ਭੁਪਿੰਦਰ ਇਕ ਗ਼ਰੀਬ ਘਰ ਦਾ ਲੜਕਾ ਹੈ। ਉਸਦਾ ਬਾਪ ਅਪਹਾਜ ਹੈ। ਉਸਦੀ ਮਾਂ ਲੋਕਾਂ ਦੇ ਬਰਤਨ ਸਾਫ਼ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਭੁਪਿੰਦਰ ਆਪਣੇ ਮਾਂ-ਬਾਪ ਦਾ ਇਕਲੋਤਾ ਪੁੱਤਰ ਹੈ। ਭਾਵੇਂ ਉਸਦੀ ਮਾਂ ਬਰਤਨ ਸਾਫ਼ ਕਰਕੇ ਹੀ ਘਰ ਦਾ ਗੁਜ਼ਾਰਾ ਚਲਾਉਂਦੀ ਹੈ, ਪਰ ਉਹ ਭੁਪਿੰਦਰ ਨੂੰ ਸ਼ਹਿਹਰ ਦੇ ਇਕ ਵਧੀਆ ਮਾਡਲ ਸਕੂਲ ਵਿਚ ਪੜ੍ਹਾ ਰਹੀ ਹੈ।
ਭੁਪਿੰਦਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ। ਹਰ ਕਲਾਸ ਚੋਂ ਉਹ ਹਮੇਸ਼ਾ ਹੀ ਪਹਿਲੇ ਦਰਜੇ ’ਤੇ ਰਹਿੰਦਾ ਹੈ।
ਭੁਪਿੰਦਰ ਤੇ ਸੁਰਜੀਤ ਦਸਵੀਂ ਤੱਕ ਇਕ ਹੀ ਕਲਾਸ ਵਿਚ ਪੜ੍ਹਦੇ ਆ ਰਹੇ ਹਨ। ਭੁਪਿੰਦਰ ਤੇ ਸੁਰਜੀਤ ਦਾ ਆਪਸ ਵਿਚ ਕਾਫ਼ੀ ਮੋਹ ਹੈ। ਕਿਸੇ ਨਾ ਕਿਸੇ ਬਹਾਨੇ, ਸੁਰਜੀਤ ਉਸ ਕੋਲੋਂ ਸਵਾਲ ਆਦਿ ਸਮਝਣ ਦੇ ਬਹਾਨੇ ਕਿੰਨਾ ਚਿਰ ਬੈਠੀ ਗੱਲਾਂ ਵੀ ਮਾਰਦੀ ਰਹਿੰਦੀ ਹੈ।
ਦਸਵੀਂ ਦਾ ਸਾਲਾਨ ਨਤੀਜਾ ਨਿਕਲਦਾ ਹੈ ਤਾਂ ਭੁਪਿੰਦਰ ਮੈਰਿਟ ਵਿਚ ਸਟੈਂਡ ਕਰਦਾ ਹੈ। ਪਰ ਸੁਰਜੀਤ ਸੈਕੰਡ ਕਲਾਸ ਵਿਚ ਪਾਸ ਹੁੰਦੀ ਹੈ। ਸੁਰਜੀਤ ਭੁਪਿੰਦਰ ਨੂੰ ਇਕ ਹੀ ਕਲਾਸ ਵਿਚ ਪੜ੍ਹਨ ਲਈ ਆਖਦੀ ਹੈ, ਪਰ ਭੁਪਿੰਦਰ ਆਪਣੀ ਮਜ਼ਬੂਰੀ ਦੱਸਦਾ ਹੋਇਆ ਕਹਿੰਦਾ ਹੈ, ”ਸੁਰਜੀਤ ਮੈਂ ਦਸਵੀਂ ਤੋਂ ਅੱਗੇ ਨਹੀਂ ਪੜ੍ਹ ਸਕਦਾ ਕਿਉਂਕਿ ਮੇਰੇ ਬੀਜੀ ਆਖਦੇ ਹਨ ਕਿ ਹੁਣ ਮੈਂ ਕਾਲਜ ਦਾ ਖ਼ਰਚਾ ਤੈਨੂੰ ਨਹੀਂ ਦੇ ਸਕਦੀ, ਤੂੰ ਕੋਈ ਨੌਕਰੀ ਲੱਭ ਲੈ।”
ਪਰ ਸੁਰਜੀਤ ਉਸਨੂੰ ਦਿਲਾਸਾ ਦੇਂਦੀ ਹੋਈ ਬੜੇ ਮਾਯੂਸ ਬੋਲਾਂ ਵਿਚ ਆਖਦੀ ਹੈ, ”ਭੁਪਿੰਦਰ ਵੇਖ ਮੈਂ ਤੈਨੂੰ ਸਾਰਾ ਖ਼ਰਚਾ ਦੇਵਾਂਗੀ। ਕਿਤਾਬਾਂ, ਕੱਪੜੇ ਤੇ ਹੋਰ ਆਰਥਿਕ ਲੋੜਾਂ ਪੂਰੀਆਂ ਕਰਾਂਗੀ, ਭੁਪਿੰਦਰ ਤੂੰ ਜ਼ਰੂਰ ਦਾਖਲ ਹੋ। ਤੂੰ ਆਪਣੇ ਬੀਜੀ ਨੂੰ ਮਨਾ ਲੈ ਕਿ ਮੈਂ ਆਪਣਾ ਖ਼ਰਚਾ ਖ਼ੁਦ ਆਪ ਕਰ ਲਵਾਂਗਾ ਤੇ ਮੈਨੂੰ ਕਾਲਜ ਦਾਖਲ ਹੋਣ ਦਿਓ।”
ਪਰ ਭੁਪਿੰਦਰ ਸੁਰਜੀਤ ਦੇ ਏਨੇ ਵੱਡੇ ਉਪਕਾਰ ਤੇ ਅਹਿਸਾਨ ਹੇਠਾਂ ਸੁਰਜੀਤ ਦੇ ਮੋਹ ਸਦਕੇ ਉਹ ਆਪਣੀ ਮਾਂ ਨੂੰ ਮਨਾ ਲੈਂਦਾ ਹੈ।
ਹੁਣ ਸੁਰਜੀਤ ਤੇ ਭੁਪਿੰਦਰ ਇਕ ਕਾਲਜ ਵਿਚ ਦਾਖਲ ਹੋ ਜਾਂਦੇ ਹਨ। ਦੋਵੇਂ ਹੀ ਬੜੇ ਖੁਸ਼ ਹਨ। ਕਾਲਜ ਵਿਚ ਦਾਖਲੇ ਦਾ ਅਤੇ ਪੁਸਤਕਾਂ ਦਾ ਸਾਰਾ ਖ਼ਰਚਾ ਸੁਰਜੀਤ ਹੀ ਅਦਾ ਕਰਦੀ ਹੈ। ਏਥੋਂ ਤੱਕ ਉਹ ਭੁਪਿੰਦਰ ਨੂੰ ਵਧੀਆ ਕੱਪੜੇ, ਪਗੜੀ ਤੇ ਇਕ ਸੁੰਦਰ ਘੜੀ ਵੀ ਹੱਥੀਂ ਖ਼ਰੀਦ ਕੇ ਦੇਂਦੀ ਹੈ। ਭੁਪਿੰਦਰ, ਜਦੋਂ ਉਸ ਕੋਲੋਂ ਇਹ ਚੀਜ਼ਾਂ ਲੈਂਦਾ ਹੈ ਤਾਂ ਉਹ ਖੁਸ਼ ਤਾਂ ਹੁੰਦਾ ਹੈ ਪਰ ਕੁਝ ਸ਼ਰਮਿੰਦਗੀ ਜਹੀ ਮਹਿਸੂਸ ਵੀ ਕਰਦਾ ਹੈ। ਜਿਵੇਂ ਉਸਦੀ ਗੁਰਬਤ ਖ਼ਰੀਦੀ ਜਾ ਰਹੀ ਹੋਵੇ। ਪਰ ਸੁਰਜੀਤ ਦੇ ਮੋਹ ਕਰਕੇ, ਉਸਦੀ ਖੁਸ਼ੀ ਕਰਕੇ ਉਹ ਸਭ ਕੁਝ ਸਵੀਕਾਰਦਾ ਹੈ। ਉਹ ਸੁਰਜੀਤ ਦੇ ਬੁਲੰਦੀਆਂ ਭਰੇ ਮੋਹ ਦੇ ਸ਼ੀਸ਼ੇ ਦੇ ਟੁਕੜੇ-ਟੁਕੜੇ ਵੀ ਨਹੀਂ ਕਰਨਾ ਚਾਹੁੰਦਾ। ਉਸਨੂੰ ਪਤਾ ਹੈ ਕਿ ਮੇਰੀ ਨਾਂਹ ਦੇ ਪੱਥਰ ਉਸਦੇ ਜਜ਼ਬਾਤ ਨੂੰ ਕਿਰਚੀਆਂ ਵਿਚ ਬਦਲ ਸਕਦੇ ਹਨ।
ਹੁਣ ਦੋਵੇਂ ਪ੍ਰੀ-ਮੈਡੀਕਲ ਵਿਚ ਦਾਖਲਾ ਲੈ ਲੈਂਦੇ ਹਨ। ਕਾਲਜ ਵਿਚ ਉਨ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਲੁਕਵੀਆਂ ਤੇ ਅਲੁਕਵੀਆਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਹਨ।
ਇਕ ਵਾਰੀ ਸੁਰਜੀਤ ਤੇ ਭੁਪਿੰਦਰ ਦੋਵੇਂ ਕਾਲਜ ਦੇ ਇਕ ਲਾਅਨ ਵਿਚ, ਇਕਾਂਤ ਵਾਤਾਵਰਣ ਵਿਚ ਬੈਠੇ ਆਪਣੇ ਅਲਫ਼ਾਜ਼ਾਂ ਦੀ ਕਿਸ਼ਤੀ ਨੂੰ ਮੋਹ ਦੇ ਸਾਗਰ ਵਿਚ, ਜ਼ਿੰਦਗੀ ਦੇ ਚੱਪੂਆਂ ਨਾਲ, ਬੜੀ ਹੌਲੀ-ਹੌਲੀ ਮੱਧਮ ਤੌਰ ਵਿਚ ਲਿਜਾ ਰਹੇ ਸਨ।
ਸੁਰਜੀਤ ਘਾਹ ਦੀ ਇਕ ਤਿੜ ਨੂੰ ਮੂੰਹ ਵਿਚ ਚਿੱਬਦੀ ਹੋਈ ਤੇ ਬਿਲਾ ਵਜ੍ਹਾ ਹੀ ਆਪਣੀ ਕਾਪੀ ਦੇ ਵਰਕੇ ਥੱਲਦੀ ਹੋਈ ਭੁਪਿੰਦਰ ਵੱਲ ਗਹੁ ਭਰੀਆਂ ਨਜ਼ਰਾਂ ਨਾਲ ਤੱਕਦੀ ਹੋਈ ਕਹਿ ਰਹੀ ਸੀ, ”ਭੁਪਿੰਦਰ, ਸੱਚੀਂ ਤੂੰ ਮੈਨੂੰ ਏਨਾ ਚੰਗਾ ਕਿਉਂ ਲੱਗਦਾ ਏਂ?” ਤੇ ਫਿਰ ਆਪੇ ਹੀ ਸ਼ਰਮ ਵਿਚ ਲਾਲ ਹੋ ਜਾਂਦੀ ਤੇ ਭੁਪਿੰਦਰ ਅੱਖੀਆਂ-ਅੱਖੀਾਂ ’ਚ ਇਸਦੇ ਅਰਥ ਸਮਝਾ ਦੇਂਦਾ।
ਭੁਪਿੰਦਰ ਤੈਨੂੰ ਉਨਾਬੀ ਰੰਗ ਦੀ ਪੱਗ ਬਹੁਤ ਜੱਚਦੀ ਏ। ਸਾਡੇ ਕਾਲਜ ਵਿਚ ਕੀ ਸਾਡੇ ਸਾਰੇ ਸ਼ਹਿਰ ਵਿਚ ਤੇਰੇ ਵਰਗੀ ਕੋਈ ਪਗੜੀ ਨਹੀਂ ਬੰਨ੍ਹ ਸਕਦਾ। ਵੇਖ ਨਾ, ਕਿੱਦਾਂ ਤੇਰੀ ਪਗੜੀ ਦੇ ਲੜਾਂ ਵਿਚ, ਇਕੋ ਜਿੰਨੇ ਫਾਸਲੇ ਦੀ ਕਲਾਮਈ ਤਰਤੀਬ। ਹਰ ਇਕ ਲੜ ਦਾ ਫਾਸਲਾ ਦੂਸਰੇ ਲੜ ਦੇ ਫਾਸਲੇ ਜਿੰਨਾ ਬਰਾਬਰ। ਖ਼ਰਬੂਜ਼ੇ ਦੀ ਧੁੰਨੀ ’ਚੋਂ ਨਿਕਲਦੀਆਂ ਬਰਾਬਰ ਫਾਸਲੇ ਦੀਆਂ ਮੋਟੀਆਂ-ਮੋਟੀਆਂ ਧਾਰੀਆਂ ਵਾਂਗੂ। ਸੱਜੇ ਤੇ ਖੱਬੇ ਦੋਵੇਂ ਪਾਸਿਆਂ ਤੋਂ ਲੜ ਕਿੰਨੇ ਸਾਫ਼ ਨਜ਼ਰ ਆਉਂਦੇ ਹਨ। ਫਿਫਟੀ ਬਿਲਕੁਲ ਨਿੱਕੀ ਜਹੀ, ਅੰਗਰੇਜ਼ੀ ਦੇ ਲਫ਼ਜ਼ ’ਏ’ ਦੀ ਸ਼ਕਲ ਵਰਗੀ। ਹਾਂ, ਭੁਪਿੰਦਰ ਤੇਰੀਆਂ ਨਿੱਕੀਆਂ-ਨਿੱਕੀਆਂ ਕੁੰਡਲਦਾਰ ਮੁੱਛਾਂ, ਨਿੱਕੀ-ਨਿੱਕੀ ਦਾੜ੍ਹੀ ਤੇਰੇ ਚਿਹਰੇ ’ਤੇ ਬੜੀ ਜੱਚਦੀ ਏ।” ਤੇ ਨਾਲ ਹੀ ਨਾਲ ਉਹ ਆਵੇਸ਼ ਵਿਚ ਭੁਪਿੰਦਰ ਦੀ ਦਾੜ੍ਹੀ ’ਤੇ ਪੋਲਾ ਜਿਹਾ ਹੱਥ ਫੇਰ ਜਾਂਦੀ।
ਭੁਪਿੰਦਰ ਉਸਦੀ ਉਂਗਲ ਹੱਥ ਵਿਚ ਫੜਦਾ ਹੋਇਆ ਆਖਦਾ, ”ਸੁਰਜੀਤ, ਇਹ ਸਭ ਕੁਝ ਤੈਨੂੰ ਤਾਂ ਹੀ ਚੰਗਾ ਲੱਗਦਾ ਏ, ਮੋਹ ਤਾਂ ਹੈ ਹੀ ਏ ਪਰ ਇਹ ਕੱਪੜੇ, ਬੂਟ, ਇਹ ਪਗੜੀ ਤੇਰੇ ਹੀ ਤਾਂ ਹਨ ਤੇ ਖ਼ੁਦ ਮੈਂ ਵੀ।”
ਹੁਣ ਇਸ ਤਰ੍ਹਾਂ ਦੀਆਂ ਕਈ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸਨ। ਭੁਪਿੰਦਰ ਹੁਣ ਪਹਿਲੇ ਨਾਲੋਂ ਵੀ ਜ਼ਿਆਦਾ ਹੁਸ਼ਿਆਰ ਹੁੰਦਾ ਜਾ ਰਿਹਾ ਸੀ।
ਕਾਲਜ ਦਾ ਸਾਲਾਨਾ ਸਮਾਗਮ ਸੀ। ਸੁਰਜੀਤ ਇਕ ਨਾਟਕ ਵਿਚ ਭਾਗ ਲੈ ਰਹੀ ਸੀ। ਇਕ ਸਰਦਾਰ ਲੜਕੇ ਦੇ ਪਾਤਰ ਵਜੋਂ। ਨਾਟਕ ਦੀ ਤਿਆਰੀ ਸਮੇਂ ਸੁਰਜੀਤ, ਭੁਪਿੰਦਰ ਕੋਲੋਂ ਹੀ ਪਗੜੀ ਬੰਨਵਾ ਰਹੀ ਸੀ। ਉਹ ਕਮਰੇ ਦੀ ਇਕ ਨੁੱਕਰ ਵਿਚ ਸੁਰਜੀਤ ਨੂੰ ਬੜੇ ਇਤਮੀਨਾਨ ਨਾਲ ਪਗੜੀ ਬੰਨ੍ਹ ਰਿਹਾ ਸੀ। ਪਗੜੀ ਬੰਨ੍ਹਣ ਤੋਂ ਬਾਅਦ ਭੁਪਿੰਦਰ ਨੇ ਆਪਣੇ ਕੋਮਲ ਪੋਟਿਆਂ ਨਾਲ ਸੁਰਜੀਤ ਦੀ ਗਲ੍ਹ ਨੂੰ ਥਪਥਪਾਇਆ। ਮਖੌਲ ਦੀ ਮੁੰਦਰਾ ਵਿਚ ਕਿਹਾ, ”ਸੱਚੀਂ, ਸੁਰਜੀਤ ਤੂੰ ਅਗਰ ਸਰਦਾਰਾਂ ਦਾ ਮੁੰਡਾ ਹੁੰਦੀ ਤਾਂ ਬਹੁਤ ਸੋਹਣਾ ਲੱਗਣਾ ਸੀ। ਤੈਨੂੰ ਪਗੜੀ ਬਹੁਤ ਜੱਚੀ ਏ।” ਸੁਰਜੀਤ ਦੀਆਂ ਅੱਖਾਂ ਵਿਚ ਸ਼ਰਮ ਤੈਰ ਗਈ ਤੇ ਉਹ ਦੌੜ ਕੇ ਆਪਣੀਆਂ ਸਹੇਲੀਆਂ ਵਿਚ ਰਲ ਗਈ, ਨਾਟਕ ਦੀ ਰਿਹਰਸਲ ਵਾਸਤੇ।
ਸਟੇਜ ’ਤੇ ਨਾਟਕ ਖੇਡਿਆ ਗਿਆ। ਨਾਟਕ ਦੀ ਸਫ਼ਲਤਾ ਦਾ ਸਿਹਰਾ ਸੁਰਜੀਤ ਨੂੰ ਜਾਂਦਾ ਸੀ। ਸਮਾਗਮ ਦੀ ਅਲਵਿਦਾ ਤੋਂ ਬਾਅਦ, ਕਾਲਜ ਦੀ ਪੜ੍ਹਾਈ ਫਿਰ ਸ਼ੁਰੂ ਹੋ ਚੁੱਕੀ ਸੀ। ਸਾਲਾਨਾ ਪੇਪਰਾਂ ਵਿਚ ਕੁਝ ਹੀ ਦਿਨ ਬਾਕੀ ਸਨ।
ਸਾਲਾਨਾ ਪੇਪਰ ਹੋ ਗਏ ਸਨ। ਭੁਪਿੰਦਰ ਨੇ ਯੂਨੀਵਰਸਿਟੀ ’ਚੋਂ ਪਹਿਲੇ ਦਰਜੇ ਵਿਚ ਸਟੈਂਡ ਕੀਤਾ। ਸੁਰਜੀਤ ਵੀ ਪਾਸ ਹੋ ਗਈ ਸੀ। ਭੁਪਿੰਦਰ ਨੂੰ ਅਥਾਹ ਖੁਸ਼ੀ ਸੀ ਪਰ ਸੁਰਜੀਤ ਨੂੰ ਭੁਪਿੰਦਰ ਦੀ ਨਹੀਂ ਉਸਦੀ ਆਪਣੀ ਹੀ ਖੁਸ਼ੀ ਹੋਵੇ।
ਭੁਪਿੰਦਰ ਤੇ ਸੁਰਜੀਤ ਕਾਲਜ ਵਿਚ ਹਮਸਹਿਪਾਠੀਆਂ ਨੂੰ ਪਾਰਟੀ ਦੇ ਰਹੇ ਸੀ। ਭੁਪਿੰਦਰ ਤੇ ਸੁਰਜੀਤ ਦੇ ਪਿਆਰ ਬਾਰੇ ਸਹਿਪਾਠੀਆਂ ਨੂੰ ਪਤਾ ਸੀ। ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਉਹ ਦੋਵੇਂ ਇਕ ਲਾੲਨ ਵਿਚ ਬੈਠ ਗਏ। ਤਿੱਖੀ-ਤਿੱਖੀ ਸਰਦੀਆਂ ਦੀ ਧੁੱਪ ਆਨੰਦ ਦੇ ਰਹੀ ਸੀ।
”ਭੁਪਿੰਦਰ ਤੂੰ ਹੁਣ ਮੈਡੀਕਲ ਕਾਲਜ ਵਿਚ ਦਾਖਲਾ ਲੈ ਲੈ”, ਸੁਰਜੀਤ ਨੇ ਪਿਆਰ ’ਚ ਉਤਰਦਿਆਂ ਕਿਹਾ।
”ਨਹੀਂ ਸੁਰਜੀਤ, ਮੈਡੀਕਲ ਕਾਲਜ ਦਾ ਏਨਾ ਖ਼ਰਚਾ...।”
”ਤੂੰ ਚਿੰਤਾ ਨਾ ਕਰ, ਉਹ ਸਭ ਮੈਂ ਵੇਖ ਲਵਾਂਗੀ। ਤੂੰ ਐਡਮੀਸ਼ਨ ਤਾਂ ਲੈ, ਐਡਮੀਸ਼ਨ ਵਿਚ ਤੈਨੂੰ ਕਿਹੜੀ ਕੋਈ ਦਿੱਕਤ ਹੋਣੀ ਏ। ਮੈਂ ਚਾਹੁੰਦੀ ਹਾਂ ਤੂੰ ਐਮੱ.ਡੀ. ਕਰਕੇ ਬਾਹਰ ਆਏਂ। ਮੈਨੂੰ ਬੜੀ ਖੁਸ਼ੀ ਹੋਵੇਗ। ਤੂੰ ਮੇਰੀ ਮੰਨ। ਤੂੰ ਦਾਖਲਾ ਲੈ। ਖ਼ਰਚਾ ਮੈਂ ਪਹੁੰਚਾਇਆ ਕਰਾਂਗੀ।”
ਭੁਪਿੰਦਰ ਨੇ ਸੁਰਜੀਤ ਦੇ ਅਲਫ਼ਾਜ਼ਾਂ ਨੂੰ ਸਿਰ ਮੱਥੇ ਕਬੂਲ ਕਰ ਲਿਆ। ਏਸੇ ਹੀ ਸ਼ਹਿਰ ਦੇ ਮੈਡੀਕਲ ਕਾਲਜ ਵਿਚ ਭੁਪਿੰਦਰ ਦਾਖਲਾ ਲੈ ਲੈਂਦਾ ਹੈ ਤੇ ਸੁਰਜੀਤ ਪਹਿਲੇ ਕਾਲਜ ਵਿਚ ਹੀ ਦਾਖਲਾ ਲੈ ਲੈਂਦੀ ਹੈ।
ਸੁਰਜੀਤ ਤੇ ਭੁਪਿੰਦਰ ਦੀਆਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸਨ। ਪਿਕਚਰ ਦੇਖਣਾ, ਸ਼ਾਪਿੰਗ ਕਰਨਾ ਕਦੀ ਕਦੀ ਹੋ ਜਾਂਦਾ ਸੀ।
ਐਮੱ.ਬੀ.ਬੀ.ਐਸੱ. ਦੇ ਦੂਸਰੇ ਸਾਲ ਵਿਚ ਜਦੋਂ ਭੁਪਿੰਦਰ ਨੇ ਪ੍ਰਵੇਸ਼ ਕੀਤਾ ਤਾਂ ਅਚਾਨਕ ਹੀ ਸੁਰਜੀਤ ਦੇ ਪਿਤਾ ਨੂੰ ਇਕ ਚੰਗਾ ਲੜਕਾ ਮਿਲਣ ’ਤੇ ਸੁਰਜੀਤ ਦੀ ਜਲਦੀ ਹੀ ਸ਼ਾਦੀ ਕਰ ਦਿੱਤੀ। ਪਰ ਸ਼ਾਦੀ ਤੋਂ ਪਹਿਲਾਂ ਸੁਰਜੀਤ, ਭੁਪਿੰਦਰ ਨੂੰ ਮਿਲੀ ਸੀ, ”ਭੁਪਿੰਦਰ, ਮੇਰੀ ਸ਼ਾਦੀ ਹੋਣ ਵਾਲੀ ਏ, ਥੋੜ੍ਹੇ ਦਿਨਾਂ ਤੱਕ। ਤੂੰ ਲਗਾਤਾਰ ਪੜ੍ਹਾਈ ਜਾਰੀ ਰੱਖੀਂ। ਤੈਨੂੰ ਸਾਰਾ ਖ਼ਰਚਾ ਪਹੁੰਚਦਾ ਰਹੇਗਾ ਸਾਡੀ ਨੌਕਰਾਣੀ ਏ, ਉਸਦੀ ਲੜਕੀ ਏ ’ਸਵਿਤਾ’। ਉਹ ਤੈਨੂੰ ਸਾਰਾ ਖ਼ਰਚਾ ਪਹੁੰਚਾਇਆਂ ਕਰੇਗੀ। ਮੈਂ ਉਸਨੂੰ ਤੇਰੇ ਬਾਰੇ ਦੱਸ ਦਿੱਤਾ ਏ। ਉਸਨੇ ਤੈਨੂੰ ਵੇਖਿਆ ਹੋਇਆ ਏ। ਤੈਨੂੰ ਚੰਗੀ ਤਰ੍ਹਾਂ ਜਾਣਦੀ ਏ। ਪਰ ਤੂੰ ਮੈਨੂੰ ਮਿਲਣ ਦੀ ਤਾਂਗ ਨਾ ਕਰੀਂ। ਮੈਂ ਹੀ ਤੈਨੂੰ ਮਿਲਿਆ ਕਰਾਂਗੀ। ਕਿਉਂਕਿ ਮੈਂ ਜਿਸ ਘਰ ਵਿਚ ਵਿਆਹੀ ਜਾਣਾ ਏ, ਉਨ੍ਹਾਂ ਲੋਕਾਂ ਦਾ ਆਰਥਿਕ ਤੇ ਰਾਜਨੀਤਕ ਪੱਧ੍ਰਰ ਸਾਡੇ ਸਮਾਜ ਵਿਚ ਬਹੁਤ ਹੀ ਉਚਾ ਏ। ਤੂੰ ਮੇਰੀਆਂ ਗੱਲਾਂ ਦਾ ਬੁਰਾ ਮਹਿਸੂਸ ਨਾ ਕਰੀਂ। ਪਰ ਤੂੰ ਮੇਰਾ ਕਹਿਣਾ ਨਹੀਂ ਮੋੜੇਂਗਾ।”
ਭੁਪਿੰਦਰ ਨੂੰ ਸੁਰਜੀਤ ਦੀ ਸ਼ਾਦੀ ਦੀ ਖੁਸ਼ੀ ਤਾਂ ਸੀ ਪਰ ਉਸਨੂੰ ਇਹ ਦੁੱਖ ਸੀ ਕਿ ਉਹ ਸੁਰਜੀਤ ਨੂੰ ਅਪਨਾ ਨਹੀਂ ਸੀ ਸਕਿਆ। ਫਿਰ ਵੀ ਉਸਨੂੰ ਅੰਤਾਂ ਦੀ ਖੁਸ਼ੀ ਸੀ ਕਿ ਸੁਰਜੀਤ ਨੂੰ ਬਹੁਤ ਚੰਗਾ ਘਰ ਵਰ ਮਿਲਿਆ ਏ।
ਸ਼ਾਦੀ ਤੋਂ ਬਾਅਦ ਸੁਰਜੀਤ ਆਪਣੇ ਸਹੁਰੇ ਚਲੀ ਗਈ।
ਹੁਣ ਨੌਕਰਾਣੀ ਦੀ ਲੜਕੀ ਸਵਿਤਾ ਦੇ ਜਰੀਏ ਉਸ ਦੀਆਂ ਸਾਰੀਆਂ ਆਰਥਿਕ ਲੋੜਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਕਦੀ-ਕਦੀ ਸਵਿਤਾ, ਭੁਪਿੰਦਰ ਨੂੰ ਹੋਸਟਲ ਵਿਚ ਟੈਲੀਫ਼ੋਨ ਕਰਕੇ ਬਾਹਰ ਬੁਲਾ ਲੈਂਦੀ ਤੇ ਉਥੇ ਹੀ ਉਸਨੂੰ ਪੈਸੇ, ਕੱਪੜੇ, ਕਿਤਾਬਾਂ ਆਦਿ ਦਾ ਖ਼ਰਚਾ, ਸੁਰਜੀਤ ਵੱਲੋਂ ਭੇਜਿਆ, ਦੇ ਦਿੰਦੀ। ਰੇਸਤਰਾਂ ਵਿਚ ਬੈਠੇ ਭੁਪਿੰਦਰ ਤੇ ਸਵਿਤਾ ਕਿੰਨਾ-ਕਿੰਨਾ ਚਿਰ ਸੁਰਜੀਤ ਦੀਆਂ ਗੱਲਾਂ ਵੀ ਕਰਦੇ ਰਹਿੰਦੇ। ਭੁਪਿੰਦਰ ਉਸਦੇ ਦੰਪਤੀ ਜੀਵਨ ਬਾਰੇ ਸੁੱਖ ਸਾਂਦ ਪੁੱਛਦਾ ਰਹਿੰਦਾ। ਇਸ ਤਰ੍ਹਾਂ ਦਿਨ, ਮਹੀਨੇ, ਸਾਲ ਆਪਣੀ ਰਫਤਾਰ ਨਾਲ ਸਮੇਂ ਵਿਚੋਂ ਘਟਦੇ ਗਏ।
ਭੁਪਿੰਦਰ ਹੁਣ ਐਮੱ.ਡੀ. ਕਰ ਚੁੱਕਾ ਸੀ। ਤੇ ਉਹ ਆਪਣੇ ਸਰਟੀਫਿਕੇਟ ਲੈਕੇ ਬੜੀ ਖੁਸ਼ੀ ਖੁਸ਼ੀ ਜਿਵੇਂ ਉਸਨੇ ਆਪਣੀ ਮੰਜ਼ਿਲ ਕਿਸੇ ਲਈ ਸਰ ਕਰ ਲਈ ਹੋਵੇ। ਕਿਸੇ ਦੀਆਂ ਤਮੰਨਾ ਦੇ ਬੂਟੇ ਨੂੰ ਉਸਦੀ ਮਿਹਨਤ ਸਦਕਾ ਸ਼ਗੂਫੇ ਲੱਗੇ ਹੋਣ। ਭੁਪਿੰਦਰ ਨੇ ਇਕ ਮਠਿਆਈ ਦਾ ਡੱਬਾ ਤੇ ਇਕ ਖ਼ੂਬਸੂਰਤ ਸਾੜ੍ਹੀ ਖ਼ਰੀਦੀ ਤੇ ਸਵਿਤਾ ਦੇ ਘਰ ਚਲਾ ਗਿਆ। ਸਵਿਤਾ ਆਪਣੇ ਬਰਾਮਦੇ ਵਿਚ ਬੈਠੀ ਅਖ਼ਬਾਰ ਪੜ੍ਹ ਰਹੀ ਸੀ। ਭੁਪਿੰਦਰ ਦੀ ਅਚਾਨਕ ਆਮਦ ਵੇਖ ਕੇ ਉਹ ਏਦਾਂ ਖਿਲ ਗਈ ਜਿਵੇਂ ਪੱਤਝੜਾਂ ਵਿਚ ਅਚਾਨਕ ਬਹਾਰ ਆ ਗਈ ਹੋਵੇ।
ਸਵਿਤਾ ਐਮੱ.ਏ. ਬੀ.ਐਡੱ. ਕਰਕੇ ਇਕ ਸਰਕਾਰੀ ਸਕੂਲ ਵਿਚ ਅਧਿਆਪਕਾ ਦਾ ਫਰਜ਼ ਨਿਭਾ ਰਹੀ ਹੈ।
ਭੁਪਿੰਦਰ ਨੇ ਕੁਰਸੀ ’ਤੇ ਬੈਠਦਿਆਂ ਸਾਰ ਹੀ ਸਵਿਤਾ ਨੂੰ ਖੁਸ਼ੀ ਵਿਚ ਝੁਮਦਿਆਂ ਕਿਹਾ, ”ਸਵਿਤਾ ਜੀ, ਬਸ ਇਕ ਵਾਰੀ ਸੁਰਜੀਤ ਨੂੰ ਮਿਲਾ ਦਿਓ। ਮੇਰੀ ਬੜੀ ਦਿਲੀ ਤਮੰਨਾ ਹੈ ਕਿ ਮੈਂ ਉਸਨੂੰ ਸਰਵਿਸ ਯੋਆਇਨ ਕਰਨ ਤੋਂ ਪਹਿਲਾਂ ਜ਼ਰੂਰ ਮਿਲਾਂ। ਉਸਦਾ ਧੰਨਵਾਦ ਕਰਾਂ, ਜਿਸਨੇ ਮੇਰੀ ਹਨੇਰੀ ਜ਼ਿੰਦਗੀ ਨੂੰ ਰੁਸ਼ਨਾਇਆ। ਪਲੀਜ਼! ਉਸਨੂੰ ਕਿਸੇ ਨਾ ਕਿਸੇ ਬਹਾਨੇ ਟੈਲੀਫ਼ੋਨ ਕਰਕੇ ਬੁਲਾ ਲਵੋ। ਉਹ ਜ਼ਰੂਰ ਆਵੇਗੀ। ਉਹ ਬੜੀ ਖੁਸ਼ ਹੋਵੇਗੀ। ਬਸ, ਉਸਨੂੰ ਮੈਂ ਮਿਲਣਾ ਚਾਹੁੰਦਾਂ। ਆ ਵੇਖੋ, ਮੈਂ ਉਸ ਲਈ ਸਾੜ੍ਹੀ ਖ਼ਰੀਦ ਕੇ ਲਿਆਇਆਂ, ਆਪਣੀ ਖੁਸ਼ੀ ਦਾ ਪ੍ਰਗਟਾਵਾ।” ਉਹ ਇਕੋ ਸਾਹੇ ਆਵੇਸ਼ ਵਿਚ ਕਈ ਕੁਝ ਬੋਲ ਗਿਆ।
ਪਰ ਸਵਿਤਾ ਦੀਆਂ ਅੱਖਾਂ ਵਿਚੋਂ ਮੋਟੇ-ਮੋਟੇ ਗਲੇਡੂਆਂ ਦਾ ਡਿੱਗਣਾ, ਉਸਦਾ ਨੀਵੀਂ ਪਾ ਕੇ ਬੈਠੇ ਰਹਿਣਾ, ਕਿਸੇ ਮਾਤਮ ਦਾ ਸੂਚਕ ਬਣ ਗਿਆ।
”ਸਵਿਤਾ ਜੀ, ਤੁਸੀਂ ਮੇਰਾ ਜੁਆਬ ਨਹੀਂ ਦਿੱਤਾ। ਕਰਕੇ ਆਓ ਨਾ ਟੈਲੀਫ਼ੋਨ ਸੁਰਜੀਤ ਨੂੰ। ਤੁਸੀਂ ਰੋ ਰਹੇ ਹੋ। ਕੀ ਗੱਲ ਏ? ਤੁਸੀਂ ਕਿਉਂ ਰੋ ਰਹੇ ਹੋ। ਕੋਈ ਗੱਲ ਵੀ ਤਾਂ ਦੱਸੋ?”
ਸਵਿਤਾ ਨੇ ਜ਼ਿਗਰਾ ਰੱਖਦਿਆਂ ਹੌਲੀ ਜਿਹੀ ਕਿਹਾ, ”ਸੁਰਜੀਤ ਤਾਂ ਮਰ ਚੁੱਕੀ ਏ! ਉਹ ਇਸ ਦੁਨੀਆਂ ਵਿਚ ਨਹੀਂ।”
”ਹੈਂ! ਕੀ ਆਖਦੇ ਹੋ।” ਤੇ ਭੁਪਿੰਦਰ ਦੇ ਹੱਥੋਂ ਸਾੜ੍ਹੀ ਤੇ ਮਠਿਆਈ ਦਾ ਡੱਬਾ ਖੁੱਲ੍ਹ ਕੇ ਖਿਲਰ ਗਿਆ। ਉਹ ਮੱਥੇ ’ਤੇ ਹੱਥ ਰੱਖ ਕੇ ਉਚੀ ਉਚੀ ਰੋਣ ਲੱਗ ਪਿਆ। ਅੱਖਾਂ ਵਿਚ ਹੰਝੂ ਤੇ ਥਿੜਕਦੇ ਬੋਲਾਂ ਵਿਚ ਭੁਪਿੰਦਰ ਬੋਲੀ ਜਾ ਰਿਹਾ ਸੀ। ਪਾਗਲਾਂ ਵਾਂਗ, ”ਤੁਸੀਂ ਝੂਠ ਮਾਰਦੇ ਹੋ! ਸੁਰਜੀਤ ਨਹੀਂ ਮਰ ਸਕਦੀ। ਉਹ ਮੇਰੇ ਲਈ ਜ਼ਿੰਦਾ ਹੈ।” ਤੇ ਉਹ ਪਾਗਲਾਂ ਵਾਂਗ ਉਚੀ-ਉਚੀ ਸੁਰਜੀਤ, ਸੁਰਜੀਤ ਆਵਾਜ਼ਾਂ ਮਾਰ ਕੇ ਚੁੱਪ ਹੋ ਗਿਆ।
”ਸੁਰਜੀਤ ਕਿਵੇਂ ਮਰੀ? ਕਿਉਂ ਮਰੀ?” ਸਵਿਤਾ ਨੇ ਹੰਝੂ ਪੂੰਝਦਿਆਂ ਸਪੱਸ਼ਟ ਕਰਦਿਆਂ ਕਿਹਾ, ”ਜਦੋਂ ਤੁਸੀਂ ਐਮੱ.ਬੀ.ਬੀ.ਐਸੱ. ਦੇ ਤੀਸਰੇ ਸਾਲ ਵਿਚ ਦਾਖਲ ਹੋਏ ਤਾਂ ਉਸ ਸਮੇਂ ਉਸਨੇ ਮੈਨੂੰ ਆਪਣੇ ਸਹੁਰੇ ਸ਼ਹਿਰ ਹਸਪਤਾਲ ਬੁਲਾਇਆ। ਜਾ ਕੇ ਪਤਾ ਲੱਗਾ ਕਿ ਸੁਰਜੀਤ ਚੰਦ ਦਿਨਾਂ ਦੀ ਮਹਿਮਾਨ ਹੈ। ਉਸਨੂੰ ਕੈਂਸਰ ਸੀ। ਉਹ ਆਖਰੀ ਸਟੇਜ ’ਤੇ ਸੀ। ਮਰਨ ਤੋਂ ਕੁਝ ਦਿਨਾਂ ਪਹਿਲਾਂ ਮੇਰੇ ਨਾਲ ਇਕ ਵਾਅਦਾ ਕਰਦੀ ਹੋਈ, ਤੁਹਾਡੇ ਨਾਂ ਦਾ ਇਕ ਖ਼ਤ ਫੜਾ ਗਈ ਸੀ ਤੇ ਤੀਹ ਲੱਖ ਰੁਪਏ ਤੁਹਾਡੀ ਪੜ੍ਹਾਈ ਲਈ ਦੇ ਗਈ ਸੀ। ਇਹ ਸਾਰੀ ਮੁਲਾਕਾਤ ਸੁਰਜੀਤ ਤੇ ਮੇਰੇ ਦਰਮਿਆਨ ਹਸਪਤਾਲ ਵਿਚ ਇਕ ਰਾਤ ਨੂੰ ਹੋਈ। ਮਰਨ ਦੀ ਸੂਚਨਾ ਤੁਹਾਡੇ ਤੱਕ ਪਹੁੰਚਾ ਤਾਂ ਦੇਂਦੀ ਪਰ ਸੁਰਜੀਤ ਮਨ੍ਹਾਂ ਕਰ ਗਈ ਸੀ। ਬਸ ਏਨਾ ਕਿਹਾ ਸੀ, ”ਇਹ ਖ਼ਤ, ਜਦੋਂ ਉਹ ਪੜ੍ਹਾਈ ਪੂਰੀ ਕਰਕੇ ਆਉਣ ਤਾਂ ਮੇਰੇ ਵੱਲੋਂ ਉਨ੍ਹਾਂ ਨੂੰ ਦੇ ਦੇਣਾ।”
ਸਵਿਤਾ ਤੋਂ ਖ਼ਤ ਫੜ ਕੇ ਉਸਨੇ ਮੱਥੇ ਨਾਲ ਲਾਇਆ, ਚੁੰਮਿਆ ਤੇ ਕਈ ਹੰਝੂ ਖ਼ਤ ਨੂੰ ਗਿੱਲਾ ਕਰ ਗਏ। ਖ਼ਤ ਖੋਲ੍ਹਿਆ। ਲਿਖਾਵਟ ਵਿਚੋਂ ਉਸਨੂੰ ਇੰਝ ਲੱਗਾ ਜਿਵੇਂ ਸੁਰਜੀਤ ਉਸ ਵਿਚੋਂ ਬੋਲ ਰਹੀ ਹੋਵੇ। ਉਸਦਾ ਚਿਹਰਾ, ਉਸ ਦੀਆਂ ਯਾਦਾਂ ਚਲ ਚਿੱਤਰ ਵਾਂਗ ਦਿਮਾਜ਼ ਵਿਚ ਘੁੰਮ ਗਈਆਂ। ਖ਼ਤ ਵਿਚ ਲਿਖਿਆ ਸੀ।
ਪਿਆਰੇ ਭੁਪਿੰਦਰ ਜੀ,
ਹਮੇਸ਼ਾ ਹਮੇਸ਼ਾ ਯਾਦ!
ਮੈਂ ਬੜੀ ਮੁਸ਼ਕਿਲ ਨਾਲ ਗੁਸਲਖ਼ਾਨੇ ਵਿਚ ਖ਼ਤ ਲਿਖ ਰਹੀ ਹਾਂ। ਮੈਨੂੰ ਪਤਾ ਹੈ ਕਿ ਮੈਂ ਚੰਦ ਦਿਨਾਂ ਦੀ ਮਹਿਮਾਨ ਹਾਂ। ਆਖਰੀ ਸਾਹਾਂ ’ਤੇ ਹਾਂ। ਤੁਹਾਨੂੰ ਸੱਚੀਂ ਮਿਲਣ ਲਈ ਕਿੰਨਾ ਦਿਲ ਕਰਦਾ ਏ। ਹੰਝੂ ਰੁਕਦੇ ਨਹੀਂ। ਆਉਣਾ ਨਾ ਮੁਮਕਿੰਨ ਹੈ। ਉਹ ਯਾਦਾਂ ਮੁਬਾਰਕ! ਸਮਾਂ ਇਜ਼ਾਜ਼ਤ ਨਹੀਂ ਦੇਂਦਾ, ਅਲਵਿਦਾ ਭੁਪਿੰਦਰ ਜੀ!
ਮੇਰੀ ਆਖਰੀ ਤਮੰਨਾ ਹੈ ਕਿ ਤੁਸੀਂ ਸਵਿਤਾ ਨੂੰ ਅਪਨਾ ਲਵੋਗੇ।
ਤੁਹਾਡੀ ਸੁਰਜੀਤ
ਬਲਵਿੰਦਰ ’ਬਾਲਮ’
ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ: 98156-25409
