ਮਦਰਜ਼ ਡੇਅ ਮੌਕੇ ਅੰਤਰਰਾਸ਼ਟਰੀ ਕਵੀ ਦਰਬਾਰ ਵਿਚ ਪੰਜਾਬੀ ਸ਼ਾਇਰਾਂ ਨੇ ਮਾਂ ਦੀ ਮਮਤਾ ਨੂੰ ਕੀਤਾ ਸਿਜਦਾ


ਸਿਆਟਲ, 13 ਮਈ (ਹਰਦਮ ਮਾਨ)- ਪੰਜਾਬੀ ਲਿਖਾਰੀ ਸਭਾ ਸਿਆਟਲ ਅਤੇ ਪੰਜਾਬੀ ਸਭਾ ਬੈਲਿੰਗਹੈਮ ਦੇ ਸਾਂਝੇ ਉਪਰਾਲੇ ਸਦਕਾ 'ਮਦਰਜ਼ ਡੇਅ' ਦੇ ਪਾਵਨ ਮੌਕੇ 'ਤੇ ਬੀਤੇ ਐਤਵਾਰ 'ਅੰਤਰਰਾਸ਼ਟਰੀ ਕਵੀ ਦਰਬਾਰ' ਕਰਵਾਇਆ ਗਿਆ। ਇਸ ਆਨਲਾਈਨ (ਜ਼ੂਮ) ਸਮਾਗਮ ਨੇ ਅਮਰੀਕਾ, ਕੈਨੇਡਾ, ਭਾਰਤ, ਇਟਲੀ ਅਤੇ ਇੰਗਲੈਂਡ ਦੇ ਨਾਮਵਰ ਸਾਹਿਤਕਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮਾਂ ਦੀ ਮਹਿਮਾ ਬਾਰੇ ਸੁੰਦਰ ਵਿਚਾਰਾਂ ਨਾਲ ਹੋਈ।

ਲਗਭਗ ਢਾਈ ਘੰਟੇ ਚੱਲੇ ਇਸ ਕਵੀ ਦਰਬਾਰ ਵਿੱਚ ਵੱਖ-ਵੱਖ ਦੇਸ਼ਾਂ ਤੋਂ ਜੁੜੇ ਸ਼ਾਇਰਾਂ ਨੇ ਆਪਣੀਆਂ ਭਾਵਪੂਰਤ ਰਚਨਾਵਾਂ ਰਾਹੀਂ ਮਾਂ ਦੇ ਅਨੇਕਾਂ ਰੂਪਾਂ ਨੂੰ ਪੇਸ਼ ਕੀਤਾ। ਹਾਜ਼ਰੀ ਲਗਵਾਉਣ ਵਾਲੇ ਪ੍ਰਮੁੱਖ ਕਵੀਆਂ ਵਿੱਚ ਅਵਤਾਰ ਸਿੰਘ ਆਦਮਪੁਰੀ, ਡਾ. ਸੁਖਵੀਰ ਬੀਹਲਾ, ਸਰਬਜੀਤ ਸਿੰਘ ਨੂਰ, ਗੁਰਪ੍ਰੀਤ ਸੋਹਲ, ਮਨਜੀਤ ਕੌਰ ਗਿੱਲ, ਕਰਮਜੀਤ ਕੌਰ (ਇਟਲੀ), ਸੁਖਦੇਵ ਸਿੰਘ ਗੰਢਵਾਂ, ਸਰਬਜੀਤ ਕੌਰ ਹਾਜੀਪੁਰ, ਰੂਪੀ ਹੁੰਦਲ, ਪ੍ਰੋ. ਜਗੀਰ ਸਿੰਘ, ਦਵਿੰਦਰ ਕੌਰ ਗੁਰਾਇਆ, ਬਿੰਦੂ ਮਠਾਰੂ, ਮਹਿੰਦਰ ਕੌਰ ਕੁਰੂਕਸ਼ੇਤਰ, ਪ੍ਰਵੀਨ ਕੌਰ ਬਟਾਲਾ, ਸੁੱਖ ਸੁਖਵਿੰਦਰ ਕੌਰ, ਮਨਪ੍ਰੀਤ ਕੌਰ ਸੰਧੂ (ਮੁੰਬਈ), ਸੁਰਜੀਤ ਕੌਰ ਟਰੰਟੋ ਅਤੇ ਮਨਜੀਤ ਸਿੰਘ ਚਾਤ੍ਰਿਕ ਸ਼ਾਮਲ ਸਨ।

ਕਵੀਆਂ ਨੇ ਜਿੱਥੇ ਮਾਂ ਦੇ ਨਿਸ਼ਕਾਮ ਪਿਆਰ ਅਤੇ ਸੰਘਰਸ਼ ਦੀ ਗਾਥਾ ਸੁਣਾਈ, ਉੱਥੇ ਹੀ ਪਰਦੇਸਾਂ ਵਿੱਚ ਵੱਸਦੇ ਬੱਚਿਆਂ ਦੇ ਦਿਲਾਂ ਵਿੱਚ ਮਾਂ ਦੀ ਯਾਦ ਦੀ ਤੜਫ ਨੂੰ ਵੀ ਬੜੀ ਸੰਵੇਦਨਸ਼ੀਲਤਾ ਨਾਲ ਬਿਆਨ ਕੀਤਾ। ਇਹ ਪ੍ਰੋਗਰਾਮ ਇੱਕ ਅਜਿਹੇ ਗੁਲਦਸਤੇ ਵਾਂਗ ਰਿਹਾ, ਜਿਸ ਵਿੱਚ ਹਰ ਕਵੀ ਇੱਕ ਵੱਖਰੇ ਰੰਗ ਅਤੇ ਖੁਸ਼ਬੂ ਵਾਲੇ ਫੁੱਲ ਵਾਂਗ ਸੀ। ਜ਼ੂਮ ਰਾਹੀਂ ਜੁੜੇ ਸਰੋਤਿਆਂ ਨੇ ਕਵੀਆਂ ਦੀਆਂ ਬਿਹਤਰੀਨ ਪੇਸ਼ਕਾਰੀਆਂ 'ਤੇ ਖੁੱਲ੍ਹ ਕੇ ਦਾਦ ਦਿੱਤੀ ਅਤੇ ਅਖੀਰ ਤੱਕ ਇਸ ਸਾਹਿਤਕ ਰੰਗ ਵਿੱਚ ਰੰਗੇ ਰਹੇ।

ਸਮਾਗਮ ਦੇ ਅਖੀਰ ਵਿੱਚ ਦੋਵਾਂ ਸਭਾਵਾਂ ਦੇ ਪ੍ਰਬੰਧਕਾਂ ਵੱਲੋਂ ਸਮੂਹ ਸ਼ਾਇਰਾਂ, ਦਰਸ਼ਕਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਜਿਊਂਦਾ ਰੱਖਣ ਲਈ ਅਜਿਹੇ ਸਾਹਿਤਕ ਸਮਾਗਮ ਬਹੁਤ ਮਹੱਤਵਪੂਰਨ ਹਨ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਲਮੀਂ ਸਾਂਝ ਅਤੇ ਸਾਹਿਤਕ ਮਿਲਾਪ ਜਾਰੀ ਰਹੇਗਾ। ਇਸ ਤਰ੍ਹਾਂ ਇਹ 'ਮਦਰਜ਼ ਡੇਅ' ਵਿਸ਼ਵ ਭਰ ਦੇ ਪੰਜਾਬੀ ਸਾਹਿਤ ਪ੍ਰੇਮੀਆਂ ਲਈ ਇੱਕ ਮਿਆਰੀ ਅਤੇ ਕਦੇ ਨਾ ਭੁੱਲਣ ਵਾਲੀ ਯਾਦ ਹੋ ਨਿੱਬੜਿਆ। ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਹਲ ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਸਮਾਗਮ ਦੀ ਰੂਹਾਨੀਅਤ ਨੂੰ ਅੰਤ ਤੱਕ ਬਰਕਰਾਰ ਰੱਖਿਆ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال