![]() |
| ਇੰਗਲਿਸ਼ ਦੇ ਲੇਖਕ ਬਲਦੇਵ ਰਾਜ ਦੀ ਪੁਸਤਕ “ਦਾ ਪਾਵਰ ਆਫ ਪਾਜਿਟਿਵ ਥਿੰਕਸ ਐਂਡ ਐਟੀਟਿਊਟ ਆਫ ਐਵਰੀਥਿੰਕ” ਅਤੇ ਕੁਲਦੀਪ ਰਾਏ ਭਗਤ ਦੀ ਕਵਿਤਾਵਾਂ- ਗਜ਼ਲਾਂ ਦੀ ਹਿੰਦੀ ਪੁਸਤਕ “ਜਜ਼ਬਾਤ-ਏ-ਰਾਏ” ਦਾ ਵਿਮੋਚਨ ਕੀਤਾ ਗਿਆ। |
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਦਲਬੀਰ ਸਿੰਘ ਰਿਆੜ, ਸਤਿਨਾਮ ਸਿੰਘ ਤੇ ਨਰਿੰਦਰ ਸਿੰਘ ਲੁਬਾਣਾ ਅਤੇ ਕੇਵਲ ਸਿੰਘ ਬੱਲ ਸੁਸ਼ੋਭਿਤ ਹੋਏ।ਵਿਸ਼ੇਸ਼ ਮਹਿਮਾਨ ਦੇ ਫਰਜ਼ ਕਾਰਜ ਸਿੰਘ ਔਲਖ ਅਤੇ ਅਜੀਤ ਸਿੰਘ ਖੰਗੂੜਾ ਨੇ ਨਿਭਾਏ।
ਇਸ ਮੌਕੇ ਤੇ ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਕਰਨੈਲ ਸਿੰਘ ਅਤੇ ਤਜਿੰਦਰ ਪਾਲ ਸਿੰਘ ਰਿਆੜ ਨੇ ਕੁਲਦੀਪ ਰਾਏ ਭਗਤ ਦੀ ਪੁਸਤਕ ਉੱਪਰ ਬੋਲਦਿਆਂ ਕਿਹਾ ਕਿ ਜਜ਼ਬਾਤ ਵੀ ਕੀ ਚੀਜ਼ ਹਨ ਜੋ ਛੁਪਾਇਆਂ ਵੀ ਨਹੀਂ ਛੁਪਦੇ। ਆਖਰਕਾਰ ਕਿਸੇ ਨਾ ਕਿਸੇ ਰੂਪ ਵਿੱਚ ਬਾਹਰ ਆ ਹੀ ਜਾਂਦੇ ਹਨ। ਇਸੇ ਤਰ੍ਹਾਂ ਹੀ ਕੁਲਦੀਪ ਰਾਏ ਭਗਤ ਦੀਆਂ ਕਵਿਤਾ ਤੇ ਗਜ਼ਲਾਂ ਤਰਜਮਾਨੀ ਕਰਦੀਆਂ ਹਨ। ਕੁਲਦੀਪ ਰਾਏ ਭਗਤ ਹਿੰਦੀ ਸ਼ਾਇਰੀ ਦੀ ਦੁਨੀਆਂ ਦਾ ਇੱਕ ਉਭਰਦਾ ਹੋਇਆ ਨਾਮ ਹੈ। ਉਸ ਨੂੰ ਦਿਲ ਛੂਹ ਲੈਣ ਵਾਲੀਆਂ ਗਜ਼ਲਾਂ ਨੂੰ ਲਿਖਣ ਵਿੱਚ ਮੁਹਾਰਤ ਹੈ। ਉਸਦੀਆਂ ਗਜ਼ਲਾਂ ਵਿੱਚ ਹੁਸਨ- ਇਸ਼ਕ, ਵਿਯੋਗ-ਸੰਯੋਗ ਵਰਗੇ ਰੰਗ ਸ਼ਾਮਲ ਹੋਣ ਦੇ ਨਾਲ ਨਾਲ ਜਜ਼ਬਾਤ ਨਾਲ ਭਰਿਆ ਸ਼ਾਇਰੀ ਭਰੀ ਪਈ ਹੈ। ਉਸਦੀ ਸ਼ਾਇਰੀ ਉਸਦੇ ਅਹਿਸਾਸ ਦਾ ਦਸਤਾਵੇਜ਼ ਹੈ।
ਬਲਵਿੰਦਰ ਬਾਲਮ ਤੇ ਦਲਬੀਰ ਸਿੰਘ ਰਿਆੜ ਨੇ ਬਲਦੇਵ ਰਾਜ ਦੀ ਪੁਸਤਕ ਉੱਪਰ ਵਿਚਾਰ ਕਰਦੇ ਹੋਏ ਕਿਹਾ ਕਿ ਭਾਸ਼ਾਵਾਂ ਇੱਕ ਦੂਸਰੀ ਭਾਸ਼ਾ ਨਾਲ ਸੰਵਾਦ ਰਚਾਉਂਦੀਆਂ ਹਨ। ਭਾਸ਼ਾ ਕੋਈ ਵੀ ਹੋਵੇ ਉਸ ਦਾ ਸੰਦੇਸ਼ ਮਾਨਵਵਾਦੀ ਹੀ ਹੁੰਦਾ ਹੈ। ਵਿਚਾਰ ਯਾਦਾਸ਼ਤ ਦਾ ਪ੍ਰਗਟਾਵਾ ਹੈ। ਯਾਦਦਾਸ਼ਤ ਬੀਤੇ ਸਮੇਂ ਦੀ ਪ੍ਰਤੀਨਿਧਤਾ ਹੈ। ਬੀਤੇ ਸਮੇਂ ਤੋਂ ਇਹ ਵਰਤਮਾਨ ਵਿੱਚ ਵਹਿੰਦੀ ਆਉਂਦੀ ਤੇ ਵਰਤਮਾਨ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਫਿਰ ਇੱਕ ਭਵਿੱਖ ਦੀ ਕਲਪਨਾ ਪੇਸ਼ ਕਰਦੀ ਹੈ ਵਿਚਾਰ ਜੀਵਨ ਚੀਜਾਂ ਹਨ ਜੋ ਸਿਰਫ ਸਾਡੀ ਆਪਣੀ ਜ਼ਿੰਦਗੀ ਹੀ ਨਹੀਂ ਸਗੋਂ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਬਦਲਣ ਦੀ ਸਮਰੱਥਾ ਰੱਖਦੇ ਹਨ। ਇਸ ਪੁਸਤਕ ਵਿੱਚ ਅਨੇਕਾਂ ਹੀ ਸੂਕਤੀਆਂ ਹਨ ਜੋ ਮਾਨਵਤਾ ਨੂੰ ਰਾਹ ਦੱਸਦੀਆਂ ਨਜ਼ਰ ਆਉਂਦੀਆਂ ਹਨ। ਇਹ ਪੁਸਤਕ ਪੜ੍ਹਨ ਯੋਗ ਹੈ।
ਕਵੀ ਦਰਬਾਰ ਵਿੱਚ ਕਸ਼ਮੀਰਾ ਸਿੰਘ ਨਿਰਮਾਣ, ਸੁਖਦੇਵ ਸਿੰਘ, ਪਾਰਸ ਮਹੀਨੀਆਂ, ਮਨਜੀਤ ਸਿੰਘ, ਅਸ਼ੋਕ ਕੁਮਾਰ, ਗੁਰਦਿਆਲ ਸਿੰਘ ਸਿੱਧੂ, ਮਲਕੀਤ ਸਿੰਘ ਆਦਿ ਨੇ ਭਾਗ ਲਿਆ। ਬਹੁਤ ਸਾਰੇ ਸ਼ਰੋਤਿਆਂ ਨੇ ਕਵੀ ਦਰਬਾਰ ਦਾ ਅਨੰਦ ਮਾਣਿਆਂ।
ਬਲਵਿੰਦਰ ਬਾਲਮ ਗੁਰਦਾਸਪੁਰ
ਐਡਮਿੰਟਨ ਕਨੇਡਾ
