![]() |
ਰੀਵਿਊਕਾਰ ਉਜਾਗਰ ਸਿੰਘ |
ਸਰਬਜੀਤ ਕੰਗਣੀਵਾਲ ਇੱਕ ਪ੍ਰਤੀਬੱਧ ਪੱਤਰਕਾਰ ਹੈ। ਇਸ ਸਮੇਂ ਉਹ ਸਥਾਪਤ ਹੋ ਚੁੱਕਾ ਲੇਖਕ, ਪੱਤਰਕਾਰ ਅਤੇ ਸੰਪਾਦਕ ਹੈ। ਪ੍ਰੰਤੂ ‘ਸੰਪਾਦਕੀ ਪੰਨਾ ਤੇ ਮਿਡਲ’ ਉਸਦੀ ਪਲੇਠੀ ਪੁਸਤਕ ਹੈ। ਇਸ ਪੁਸਤਕ ਤੋਂ ਬਾਅਦ ਉਹ ਤਿੰਨ ਪੁਸਤਕਾਂ ਲਿਖ ਚੁੱਕਾ ਹੈ, ਜਿਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਉਸਦੀ ‘ਪੰਜਾਬ ਦੀ ਖੱਬੀ ਪੱਖੀ ਲਹਿਰ’ (ਬਸਤੀਵਾਦ ਤੋਂ ਮੁਕਤੀ ਤੱਕ) ਦੀ ਪਹਿਲੀ ਜਿਲਦ ਪੁਸਤਕ ਹੈ। ਇਸ ਪੁਸਤਕ ਦੀ ਦੂਜੀ ਜਿਲਦ ਪ੍ਰਕਾਸ਼ਨਾ ਅਧੀਨ ਹੈ। ਉਸਦੀ ਇੱਕ ਹੋਰ ਪੁਸਤਕ ‘ਪੱਤਰਕਾਰਿਤਾ ਸਮਾਜ ਏਂਵ ਬਾਜ਼ਾਰ’ ਹਿੰਦੀ ਵਿੱਚ ਪ੍ਰਕਾਸ਼ਤ ਹੋਈ ਹੈ। ਚਰਚਾ ਅਧੀਨ ‘ਸੰਪਾਦਕੀ ਪੰਨਾ ਤੇ ਮਿਡਲ’ ਪੁਸਤਕ ਵਿੱਚ ਉਸ ਦੇ ਦੇਸ਼ ਸੇਵਕ ਅਖ਼ਬਾਰ ਦੇ ਸੰਪਾਦਕੀ ਪੰਨੇ ‘ਤੇ ਪ੍ਰਕਾਸ਼ਤ ਹੋਏ ਛੋਟੇ-ਛੋਟੇ ਅਠਾਈ ਮਿਡਲ ਤੇ ਲੇਖ ਹਨ, ਜਿਨ੍ਹਾਂ ਨੂੰ ਮਿਡਲ ਕਿਹਾ ਜਾਂਦਾ ਹੈ। ਇਹ ਮਿਡਲ ਲੇਖ ਉਸ ਸਮੇਂ ਇੱਕ ਨਵੀਂ ਤਕਨੀਕ ਸੀ, ਜੋ ਅੱਜ ਕਲ੍ਹ ਕਾਫ਼ੀ ਪ੍ਰਚਲਤ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸੰਪਾਦਕੀ ਪੰਨੇ ਵਾਲੇ ਲੇਖ ਵੱਡੇ ਤੇ ਬੋਝਲ ਹੁੰਦੇ ਹਨ ਪ੍ਰੰਤੂ ਮਿਡਲ ਕਿਸੇ ਇੱਕ ਵਿਸ਼ੇ ‘ਤੇ ਲਿਖੇ ਛੋਟੇ-ਛੋਟੇ ਤੇ ਦਿਲਚਸਪ ਹੁੰਦੇ ਹਨ। ਸਰਬਜੀਤ ਕੰਗਣੀਵਾਲ ਨੇ ਇਹ ਲੇਖ ਆਪਣੀ ਨਿੱਜੀ ਜ਼ਿੰਦਗੀ ਦੇ ਤਜ਼ਰਬਿਆਂ ‘ਤੇ ਅਧਾਰਤ ਲਿਖੇ ਹਨ। ਨਿੱਜੀ ਹੋਣ ਕਰਕੇ ਪਰਸਨਲ ਟੱਚ ਦਿੱਤੀ ਗਈ ਹੈ, ਜਿਸ ਕਰਕੇ ਇਹ ਦਿਲਚਸਪ ਬਣ ਗਏ ਹਨ। ਇਸ ਪੁਸਤਕ ਦੀ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਕਿ ਇਹ ਸਾਡੀ ਦਿਹਾਤੀ ਸ਼ਬਦਾਵਲੀ ਨੂੰ ਸਾਂਭ ਕੇ ਰੱਖਣ ਵਿੱਚ ਸਹਾਈ ਹੋਵੇਗੀ। ਇਸ ਸਮੇਂ ਇਹ ਸ਼ਬਦਾਵਲੀ ਅਲੋਪ ਹੋ ਰਹੀ ਹੈ। ਪਹਿਲਾ ਮਿਡਲ ‘ਦੀਵੇ ਥੱਲੇ ਹਨ੍ਹੇਰਾ’ ਛੋਟੇ ਬੱਚਿਆਂ ਦੀ ਬਾਲ ਮਜ਼ਦੂਰੀ ਸੰਬੰਧੀ ਵਿਦਿਆ ਦੇ ਕੇਂਦਰ ਯੂਨੀਵਰਸਿਟੀ ਵਿੱਚ ਸ਼ੰਕਰ ਨਾਂ ਦਾ ਬੱਚਾ ਪੜ੍ਹਨ ਦੀ ਉਮਰ ਮੈਸ ਬੁਆਏ ਦੇ ਤੌਰ ‘ਤੇ ਕੰਮ ਕਰਦਾ ਹੋਇਆ ਹੋਸਟਲ ਦੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਪ੍ਰੇਰਤ ਕਰਦਾ ਹੈ। ਦੂਜਾ ਮਿਡਲ ‘ਮੱਲ, ਮਾਵਾ ਅਤੇ ਮਾਲੀ’ ਪਿੰਡਾਂ ਵਿੱਚੋਂ ਖੇਡਾਂ ਖਾਸ ਤੌਰ ‘ਤੇ ਪਹਿਲਵਾਨੀ ਦੇ ਅਲੋਪ ਹੋਣ ਅਤੇ ਖਾਣ ਪੀਣ ਦੀਆਂ ਆਦਤਾਂ ਤੇ ਕਿੰਤੂ-ਪ੍ਰੰਤੂ ਕਰਦਾ ਹੈ। ‘ਸ਼ਾਂਤੀ ਅਜੇ ਸ਼ਾਂਤ ਹੈ’ ਮਿਡਲ ਬੇਰੋਜ਼ਗਾਰੀ ਦੀ ਮੂੰਹ ਬੋਲਦੀ ਤਸਵੀਰ ਅਤੇ ਯੂਨੀਵਰਸਿਟੀਆਂ ਦੀ ਜ਼ਿੰਦਗੀ ਦੇ ਚਸਕੇ ਦਾ ਨਮੂਨਾ ਹੈ। ‘ਬੇਰੋਜ਼ਗਾਰੀ ਦੇ ਜ਼ਖ਼ਮ’ ਵੀ ਬੇਰੋਜ਼ਗਾਰੀ ਅਤੇ ਧਾਰਮਿਕ ਪਖੰਡੀਆਂ ਦੇ ਬੋਲਬਾਲੇ ਸੰਬੰਧੀ ਹੈ। ‘ਇੱਕ ਗੱਲ ਭਾਸ਼ਾ ਦੀ’ ਵਿੱਚ ਦੱਸਿਆ ਹੈ ਕਿ ਪੰਜਾਬੀ ਦੂਜੇ ਸੂਬਿਆਂ ਵਿੱਚੋਂ ਆਏ ਪ੍ਰਵਾਸੀਆਂ ਨੂੰ ਪੰਜਾਬੀ ਸਿੱਖਾਉਣ ਦੀ ਥਾਂ ਉਨ੍ਹਾਂ ਦੀ ਮਿਲਗੋਭਾ ਬੋਲੀ ਬੋਲਣ ਲੱਗ ਜਾਂਦੇ ਹਨ। ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਪੰਜਾਬੀ ਵਿੱਚ ਘਸੋੜ ਰਹੇ ਹਨ। ਬੁੱਧੀਜੀਵੀ ਵਿਦਵਾਨ ਔਖੀ ਸ਼ਬਦਵਲੀ ਬੋਲਣ ਨੂੰ ਹੀ ਵਿਦਵਤਾ ਸਮਝਦੇ ਹਨ। ‘ਗਿੜਦਾ ਪੜੂਆ ਅਤੇ ਪੋਠੋਹਾਰ ਦੀ ਕੁੜੀ’ ਮਿਡਲ ਪੰਜਾਬ ਦੇ ਵਿਕਾਸ ਸੰਬੰਧੀ ਜਾਣਕਾਰੀ ਦਿੰਦਾ ਹੈ। ਆਵਾਜਾਈ ਦੇ ਸਾਧਨ ਪਹਿਲਾਂ, ਟਾਂਗੇ, ਟੈਪੂ ਭੂੰਡ, ਬੱਸਾਂ ਅਤੇ ਜ਼ਹਾਜਾਂ ਤੱਕ ਪਹੁੰਚ ਗਏ ਹਨ ਪ੍ਰੰਤੂ ਇਸ ਵਿੱਚ ਗ਼ਰੀਬਾਂ ਦੇ ਰੋਜ਼ਗਾਰ ਖੁਸ ਜਾਣ ਦਾ ਦੁੱਖ ਵੀ ਪ੍ਰਗਟ ਹੁੰਦਾ ਹੈ। ‘ਦੋ ਪੱਤਾਂ ਨਿਕਲ ਲੈਣ’ ਵਿੱਚ ਪਿੰਡਾਂ ਦੀ ਜ਼ਿੰਦਗੀ ਵਿੱਚ ਮਿਹਨਤ ਕਰਨ ਕਰਕੇ ਤੰਦਰੁਸਤੀ ਰਹਿੰਦੀ ਸੀ, ਸੈਰ ਕਰਨ ਦੀ ਲੋੜ ਨਹੀਂ ਪੈਂਦੀ ਸੀ ਪ੍ਰੰਤੂ ਹੁਣ ਮਿਹਨਤ ਨਾ ਕਰਨ ਕਰਕੇ ਸੈਰ ਜ਼ਰੂਰੀ ਬਣ ਗਈ ਹੈ। ਗ਼ਰੀਬਾਂ ਦੀ ਮਿਹਨਤ ਹੀ ਸੈਰ ਹੁੰਦੀ ਸੀ। ‘ਕਬਰਾਂ ਵਾਲਾ ਸਕੂਲ’ ਪਹਿਲਾਂ ਸਕੂਲਾਂ ਵਿੱਚ ਦਾਖ਼ਲ ਹੋਣ ਦੀ ਸਮੱਸਿਆ ਨਹੀਂ ਸੀ ਤੇ ਦੀ ਨਾਮਾਤਰ ਫੀਸਾਂ ਵੀ ਦੇਣੀਆਂ ਔਖੀਆਂ ਲਗਦੀਆਂ ਸਨ। ਸਕੂਲਾਂ ਲਈ ਥਾਂ ਤੇ ਇਮਾਰਤ ਦਾ ਮਸਲਾ ਨਹੀਂ ਹੁੰਦੀ ਸੀ, ਜਿਥੇ ਜਗ੍ਹਾ ਮਿਲੀ ਉਥੇ ਸਕੂਲ ਬਣਾ ਲਿਆ, ਪ੍ਰੰਤੂ ਹੁਣ ਪਲੇਅ ਵੇਅ ਸਕੂਲਾਂ ਵਿੱਚ ਦਾਖਲੇ ਲਈ ਬੱਚਿਆਂ ਦੇ ਨਾਲ ਮਾਪਿਆਂ ਦੀ ਇੰਟਰਵਿਊ ਅਤੇ ਫੀਸਾਂ ਅਸਮਾਨ ਨੂੰ ਚੜ੍ਹ ਗਈਆਂ, ਬੱਚੇ ਪੜ੍ਹਾਉਣੇ ਮੁਸ਼ਕਲ ਹੋ ਗਏ। ‘ਖ਼ਤ ਸਮੇਂ ਦੀਆਂ ਸੋਚਾਂ ਦੇ ਪ੍ਰਤੀਕ ਹੁੰਦੇ ਸਨ’ ਮਿਡਲ ਵਿੱਚ ਕਬੂਤਰਾਂ ਅਤੇ ਖ਼ਤਾਂ ਰਾਹੀਂ ਸੰਦੇਸ਼ਾਂ ਦੀ ਅਹਿਮੀਅਤ ਹੁੰਦੀ ਸੀ। ਮੋਹ ਮੁਹੱਬਤ ਅਤੇ ਦੁੱਖ ਤਕਲੀਫ਼ ਦੇ ਸਹਾਈ ਹੁੰਦੇ ਸਨ। ਹੁਣ ਖ਼ਤ ਲਿਖਣੇ ਬੰਦ ਹੋ ਗਏ ਆਧੁਨਿਕਤਾ ਨੇ ਸਥਾਨ ਲੈ ਲਿਆ ਹੈ। ਪਹਿਲਾਂ ਖ਼ਤ ਇਤਿਹਾਸ ਦਾ ਹਿੱਸਾ ਬਣਦੇ ਸਨ। ‘ਡੈਕ ‘ਤੇ ਕੱਵਾਲੀਆਂ ਵੱਜਣ ਲੱਗੀਆਂ’ ਵਿੱਚ ਧਾਰਮਿਕ ਸੰਸਥਾਵਾਂ ਵਿੱਚ ਆਈ ਗਿਰਾਵਟ ਅਤੇ ਡੇਰਾਵਾਦ ਪੈਸੇ ਕਮਾਉਣ ਦਾ ਨਵਾਂ ਪੈਂਤੜਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ‘ਹਰ ਸੀਨੇ ਦੇ ਅੰਦਰ ਦਿਲ ਹੈ’ ਵਿੱਚ ਚੰਡੀਗੜ੍ਹ ਨੂੰ ਇੱਕ ਪਾਸੇ ਪੱਥਰਾਂ ਦਾ ਸ਼ਹਿਰ ਕਹਿੰਦੇ ਹਨ ਪ੍ਰੰਤੂ ਇਥੇ ਵੀ ਦਿਲ ਧੜਕਦੇ ਹਨ। ਇੱਕ ਦੂਜੇ ਦੇ ਦਿਲਾਂ ਦੇ ਜਾਨੀ ਹਨ। ਦੁੱਖ ਸੁੱਖ ਦੇ ਸਾਥੀ ਹਨ। ‘ਰੋਲੀ ਰੋਲ ਮਾਰੀ ਜਾ ਰਹੇ ਨੇ’ ਪੁਰਾਣੇ ਸਮਿਆਂ ਵਿੱਚ ਧੋਖੇ ਘੋਲਾਂ ਸਮੇਂ ਪਹਿਲਵਾਨਾ ਨੇ ਕਰਨੇ ਤੇ ਅੱਜ ਕਲ੍ਹ ਖੇਡਾਂ ਵਿੱਚ ਰੋਲੀ ਭਾਵ ਰਲ ਮਿਲਕੇ ਖੇਡਾਂ ਖੇਡਣੀਆਂ ਤੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ। ਸਿਆਸਤਦਾਨ ਵੀ ਘੱਟ ਨਹੀਂ ਹਨ। …‘. . . ਏਨੀ ਕੁ ਕਾਣ ਤਾਂ ਚੱਲੂਗੀ’ ਮਿਡਲ ਇੱਕ ਮਾਹਿਰ ਦੇ ਨਾਲ ਦੂਜੇ ਅਨੋਭੜ ਵਿਅਕਤੀ ਦਾ ਕੰਮ ਵੀ ਚਲ ਜਾਂਦਾ ਹੈ, ਜਿਵੇਂ ਦਾਸ਼ੀ ਦਾ ਆਪਣੇ ਭਰਾ ਨਾਲ ਕੰਮ ਚਲ ਗਿਅ। ‘ਅਸੀਂ ਦੋ ਸੌ ਦੇ ਕੇ ਜਾਨ ਛੁਡਾਈ’ ਵਿੱਚ ਦੱਸਿਆ ਹੈ ਕਿ ਇੱਕ ਪਾਸੇ ਤਾਂ ਗਊ ਨੂੰ ਮਾਤਾ ਕਿਹਾ ਜਾਂਦਾ ਹੈ, ਦੂਜੇ ਪਾਸੇ ਉਨ੍ਹਾਂ ਨੂੰ ਸੰਭਾਲਿਆ ਨਹੀਂ ਜਾਂਦਾ, ਜਦੋਂ ਉਹ ਦੁੱਧ ਦੇਣ ਜਾਂ ਵੱਛੇ ਕੰਮ ਦੇ ਨਹੀਂ ਰਹਿੰਦੇ ਤਾਂ ਉਨ੍ਹਾਂ ਨੂੰ ਅਵਾਰਾ ਛੱਡ ਦਿੱਤਾ ਜਾਂਦਾ ਹੈ। ‘ਕਿਤਾਬਾਂ ਦੇ ਸ਼ਕੀਨ’ ਮਿਡਲ ਵਿੱਚ ਪੁਸਤਕਾਂ ਤੇ ਅਖ਼ਬਾਰਾਂ ਦੀ ਪੜ੍ਹਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਹੈ। ਦੋਵੇਂ ਗਿਆਨ ਅਤੇ ਜਾਣਕਾਰੀ ਵਿੱਚ ਵਾਧਾ ਕਰਦੇ ਹਨ। ‘ਗੋਰੇ ਖੂਹ ਦੀ ਮੌਣ’ ਸਿੰਜਾਈ ਅਤੇ ਪੀਣ ਵਾਲੇ ਪਾਣੀ ਲਈ ਵਰਤੇ ਜਾਂਦੇ ਸਾਧਨਾ ਵਿੱਚ ਖੂਹ ਇੱਕ ਮੁੱਖ ਸੋਮਾ ਸੀ। ਹਰ ਖੂਹ ਦੀ ਆਪੋ ਆਪਣੀ ਮਹੱਤਤਾ ਹੁੰਦੀ ਸੀ। ਇਨ੍ਹਾਂ ਖੂਹਾਂ ਦੇ ਨਾਮ ਕਿਸੇ ਘਟਨਾ ਨਾਲ ਜੁੜੇ ਹੁੰਦੇ ਸਨ। ਸਵੱਛ ਤੇ ਸਾਫ ਸੁਥਰਾ ਪਾਣੀ ਪੀਣ ਦੀ ਨਸੀਹਤ ਵੀ ਦਿੰਦਾ ਹੈ। ‘ਫਿਰ ਉਸੇ ਗਾਣੇ ਦੇ ਬੋਲ ਗੂੰਜਦੇ ਨੇ’ ਮਿਡਲ ਵਿੱਚ ਪੁਰਾਣੇ ਸਮੇਂ ਦੇ ਵੈਲੀਆਂ ਅਤੇ ਵਰਤਮਾਨ ਕਾਕਿਆਂ ਨੂੰ ਇੱਕ ਸਿੱਕੇ ਦੇ ਦੋ ਪਾਸੇ ਕਿਹਾ ਹੈ, ਜਿਹੜੇ ਗ਼ਲਤ ਆਦਤਾਂ ਤੇ ਹਰਕਤਾਂ ਕਰਕੇ ਜਾਣੇ ਜਾਂਦੇ ਹਨ। ‘ਬੌਸ ਦੀ ਦੋੜੀ’ ਵਿਚ ਦੱਸਿਆ ਗਿਆ ਹੈ ਕਿ ਵਿਭਾਗਾਂ ਵਿੱਚ ਸੀਨੀਅਰ ਅਧਿਕਾਰੀ ਕਾਨੂੰਨਾਂ ਨੂੰ ਛਿੱਕੇ ‘ਤੇ ਟੰਗ ਕੇ ਮਨਮਾਨੀਆਂ ਕਰਦੇ ਹਨ। ਜ਼ੋਰ ਜ਼ਬਰਦਸੀ ਭਾਰੂ ਹੈ। ‘ਯੂ.ਜੀ.ਸੀ.ਦਾ ਮੇਲਾ’ ਪੈਸੇ ਇਕੱਠੇ ਕਰਨ ਦਾ ਸਾਧਨ ਬਣਿਆਂ ਹੋਇਆ ਹੈ। ਸਿਖਿਆ ਦਾ ਕੇਂਦਰੀਕਰਨ ਕਰਨ ਵੱਲ ਕਦਮ ਹੈ। ਸਥਾਨਕ ਭਾਸ਼ਾਵਾਂ ਨੂੰ ਅਣਡਿਠ ਕੀਤਾ ਜਾਂਦਾ ਹੈ। ਖੋਜ ਦੀ ਪ੍ਰਵਿਰਤੀ ਨੂੰ ਨੁਕਸਾਨ ਕਰਦੇ ਹਨ। ‘ਨਾਨਕਿਆਂ ਦੀ ਯਾਦ’ ਵਿੱਚ ਲਿਖਿਆ ਹੈ ਕਿ ਪੁਰਾਣੇ ਸਮੇਂ ਸਕੂਲਾਂ ਵਿੱਚ ‘ਵਾਢੀਆਂ ਦੀਆਂ ਛੁਟੀਆਂ ’ ਹੁੰਦੀਆਂ ਸਨ, ਅੱਜ ਕਲ੍ਹ ਉਨ੍ਹਾਂ ਨੂੰ ਗਰਮੀਆਂ ਦੀਆਂ ਛੁਟੀਆਂ ਕਹਿੰਦੇ ਹਨ ਕਿਉਂਕਿ ਬੱਚਿਆਂ ਨੇ ਵਾਢੀਆਂ ਵੇਖੀਆਂ ਹੀ ਨਹੀਂ। ਨਾਨਕੇ ਜਾਣ ਦਾ ਰਿਵਾਜ਼ ਵੀ ਖ਼ਤਮ ਹੋ ਗਿਆ, ਹੁਣ ਬੱਚੇ ਛੁੱਟੀਆਂ ਵਿੱਚ ਸੈਰ ਕਰਨ ਜਾਂਦੇ ਹਨ। ‘ਫ਼ੌਜੀ ਰੱਮ’ ਫ਼ੌਜੀਆਂ ਲਈ ਆਨੰਦ ਮਾਨਣ ਦਾ ਸਾਧਨ ਹੁੰਦੀ ਹੈ, ਇਸ ਦੇ ਵਰਤਣ ਨਾਲ ਸਰੀਰਕ ਨੁਕਸਾਨ ਵੀ ਹੁੰਦਾ ਹੈ। ਲੜਾਈ ਦਾ ਕਾਰਨ ਵੀ ਬਣਦੀ ਹੈ। ‘ ਜੱਟ ਮਚਲਾ, ਖ਼ੁਦਾ ਨੂੰ ਲੈ ਗਏ ਚੋਰ. . .’ ਵਿੱਚ ਜੱਟ ਦੇ ਅੱਖੜੇ ਸੁਭਾਅ ਦਾ ਵਰਣਨ ਕੀਤਾ ਗਿਆ ਹੈ। ਅੱਜ ਕਲ੍ਹ ਜੱਟਾਂ ਦੇ ਬੱਚੇ ਖੇਤੀ ਦਾ ਕੰਮ ਕਰਨੋ ਹੱਟ ਗਏ, ਉਹ ਤਾਂ ਸ਼ੌਕੀਨ ਹੋ ਗਏ। ਇਸ ਕਰਕੇ ਆਰਥਿਕ ਤੌਰ ਤੇ ਕਮਜ਼ੋਰ ਹੋ ਗਏ। ‘ਵਹਿੜਕੇ ਨੇ ਗਲ਼ ਵਿੱਚ ਬਾਂਹ ਪਵਾ ਦਿੱਤੀ’ ਵਿੱਚ ਦੱਸਿਆ ਹੈ ਕਿ ਜਿਹੜਾ ਵਿਅਕਤੀ ਕੰਮ ਜਾਣਦਾ ਹੈ, ਉਹੀ ਕਰ ਸਕਦਾ ਹੈ, ਭਾਵ ਜਿਸਕਾ ਕਾਮ ਉਸੀ ਕੋ ਸਾਜੇ ਦੂਸਰੇ ਕੀ ਤੋਂ ਬਾਂਸਰੀ ਵਾਜੇ ਦੀ ਕਹਾਵਤ ਢੁਕਦੀ ਹੈ। ‘ਨਾਮਾ ਨਾਈ ਤੇ ਗਾਡੀ ਵਾਲਾ ਬਾਬੂ’ ਆਧੁਨਿਕਤਾ ਦੇ ਆਉਣ ਨਾਲ ਗ਼ਰੀਬਾਂ ਦਾ ਨੁਕਸਾਨ ਹੋ ਗਿਆ ਹੈ। ਪੁਰਾਣੇ ਕਿੱਤੇ ਖ਼ਤਮ ਹੋ ਰਹੇ ਹਨ। ‘ਹਿੰਦੁਸਤਾਨ ਤਾਲਿਬਾਨ’ ਵਿੱਚ ਲੜਕੀਆਂ ਤੇ ਭਾਰਤ ਵਿੱਚ ਵੀ ਤਾਲਬਾਨੀਆਂ ਦੀ ਤਰ੍ਹਾਂ ਪਾਬੰਦੀਆਂ ਲਾ ਕੇ ਉਨ੍ਹਾਂ ਦੇ ਨਿੱਜੀ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ‘ਤਵਿਆਂ ਤਵਿਆਂ ਵਾਲਾ’ ਅਤੇ ‘ਤਾਇਆ ਅਰਜਨ’ ਦੋਵੇਂ ਪਿੰਡਾਂ ਦੇ ਲੋਕਾਂ ਖਾਸ ਤੌਰ ‘ਤ ਛੜਿਆਂ ਦੇ ਸ਼ੌਕ ਤੇ ਸੁਭਾਅ ਅਵੱਲੇ ਹੁੰਦੇ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
107 ਪੰਨਿਆਂ, 20 ਰੁਪਏ ਕੀਮਤ ਵਾਲੀ ਇਹ ਪੁਸਤਕ ਦੇਸ਼ ਸੇਵਕ ਪ੍ਰਿੰਟਰਜ਼ 29 ਡੀ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ: ਸਰਬਜੀਤ ਕੰਗਨੀਵਾਲ: 9780036118
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Tags
#Punjab
Book review
Sampadki Panna te Middel
Sarabjit Kangniwal
The Hind Canadian Times
Ujagar Singh
