ਵੰਡ ਦੀ ਦਾਸਤਾਨ ਵਿਛੋੜਾ ( ਇੱਕ ਦਰਦ )


Punjab (The Hind Canadian Times) : ਵੰਡ ਦੀ ਦਾਸਤਾਨ ਤੇ ਅਧਾਰਿਤ " ਵਿਛੋੜਾ ( ਇੱਕ ਦਰਦ ) " ਕੇਵਲ ਨਾਵਲ ਹੀ ਨਹੀਂ ਸਗੋਂ ਸਮੇਂ ਦੇ ਦਰਦ ਦਾ ਹੂ ਬ ਹੂ ਦਰਪਣ ਹੈ ਜਿਸ ਵਿੱਚ ਦਰਦਨਾਕ ਮੰਜ਼ਰ ਵੇਖ ਕੇ ਰੂਹ ਕੰਬਦੀ ਤੇ ਹਿਰਦੇ ਵਲੂੰਧਰੇ ਜਾਂਦੇ ਹਨ। ਨਾਵਲ ਦੇ ਲੇਖਕ ਸ. ਗੁਰਦੀਪ ਸਿੰਘ ਲੋਟੇ ਹਨ। ਨਾਵਲ ਨੂੰ ਜੇ ਨੀ ਪਬਲੀਕੇਸ਼ਨ ਪਟਿਆਲਾ ਨੇ ਛਾਪਿਆ ਹੈ। ।ਇਹ ਨਾਵਲ 1947 ਦੀ ਵੰਡ ਤੋਂ ਲੈ ਕੇ 1971 ਦੀ ਜੰਗ ਤੱਕ ਦੇ 24 ਵਰਿਆਂ ਦੇ ਅਸਹਿ ਤੇ ਅਕਹਿ ਵਿਛੋੜੇ ਦੇ ਦਰਦ ਦੀ ਕਹਾਣੀ ਆ ਜਿਸ ਨੂੰ ਪੜ੍ਹ ਮਹਿਸੂਸ ਕਰਦਿਆਂ ਆਪ ਮੁਹਾਰੇ ਅੱਥਰੂ ਵਹਿ ਤੁਰਦੇ ਨੇ। ਸੰਤਾਲੀ ਦੀ ਵੰਡ ਨੇ ਕੇਵਲ ਦੇਸ਼ ਹੀ ਨਹੀੰ ਵੰਡੇ ਸਗੋਂ ਮੋਹ ਪਿਆਰ ਦੇ ਰਿਸ਼ਤੇ ਤੇ ਸੱਭਿਆਚਾਰਕ ਭਾਈਚਾਰੇ ਨੂੰ ਲੀਰੋਂ ਲੀਰ ਕਰਦਿਆਂ ਮੋਹ ਪਿਆਰ ਉੱਤੇ ਨਫ਼ਰਤ ਦੀ ਧੁੰਧ ਫੈਲੀ। ਇਸ ਨਾਵਲ ਨੂੰ ਪੜ੍ਹਦਿਆਂ ਪਾਠਕ ਦੀ ਪਾਤਰਾਂ ਨਾਲ ਦਿਲੋਂ ਸਾਂਝ ਬਣਦੀ ਹੈ। ਸੰਤਾਲੀ ਦੀ ਵੰਡ ਨੇ ਅਜਿਹੇ ਦਰਦ ਸਿਰਜ਼ੇ ਜੋ ਅੱਜ ਵੀ ਨਸੂਰ ਬਣੇ ਹੋਏ ਨੇ। ਸੰਤਾਲੀ ਦੀ ਹੈਵਾਨੀਅਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਅਜਿਹਾ ਕਲੰਕ ਲਾਇਆ ਜਿਸ ਕਾਲਖ਼ ਨੂੰ ਧੋਇਆ ਨਹੀਂ ਜਾ ਸਕਦਾ। ਇਹ ਨਾਵਲ ਪਾਕਿਸਤਾਨ ਦੇ ਪਿੰਡ ਭੰਨੂ ਚੱਕ ਦੀ ਕਹਾਣੀ ਹੈ ਜਿੱਥੇ ਸਿੱਖ ਪਰਿਵਾਰ ਤੇ ਆਪਣੇ ਹੀ ਪਿੰਡ ਦੇ ਭਰਾਵਾਂ ਵਰਗੇ ਮੁਸਲਿਮ ਯਾਰ ਰਹਿਮਤ ਨੇ ਸਾਥੀਆਂ ਨਾਲ ਮਿਲ ਹੈਵਾਨੀਅਤ ਦਾ ਅਜਿਹਾ ਨੰਗਾਂ ਨਾਚ ਨਚਾਇਆ ਜਿਸ ਨੂੰ ਬਿਆਨ ਕਰਦਿਆਂ ਵੀ ਹੱਥ ਕੰਬਦੇ ਹਨ। ਸਿੱਖ ਪਰਿਵਾਰ ਦੋ ਮੈਂਬਰ ਨਫ਼ਰਤ ਦੀ ਅੱਗ ਵਿੱਚ ਮਾਰੇ ਗਏ, ਪਰਿਵਾਰ ਦੀ ਇੱਕ ਪੋਤੀ ਮੀਰਾ ਆਪਣੇ ਦਾਦੇ ਨਾਲ ਉੱਜੜਕੇ ਭਾਰਤ ਅੰਮ੍ਰਿਤਸਰ ਦੇ ਨੇੜੇ ਪਿੰਡ ਸਲੀਮਪੁਰਾ ਵਿਖੇ ਰਹਿਣ ਲੱਗੀ ਤੇ ਦੂਜੀ ਪੋਤੀ ਸੀਰਾ ਪਾਕਿਸਤਾਨ ਹੀ ਰਹਿ ਗਈ। ਸੀਰਾ ਨਾਲ ਜੋ ਦਰਦਨਾਕ ਵਰਤਾਰਾ ਹੋਇਆ ਉਸਨੂੰ ਪੜ੍ਹ ਕਲੇਜਾ ਬਾਹਰ ਆਉਂਦਾ। ਰਿਸ਼ਤੇਦਾਰ ਵੀ ਸਰਹਾਲੀ ਖੁਰਦ ਤੋਂ ਉੱਜੜ ਫਿਰੋਜ਼ਪੁਰ ਵੱਸਦੇ ਹਨ। ਭੈਣਾਂ ਸੀਰਾ ਤੇ ਮੀਰਾ ਦੇ ਦਰਦ ਨੂੰ ਦਰਸਾਉਂਦਾ ਨਾਵਲ ਕੇਵਲ ਇੱਕ ਪਰਿਵਾਰ ਦੀ ਕਹਾਣੀ ਨਹੀਂ ਸਗੋਂ ਸਭ ਪਰਿਵਾਰਾਂ ਦੀ ਕਹਾਣੀ ਆ ਜਿੰਨਾਂ ਦੇ ਦਰਦ ਅੱਜ ਵੀ ਅੱਲੇ ਹਨ।

     ਲੇਖਕ ਦੀ ਲੇਖਣੀ ਆਸ਼ਾਵਾਦੀ ਹੈ। ਲੇਖਕ ਪਾਤਰਾਂ ਨਾਲ ਇਨਸਾਫ਼ ਕਰਦਾ ਹੈ ਜਿੱਥੇ ਰਹਿਮਤ ਵਰਗੇ ਮੁਸਲਮਾਨ ਦਰਿੰਗਦੀ ਤੇ ਵਹਿਸ਼ੀਪੁਣੇ ਕਾਰਨ ਘਿਰਣਾਂ ਦੇ ਪਾਤਰ ਹਨ ਉੱਥੇ ਕਾਸਿਮ ਵਰਗੇ ਮੁਸਲਮਾਨ ਆਪਣੀ ਜਾਨ ਦੇ ਕੇ ਸਿੱਖ ਪਰਿਵਾਰ ਨੂੰ ਬਚਾਉਂਦੇ ਹਨ। ਨਾਵਲ ਵਿੱਚ ਘੋਰ ਨਿਰਾਸ਼ਾ ਤੇ ਵੀ ਆਸ਼ਾ ਦੀ ਕਿਰਨ ਜਗਦੀ ਰਹਿੰਦੀ ਹੈ , ਹਿੰਮਤ ਤੇ ਹੌਸਲਾ ਬਰਕਰਾਰ ਰਹਿੰਦਾ ਹੈ।

          ਸ. ਗੁਰਦੀਪ ਸਿੰਘ ਲੋਟੇ ਦਾ ਨਾਵਲ " ਵਿਛੋੜਾ ( ਇੱਕ ਦਰਦ ) ਪਾਠਕਾਂ ਨੂੰ ਖਿੱਚ ਕੇ ਰੱਖਦਾ ਹੈ , ਸਾਰੇ ਪਾਤਰ ਜਿਉਂਦੇ ਜਾਗਦੇ ਅੱਖਾਂ ਸਾਹਮਣੇ ਮਹਿਸੂਸ ਹੁੰਦੇ ਹਨ। ਪਾਠਕ ਦਰਦ ਨੂੰ ਮਹਿਸੂਸ ਕਰਦਿਆਂ ਓਸੇ ਦੌਰ ਵਿੱਚ ਗੁਆਚ ਜਾਂਦੇ ਹਨ। ਨਾਵਲ ਦੀ ਭਾਸ਼ਾ ਸਰਲ ਤੇ ਸਪੱਸ਼ਟ ਹੁੰਦਿਆਂ ਭਾਵਨਾਤਮਕ ਪੱਧਰ ਦਾ ਸਿਰਾ ਹੈ। ਮੈਂ ਏਸ ਸਫ਼ਲ ਲੇਖਣੀ ਲਈ ਗੁਰਦੀਪ ਸਿੰਘ ਲੋਟੇ ਦੀ ਹੌਸਲਾ ਅਫ਼ਜਾਈ ਕਰਦਿਆਂ ਦੁਆ ਕਰਦਾਂ ਕਿ ਗੁਰਦੀਪ ਸਿੰਘ ਲੋਟੇ ਦੀ ਕਲਮ ਦੇਸ਼ ਵਿਦੇਸ਼ ਤੋਂ ਹੁੰਦਿਆਂ ਖੰਡਾਂ ਬ੍ਰਹਿਮੰਡਾਂ ਵਿੱਚ ਗੂੰਜੇ।

ਇਕਬਾਲ ਸਿੰਘ ਪੁੜੈਣ 

     

Previous Post Next Post

نموذج الاتصال