![]() |
ਲੇਖਕਾ : ਈਸ਼ਦੀਪ ਕੌਰ ਈਸ਼ਾ |
* ਪ੍ਰਕਾਸ਼ਕ : ਸ਼ਬਦਾਂਜਲੀ ਪਬਲੀਕੇਸ਼ਨਜ਼, ਪਟਿਆਲਾ
* ਪੰਨੇ : 32
* ਮੁੱਲ : 200/- ਰੁਪਏ
ਬਾਲ-ਕਹਾਣੀ ਬੱਚਿਆਂ ਦੇ ਮਨੋਰੰਜਨ ਲਈ ਲਿਖੀ ਜਾਂਦੀ ਹੈ। ਇਸਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਸਾਰਥਕ ਸੇਧ ਵੀ ਦਿੱਤੀ ਜਾ ਸਕਦੀ ਹੈ। ਭਾਰਤੀ ਸਾਹਿਤ ਵਿੱਚ ਵਧੇਰੇ ਪ੍ਰਚੱਲਿਤ ਬਾਲ-ਕਹਾਣੀਆਂ ਪੰਚਤੰਤਰ, ਅਕਬਰ-ਬੀਰਬਲ, ਤੇਨਾਲੀ ਰਾਮ ਆਦਿ ਦੀਆਂ ਹਨ, ਜਿਨ੍ਹਾਂ ਰਾਹੀਂ ਚੰਗੇ ਬਾਲ-ਸੰਸਕਾਰ ਪੈਦਾ ਕੀਤੇ ਜਾ ਸਕਦੇ ਹਨ। ਬੱਚਿਆਂ ਵਿੱਚ ਚੰਗੀਆਂ ਕਦਰਾਂ-ਕੀਮਤਾਂ ਤੇ ਨੈਤਿਕ ਗੁਣਾਂ ਦਾ ਸੰਚਾਰ ਕਰਨ ਵਿੱਚ ਬਾਲ-ਕਹਾਣੀਆਂ ਦਾ ਵੱਡਾ ਯੋਗਦਾਨ ਹੈ।
ਬਾਲ-ਕਹਾਣੀ ਲਿਖਣਾ ਏਨਾ ਆਸਾਨ ਨਹੀਂ ਹੈ। ਕਿਉਂਕਿ ਇਸ ਵਿੱਚ ਬੱਚਿਆਂ ਦੀ ਪੱਧਰ ਤੇ ਜਾ ਕੇ ਉਨ੍ਹਾਂ ਦੀ ਉਮਰ, ਸੁਭਾਅ, ਇੱਛਾ, ਸੋਚ, ਲੋੜ ਆਦਿ ਦਾ ਧਿਆਨ ਰੱਖਣਾ ਪੈਂਦਾ ਹੈ। ਅੱਜ ਦਾ ਸਮਾਂ ਵਿਗਿਆਨ ਤੇ ਤਕਨਾਲੋਜੀ ਦਾ ਹੈ, ਇਸ ਲਈ ਇਸ ਪਹਿਲੂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।
ਈਸ਼ਦੀਪ ਕੌਰ ਈਸ਼ਾ ਬਾਲ-ਉਮਰ ਤੇ ਕਿਸ਼ੋਰ ਅਵਸਥਾ ਨੂੰ ਪਾਰ ਕਰਕੇ ਇੱਕ ਬੱਚੀ ਦੀ ਮਾਂ ਹੈ। ਪੁਸਤਕ ਦੇ ਮੁੱਢ ਵਿੱਚ ਉਹਨੇ ਆਪਣੇ ਬਾਲ-ਮਨ ਉੱਤੇ ਉੱਕਰੀਆਂ ਯਾਦਾਂ ਨੂੰ ਰੇਖਾਂਕਿਤ ਕੀਤਾ ਹੈ। ਘਰ-ਪਰਿਵਾਰ, ਵਿਸ਼ੇਸ਼ ਕਰਕੇ ਆਪਣੇ ਮਾਮਾ ਜੀ (ਸ. ਅੰਮ੍ਰਿਤਪਾਲ ਸਿੰਘ ਸ਼ੈਦਾ) ਦੀਆਂ ਸਾਹਿਤਕ ਰੁਚੀਆਂ ਦਾ ਈਸ਼ਾ ਦੇ ਬਾਲ-ਮਨ ਉੱਤੇ ਪਿਆ ਸਹਿਜ-ਸੁਭਾਵਕ ਪ੍ਰਭਾਵ ਵੀ ਉਹਦੇ ਲੇਖਨ ਵਿੱਚ ਮਦਦਗਾਰ ਸਾਬਤ ਹੋਇਆ ਹੈ।
ਸੰਗ੍ਰਹਿ ਦੀ ਪਹਿਲੀ ਕਹਾਣੀ 'ਰੱਬ ਦਾ ਏ.ਸੀ.' ਹੈ, ਜਿਸ ਵਿੱਚ ਕੁਦਰਤ/ਪ੍ਰਕਿਰਤੀ ਦੀਆਂ ਨਿਆਮਤਾਂ ਦਾ ਜ਼ਿਕਰ ਹੈ। ਘਰ ਵਿੱਚ ਰਾਤ ਨੂੰ ਅਚਾਨਕ ਬਿਜਲੀ ਚਲੀ ਜਾਣ ਤੇ ਜਦੋਂ ਏ.ਸੀ. ਬੰਦ ਹੋ ਗਿਆ ਤਾਂ ਬੇਟਾ ਆਪਣੇ ਪਾਪਾ ਨਾਲ ਛੱਤ ਉੱਤੇ ਜਾ ਸੁੱਤਾ, ਜਿੱਥੇ ਉਹਨੂੰ ਬਹੁਤ ਗੂੜ੍ਹੀ ਨੀਂਦ ਆਈ। ਪਰੰਪਰਾ ਤੇ ਆਧੁਨਿਕਤਾ ਨੂੰ ਬੜੀ ਸਹਿਜਤਾ ਨਾਲ ਇਸ ਕਹਾਣੀ ਦਾ ਵਿਸ਼ਾ ਬਣਾਇਆ ਗਿਆ ਹੈ।
'ਕੇਲੇ ਦਾ ਛਿਲਕਾ' ਰਾਹੀਂ ਆਲੇ-ਦੁਆਲੇ ਦੀ ਸਫ਼ਾਈ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਹੈ। ਆਮ ਨਾਗਰਿਕ ਅਣਗਹਿਲੀ ਕਰਕੇ ਕਈ ਵਾਰ ਰਾਹ ਵਿੱਚ ਹੀ ਕੂੜਾ-ਕਰਕਟ ਸੁੱਟ ਕੇ ਖੁਦ ਹੀ ਖਮਿਆਜਾ ਭੁਗਤਦਾ ਹੈ।
'ਪੱਗ' ਕਹਾਣੀ ਰਾਹੀਂ ਸਾਡੇ ਵਿਰਸੇ ਤੇ ਸੰਸਕਾਰਾਂ ਦਾ ਜ਼ਿਕਰ ਵੀ ਹੈ, ਨਾਲੋ-ਨਾਲ ਇਹ ਦੱਸਿਆ ਹੈ ਕਿ ਕਿਸੇ ਬਿਪਤਾ ਵਿੱਚ ਫਸੇ ਲਈ ਵੀ ਇਹ ਸਹਾਈ ਹੋ ਸਕਦੀ ਹੈ। ਸਵਿਮਿੰਗ ਪੂਲ ਵਿੱਚ ਡਿੱਗੇ ਬੱਚੇ ਨੂੰ ਇੱਕ ਹੋਰ ਬੱਚਾ ਆਪਣੀ ਪੱਗ ਖੋਲ੍ਹ ਕੇ ਸੁਰੱਖਿਅਤ ਬਾਹਰ ਕੱਢਣ ਵਿੱਚ ਸਫ਼ਲ ਹੁੰਦਾ ਹੈ।
'ਬਰਸਾਤ ਤੇ ਝੌਂਪੜੀ' ਵਿੱਚ ਢੇਰੀ ਢਾਹ ਕੇ ਬੈਠਣ ਦੀ ਥਾਂ ਲਗਨ ਤੇ ਦ੍ਰਿੜਤਾ ਦੇ ਜਜ਼ਬੇ ਦੀ ਪੇਸ਼ਕਾਰੀ ਹੋਈ ਹੈ। ਇੱਕ ਗਰੀਬ ਪਰਿਵਾਰ ਦੀ ਝੁੱਗੀ ਬਾਰਿਸ਼ ਦੇ ਮੌਸਮ ਵਿੱਚ ਨਸ਼ਟ ਹੋ ਜਾਂਦੀ ਹੈ। ਪਰ ਘਰ ਦਾ ਮੁਖੀ ਬੱਚਿਆਂ ਦੀ ਘਬਰਾਹਟ ਅਤੇ ਚਿੰਤਾ ਦੀ ਭਾਵਨਾ ਨੂੰ ਦੂਰ ਕਰਕੇ ਦੁਬਾਰਾ ਝੁੱਗੀ ਦੀ ਮੁਰੰਮਤ ਲਈ ਕਮਰਕਸਾ ਕਰਦਾ ਹੈ।
'ਪੱਥਰ ਕੌਰ' ਕਹਾਣੀ ਰਾਹੀਂ ਰੂੜ੍ਹੀਵਾਦੀ ਵਿਚਾਰਾਂ ਦੀ ਨਿਖੇਧੀ ਕੀਤੀ ਗਈ ਹੈ। ਧੀ ਦੇ ਜਨਮ ਤੇ ਉਹਦਾ ਭੈੜਾ ਨਾਂ ਰੱਖੇ ਜਾਣ ਤੇ ਉਹਦੇ ਸਕੂਲ ਦੇ ਸਾਥੀ ਉਹਨੂੰ ਮਖੌਲ ਕਰਦੇ ਹਨ। ਪਰ ਸਕੂਲ ਦੀ ਨਵੀਂ ਅਧਿਆਪਕਾ ਨੇ ਪੱਥਰ ਸ਼ਬਦ ਦੇ ਹੋਰ ਚੰਗੇ ਅਰਥ ਦੱਸ ਕੇ ਉਹਨੂੰ ਤੇ ਦੂਜੇ ਜਮਾਤੀਆਂ ਨੂੰ ਜਾਗਰੂਕ ਕੀਤਾ। ਇਹ ਕਹਾਣੀ ਬੇਟੀ ਦੇ ਜਨਮ ਨੂੰ ਪਿਛਾਂਹਖਿਚੂ ਸੋਚ ਤੋਂ ਮੁਕਤ ਕਰਨ ਦਾ ਵਧੀਆ ਉਪਰਾਲਾ ਹੈ।
ਸੰਗ੍ਰਹਿ ਦੀ ਸ਼ੀਰਸ਼ਕ ਕਹਾਣੀ ਵਿੱਚ ਪੁਰਾਣੀਆਂ ਚੀਜ਼ਾਂ ਦੀ ਨਵੇਂ ਯੁੱਗ ਵਿੱਚ ਹੋ ਰਹੀ ਬੇਕਦਰੀ ਨੂੰ ਦਰਸਾਇਆ ਗਿਆ ਹੈ। ਦੀਵੇ ਤੇ ਲਾਲਟੈਨ ਦੀ ਭਾਵੇਂ ਅੱਜ ਦੇ ਸਮੇਂ ਵਿੱਚ ਉਨੀ ਲੋੜ ਨਹੀਂ ਰਹੀ, ਤਾਂ ਵੀ ਕਿਸੇ ਸਮੇਂ ਇਹ ਚੀਜ਼ਾਂ ਹੀ ਰੌਸ਼ਨੀ ਦਾ ਸਰੋਤ ਹੁੰਦੀਆਂ ਸਨ।
'ਸਿੰਘ ਅੰਕਲ ਦੀ ਕਾਰ' ਵਿੱਚ ਬੱਚਿਆਂ ਦੀ ਨਵੀਂ ਕਾਰ ਨੂੰ ਵੇਖਣ ਦੀ ਉਤਸੁਕਤਾ ਤੇ ਕਾਰ-ਮਾਲਕ ਦਾ ਬੱਚਿਆਂ ਪ੍ਰਤੀ ਗੁੱਸੇਖੋਰ ਰਵੱਈਆ ਪ੍ਰਗਟ ਹੋਇਆ ਹੈ। ਬੱਚਿਆਂ ਨੇ ਕਾਰ-ਮਾਲਕ ਨੂੰ ਪ੍ਰੇਸ਼ਾਨ ਕਰਨ ਲਈ ਕਾਰ ਦੇ ਪਹੀਆਂ 'ਚੋਂ ਹਵਾ ਕੱਢਣੀ ਸ਼ੁਰੂ ਕਰ ਦਿੱਤੀ। ਕਾਰ-ਮਾਲਕ ਨੇ ਬੱਚਿਆਂ ਦੀ ਮਾਨਸਿਕਤਾ ਨੂੰ ਸਮਝ ਕੇ ਉਨ੍ਹਾਂ ਨੂੰ ਕਾਰ ਵਿੱਚ ਬਿਠਾ ਕੇ ਘੁਮਾਇਆ, ਜਿਸ ਤੋਂ ਬਾਦ ਉਹ ਕਾਰ-ਮਾਲਕ ਨੂੰ ਪ੍ਰੇਸ਼ਾਨ ਕਰਨੋਂ ਹਟ ਗਏ।
'ਮਾਂ-ਬੋਲੀ' ਵਿੱਚ ਪਿਓ-ਪੁੱਤਰ ਦੀ ਵਾਰਤਾਲਾਪ ਰਾਹੀਂ ਅੰਗਰੇਜ਼ੀ-ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਕਰਦਿਆਂ ਮਾਂ ਬੋਲੀ ਦੇ ਮਹੱਤਵ ਨੂੰ ਦ੍ਰਿੜ ਕਰਵਾਇਆ ਗਿਆ ਹੈ। ਇਸ ਕਹਾਣੀ ਵਿੱਚ ਕਾਫੀ ਨਾਟਕੀ ਅੰਸ਼ ਹੈ, ਕਿਉਂਕਿ ਵਧੇਰੇ ਸੰਵਾਦ ਦੀ ਵਰਤੋਂ ਹੋਈ ਹੈ।
'ਮੈਂ ਤਾਂ ਜੀਣਾ ਹੈ' ਵਿੱਚ ਬੇਟੇ ਦੀਆਂ ਨਾਕਾਰਾਤਮਕ ਰੁਚੀਆਂ ਨੂੰ ਪਿਤਾ ਨੇ ਪੌਦੇ ਦੀ ਮਿਸਾਲ ਦੇ ਕੇ ਦੂਰ ਕੀਤਾ। ਇਸ ਕਹਾਣੀ ਵਿੱਚ ਸਹਿਜ ਤੇ ਧੀਰਜ ਜਿਹੇ ਨੈਤਿਕ ਗੁਣ ਪ੍ਰੇਰਨਾ-ਸਰੋਤ ਬਣ ਕੇ ਸਾਹਮਣੇ ਆਏ ਹਨ।
ਸੰਗ੍ਰਹਿ ਦੀ ਅੰਤਿਮ ਕਹਾਣੀ 'ਅਮਰੂਦ ਦਾ ਰੁੱਖ' ਵਿੱਚ ਇੱਕ ਸਖਤ ਸੁਭਾਅ ਦੇ ਬੰਦੇ ਦੇ ਘਰ ਲੱਗੇ ਅਮਰੂਦ ਦੇ ਦਰਖ਼ਤ ਤੋਂ ਬੱਚਿਆਂ ਵੱਲੋਂ ਚੋਰੀ-ਛੁਪੇ ਅਮਰੂਦ ਤੋੜਨ ਦਾ ਜ਼ਿਕਰ ਹੈ। ਪਰ ਅਮਰੂਦਾਂ ਦੇ ਮਾਲਕ ਦੀ ਸਖਤ ਨਿਗਰਾਨੀ ਕਰਕੇ ਬੱਚੇ ਆਉਣੋਂ ਤਾਂ ਹਟ ਗਏ ਪਰ ਅਮਰੂਦ ਦਾ ਰੁੱਖ ਹੌਲੀ ਹੌਲੀ ਸੁੱਕਣ ਲੱਗਾ। ਇੱਕ ਹੋਰ ਦਿਨ ਕੋਈ ਬੱਚਾ ਚੰਗੇ ਚੰਗੇ ਅਮਰੂਦ ਤੋੜ ਕੇ ਲੈ ਗਿਆ ਤਾਂ ਮਾਲਕ ਨੇ ਮਹਿਸੂਸ ਕੀਤਾ ਕਿ ਦਰਖ਼ਤ ਫਿਰ ਤੋਂ ਹਰਾ ਹੋਣ ਲੱਗ ਪਿਆ ਹੈ। ਇਸ ਕਹਾਣੀ ਵਿੱਚ ਬੱਚਿਆਂ ਦੇ ਪਿਆਰ ਤੇ ਦੁਲਾਰ ਨੂੰ ਪ੍ਰਕਿਰਤੀ ਦੇ ਸਹਿਜ-ਸੁਭਾਵਕ ਗੁਣਾਂ ਨਾਲ ਇਕਮਿਕ ਹੁੰਦਾ ਵਿਖਾਇਆ ਹੈ।
ਇਸ ਪੁਸਤਕ ਵਿੱਚ ਸਿਰਫ 10 ਕਹਾਣੀਆਂ ਹਨ ਤੇ ਇਹ ਸਾਰੀਆਂ ਹੀ ਇੱਕ-ਇੱਕ ਪੰਨੇ ਤੇ ਪ੍ਰਕਾਸ਼ਿਤ ਹਨ। ਹਰ ਕਹਾਣੀ ਨਾਲ ਢੁਕਵੀਂ ਤਸਵੀਰ ਵੀ ਦਿੱਤੀ ਗਈ ਹੈ। ਈਸ਼ਾ ਨੇ ਛੋਟੇ-ਛੋਟੇ ਵਿਸ਼ਿਆਂ ਨੂੰ ਇੰਨੀ ਕਾਰੀਗਰੀ ਤੇ ਸੂਖਮਤਾ ਨਾਲ ਨਿਭਾਇਆ ਹੈ ਕਿ ਇਨ੍ਹਾਂ ਰਾਹੀਂ ਉਹਦੇ ਉੱਜਲ ਮੁਸਤਕਬਿਲ ਦੇ ਦੀਦਾਰ ਹੁੰਦੇ ਹਨ। ਇਨ੍ਹਾਂ ਕਹਾਣੀਆਂ ਵਿੱਚ ਪਾਤਰਾਂ ਦੀ ਮਨੋਦਸ਼ਾ ਤੇ ਕਹਾਣੀ ਦੀ ਮੰਗ ਅਨੁਸਾਰ ਢੁਕਵੀਂ ਸ਼ਬਦਾਵਲੀ ਵਰਤੀ ਗਈ ਹੈ। ਪੁਸਤਕ ਦੀ ਦਿੱਖ, ਗੈੱਟਅੱਪ ਅਤੇ ਛਪਾਈ ਸੁਹਜਾਤਮਕ ਅਤੇ ਕਲਾਤਮਕ ਹੈ।
ਬਾਲ-ਮਨ ਤੇ ਬਾਲ-ਸ਼ਰਾਰਤਾਂ ਨਾਲ ਓਤਪੋਤ ਸੰਗ੍ਰਹਿ ਦੀਆਂ ਇਹ ਸਾਰੀਆਂ ਕਹਾਣੀਆਂ ਦਿਲਚਸਪ ਤਾਂ ਹਨ ਹੀ, ਨਾਲ-ਨਾਲ ਸਿਖਿਆਦਾਇਕ ਤੇ ਪ੍ਰੇਰਨਾਮਈ ਵੀ ਹਨ। ਬਲਜਿੰਦਰ ਮਾਨ ਅਤੇ ਡਾ ਦਰਸ਼ਨ ਸਿੰਘ ਆਸ਼ਟ ਨੇ ਈਸ਼ਾ ਦੇ ਪਲੇਠੇ ਪ੍ਰਯਤਨ ਦੀ ਮੁਕਤ-ਕੰਠ ਨਾਲ ਪ੍ਰਸ਼ੰਸਾ ਕੀਤੀ ਹੈ।
ਬਾਲ-ਸਾਹਿਤ ਦੇ ਵਿਹੜੇ ਵਿੱਚ ਨਵੀਂ ਪੁੰਗਰੀ ਕਲਮ ਈਸ਼ਾ ਦਾ ਹਾਰਦਿਕ ਸਵਾਗਤ ਹੈ। ਉਹਦੀ ਕਲਮ ਵਿੱਚ ਰਵਾਨੀ ਹੈ, ਉਹਦੀ ਸੋਚ ਵਿੱਚ ਭਵਿੱਖ ਦੇ ਸੁਪਨੇ ਹਨ ਤੇ ਉਹ ਜੀਵਨ ਜੀਣ ਦੇ ਜਜ਼ਬੇ ਨਾਲ ਲਬਰੇਜ਼ ਹੈ। ਮੈਨੂੰ ਉਮੀਦ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ ਕਿ ਈਸ਼ਾ ਇਸ ਪੰਧ ਦੀਆਂ ਹੋਰ ਮੰਜ਼ਿਲਾਂ ਤੈਅ ਕਰਨ ਵਿੱਚ ਗਤੀਸ਼ੀਲ ਰਹੇਗੀ! ਆਮੀਨ!
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)
