ਬਾਬਾ ਬਘੇਲ ਸਿੰਘ ਜੀ, ਭਾਈ ਤਾਰਾ ਸਿੰਘ ਜੀ ਵਾਂ ਅਤੇ ਬਾਬਾ ਅਮਰ ਸਿੰਘ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਪਿੰਡ ਭੁੱਸੇ ਵਿਖੇ ਸ਼ਹੀਦੀ ਸਮਾਗਮ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਤੇ ਬਾਬਾ ਹਰਨਾਮ ਸਿੰਘ ਖਾਲਸਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਰਹੀਆਂ ਮੌਜੂਦ


ਅੰਮ੍ਰਿਤਸਰ 26 ਫਰਵਰੀ (The Hind Canadian Times) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਬਘੇਲ ਸਿੰਘ ਜੀ, ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਅਤੇ ਸ਼ਹੀਦ ਬਾਬਾ ਅਮਰ ਸਿੰਘ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਤਰਨ ਤਾਰਨ ਦੇ ਪਿੰਡ ਭੁੱਸੇ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਸੰਬੋਧਨ ਹੁੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਸਦਾ ਯਾਦ ਰੱਖਦੀ ਹੈ ਅਤੇ ਯੋਧਿਆਂ ਦੀਆਂ ਗਾਥਾਵਾਂ 300 ਸਾਲ ਬਾਅਦ ਵੀ ਨੌਜਵਾਨੀ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਅੰਮ੍ਰਿਤ ਦੀ ਸ਼ਕਤੀ ਨੇ ਸਿੱਖਾਂ ਨੂੰ ਬਿਖੜੇ ਸਮੇਂ ਵੀ ਡੋਲਣ ਨਹੀਂ ਦਿੱਤਾ ਅਤੇ ਜੁਲਮ ਵਿਰੁੱਧ ਲੜਨ ਦੀ ਤਾਕਤ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਗੁਰੂ ਬਖ਼ਸ਼ੀ ਇਸੇ ਤਾਕਤ ਨਾਲ ਰਾਜ ਕੀਤੇ ਅਤੇ ਗੁਰੂ ਦੇ ਨਾਂ ’ਤੇ ਸਿੱਕਾ ਚਲਾਇਆ। ਐਡਵੋਕੇਟ ਧਾਮੀ ਨੇ ਸ਼ਹੀਦਾਂ ਦੇ ਇਤਿਹਾਸ ਤੋਂ ਸੇਧ ਲੈ ਕੇ ਆਪਣੀਆਂ ਮਾਣ-ਮੱਤੀਆਂ ਸੰਸਥਾਵਾਂ ਦੀ ਪਹਿਰੇਦਾਰੀ ਕਰਨ ਲਈ ਨੌਜੁਆਨੀ ਨੂੰ ਪ੍ਰੇਰਿਆ।

ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸੰਗਤ ਨੂੰ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਰੋੜ ਸਿੰਘੀਆਂ ਮਿਸਲ ਦੇ ਬਾਬਾ ਬਘੇਲ ਸਿੰਘ ਨੇ ਦਿੱਲੀ ਫਤਹਿ ਕਰਕੇ ਲਾਲ ਕਿਲ੍ਹੇ ’ਤੇ ਖਾਲਸਾਈ ਨਿਸ਼ਾਨ ਝੁਲਾਇਆ ਅਤੇ ਦਿੱਲੀ ਵਿਖੇ ਗੁਰਧਾਮਾਂ ਦੀ ਸੇਵਾ ਸੰਭਾਲ ਵਿਚ ਵੱਡਾ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਅਮਰ ਸਿੰਘ ਅਤੇ ਭਾਈ ਤਾਰਾ ਸਿੰਘ ਜੀ ਵਾਂ ਨੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਮਨਾਉਣਾ ਸਾਡਾ ਕੌਮੀ ਫ਼ਰਜ਼ ਹੈ। ਉਨ੍ਹਾਂ ਸਮਾਗਮ ਵਿਚ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ।

ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਤੇ ਬਾਬਾ ਬੰਤਾ ਸਿੰਘ ਮੁੰਡਾਪਿੰਡ ਨੇ ਵੀ ਸੰਗਤ ਨੂੰ ਕਥਾ-ਵਿਚਾਰਾਂ ਨਾਲ ਨਿਹਾਲ ਕੀਤਾ। ਵੱਖ-ਵੱਖ ਜਥਿਆਂ ਵੱਲੋਂ ਵੀ ਸ਼ਹੀਦਾਂ ਦੇ ਇਹਿਤਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਸਮਾਗਮ ਦੌਰਾਨ ਲੰਗਰਾਂ ਦੀ ਸੇਵਾ ਦਮਦਮੀ ਟਕਸਾਲ ਵੱਲੋਂ ਨਿਭਾਈ ਗਈ।

ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਿੰਸੀਪਲ ਸੁਖਵਿੰਦਰ ਕੌਰ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਰਾਜਿੰਦਰ ਸਿੰਘ ਰੂਬੀ, ਦਮਦਮੀ ਟਕਸਾਲ ਦੇ ਬੁਲਾਰੇ ਬਾਬਾ ਸੁਖਦੇਵ ਸਿੰਘ, ਬਾਬਾ ਗੁਰਬਚਨ ਸਿੰਘ ਸੁਰਸਿੰਘ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਸੁਖਦੇਵ ਸਿੰਘ ਮੱਲਾਂਵਾਲ, ਬਾਬਾ ਹਰੀ ਸਿੰਘ, ਬਾਬ ਸੁੱਖਾ ਸਿੰਘ, ਬਾਬਾ ਬਲਵਿੰਦਰ ਸਿੰਘ ਕੰਬੋਕੇ, ਬਾਬਾ ਊਧਮ ਸਿੰਘ ਲੱਖੇਵਾਲ, ਸ. ਅਮਰਬੀਰ ਸਿੰਘ ਢੋਟ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਦੀਪ ਸਿੰਘ, ਲੰਬਰਦਾਰ ਸ. ਜਸਤਾਰ ਸਿੰਘ, ਸ. ਰੇਸ਼ਮ ਸਿੰਘ, ਜਥੇਦਾਰ ਸਤਨਾਮ ਸਿੰਘ, ਸ. ਦਿਲਬਾਗ ਸਿੰਘ, ਸ. ਜਗੀਰ ਸਿੰਘ, ਗਿਆਨੀ ਸਾਹਬ ਸਿੰਘ ਦਮਦਮੀ ਟਕਸਾਲ, ਸ. ਹਰਭਜਨ ਸਿੰਘ, ਸ. ਮੋਹਨ ਸਿੰਘ, ਸ. ਹਰਜੀਤ ਸਿੰਘ, ਸ. ਅਮਰਜੀਤ ਸਿੰਘ, ਮੈਨੇਜਰ ਸ. ਧਰਮਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ ਖੈਰਾਬਾਦ, ਸ. ਹਰਵਿੰਦਰ ਸਿੰਘ ਤੇ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ।


Previous Post Next Post

نموذج الاتصال