ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ

ਸ਼ਿੰਗਾਰ ਸਿੰਘ ਸਿੱਧੂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ ਨਾਲ ਨਿਵਾਜਿਆ


ਸਿਆਟਲ 11 ਜੂਨ (ਹਰਦਮ ਮਾਨ)- ਸਿਆਟਲ ਦੀਆਂ ਫ਼ਿਜ਼ਾਵਾਂ ਉਸ ਸਮੇਂ ਸਾਹਿਤਕ ਰੰਗ ਵਿੱਚ ਰੰਗੀਆਂ ਗਈਆਂ ਜਦੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਰੰਧਾਵਾ ਫਾਊਂਡੇਸ਼ਨ ਦੇ ਵਿਹੜੇ ਇੱਕ ਯਾਦਗਾਰੀ ਕਵੀ ਦਰਬਾਰ ਸਜਾਇਆ ਗਿਆ। ਇਹ ਵਿਸ਼ੇਸ਼ ਸਮਾਗਮ ਜਿੱਥੇ ਮੈਮੋਰੀਅਲ ਦਿਨ ਦੇ ਸ਼ਹੀਦਾਂ ਅਤੇ ਜੂਨ 1984 ਦੇ ਘੱਲੂਘਾਰੇ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ, ਉੱਥੇ ਹੀ ਪੰਜਾਬੀ ਮਾਂ-ਬੋਲੀ ਦੇ ਅਲਬੇਲੇ ਸ਼ਾਇਰ ਮਰਹੂਮ ਡਾ. ਸੁਰਜੀਤ ਪਾਤਰ ਨੂੰ ਵੀ ਅਕੀਦਤ ਦੇ ਫੁੱਲ ਭੇਟ ਕੀਤੇ ਗਏ, ਜੋ 11 ਮਈ 2024 ਨੂੰ ਸਾਥੋਂ ਸਦਾ ਲਈ ਵਿਛੜ ਗਏ ਸਨ। ਇਸ ਰੂਹਾਨੀ ਅਤੇ ਸਾਹਿਤਕ ਮਹਿਫ਼ਲ ਵਿੱਚ ਵਾਸ਼ਿੰਗਟਨ ਸਟੇਟ ਦੇ ਵੱਖ-ਵੱਖ ਸ਼ਹਿਰਾਂ ਤੋਂ ਸਾਹਿਤ ਪ੍ਰੇਮੀ, ਬੁਲਾਰੇ ਅਤੇ ਸੂਖਮ ਸੋਚ ਦੇ ਮਾਲਕ ਕਵੀ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ।

ਸਮਾਗਮ ਦਾ ਆਗਾਜ਼ ਅਮਰੀਕਾ ਦੇ ਫੌਜੀ ਸ਼ਹੀਦਾਂ ਅਤੇ 1984 ਦੇ ਸ਼ਹੀਦਾਂ ਦੇ ਸਤਿਕਾਰ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਕੀਤਾ ਗਿਆ। ਮੰਚ ਦੀ ਵਾਗਡੋਰ ਗੁਰਪ੍ਰੀਤ ਸੋਹਲ ਨੇ ਸੰਭਾਲੀ, ਜਿਨ੍ਹਾਂ ਨੇ ਆਪਣੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਅੰਦਾਜ਼ ਨਾਲ ਪੂਰੇ ਪ੍ਰੋਗਰਾਮ ਵਿੱਚ ਸੁਹਜ-ਸਵਾਦ ਭਰਿਆ। ਸਭਾ ਦੇ ਪ੍ਰਧਾਨ ਕਰਨੈਲ ਸਿੰਘ ਕੈਲ ਨੇ ਆਏ ਹੋਏ ਤਮਾਮ ਮਹਿਮਾਨਾਂ, ਲੇਖਕਾਂ ਅਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਸ਼ਹੀਦਾਂ ਦੇ ਜੀਵਨ ਅਤੇ ਉਨ੍ਹਾਂ ਦੇ ਫਲਸਫੇ 'ਤੇ ਭਾਵਪੂਰਤ ਵਿਚਾਰ ਸਾਂਝੇ ਕੀਤੇ। ਗੁਰਪ੍ਰੀਤ ਸੋਹਲ ਨੇ ਪੰਜਾਬੀ ਲਿਖਾਰੀ ਸਭਾ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਸਾਹਿਤਕ ਤੇ ਸਮਾਜਿਕ ਕਾਰਜਾਂ ਦੀ ਰਿਪੋਰਟ ਸਾਂਝੀ ਕੀਤੀ ਅਤੇ ਭਵਿੱਖ ਦੇ ਉਪਰਾਲਿਆਂ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ।

ਇਸ ਸਾਹਿਤਕ ਇਕੱਤਰਤਾ ਦਾ ਸਭ ਤੋਂ ਖੂਬਸੂਰਤ ਅਤੇ ਮਾਣਮੱਤਾ ਪਲ ਉਹ ਸੀ, ਜਦੋਂ ਸਭਾ ਦੇ ਮੁੱਢਲੇ ਮੈਂਬਰ ਅਤੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪਾਏ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ 'ਜੀਵਨ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਨੇ ਸਮੁੱਚੇ ਹਾਜ਼ਰੀਨ ਦੀਆਂ ਤਾਲੀਆਂ ਦੀ ਗੂੰਜ ਵਿੱਚ ਸਮਾਗਮ ਦੀ ਸ਼ੋਭਾ ਨੂੰ ਹੋਰ ਵਧਾ ਦਿੱਤਾ।

ਕਾਵਿ-ਮਹਿਫ਼ਲ ਦੇ ਦੌਰਾਨ ਇੱਕ ਤੋਂ ਬਾਅਦ ਇੱਕ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦੇ ਦਿਲਾਂ ਨੂੰ ਟੁੰਬਿਆ। ਕਵਿਤਾਵਾਂ ਦੀ ਇਸ ਸੁਰੀਲੀ ਛਹਿਬਰ ਵਿੱਚ ਕਰਨੈਲ ਕੈਲ, ਡਾ. ਕੌਸ਼ਲ ਸੈਣੀ, ਅਮਰਜੀਤ ਸਿੰਘ ਤਰਸਿੱਕਾ, ਹਰਪਾਲ ਸਿੱਧੂ, ਮਨਜੀਤ ਚਾਹਲ, ਮਸ਼ਹੂਰ ਗਾਇਕ ਬਲਵੀਰ ਲਹਿਰਾ, ਪ੍ਰੋ. ਸਾਧੂ ਸਿੰਘ ਝੱਜ, ਮਲਕੀਤ ਸਿੰਘ, ਅਵਤਾਰ ਸਿੰਘ ਆਦਮਪੁਰੀ, ਹਰਿੰਦਰਪਾਲ ਸਿੰਘ ਬੈਂਸ, ਹਰਦਿਆਲ ਸਿੰਘ ਚੀਮਾ, ਡਾ. ਸੁਖਵੀਰ ਬੀਹਲਾ, ਰਜਿੰਦਰ ਕੌਰ, ਮਨਜੀਤ ਕੌਰ ਗਿੱਲ, ਸ਼ਿੰਗਾਰ ਸਿੰਘ ਸਿੱਧੂ, ਸਰਬਜੀਤ ਸਿੰਘ ਨੂਰ, ਜਸਵੀਰ ਕੌਰ ਨਿੱਝਰ, ਸ਼ਾਨ ਦਿਓਲ, ਸੁਖਜੀਵਨ ਸਿੱਧੂ, ਗੁਰਪ੍ਰੀਤ ਸੋਹਲ ਅਤੇ ਦਵਿੰਦਰ ਸਿੰਘ ਹੀਰਾ ਨੇ ਆਪਣੀ ਕਲਮ ਦਾ ਜਾਦੂ ਬਿਖੇਰਦਿਆਂ ਸਭ ਨੂੰ ਮੰਤਰਮੁਗਧ ਕਰ ਦਿੱਤਾ।

ਸਾਹਿਤਕ ਰੰਗ ਦਾ ਆਨੰਦ ਮਾਣਨ ਅਤੇ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ਚਾਰ-ਚੰਦ ਲਗਾਉਣ ਲਈ ਸਰੋਤਿਆਂ ਵਿੱਚ ਕਾਹਨ ਸਿੰਘ, ਅਵਨੀਤ ਕੌਰ, ਪੁਨਰਜੋਤ ਸਿੰਘ, ਰਾਜਵਿੰਦਰ ਕੌਰ, ਗੁਰਪ੍ਰੀਤ ਸੋਨੂੰ ਅਤੇ ਸੁਖਵਿੰਦਰ ਸਿੰਘ ਵੀ ਉਚੇਚੇ ਤੌਰ 'ਤੇ ਸ਼ਾਮਿਲ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال