ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਕਿਰਪਾਲ ਪੂਨੀ ਦੀ ਕਵਿਤਾ ਦਾ ਵਿਸ਼ੇਸ਼ ਪੱਖ ਇਹ ਹੈ ਕਿ ਉਹ ਪਰਵਾਸ ਨੂੰ ਸਿਰਫ਼ ਭੂਗੋਲਿਕ ਤਬਦੀਲੀ ਵਜੋਂ ਨਹੀਂ ਦੇਖਦੇ, ਸਗੋਂ ਇਸ ਨਾਲ ਜੁੜੇ ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਅਨੁਭਵਾਂ ਨੂੰ ਵੀ ਆਪਣੀ ਕਵਿਤਾ ਦਾ ਵਿਸ਼ਾ ਬਣਾਉਂਦੇ ਹਨ। ਇਸ ਕਰਕੇ ਉਨ੍ਹਾਂ ਦੀ ਸ਼ਾਇਰੀ ਵਿੱਚ ਆਪਣੀ ਮਿੱਟੀ ਦੀ ਯਾਦ, ਪਰਵਾਸੀ ਜੀਵਨ ਦੀਆਂ ਚੁਣੌਤੀਆਂ ਅਤੇ ਮਨੁੱਖ ਦੇ ਅੰਦਰਲੇ ਸੰਘਰਸ਼ ਦੀ ਗੂੰਜ ਸੁਣਾਈ ਦਿੰਦੀ ਹੈ।
ਇਸ ਮੌਕੇ ਕਿਰਪਾਲ ਪੂਨੀ ਨੇ ਆਪਣੀ ਜੀਵਨ-ਯਾਤਰਾ ਸਾਂਝੀ ਕਰਦਿਆਂ ਦੱਸਿਆ ਕਿ ਉਹ 17 ਸਾਲ ਦੀ ਉਮਰ ਵਿੱਚ ਇੰਗਲੈਂਡ ਪਹੁੰਚ ਗਏ ਸਨ। ਵਿਦੇਸ਼ ਵਿੱਚ ਸ਼ੁਰੂਆਤੀ ਸੰਘਰਸ਼ਾਂ ਤੋਂ ਬਾਅਦ ਉਨ੍ਹਾਂ ਨੇ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਆਪਣੇ ਪੇਸ਼ੇਵਰ ਜੀਵਨ ਨੂੰ ਸਥਾਪਿਤ ਕੀਤਾ। ਉਨ੍ਹਾਂ ਕਿਹਾ ਕਿ ਕਵਿਤਾ ਨਾਲ ਉਨ੍ਹਾਂ ਦਾ ਰਿਸ਼ਤਾ ਇਸ ਤੋਂ ਵੀ ਪਹਿਲਾਂ ਦਾ ਹੈ ਅਤੇ ਉਨ੍ਹਾਂ ਨੂੰ 16-17 ਸਾਲ ਦੀ ਉਮਰ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਸੀ। ਉਹਨਾਂ ਆਪਣੀ ਕਾਵਿ-ਚੇਤਨਾ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਖੁਦ ਸ਼ਾਇਰ ਸਨ। ਉਨ੍ਹਾਂ ਨੇ ਬਚਪਨ ਦੇ ਲਗਭਗ ਪੰਜ ਸਾਲ ਨਾਨਕੇ ਰਹਿ ਕੇ ਬਿਤਾਏ, ਜਿੱਥੇ ਉਨ੍ਹਾਂ ਦੇ ਨਾਨਾ ਜੀ ਅਤੇ ਪੜਨਾਨਾ ਜੀ ਦੇਸ਼-ਭਗਤੀ ਲਹਿਰ ਨਾਲ ਸਰਗਰਮੀ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਵਿੱਚੋਂ ਮਿਲੀ ਇਸ ਸਾਹਿਤਕ ਅਤੇ ਦੇਸ਼-ਭਗਤੀ ਦੀ ਵਿਰਾਸਤ ਦਾ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਰਚਨਾਤਮਕ ਸੋਚ ਉੱਤੇ ਡੂੰਘਾ ਪ੍ਰਭਾਵ ਪਿਆ।
ਆਪਣੇ ਕਾਵਿ-ਸੰਗ੍ਰਹਿ ‘ਗੁਲਾਮੀਨਾਮਾ’ ਬਾਰੇ ਗੱਲ ਕਰਦਿਆਂ ਕਿਰਪਾਲ ਪੂਨੀ ਨੇ ਕਿਹਾ ਕਿ ਗੁਲਾਮੀ ਦੇ ਕਈ ਰੂਪ ਹੁੰਦੇ ਹਨ, ਪਰ ਮਾਨਸਿਕ ਗੁਲਾਮੀ ਸਭ ਤੋਂ ਵੱਡੀ ਗੁਲਾਮੀ ਹੈ। ਉਨ੍ਹਾਂ ਅਨੁਸਾਰ ਮਨੁੱਖ ਲਈ ਬਾਹਰੀ ਬੰਧਨਾਂ ਤੋਂ ਮੁਕਤੀ ਦੇ ਨਾਲ-ਨਾਲ ਆਪਣੀ ਸੋਚ ਨੂੰ ਗੁਲਾਮੀ ਦੀਆਂ ਜਕੜਾਂ ਤੋਂ ਮੁਕਤ ਕਰਨਾ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਆਪਣੇ ਪਰਵਾਸ ਨਾਲ ਸਬੰਧਤ ਕਾਵਿ-ਸੰਗ੍ਰਹਿ ਅਤੇ ‘ਕ੍ਰਿਸ਼ਮਈ ਤਰੰਗਾਂ’ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਸਾਹਿਤਕ ਮਿਲਣੀ ਵਿੱਚ ਹਾਜਰ ਸ਼ਾਇਰ ਮਹਿੰਦਰਪਾਲ ਸਿੰਘ ਪਾਲ, ਸ਼ਾਇਰ ਹਰਦਮ ਮਾਨ ਅਤੇ ਅੰਗਰੇਜ਼ ਬਰਾੜ ਨੇ ਵੀ ਕਿਰਪਾਲ ਪੂਨੀ ਨਾਲ ਸਾਹਿਤ, ਕਵਿਤਾ ਅਤੇ ਪਰਵਾਸੀ ਪੰਜਾਬੀ ਜੀਵਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਕਿਰਪਾਲ ਪੂਨੀ ਨੇ ਆਪਣੀਆਂ ਕੁਝ ਪੁਸਤਕਾਂ ਮੰਚ ਦੇ ਮੈਂਬਰਾਂ ਨੂੰ ਭੇਟ ਕੀਤੀਆਂ। ਜਰਨੈਲ ਸਿੰਘ ਸੇਖਾ, ਮੋਹਨ ਗਿੱਲ ਅਤੇ ਮਹਿੰਦਰਪਾਲ ਸਿੰਘ ਪਾਲ ਨੇ ਆਪਣੀਆਂ ਪੁਸਤਕਾਂ ਕਿਰਪਾਲ ਪੂਨੀ ਨੂੰ ਦਿੱਤੀਆਂ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

