ਗ਼ਜ਼ਲ ਮੰਚ ਸਰੀ ਵੱਲੋਂ ਪ੍ਰੀਤ ਮਨਪ੍ਰੀਤ ਦਾ ਗ਼ਜ਼ਲ ਸੰਗ੍ਰਹਿ ‘ਧੁੱਪ ਛਾਂ ਦਾ ਅਨੁਪਾਤ’ ਲੋਕ ਅਰਪਣ

ਸਰੀ, 18 ਜੂਨ (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਨੌਜਵਾਨ ਸ਼ਾਇਰ ਪ੍ਰੀਤ ਮਨਪ੍ਰੀਤ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਧੁੱਪ ਛਾਂ ਦਾ ਅਨੁਪਾਤ’ ਦੇ ਲੋਕ ਅਰਪਣ ਲਈ ਬੀਤੇ ਦਿਨੀਂ ਗਿਲਫੋਰਡ ਲਾਇਬ੍ਰੇਰੀ, ਸਰੀ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿਚ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਸ਼ਖ਼ਸੀਅਤਾਂ, ਕਵੀਆਂ, ਲੇਖਕਾਂ ਅਤੇ ਸਾਹਿਤ-ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ, ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਸਾਹਿਤਕਾਰ ਅਤੇ ਪੱਤਰਕਾਰ ਸੁਸ਼ੀਲ ਦੁਸਾਂਝ, ਪ੍ਰਸਿੱਧ ਸ਼ਾਇਰ ਨਿਰੰਜਨ ਸੂਖਮ, ਪ੍ਰਭਜੋਤ ਸੋਹੀ ਅਤੇ ਪੁਸਤਕ ਦੇ ਰਚਨਾਕਾਰ ਪ੍ਰੀਤ ਮਨਪ੍ਰੀਤ ਨੇ ਸਾਂਝੇ ਤੌਰ ’ਤੇ ਕੀਤੀ।

ਸਮਾਗਮ ਦਾ ਆਗਾਜ਼ ਗ਼ਜ਼ਲ ਮੰਚ ਦੇ ਸਕੱਤਰ ਦਵਿੰਦਰ ਗੌਤਮ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਇਸ ਤੋਂ ਬਾਅਦ ਡਾ. ਰਣਦੀਪ ਮਲਹੋਤਰਾ ਨੇ ਪ੍ਰੀਤ ਮਨਪ੍ਰੀਤ ਦੀਆਂ ਗ਼ਜ਼ਲਾਂ ਨੂੰ ਆਪਣੇ ਸੁਰੀਲੇ ਸੁਰਾਂ ਨਾਲ ਪੇਸ਼ ਕਰਕੇ ਮਾਹੌਲ ਨੂੰ ਕਾਵਿਕ ਰੰਗਾਂ ਨਾਲ ਭਰ ਦਿੱਤਾ। ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਰਾਜਵੰਤ ਰਾਜ ਨੇ ਪ੍ਰੀਤ ਮਨਪ੍ਰੀਤ ਦੇ ਸ਼ਿਅਰਾਂ ਦੀਆਂ ਉਦਾਹਰਣਾਂ ਦੇ ਕੇ ਉਸ ਦੀ ਸ਼ਾਇਰੀ ਦੀ ਵਿਲੱਖਣਤਾ, ਗਹਿਰਾਈ ਅਤੇ ਬਹੁ-ਰੰਗੀ ਸੰਵੇਦਨਾ ਨੂੰ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ‘ਧੁੱਪ ਛਾਂ ਦਾ ਅਨੁਪਾਤ’ ਦਰਅਸਲ ਜੀਵਨ ਦੇ ਸੁਖ-ਦੁੱਖ, ਹਾਸੇ-ਰੋਣੇ ਅਤੇ ਆਸ-ਨਿਰਾਸ਼ਾ ਵਰਗੀਆਂ ਵਿਰੋਧੀ ਹਾਲਤਾਂ ਦੇ ਨਾਜ਼ੁਕ ਸੰਤੁਲਨ ਦੀ ਕਾਵਿਕ ਪੜਚੋਲ ਹੈ। ਮਨਪ੍ਰੀਤ ਦੀ ਸ਼ਾਇਰੀ ਵਿੱਚ ਕਦੇ ਉਦਾਸੀ ਦੀ ਧੁੰਦ ਹੈ, ਕਦੇ ਖ਼ੁਸ਼ੀ ਦੀ ਚਮਕ, ਕਦੇ ਅੰਬਰ ਤੋਂ ਧਰਤੀ ਵੱਲ ਤੱਕਣ ਦਾ ਵਿਸ਼ਾਲ ਦ੍ਰਿਸ਼ਟੀਕੋਣ ਅਤੇ ਕਦੇ ਆਲੇ-ਦੁਆਲੇ ਦੇ ਸਮਾਜਕ ਦਰਦ ਦੀ ਗਹਿਰੀ ਪੇਸ਼ਕਾਰੀ। ਇਹ ਸ਼ਾਇਰੀ ਸਰਲ ਭਾਸ਼ਾ ਵਿੱਚ ਡੂੰਘੇ ਅਰਥਾਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦੀ ਹੈ।

ਇੰਦਰਜੀਤ ਧਾਮੀ ਨੇ ਆਪਣੇ ਵਿਸ਼ਲੇਸ਼ਣਾਤਮਕ ਪਰਚੇ ਵਿੱਚ ਰਚਨਾ ਦੇ ਨਾਲ-ਨਾਲ ਪ੍ਰੀਤ ਮਨਪ੍ਰੀਤ ਦੀ ਸ਼ਖ਼ਸੀਅਤ ਨੂੰ ਵੀ ਬਹੁਤ ਹੀ ਕਾਵਿਕ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿੱਚ ਪੇਸ਼ ਕੀਤਾ। ਉਨ੍ਹਾਂ ਨੇ ਕਵੀ ਦੀ ਸੰਵੇਦਨਸ਼ੀਲ ਸੋਚ ਅਤੇ ਮਨੁੱਖੀ ਸਰੋਕਾਰਾਂ ਨਾਲ ਉਸ ਦੀ ਗਹਿਰੀ ਸਾਂਝ ਦੀ ਚਰਚਾ ਕੀਤੀ। ਮਾਨਵੀ ਸੰਵੇਦਨਾਵਾਂ ਦੀ ਗੱਲ ਕਰਦਿਆਂ ਕਮਲਜੀਤ ਕੌਰ ਨੇ ਆਪਣੇ ਪਰਚੇ ਵਿੱਚ ਵਿਸ਼ੇਸ਼ ਤੌਰ ’ਤੇ ਰੇਖਾਂਕਿਤ ਕੀਤਾ ਕਿ ਮਨਪ੍ਰੀਤ ਦੀ ਸ਼ਾਇਰੀ ਅਜੋਕੇ ਦੌਰ ਦੇ ਮਨੁੱਖ ਦੇ ਅੰਦਰੂਨੀ ਦਵੰਦ ਅਤੇ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬਹੁਤ ਬਾਰੀਕੀ ਨਾਲ ਬਿਆਨ ਕਰਦੀ ਹੈ। ਪੰਜਾਬ ਤੋਂ ਆਏ ਵਿਸ਼ੇਸ਼ ਮਹਿਮਾਨ ਸੁਸ਼ੀਲ ਦੁਸਾਂਝ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੀਤ ਮਨਪ੍ਰੀਤ ਇੱਕ ਬਹੁਤ ਹੀ ਸੁਚੇਤ ਅਤੇ ਜਾਗਰੂਕ ਸ਼ਾਇਰ ਹੈ। ਭਾਵੇਂ ਉਸ ਦੀ ਸ਼ਾਇਰੀ ਵਿੱਚ ਸਿੱਧੇ ਰਾਜਨੀਤਕ ਨਾਅਰੇ ਨਹੀਂ ਮਿਲਦੇ, ਪਰ ਉਹ ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ ਦੀ ਬਾਰੀਕੀ ਨਾਲ ਪੜਤਾਲ ਕਰਦਿਆਂ ਸਮੇਂ ਦੇ ਰੋਗ ਦੀ ਪਛਾਣ ਕਰਦੀ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੀ ਕਵਿਤਾ ਬਹੁ-ਅਰਥੀ ਸੰਭਾਵਨਾਵਾਂ ਨਾਲ ਭਰਪੂਰ ਹੈ ਅਤੇ ਇਹੀ ਕਿਸੇ ਵੀ ਸਫ਼ਲ ਸ਼ਾਇਰੀ ਦੀ ਅਸਲ ਪਹਿਚਾਣ ਹੁੰਦੀ ਹੈ।

ਇਸ ਮੌਕੇ ਪ੍ਰਧਾਨਗੀ ਮੰਡਲ, ਗ਼ਜ਼ਲ ਮੰਚ ਦੇ ਮੈਂਬਰਾਂ ਅਤੇ ਹਾਜ਼ਰ ਸਾਹਿਤ-ਪ੍ਰੇਮੀਆਂ ਵੱਲੋਂ ‘ਧੁੱਪ ਛਾਂ ਦਾ ਅਨੁਪਾਤ’ ਦੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ। ਪੁਸਤਕ ਅਤੇ ਕਵੀ ਦੀ ਸ਼ਖ਼ਸੀਅਤ ਬਾਰੇ ਦਵਿੰਦਰ ਗੌਤਮ, ਪ੍ਰਭਜੋਤ ਸੋਹੀ, ਸੁਖਜੀਤ ਹੁੰਦਲ, ਹਰਦਮ Mਾਨ, ਬਲਬੀਰ ਕੌਰ ਢਿੱਲੋਂ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਅੰਗਰੇਜ਼ ਬਰਾੜ, ਬਲਤੇਜ ਬਰਾੜ, ਨਰਿੰਦਰ ਬਾਈਆ, ਪਾਲ ਢਿੱਲੋਂ, ਕ੍ਰਿਸ਼ਨ ਬੈਕਟਰ, ਭੁਪਿੰਦਰ ਮੱਲ੍ਹੀ, ਸ਼ਬਨਮ ਮੱਲ੍ਹੀ ਨਿਰੰਜਨ ਸੂਖਮ ਅਤੇ ਅੰਸ਼ੁਕਰ ਮਹੇਸ਼ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੁਸਤਕ ਨੂੰ ਸਮਕਾਲੀ ਪੰਜਾਬੀ ਗ਼ਜ਼ਲ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਕਰਾਰ ਦਿੱਤਾ।

ਸਮਾਗਮ ਦੇ ਅੰਤ ਵਿੱਚ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ ਨੇ ਹਾਜ਼ਰ ਸਭਨਾਂ ਰੂਹਾਨੀ ਸ਼ਖ਼ਸੀਅਤਾਂ, ਕਲਮਕਾਰਾਂ ਅਤੇ ਦਾਨਿਸ਼ਵਰਾਂ ਦਾ ਦਿਲ ਦੀਆਂ ਅਥਾਹ ਗਹਿਰਾਈਆਂ ਵਿੱਚੋਂ ਸ਼ੁਕਰਾਨਾ ਅਦਾ ਕੀਤਾ। ਉਨ੍ਹਾਂ ਪ੍ਰੀਤ ਮਨਪ੍ਰੀਤ ਨੂੰ ਇਸ ਮੁਬਾਰਕ ਕਦਮ 'ਤੇ ਵਧਾਈ ਦਿੰਦਿਆਂ ਆਖਿਆ ਕਿ ‘ਧੁੱਪ ਛਾਂ ਦਾ ਅਨੁਪਾਤ’ ਮਹਿਜ਼ ਇਕ ਕਿਤਾਬ ਨਹੀਂ, ਬਲਕਿ ਸਮਕਾਲੀ ਪੰਜਾਬੀ ਗ਼ਜ਼ਲ ਦੇ ਮੁਹਾਂਦਰੇ ਨੂੰ ਹੋਰ ਨਿਖਾਰਨ ਵਾਲੀ ਇਕ ਵਡਮੁੱਲੀ ਅਤੇ ਹਾਸਲ-ਪ੍ਰਾਪਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਿਰਜਣਾ ਦੇ ਪਿੱਛੇ ਸ਼ਾਇਰ ਦੀ ਵਰ੍ਹਿਆਂ ਦੀ ਅਣਥੱਕ ਘਾਲਣਾ, ਸਾਹਿਤਕ ਸਿਦਕ, ਗ਼ਜ਼ਲ ਦੀ ਸੂਖਮ ਤਕਨੀਕੀ ਸਮਝ ਅਤੇ ਜ਼ਿੰਦਗੀ ਦੇ ਫ਼ਲਸਫ਼ੇ ਨੂੰ ਫੜਨ ਦੀ ਡੂੰਘੀ ਸੂਝ ਸਾਫ਼ ਨਜ਼ਰ ਆਉਂਦੀ ਹੈ, ਜੋ ਪੰਜਾਬੀ ਸ਼ਾਇਰੀ ਦੇ ਸੁਨਹਿਰੀ ਭਵਿੱਖ ਦਾ ਇੱਕ ਸ਼ੁਭ ਸ਼ਗਨ ਹੈ। ਸਮੁੱਚੇ ਸਮਾਗਮ ਦਾ ਸੰਚਾਲਨ ਦਵਿੰਦਰ ਗੌਤਮ ਨੇ ਬੇਹੱਦ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال