ਐਡਮਿੰਟਨ (ਕਨੇਡਾ) ਦੇ ਮਿੱਲਵੁੱਡ 2047, 61 ਸਟਰੀਟ ਵਿਖੇ ਅੰਤਰ-ਰਾਸ਼ਟਰੀ ਅਧਿਆਪਕ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਬਖ਼ਸ਼ ਸੰਘਾ ਅਤੇ ਜਸਬੀਰ ਸੰਘਾ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸੁਰਜੀਤ ਕੌਰ ਧਾਲੀਵਾਲ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਦਲਬੀਰ ਸਿੰਘ ਰਿਆੜ ਤੇ ਕਾਰਜ ਸਿੰਘ ਨੇ ਆਏ ਹੋਏ ਸਭ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਤੇ ਕਵੀਆਂ ਨੇ ਅਧਿਆਪਕ ਦੀ ਜੀਵਨ ਸ਼ੈਲੀ, ਕਾਰਗੁਜ਼ਾਰੀ, ਕਰਮਠਤਾ, ਨਿਸ ਸਵਾਰਥ, ਮੋਹ, ਪਿਆਰ, ਸਤਿਕਾਰ ਦੀ ਮਿਸਾਲ ਦੇ ਕੇ ਇਤਿਹਾਸ ਦੇ ਅਤੀਤ ਤੇ ਵਰਤਮਾਨ ਹਾਲਾਤਾਂ ਦੀ ਤੁਲਨਾ ਕਰਕੇ ਸਮੇਂ ਨੂੰ ਸਿਰਜਨਾਤਮਕਤਾ ਬਖਸ਼ੀ। ਇਸ ਮੌਕੇ ਤੇ ਦੀਪਾ ਬੰਡਾਲਾ ਤੇ ਅੰਮ੍ਰਿਤਪਾਲ ਸਿੰਘ ਨੇ ਅਧਿਆਪਕ ਦੀਆਂ ਸਿੱਖਿਆਵਾਂ, ਉਪਦੇਸ਼, ਉਦੇਸ਼ਾਂ ਦਾ ਜ਼ਿਕਰ ਕੀਤਾ। ਵਿਸ਼ੇਸ਼ ਤੌਰ ਤੇ ਲਾਲ ਬਹਾਦਰ ਸ਼ਾਸਤਰੀ, ਅੰਬੇਦਕਰ, ਪੰਡਤ ਨਹਿਰੂ, ਰਾਸ਼ਟਰਪਤੀ ਅਬਦੁਲ ਕਲਾਮ, ਰਵਿੰਦਰ ਨਾਥ ਟੈਗੋਰ ਅਤੇ ਗੁਰੂ ਸਾਹਿਬਾਨਾਂ ਦੀ ਸੁਚੱਜੀ ਉਪਦੇਸ਼ਾਤਮਕ ਬਾਣੀ ਦਾ ਜ਼ਿਕਰ ਕੀਤਾ। ਇਸ ਮੌਕੇ ਤੇ ਕਵੀ ਦਰਬਾਰ ਵਿੱਚ ਬਲਵਿੰਦਰ ਬਾਲਮ, ਅਜੀਤ ਸਿੰਘ ਖੰਗੂੜਾ, ਸਤਨਾਮ ਸਿੰਘ ਗਹਿਲੇ, ਕਾਰਜ ਸਿੰਘ, ਜਸਬੀਰ ਸਿੰਘ ਸੰਘਾ, ਬਖ਼ਸ਼ ਸੰਘਾ, ਸੁਰਜੀਤ ਕੌਰ ਧਾਲੀਵਾਲ ਤੇ ਦਲਬੀਰ ਸਿੰਘ ਰਿਆੜ ਨੇ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨਿਆਂ। ਅੰਤ ਵਿੱਚ ਦਲਬੀਰ ਸਿੰਘ ਰਿਆੜ ਨੇ ਆਏ ਹੋਏ ਸਾਰੇ ਕਵੀਆਂ ਦਾ ਧੰਨਵਾਦ ਕੀਤਾ।
ਬਲਵਿੰਦਰ ਬਾਲਮ
ਐਡਮਿੰਟਨ
