ਪੰਜਾਬੀ, ਹਿੰਦੀ ਅਤੇ ਇਤਾਲਵੀ ਭਾਸ਼ਾ ਦਾ ਸਾਂਝਾ ਸਾਹਿਤਿਕ ਸਮਾਗਮ ।
ਉੱਘੇ ਚਿੰਤਕ, ਕਵੀ ਤੇ ਨਾਟਕਕਾਰ ਅਮਰਜੀਤ ਸਿੰਘ ਗਰੇਵਾਲ (ਪੰਜਾਬ ,ਭਾਰਤ), ਇਤਾਲਵੀ ਕੌਂਸਲਰ ਮਾਸੀਮੋ ਬਿਲੈਈ (ਇਟਲੀ), ਅਧਿਆਪਕ, ਅਨੁਵਾਦਕ ਤੇ ਆਲੋਚਕ ਸੁਰੀਤੀ ਰਘੂਨੰਦਨ (ਮੌਰੀਸ਼ਸ)ਤੇ ਵੱਖ ਵੱਖ ਕਵੀਆਂ ਨੇ ਲਿਆ ਭਾਗ
ਵਿਚਾਰ ਚਰਚਾ ਦੌਰਾਨ ਇਤਾਲਵੀ ਕੌਂਸਲਰ ਅਤੇ ਬਹੁ ਪੱਖੀ ਸ਼ਖਸ਼ੀਅਤ ਮਾਸੀਮੋ ਬਿਲੈਈ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਸਾਰ ਵਿੱਚ ਸ਼ਾਂਤੀ ਪੈਦਾ ਕਰਨ ਲਈ ਸਾਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਜਿਸ ਲਈ ਸੰਵਾਦ ਸਭ ਤੋਂ ਵੱਡਾ ਹਥਿਆਰ ਹੈ। ਇਸ ਤਰਾਂ ਮੌਰੀਸ਼ਸ ਤੋਂ ਸ਼ਾਮਿਲ ਸੁਰੀਤੀ ਰਘੂਨੰਦਨ ਨੇ ਵੱਖ ਵੱਖ ਕਵੀਆਂ ਦੀ ਕਵਿਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਹਨਾਂ ਦੀ ਸਮੀਖਿਆ ਵੀ ਕੀਤੀ। ਸੁਰੀਤੀ ਰਘੂਨੰਦਨ ਦਾ ਖਾਸ ਪੱਖ ਰਿਹਾ ਕਿ ਉਹ ਮੌਰੀਸ਼ਸ਼ ਵਿੱਚ ਲੰਮੇ ਸਮੇਂ ਤੋਂ ਰਹਿੰਦਿਆਂ ਵੀ ਭਾਰਤੀ ਸੰਸਕ੍ਰਿਤੀ ਨਾਲ ਜੁੜੀ ਹੋਈ ਹੈ ਅਤੇ ਪੰਜਾਬੀ ਵੀ ਬਹੁਤ ਸੋਹਣੀ ਬੋਲਦੀ ਹੈ। ਅੰਤ ਵਿੱਚ ਉੱਘੇ ਚਿੰਤਕ, ਕਵੀ ਅਤੇ ਨਾਟਕਕਾਰ ਅਮਰਜੀਤ ਸਿੰਘ ਗਰੇਵਾਲ ਨੇ ਸਮੁੱਚੇ ਸਮਾਗਮ ਦੇ ਪ੍ਰਬੰਧ ਲਈ ਸਭ ਦੀ ਸ਼ਲਾਘਾ ਕਰਦਿਆਂ ਜੰਗ ਅਤੇ ਅਮਨ ਬਾਰੇ ਗਹਿਰੇ ਵਿਚਾਰ ਸਾਂਝੇ ਕੀਤੇ ਅਤੇ ਆਪਣੀ ਲੰਮੀ ਤੇ ਅਰਥ ਭਰਭੂਰ ਕਵਿਤਾ ਅਮਨ ਪੇਸ਼ ਕੀਤੀ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਸਾਰਕ ਮੰਚ ਉੱਪਰ ਸੰਵਾਦ ਹੁੰਦਾ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਵਿਚਾਰ ਹਮੇਸ਼ਾ ਦ੍ਰਿੜ ਇਰਾਦੇ ਨਾਲ ਪੇਸ਼ ਕਰਦੇ ਰਹਿਣਾ ਚਾਹੀਦਾ ਹੈ। ਗੁਰਪ੍ਰੀਤ ਕੌਰ ਗਾਇਦੂ ਗਰੀਸ ਵੀ ਇਸ ਸਮਾਗਮ ਦਾ ਹਿੱਸਾ ਬਣੇ। ਇਸ ਸਮਾਗਮ ਦਾ ਖਾਸ ਪੱਖ ਇਹ ਵੀ ਰਿਹਾ ਕਿ ਵੱਖ ਵੱਖ ਭਾਸ਼ਾਵਾਂ ਦੀਆਂ ਕਵਿਤਾਵਾਂ ਨੂੰ ਪ੍ਰੋ ਜਸਪਾਲ ਸਿੰਘ ਇਟਲੀ ਅਤੇ ਆਰਤੀ ਬਕਸ਼ੀ ਅਨੁਵਾਦ ਕਰਕੇ ਸਭ ਨਾਲ ਸਾਂਝਾ ਕਰਦੇ ਰਹੇ। ਦਲਜਿੰਦਰ ਸਿੰਘ ਰਹਿਲ ਬਹੁਤ ਖੂਬਸੂਰਤੀ ਨਾਲ ਪੰਜਾਬੀ, ਹਿੰਦੀ ਤੇ ਇਤਾਲਵੀ ਕਵੀਆਂ ਅਤੇ ਬੁਲਾਰਿਆਂ ਨੂੰ ਪੇਸ਼ ਕਰਦੇ ਰਹੇ। ਇਸ ਨਿਵੇਕਲੀ ਕਿਸਮ ਦੇ ਬਹੁ ਭਾਸ਼ਾਈ ਸਮਾਗਮ ਨਾਲ ਇੱਕ ਨਵੀਂ ਪਿਰਤ ਪਈ ਹੈ ਜੋ ਇਪਲਾ ਵੱਲੋਂ ਲਗਾਤਾਰ ਜਾਰੀ ਰਹੇਗੀ।
