, ਕੈਨੇਡੀਅਨ ਪੰਜਾਬੀ ਕਵੀ ਆਦਿ ਵੀ ‘ਪਰਵਾਸੀ ਪੰਜਾਬੀ ਕਵੀ’ ਟਰਮ ਦੀ ਨਾਨ ਸੈਂਸ ਨਾਲੋਂ ਕਿਤੇ ਚੰਗਾ ਆ; ਅੰਤਰਰਾਸ਼ਟਰੀ ਸੱਭ ਤੋਂ ਚੰਗਾ। ਕਿਓਂਕਿ ਸਾਡਾ ‘ਪਰਵਾਸਵਾਦ’ ਦਾ ਮੁੱਦਾ ਆਪਣੇ ਪਿਛਲੇ ਦੇਸ਼, ਜਾਂ ਇਹਦੇ ਲੇਖਕਾਂ ਨਾਲ ਹੈ, ‘ਪਰਵਾਸਵਾਦ’ ਸਿੱਕੇ ਦਾ ਦੂਜਾ ਪਾਸਾ ਹੈ: ਬਸਤੀਵਾਦ, ਜਿਸਦਾ ਜ਼ਿਕਰ ਹੀ ਮੈਂ ਕਰ ਚੁੱਕਾਂ ਕਿ ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਨੇ, ਜਿਵੇਂ ਅਸੀਂ ਉਨਾਂ ਦੀਆਂ ਬਸਤੀਆਂ ਹੋਈਏ। ‘ਪਰਵਾਸਵਾਦ’ ਰੱਦ ਕਰਦੇ ਹੋਏ, ਅਪਣਾਉਣਾ ਚਾਹੀਦਾ ਹੈ ਅੰਤਰਰਾਸ਼ਟਰੀਵਾਦ, ਜਿਹਦਾ ਹਿੱਸਾ ਹੈ: ਵਿਸ਼ਵੀਕਰਨ, ਜਿਹਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆ, ਕਿਉਕਿ ਇਹ ਹੋ ਰਿਹਾ ਆ।
? ਸੁਆਲ ਪੈਦਾ ਹੁੰਦਾ ਹੈ ਕਿ ਸਾਡੀ ਪਛਾਣ ਵਿੱਚ ਵਖਰੇਵਾਂ ਸਰਾਪ ਹੈ ਜਾਂ ਵਰਦਾਨ?
——ਮੇਰੇ ਵਿਚਾਰ ਅਨੁਸਾਰ, ਸੋਢੀ ਜੀ, ਇਹ ਸਾਡੇ ‘ਤੇ ਨਿਰਭਰ ਕਰਦਾ ਹੈ। ਜੇ ਅਸੀਂ, ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੇਖਕ ਇਸ ਰਹਿਣੇ ਸੰਗ ਭੂਤਮੁੱਖੀ ਸੋਚ ਤੇ ਪਹੁੰਚ ਨਾਲ ਨਿਪਟੀਏ, ਤਾਂ ਪੰਜਾਬੀ ਸਾਹਿਤ ਦੀ ਸਥਾਪਤੀ ਵਲੋਂ ਸਾਡੇ ਉੱਪਰ ਸੁੱਟੇ ‘ਪਰਵਾਸਵਾਦ’ ਦੇ ‘ਸਰਾਪ’ ਦਾ ਸ਼ਿਕਾਰ ਹੁੰਦੇ ਰਵ੍ਹਾਂਗੇ, ਸਾਡੇ ਵਿੱਚੋਂ ਭਾਰੀ-ਗਿਣਤੀ, ਜੇ ਕਰੀਬ ਸਾਰੇ ਨਹੀਂ, ‘ਪਰਵਾਸਵਾਦ’ ਦਾ ਸ਼ਿਕਾਰ ਆਂ। ਲੇਕਿਨ, ਇਹ ‘ਸਰਾਪ’ ਹੋਣੀ ਅਟੱਲ ਨਹੀਂ। ਇਸ ਨੂੰ ਅਸੀਂ ਬਦਲ ਸਕਦੇ ਆਂ ‘ਵਰਦਾਨ’ ਹੋਣੀ ਵਿੱਚ। ਕਿੱਦਾਂ? ਭੂਤਮੁੱਖੀ ਦੀ ਥਾਂ ਭਵਿੱਖਮੁੱਖੀ ਸੋਚ ਤੇ ਪਹੁੰਚ ਅਪਣਾ ਕੇ, ਜਿਸ ਦੇ ਅਨੁਸਾਰ ਅਸੀਂ ਆਪਣੀ ਸੋਚ ਨੂੰ ਪਿਛਲ-ਝਾਤ ਦੇ ਕੀਲ੍ਹੇ ਨਾਲ ਨਾ ਬੰਨਦੇ ਹੋਏ, ਅੱਜ ਦੇ ਮੁੱਦਿਆਂ ਤੇ ਮਸਲਿਆਂ ਦੇ ਹੱਲ ਭੂਤ ‘ਚੋਂ ਤਲਾਸ਼ਣ ਦੀ ਬਜਾਇ, ਮੁੱਦਿਆਂ ਤੇ ਮਸਲਿਆਂ ਨੂੰ ਉਨ੍ਹਾਂ ਦੇ ਮੌਜੂਦਾ ਲੋਕਲ ਹਾਲਾਤਾਂ ਵਿੱਚ ਰੱਖ ਕੇ, ਉੱਚਿੱਤ ਵਿਸ਼ਵ ਪ੍ਰਸੰਗ ਵਿੱਚ, ਵਿਗਿਆਨਕ ਸੋਚ ਦੀ ਲੋਏ, ਉਨ੍ਹਾਂ ਦੇ ਹੱਲ ਖੋਜਾਂਗੇ। ਇੰਝ ਇਹ ਭਵਿੱਖਮੁੱਖੀ ਸੋਚ ਤੇ ਪਹੁੰਚ ਸਾਨੂੰ ਬਿੱਲਕੁੱਲ ਨਵਾਂ, ਜਾਣਿ ਬਰੈਂਡ ਨਿਊ, ਤੇ ਅਲਿਹਦਾ ਹਵਾਲਾ-ਫਰੇਮ ਮੁਹੱਈਆ ਕਰਦੀ ਹੈ। ਇਹ ਹਵਾਲਾ-ਫਰੇਮ ਹੀ ਵਰਦਾਨ ਹੈ, ਭਵਿੱਖਮੁੱਖੀ ਸੋਚ ਦਾ ਸਾਡੇ ਲਈ, ਇਸ ਹਾਲਾਤ ਵਿੱਚ, ਜਿਸ ਨੂੰ ਵਿਸ਼ਵ ਹਵਾਲਾ-ਫਰੇਮ ਕਹਿ ਸਕਦੇ ਆ।
? ਵਿਸ਼ਵ ਹਵਾਲਾ-ਫਰੇਮ ਵਰਦਾਨ ਹੈ; ਉਹ ਕਿਵੇਂ?
——ਪਹਿਲਾਂ ਪੁੱਛੀਏ ਕਿ ਹਵਾਲਾ-ਫਰੇਮ ਅਸਲ ਕੀ ਆ। ਭਵਿੱਖਮੁੱਖੀ ਸੋਚ ਤੇ ਪਹੁੰਚ ਸਾਨੂੰ ‘ਪਰਵਾਸਵਾਦ’ ਦੇ ‘ਸਰਾਪ’ ਤੋਂ ਮੁਕਤ ਕਰਵਾ ਦਿੰਦੀ ਆ; ਅਸੀਂ ਪਰਵਾਸੀ ਹੋਣ ਦੇ ਕੱਫ਼ਣ ‘ਚੋਂ ਨਿੱਕਲ ਕੇ ਆਪਣੇ ਇੱਧਰਲੇ ਆਪਣੇ ਨਵੇਂ ਦੇਸ਼/ਸਮਾਜ ਦੇ ਵਾਸੀ ਬਣ ਅੱਜ ਵਿੱਚ ਜੀਣ ਲੱਗ ਪੈਂਦੇ ਆਂ। ਆਪਣੇ ਹੀ ਸਿਰਫ ਪੰਜਾਬੀ/ਭਾਰਤੀ ਭਾਈਚਾਰੇ ਤੱਕ ਹੀ ਸੀਮਿਤ ਨਾ ਰਹਿ ਕੇ, ਘੇਰਾ ਵਿਸ਼ਾਲ ਕਰਦੇ ਹੋਏ, ਇਸ ਸਮਾਜ/ਦੇਸ਼ ਦੇ ਸਮਾਜਿਕ ਤੇ ਰਾਜਨੀਨਿਕ ਜੀਵਨ ਵਿੱਚ ਦਿਲਚਸਪੀ, ਸੰਭਾਵਿਤ ਹਿੱਸਾ, ਲੈਣ ਲੱਗ ਜਾਂਦੇ ਆਂ; ਇਸ ਦੇਸ਼ ਤੇ ਧਰਤੀ ਤੇ ਇਸ ਖ਼ਿੱਤੇ ਦੇ ਇਤਿਹਾਸ ਬਾਰੇ ਜਾਗਰੂਕ ਹੋਣ ਲੱਗਦੇ ਆਂ, ਇਤਿਆਦਿ। ਇੰਝ ਚੱਲਦੇ ਅੱਜ ਦੇ ਤੇ ਅੱਜ ਤੱਕ ਦੇ ਜੀਵਨ ਤਜਰਬੇ ਤੋਂ ਉੱਸਰਣ ਲੱਗਦਾ ਹੈ, ਇਹ ਨਵਾਂ ਤੇ ਅਲਿਹਦਾ ਹਵਾਲਾ-ਫਰੇਮ। ਚਲੋ, ਇਹਨੂੰ ਵਿਸ਼ਵ ਹਵਾਲਾ-ਫਰੇਮ ਕਹਿ ਲੈਂਦੇਂ ਆਂ, ਕਿਉਂਕਿ ਇਹ ਮੁਕਾਬਲਤਨ ਵਿਸ਼ਵ ਹਵਾਲਾ-ਫਰੇਮ ਦੇ ਨੇੜੇ ਆ, ਤੇ ਆਪਣੀਆਂ ਕੋਸ਼ਿਸ਼ਾਂ ਨਾਲ ਜਿੰਨਾ ਨੇੜੇ ਚਾਹੁੰਦੇ ਆਂ, ਕਰ ਸਕਦੇ ਆਂ।
? ਪਰ ਇਸ ਹਵਾਲਾ-ਫਰੇਮ ਦਾ ਪੰਜਾਬੀ ਸਾਹਿਤ ਨਾਲ ਵਾਸਤਾ?
——ਇੱਥੇ ਆਪਾਂ ਇੱਕ ਸਮਾਨਤਾ, ਯਾਣਿ ਆਨਾਲੋਜੀ (analogy), ਵਰਤ ਸਕਦੇ ਆਂ। ਜੇ ਕੋਈ ਭਾਰ ਉੱਪਰ ਨੂੰ ਚੁੱਕਣਾ ਮੁਸ਼ਕਲ ਜਾਂ ਅਸੰਭਵ ਹੋਵੇ, ਤਾਂ ਇਸ ਸਮੱਸਿਆ ਦਾ ਇੱਕ ਵਿਗਿਆਨਕ ਹੱਲ ਹੈ। ਇੱਕ ਲੰਬੀ ਲੱਠ ਲਓ ਤੇ ਇੱਕ ਸਹਾਰਾ ਜੋ ਲੱਠ ਨੂੰ ਪਕੜ ਰੱਖੇ ਪਰ ਇਹਨੂੰ ਉੱਪਰ ਥੱਲੇ ਪੂਰੀ ਆਜ਼ਾਦੀ ਨਾਲ ਜਾਣ ਦੇਵੇ। ਲੱਠ ਨੂੰ ਸਹਾਰੇ ਉੱਪਰ ਇਸ ਕਦਰ ਰੋਖੋ ਕਿ ਲੱਠ ਦਾ ਇੱਕ ਸਿਰਾ ਸਹਾਰੇ ਦੇ ਬਹੁਤ ਨੇੜੇ ਹੋਵੇ; ਇਸ ਸਿਰੇ ਨਾਲ ਭਾਰ ਬੰਨ ਦਿਓ; ਸਹਾਰੇ ਤੋਂ ਦੂਰ ਦਾ ਸਿਰਾ ਆਪਣੇ ਹੀ ਉਤਾਂਹ ਚੁੱਕਿਆ ਜਾਵੇਗਾ। ਹੁਣ, ਤੁਸੀਂ ਦੂਰ ਦੇ ਸਿਰੇ ਉੱਪਰ ਥੱਲੇ ਨੂੰ ਦਬਾਅ ਪਾ ਕੇ, ਨੇੜੇ ਦੇ ਸਿਰੇ ਨਾਲ ਬੰਨੇ ਭਾਰ ਨੂੰ, ਮੁਕਾਬਲਤਨ ਬੜੀ ਆਸਾਨੀ ਨਾਲ, ਉਤਾਂਹ ਉਠਾ ਸਕਦੇ ਹੋ। ਲੱਠ ਤੇ ਸਹਾਰੇ ਦੇ ਇਸ ਢਾਂਚੇ ਨੂੰ ਲੀਵਰ ਕਿਹਾ ਜਾਂਦਾ ਆ। ਲੀਵਰ ਦੇ ਇਸ ਗੁਣ ਉੱਪਰ ਜ਼ੋਰ ਦੇਣ ਲਈ ਪ੍ਰਸਿੱਧ ਵਿਗਿਆਨੀ ਆਰਕੀਮੀਡੀਜ਼ ਨੇ ਕਿਹਾ ਸੀ ਕਿ ਮੈਨੂੰ ਇੱਕ ਕਾਫ਼ੀ ਲੰਬਾ ਲੀਵਰ (ਤੇ ਸਪੇਸ ਵਿੱਚ ਪੈਰ ਧਰਨ ਲਈ ਜਗਹ) ਦਿਓ, ਮੈਂ ਸੰਸਾਰ ਨੂੰ ਹਿਲਾ ਦਿਆਂਗਾ।
ਇਸ ਸਮਾਨਤਾ ਵਿੱਚ, ਵਿਸ਼ਵ ਹਵਾਲਾ-ਫਰੇਮ ਸਾਡਾ ਲੀਵਰ ਆ, ਹਵਾਲਾ-ਫਰੇਮ ਵਿੱਚ ਸਾਡੇ ਮੌਜੂਦਾ ਦੇਸ਼ ਤੇ ਖਿੱਤੇ ਬਾਰੇ ਸਾਡੇ ਗਿਆਨ ਤੇ ਤਜਰਬੇ ਦੀ ਮਾਤਰਾ ਇਸ ਲੀਵਰ ਦੀ ਲੰਬਾਈ ਆ। ਜੇ ਇਸ ਲੀਵਰ ਕਾਫੀ ਲੰਬਾ ਹੈ, ਤਾਂ ਅਸੀਂ ਆਪਣੇ ਮੌਜੂਦਾ ਦੇਸ਼ਾ ਵਿੱਚ ਪੈਰ ਧਰ ਕੇ ਇਸ ਲੀਵਰ ਨਾਲ ਪੰਜਾਬ/ਭਾਰਤ ਦੇ ਪੰਜਾਬੀ ਸਾਹਿੱਤ ਦੇ ਸਾਰੇ ਸੰਸਾਰ/ਧਰਤੀ ਨੂੰ ਹਿਲਾ ਸਕਦੇ ਆਂ।
? ਪਰ, ਤੁਹਾਡਾ ਕੀ ਮੱਤਲਬ? ਜੋ ਤੁਸੀਂ ਕਹਿ ਰਹੇ ਓ, ਉਹ ਅਮਲ ਜਾਂ ਹਕੀਕਤ ਕਿਵੇਂ ਢਾਲਿਆ ਜਾ ਸਕਦਾ, ਮਸਲਨ?
——ਮਿਸਾਲ ਵਜੋਂ, ਮੰਨੋ ਕੋਈ ਪੰਜਾਬ ਵਿੱਚ ਰਹਿ ਰਿਹਾ; ਉੱਥੇ ਵਾਪਰਦੀਆਂ ਘਟਨਾਵਾਂ ਜਾਂ ਸਮੱਸਿਆਵਾਂ ਨੂੰ, ਉਨ੍ਹਾਂ ਘਟਨਾਵਾਂ ਜਾਂ ਸਮੱਸਿਆਵਾਂ ਦੇ ਸਥਾਨਿਕ ਵਿੱਚ ਹਾਲਾਤਾਂ ਵਿੱਚ ਹੀ ਰੱਖ ਕੇ ਦੇਖ, ਜਾਂ ਇਨ੍ਹਾਂ ਦਾ ਵਿਸ਼ਲੇਸ਼ਣ ਕਰ, ਰਿਹਾ; ਪੰਜਾਬ ਸਣੇ ਭਾਰਤ ਦੇ ਇਤਿਹਾਸ ਦੇ ਪ੍ਰਸੰਗ ਵਿੱਚ ਹੀ, ਜਿੱਦਾਂ ਪੰਜਾਬ/ਭਾਰਤ ਵਿੱਚ ਬੈਠੇ ਬਹੁਤ ਲੇਖਕ ਆਮ ਤੌਰ ‘ਤੇ ਕਰਦੇ ਈ ਆ। ਇਹੋ ਜਿਹੀ ਦ੍ਰਿਸ਼ਟੀ ਬੜੀ ਤੰਗ ਹੁੰਦੀ ਆ, ਤੇ ਇਹੋ ਜਿਹੇ ਵਿਸ਼ਲੇਸ਼ਣ ਦੇ ਸਿੱਟੇ ਅਕਸਰ ਨੁਕਸਦਾਰ ਹੁੰਦੇ ਨੇ, ਅੱਜ ਦੀ ਦੁਨੀਆਂ ਵਿੱਚ। ਇਨ੍ਹਾਂ ਸਿੱਟਿਆਂ ਦਾ ਗੁੜ ਭਾਵੇਂ ਵਾਰਿਸਸ਼ਾਹ ਦੇ ਮਗਰ ਲੱਗ ਕੇ ਜੱਗ ਤੋਂ ਲੁਕਾ ਲੁਕਾ ਲੱਖ ਖਾਂਦੇ ਰਹੀਏ, ਅਜੇਹਾ ਗੁੜ ਜ਼ਹਿਰੀਲਾ ਹੁੰਦਾ ਆ ਕੌਮ ਦੀ ਸਿਹਤ ਲਈ। ਅਜਿਹਾ ਗੁੜ੍ਹ ਖਾ ਖਾ ਆਪਣੀਆਂ ਇਤਿਹਾਸਕ ਹਾਰਾਂ ਕੌਮ ਨੂੰ ਇਤਿਹਾਸਕ ਜਿੱਤਾਂ ਦਿਸਣ ਲੱਗ ਜਾਂਦੀਆਂ ਨੇ; ਰਾਂਝੇ ਤੇ ਮਹੀਂਵਾਲ ਲੂਜ਼ਰ (ਹਾਰਧਾਰੀ) ਬੰਦੇ, ਜੋ ਇੱਕ ਰਿਸ਼ਤਾ ਵੀ ਮੇਨੇਜ ਕਰਨ ਵਿੱਚ ਫ਼ੇਲ ਹੋ ਗਏ, ਰੱਬ ਲੱਗਣ ਲੱਗਦੇ ਨੇ; ਆਪਣੇ ਹੰਕਾਰ ਹੱਥੋਂ ਮਰਿਆ ਮਿਰਜ਼ਾਂ ਕੌਮ ਦੀ ਅਣਖ ਦਾ ਚਿੰਨ ਦਿਸਣ ਲੱਗਦਾ ਆ; ‘ਇਸ਼ਕ’ ਜਿਹੀਆਂ ਮਾਨਸਿਕ ਬੀਮਾਰੀਆਂ ਦੇ ਬੀਮਾਰ ਰੱਬ ਬਣਨ ਲੱਗਦੇ ਆ, ਅਤੇ ਭਵਿਖ ਵੱਲ ਪਿੱਠ ਕਰੀ ਭੂਤਮੁੱਖੀ ਸੋਚ ਤੇ ਪਹੁੰਚ ਅਪਣਾਈ ਅਸੀਂ ਅੱਜ ਦੇ ਸੁਆਲਾਂ ਦੇ ਅਤੀਤ ਵਿੱਚੋਂ ਜੁਆਬ ਤਲਾਸ਼ਦੇ ਉਹੀ ਕਿੱਸੇ/ਕਹਾਣੀਆਂ, ਰਿਸ਼ੀਆਂ/ਮੁਨੀਆਂ, ਹੀਰ/ਰਾਂਝੇ, ਮਿਰਜ਼ਾ/ਸਾਹਿਬਾਂ, ਦੁੱਲੇ ਭੱਟੀਆਂ, ਤੇ ਪੁਰਾਣੀਆਂ ਹੰਢ ਚੁੱਕੀਆਂ ਕਦਰੀਂ-ਕੀਮਤਾਂ ਦੇ ਕੂੜ੍ਹੇ-ਕਰਕਟ ਨੂੰ ਵਾਰ ਵਾਰ ਪੀੜ੍ਹੀ-ਦਰ-ਪੀੜ੍ਹੀ ਰੀਸਾਈਕਲ ਕਰਦੇ ਰਹਿਦੇ ਆਂ। ਲੱਗਭੱਗ ਸਾਰੀ ਪੰਜਾਬੀ ਸਾਹਿਤ ਸਿਰਜਣਾ ਵਿੱਚ ਇਹੀ ਕੁਝ ਹੋ ਰਿਹਾ, ਤੇ ਵਾਰ ਵਾਰ ਹੋ ਰਿਹਾ। ਕੱਲ ਤੋਂ ਕੱਲ ਦੇ ਸਫ਼ਰ ਦੇ ਇਸ ਗਧੀ-ਗੇੜ੍ਹ ਵਿੱਚ ਕੌਮਾਂ ਅਕਸਰ ਪੈ ਜਾਂਦੀਆਂ ਜਦੋਂ ਉਹ ਸਥਾਨਿਕ ਘਟਨਾਵਾਂ/ਸਮੱਸਿਆਵਾਂ ਨੂੰ ਸਥਾਨਿਕ ਹਾਲਾਤਾਂ ਵਿੱਚ ਹੀ ਰੱਖ ਕੇ ਦੇਖਣ ਜਾਂ ਉਨ੍ਹਾਂ ਦਾ ਵਿਸ਼ਲੇਸ਼ਣ ਕਰਣ, ਸਥਾਨਿਕ ਇਤਿਹਾਸ ਦੇ ਪ੍ਰਸੰਗ ਵਿੱਚ ਹੀ; ਯਾਣਿ ਕਿ ਸਥਾਨਿਕ ਹਵਾਲਾ-ਫ਼ਰੇਮ ਵਿੱਚ ਹੀ। ਚਿੰਤਕਾਂ, ਸਾਹਿਤਕਾਰਾਂ, ਗਾਇਕਾਂ, ਰੰਗਕਰਮੀਆਂ, ਤੇ ਹੋਰ ਕਲਾਕਾਰਾਂ ਸਮੇਤ ਅਜੇਹੀ ਕੌਮ ਦੇ ਬੰਦੇ, ਅਕਸਰ ਕੁੱਲ ਮਿਲਾ ਕੇ ਇੱਕੋ ਖ਼ੂਹ ਦੇ ਡੱਡੂਆਂ ਹੁੰਦੇ ਆ, ਤੇ ਇਹ ਖ਼ੂਹ ਉਤਨਾਂ ਹੀ ਡੂੰਘਾ ਹੁੰਦਾ ਜਿਤਨਾਂ ਉਸ ਕੌਮ ਦਾ ਇਤਿਹਾਸ। ਮਾਫ਼ ਕਰਨਾ, ਬਾਹਲਾ, ਜੇ ਸਾਰਾ ਨਹੀਂ, ਸਮਕਾਲੀ ਪੰਜਾਬੀ ਸਾਹਿਤ, ਖ਼ਾਸਕਰ ਪੰਜਾਬੀ ਕਵਿਤਾ, ਇੱਕੋ ਖ਼ੂਹ ਦੇ ਡੱਡੂਆਂ ਦੀ ਟਰੈਂ ਟਰੈਂ ਹੈ; ਕੀ ਪੰਜਾਬ/ਭਾਰਤ ਵਿੱਚ ਰਚਿਆ ਰਿਹਾ ਤੇ ਕੀ ਉਹ ਜਿਹਨੂੰ ਪਰਵਾਸੀ ਸਾਹਿਤ ਕਹਿੰਦੇ ਆ। ਕਿਸੇ ਵੀ ਕੌਮ ਵਿੱਚ ਅਜੇਹੀ ਟਰੈਂ ਟਰੈਂ ਅਕਸਰ ‘ਖ਼ੂਹ' ਵਿੱਚ ਬੋਲੀ ਜਾ ਰਹੀ ਭਾਸ਼ਾ ਦੀ ਹੋਂਦ ਨੂੰ ਖ਼ਤਰੇ ਦੀ ਵੱਜ ਰਹੀ ਘੰਟੀ ਵੀ ਹੁੰਦੀ ਆ।
? ਇਸ ਖ਼ਤਰੇ ਦਾ ਕੋਈ ਸਬੂਤ, ਏਵੀਡੈਂਸ?
——21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੱਧ ਕੁ ਵਿੱਚ ਸੰਯੁਗਤ ਰਾਸ਼ਟਰ ਸੰਘ ਦੀ ਸਿੱਖਿਆ, ਸੱਭਿਆਚਾਰ ਅਤੇ ਸਮਾਜੀ ਮਾਮਲਿਆਂ ਬਾਰੇ ਅਜੰਸੀ ਯੂਨੈਸਕੋ (UNESCO) ਨੇ ਵਿਗਿਆਨਕ ਅਧਿਅਨ ‘ਤੇ ਆਧਾਰਿਤ ਆਪਣੀ ਰਿਪੋਰਟ ਵਿੱਚ ਕਿਹਾ ਕਿ ਪੰਜਾਬੀ ਭਾਸ਼ਾ 50 ਸਾਲਾਂ ਵਿੱਚ ਲੋਪ ਹੋ ਜਾਣ ਵਾਲੀ ਆ। ਕੌਮ ਦਾ ਹਾਲ ਚਾਲ ਤਾਂ ਆਪਾਂ ਨੂੰ ਪਤਾ ਈ ਆ। ਸਮਾਜਿਕ ਤੇ ਰਾਜਨੀਤਿਕ ਢਾਂਚੇ ਦੀ ਭੂਤ-ਮੁੱਖੀ ਤੇ ਜਨ-ਵਿਰੋਧੀ ਪਹੁੰਚ ਸਦਕਾ ਪੰਜਾਬ ਦੀ ਭਵਿੱਖੋਂ ਬਾਂਝੀ ਜੁਆਨੀ ਨਸ਼ਿਆਂ/ਡਰੱਗਾਂ ‘ਤੇ ਲੱਗ ਰਹੀ ਆ, ਤੇ ਵਾਹ ਲੱਗਦੀ ਬਾਹਰਲੇ, ਖ਼ਾਸਕਰ ਪੱਛਮੀ, ਦੇਸ਼ਾਂ ਨੂੰ ਭੱਜ ਰਹੀ ਆ। ਜਦੋਂ ਮਾਪੇ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਹੱਥੀ ਚਾਈਂ ਚਾਈਂ ਜ਼ਹਾਜ਼ੇ ਚਾੜ੍ਹਣ, ਉਨ੍ਹਾਂ ਤੇ ਆਉਣ ਵਾਲੀਆ ਪੀੜ੍ਹੀਆਂ ਨੂੰ ਬੇਗਾਨੀਆਂ ਕੌਮਾਂ ਦੀਆਂ ਕੁੱਖਾਂ ਵਿੱਚ ਪਾਉਣ ਲਈ, ਤਾਂ ਇਹ ਸਬੂਤ ਹੀ ਆ ਕੌਮ ਦੀ ਹੋਂਦ ਨੂੰ ਖ਼ਤਰੇ ਦਾ, ਭਾਸ਼ਾ ਦੀ ਹੋਂਦ ਨੂੰ ਖ਼ਤਰਾ ਦੇ ਨਾਲ ਨਾਲ।
? ਸਥਾਨਿਕ ਘਟਨਾਵਾਂ ਜਾਂ ਸਮੱਸਿਆਵਾਂ ਨੂੰ ਸਥਾਨਿਕ ਹਾਲਾਤਾਂ ਵਿੱਚ ਹੀ ਰੱਖ ਕੇ ਦੇਖਣਾ, ਜਾਂ ਇਨ੍ਹਾਂ ਦਾ ਵਿਸ਼ਲੇਸ਼ਣ ਕਰਨਾ, ਸਥਾਨਿਕ ਇਤਿਹਾਸ ਦੇ ਪ੍ਰਸੰਗ ਵਿੱਚ ਹੀ; ਯਾਣਿ ਕਿ ਸਥਾਨਿਕ ਹਵਾਲਾ-ਫ਼ਰੇਮ ਵਿੱਚ ਹੀ, ਜੇ ਇਹ ਪਹੁੰਚ ਅਜੇਹੀਆਂ ਆਫ਼ਤਾਂ ਦੀ ਜਿੰਮੇਵਾਰ ਆ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਤਾਂ ਕਿਹੜਾ ਹਵਾਲਾ-ਫ਼ਰੇਮ ਠੀਕ ਰਹੇਗਾ, ਤੁਹਾਡੀ ਜਾਂਚੇ?
——ਆਪਣੀ ਸਮਾਨਤਾ, ਯਾਣਿ analogy, ਦੀ ਮਿਸਾਲ ਵੱਲ ਮੁੜਦੇ ਹੋਏ, ਘਟਨਾਵਾਂ ਜਾਂ ਸਮੱਸਿਆਵਾਂ ਨੂੰ ਸਥਾਨਿਕ ਹਵਾਲਾ ਫ਼ਰੇਮ ਵਿੱਚ ਰੱਖ ਕੇ ਹੀ ਦੇਖਣਾ, ਜਾਂ ਇਨ੍ਹਾਂ ਦਾ ਵਿਸ਼ਲੇਸ਼ਣ ਕਰਨਾ, ਇਸ ਤਰਾਂ ਹੁੰਦਾ ਹੈ ਜਿਵੇਂ ਕੋਈ ਲੀਵਰ ਨਾਲ ਉਸ ਭਾਰ (ਸਮੱਸਿਆ) ਨੂੰ ਚੁੱਕਣ (ਹੱਲ ਕਰਨ) ਦੀ ਕੋਸ਼ਿਸ਼ ਕਰੇ ਜਿਸ ‘ਤੇ ਉਹ ਖ਼ੁਦ ਬੈਠਾ ਹੈ; ਅਸਫ਼ਲਤਾ ਪੱਕੀ ਆ। ਇੱਕ ਹੋਰ ਹਵਾਲਾ ਫ਼ਰੇਮ ਵੀ ਵਰਤਣ ਦੀ ਲੋੜ ਆ; ਉਹ ਹੈ ਵਿਸ਼ਵ ਹਵਾਲਾ ਫ਼ਰੇਮ, ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁਕਾਂ, ਜਿਸ ਵਿੱਚ ਰਹਿ ਰਹੇ ਆ ਪੰਜਾਬ/ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਪੰਜਾਬੀ, ਵਾਸੀ, ਨਾ ਕਿ ਪਰਵਾਸੀ, ਬਣ ਕੇ; ਤੇ ਹਵਾਲਾ ਫ਼ਰੇਮ ਵਿੱਚ ਉਨ੍ਹਾਂ ਦੇ ਨਵੇਂ ਦੇਸ਼ਾਂ/ਸਮਾਜਾਂ ਬਾਰੇ ਜੀਵਨ-ਤਜਰਬੇ ਅਤੇ ਉਨ੍ਹਾਂ ਦੇਸ਼ਾਂ ਤੇ ਖਿੱਤਿਆਂ ਦੇ ਇਤਿਹਾਸ ਦਾ ਗਿਆਨ ਵੀ ਸ਼ਾਮਲ ਹੈ। ਹੁਣ, ਪੰਜਾਬ/ਭਾਰਤ ਵਿੱਚ ਵਾਪਰੇ ਕਿਸੇ ਵਰਤਾਰੇ ਨੂੰ ਸਥਾਨਿਕ ਹਵਾਲਾ-ਫ਼ਰੇਮ ਵਿੱਚ ਰੱਖ ਕੇ ਵਿਸ਼ਵ ਹਵਾਲਾ-ਫ਼ਰੇਮ ਦੇ ਪ੍ਰਸੰਗ ਵਿੱਚ ਦੇਖੀਏ ਜਾਂ ਉਹਦਾ ਵਿਸ਼ਲੇਸ਼ਣ ਕਰੀਏ ਨਜ਼ਾਰਾ ਤੇ ਸਿੱਟੇ ਕੁਝ ਹੋਰ ਹੀ ਹੋਣਗੇ, ਉਨਾਂ ਨਾਲੋਂ ਜੋ ਹੋਣੇ ਸਨ ਵਿਸ਼ਵ ਹਵਾਲਾ-ਫ਼ਰੇਮ ਦੀ ਗ਼ੈਰ-ਹਾਜ਼ਰੀ ਵਿੱਚ।
ਮਿਸਾਲ ਵਜੋਂ ਜੇ ਪੰਜਾਬ/ਭਾਰਤ ਵਿੱਚ ਬਾਬਾ ਨਾਨਕ ਦੇ ਸਮਿਆਂ ਨੂੰ ਸਥਾਨਿਕ ਹਵਾਲਾ-ਫ਼ਰੇਮ ਹੀ ਰੱਖ ਭੂਤਮੁੱਖੀ ਪਹੁੰਚ ਸੰਗ ਵਾਚੀਏ, ਤਾਂ ਅੱਜ ਵੀ ਉਸ ਦੇ ਸਿੱਟੇ ਕੁਝ ਇਸ ਤਰ੍ਹਾਂ ਦੇ ਨਿੱਕਲ ਸਕਦੇ ਨੇ:
“ਸਤਿਗੁਰ ਨਾਨਕ ਆ ਜਾ, ਦੁਨੀਆਂ ਨੂੰ ਦੀਦ ਦਿਖਾ ਜਾ
ਸੰਗਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ!”
—-ਲਾਲ ਚੰਦ ਯਮਲਾ ਜੱਟ
ਪਰ ਜੇ ਉਨ੍ਹਾਂ ਸਮਿਆਂ ਤੇ ਕੰਮਾਂ ਨੂੰ ਸਥਾਨਿਕ ਹਵਾਲਾ-ਫ਼ਰੇਮ ਵਿੱਚ ਰੱਖ ਕੇ ਵਿਸ਼ਵ ਹਵਾਲਾ-ਫ਼ਰੇਮ ਦੇ ਪ੍ਰਸੰਗ ਵਿੱਚ ਦੇਖੀਏ ਜਾਂ ਵਿਸ਼ਲੇਸ਼ਣ ਕਰੀਏ, ਤਾਂ ਉਹ ਕਿਸ ਤਰ੍ਹਾਂ ਦਾ ਲੱਗੇਗਾ ਜਾਂ ਉਹਦੇ ਕੀ ਸਿੱਟੇ ਨਿੱਕਲਣਗੇ, ਇਹ ਮਿਸਾਲ ਵਜੋਂ ਹੇਠਲੀ ਕਿਤਾਬ ਵਿੱਚ ਦਰਜ਼ ਹੈ: “ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ”, ਪੀਪਲਜ਼ ਫ਼ੋਰਮ, ਪੰਜਾਬ
( ਬਾਕੀ ਅਗਲੇ ਅੰਕ 'ਚ )