ਲੋਕ ਗਾਇਕ ਨੇ ਫਰੋਲੇ ਆਪਣੇ ਦਿਲ ਦੇ ਵਰਕੇ

Italy, March 29,2026 (The Hind Canadian Times) : ਕੌਮਾਂਤਰੀ ਪੰਜਾਬੀ ਕਾਫਲਾ ਇਟਲੀ ਵਲੋਂ ਮਿਤੀ 29/03/26 ਦਿਨ ਐਤਵਾਰ ਨੂੰ ਲਾਈਵ ਪ੍ਰੋਗਰਾਮ ‘ਦਿਲ ਦੇ ਵਰਕੇ ਫੋਲ’ ਵਿੱਚ ਪੰਜਾਬੀ ਲੋਕ ਗੀਤਕਾਰ, ਕਲਾਕਾਰ, ਸਮਾਜ ਸੇਵੀ ਬਲਵੀਰ ਸ਼ੇਰਪੁਰੀ ਜੀ ਨਾਲ ਮੁਲਾਕਾਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਾਫ਼ਲਾ ਪ੍ਰਧਾਨ ਨਾਵਲਕਾਰ ਬਿੰਦਰ ਕੋਲੀਆ ਵਾਲ ਜੀ ਨੇ ਕਾਫ਼ਲਾ ਸਰਪ੍ਰਸਤ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਜੀ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਆਗਿਆ ਲਈ ਤੇ ਹਾਜ਼ਰ ਮੈਂਬਰਾਂ ਦਾ ਅਤੇ  ਵਿਸ਼ੇਸ਼ ਮਹਿਮਾਨ ਬਲਵੀਰ ਜੀ ਨੂੰ ਜੀ ਆਇਆ ਆਖਿਆ ਤੇ ਨਾਲ ਹੀ ਮੰਚ ਸੰਚਾਲਕ ਕਰਨ ਲਈ ਪ੍ਰਸਿੱਧ ਪੇਸ਼ਕਾਰ ਮੋਤੀ ਸ਼ਾਇਰ (ਪੰਜਾਬ) ਜੀ ਨੂੰ ਬੇਨਤੀ ਕੀਤੀ।

ਮੋਤੀ ਸ਼ਾਇਰ ਜੀ ਨੇ ਮੰਚ ਸੰਚਾਲਨ ਸ਼ੁਰੂ ਕਰਦਿਆਂ ਪਹਿਲਾ ਪਿਛਲੇ ਦਿਨਾਂ ਚ ਕਾਫ਼ਲੇ ਦੀ ਟੀਮ ਦੇ ਸੰਗਠਨ ਕੀਤੇ ਜਾਣ ਦੀਆਂ ਸਾਰੇ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਨਾਵਲਕਾਰ ਬਿੰਦਰ ਕੋਲੀਆਂ ਵਾਲ ਦੇ ਨਾਵਲ  ' ਮੱਥੇ ਦੀਆਂ ਲਿਖੀਆਂ ਨਾ ਮਿਟੀਆਂ ' ਪੰਜਾਬੀ ਫਿਲਮ ਡਾਇਰੈਕਟਰ ਅਮਰਦੀਪ ਗਿੱਲ ਕੋਲ ਪਹੁੰਚਣ ਤੇ ਆਉਣ ਵਾਲੇ ਸਮੇਂ ਵਿੱਚ ਇਹ ਵੱਡੇ ਪਰਦੇ ਤੇ ਦਿਸਣ ਦੀ ਖੁਸ਼ਖਬਰੀ ਸਾਂਝੀ ਕੀਤੀ। ਉਸ ਦੇ ਨਾਲ ਹੀ ਬਲਵੀਰ ਸ਼ੇਰਪੁਰੀ ਜੀ ਨੂੰ ਜੀ ਆਇਆ ਆਖਦਿਆਂ ਉਨ੍ਹਾਂ ਨੂੰ ਇੱਕ-ਇੱਕ ਕਰਕੇ ਦਿਲ ਦੇ ਵਰਕੇ ਫਰੋਲਣ ਲਈ ਕਿਹਾ, ਨਾਲ ਹੀ ਪੁੱਛਿਆ ਕਿ ਬਲਵੀਰ ਜੀ ਕਿਵੇਂ ਗਾਇਕ ਬਣੇ ਤੇ ਅੱਜ ਦੀ ਲੱਚਰ ਗਾਇਕੀ ਨੂੰ ਨਾ-ਅਪਣਾ ਕੇ ਸਗੋਂ ਸੱਭਿਅਕ ਗੀਤ ਗਾ ਕੇ ਲੋਕ ਗਾਇਕੀ ਨੂੰ ਹੀ ਕਿਉਂ ਪਹਿਲ ਦਿੱਤੀ। ਬਲਵੀਰ ਜੀ ਨੇ ਦੱਸਿਆ ਕਿ ਪਹਿਲਾਂ ਗੀਤ ਉਹਨਾਂ ਨੇ ਸੱਤਵੀਂ ਜਮਾਤ ਵਿੱਚ ਪੜ੍ਹਦੇ ਹੋਏ ਆਪਣੀ ਸੰਬੰਧਤ ਤਹਿਸੀਲ ਵਿੱਚ ਹੋਏ ਧਾਰਮਿਕ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਕੀਤੀ ਸੀ। ਘਰ ਵਿੱਚ ਗਰੀਬੀ ਸੀ ਤੇ ਗਾਇਕੀ ਵਿੱਚ ਪੈਸਾ ਵੱਧ ਲੱਗਣ ਕਰਕੇ ਉਹਨਾਂ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੇ ਗਾਇਕੀ ਸਫ਼ਰ ਵਿੱਚ ਐਨਾ ਅੱਗੇ ਨਿਕਲ ਜਾਣਗੇ। ਉਹਨਾਂ ਮੰਚ ਉੱਤੇ ਪਹਿਲਾਂ ਗੀਤ ਗਾਇਆ ਤੇ ਸਭ ਨੂੰ ਭਾਵੁਕ ਕਰ ਦਿੱਤਾ।

“ਸਾਡਾ ਉੱਜੜ ਗਿਆ ਦਾ ਕੀ ਅੜੀਏ,

ਤੇਰਾ ਵਸਣਾ ਬੜਾ ਜ਼ਰੂਰੀ ਏ”

ਨਾਵਲਕਾਰ ਬਿੰਦਰ ਕੋਲੀਆ ਵਾਲ ਦਾ ਲਿਖਿਆ ਗੀਤ ‘ਮਾਂ’ ਗਾ ਕੇ ਬਲਵੀਰ ਜੀ ਨੇ ਸਾਰੇ ਮੰਚ ਦੇ ਅੱਖਾਂ ਚੋਂ ਅੱਥਰੂ ਕੇਰਨ ਲਾ ਦਿੱਤੇ। ਜਿਸ ਦੇ ਬੋਲ ਸਨ….

“ਸਾਨੂੰ ਰੋਂਦੇ ਛੱਡ ਕੇ ਤੁਰ ਗਈ ਅੱਜ ਅੰਮੜੀ ਮੇਰੀ,

ਸਾਡੀ ਖਾਤਰ ਸੋ ਸੋ ਦੁਖੜੇ ਜਰਦੀ ਹੁੰਦੀ ਸੀ,

ਦੁੱਖ ਸਹਿ ਕੇ ਵੀ ਦਿਨ ਰਾਤ ਦੁਆਵਾਂ ਕਰਦੀ ਹੁੰਦੀ ਸੀ,

ਕਹਿੰਦੀ ਸੀ ਪੁੱਤਰਾ ਜਿਊਂਦਾ ਰਹਿ, ਹੋਵੇ ਉਮਰ ਲਮੇਰੀ,

ਸਾਨੂੰ ਰੋਂਦੇ ਛੱਡ ਕੇ ਤੁਰ ਗਈ ਅੱਜ ਅੰਮੜੀ ਮੇਰੀ।”

ਵੱਸਦੀ ਰਹਿ, ਪੰਜਾਬ, ਪਵਿੱਤਰ ਕਾਲੀ ਵੇਈਂ, ਮਾਂ,ਸਰਦਾਰ ਦੀ ਪੱਗ, ਕਿਸਾਨਾਂ ਮਜ਼ਦੂਰਾਂ ਦੀ ਮਜਬੂਰੀ, ਨੀਤਾਂ ਚੰਗੀਆਂ, ਭਜਨ ਭੇਟਾਂ ਅਤੇ ਅਨੇਕਾਂ ਧਾਰਮਿਕ ਗੀਤਾਂ ਸਣੇ ਹੁਣ ਤੱਕ 200 ਗੀਤ ਰਿਕਾਰਡ ਕੀਤੇ ਜਾ ਚੁੱਕੇ ਹਨ। ਬਲਵੀਰ ਸ਼ੇਰਪੁਰੀ ਆਪਣੇ ਲਿਖੇ ਗੀਤਾਂ ਦੇ ਨਾਲ ਨਾਲ ਦੂਜੇ ਗੀਤਕਾਰਾਂ ਦੇ ਗੀਤ ਵੀ ਗਾਉਂਦੇ ਹਨ। ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਦੇ ਮੈਬਰਾਂ ਵਿੱਚੋਂ ਬਿੰਦਰ ਕੋਲੀਆ ਵਾਲ, ਮੁਖਤਾਰ ਸਿੰਘ ਚੰਦੀ ਜੀ ਦੇ ਗੀਤ ਵੀ ਬਲਵੀਰ ਜੀ ਗਾ ਚੁੱਕੇ ਹਨ ਜੋ ਸੁਪਰ ਹਿੱਟ ਗੀਤਾਂ ਵਿੱਚ ਗਿਣੇ ਜਾਂਦੇ ਹਨ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਕੌਮਾਂਤਰੀ ਪੰਜਾਬੀ  ਕਾਫ਼ਲਾ ਦੇ ਮੈਬਰਾਂ ਦੇ ਸੱਭਿਅਕ ਗੀਤ ਗਾਉਣ ਦਾ ਹੁੰਗਾਰਾ ਵੀ ਭਰਿਆ ਹੈ।

ਕੌਮਾਂਤਰੀ ਪੰਜਾਬੀ ਕਾਫ਼ਲੇ ਦੇ ਮੰਚ ਤੇ ਹਾਜ਼ਰ ਮੈਂਬਰ ਨਾਵਲਕਾਰ ਬਿੰਦਰ ਕੋਲੀਆ ਵਾਲ, ਗ਼ਜ਼ਲਗੋ ਗੁਰਚਰਨ ਸਿੰਘ ਜੋਗੀ, ਪ੍ਰਿੰਸੀਪਲ ਲਖਵੀਰ ਸਿੰਘ, ਭੈਣ ਪੋਲੀ ਬਰਾੜ ਜੀ, ਪ੍ਰਿੰਸੀਪਲ ਹਰਸ਼ਰਨ ਕੌਰ, ਗੀਤਕਾਰ ਗੁਰਮੀਤ ਸਿੰਘ ਮੱਲ੍ਹੀ, ਕਰਮਜੀਤ ਕੌਰ ਰਾਣਾ, ਪੇਸ਼ਕਾਰ ਮੋਤੀ ਸ਼ਾਇਰ, ਸਰਬਜੀਤ ਸਿੰਘ ਜਰਮਨੀ ਵਲੋਂ ਵਾਰੀ ਵਾਰੀ ਪੁੱਛੇ ਗਏ ਸਵਾਲਾਂ ਦੇ ਜੁਆਬ ਵੀ ਬਾਖੂਬੀ ਦਿੱਤੇ ਤੇ ਬਹੁਤ ਸਾਰੇ ਗੀਤ ਪੁਰੇ ਪੁਰੇ ਸੁਣਾਏ।

ਪ੍ਰੋਗਰਾਮ ਦੇ ਅਖੀਰ ਵਿੱਚ ਸਰਬਜੀਤ ਸਿੰਘ ਜਰਮਨੀ ਨੇ  ਮੁੱਖ ਮਹਿਮਾਨ ਬਲਵੀਰ ਸ਼ੇਰਪੁਰੀ, ਤੇ ਕੌਮਾਂਤਰੀ ਪੰਜਾਬੀ ਕਾਫ਼ਲਾ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ ਕੀਤਾ ਤੇ ਨਾਲ ਹੀ ਯੂਰਪ ਵਿੱਚ ਘੜੀ ਦੀ ਸੂਈ ਪ੍ਰੋਗਰਾਮ ਵਾਲੀ ਸਵੇਰ ਨੂੰ ਇੱਕ ਘੰਟਾ ਅੱਗੇ ਹੋ ਜਾਣ ਦਾ ਜ਼ਿਕਰ ਵੀ ਕੀਤਾ। ਨਾਲ ਹੀ ਕਿਹਾ ਕਿ ਮਾਂ ਬੋਲੀ ਦੇ ਪ੍ਰਸਾਰ ਲਈ ਇਸ ਤਰ੍ਹਾਂ ਦੀਆਂ ਮਹਿਫ਼ਲਾਂ ਸਜਦੀਆਂ ਰਹਿਣ, ਮਾਂ ਬੋਲੀ ਪੰਜਾਬੀ ਦੀ ਅਤੇ ਪੰਜਾਬੀ ਵਿਰਸੇ ਵਿਰਾਸਤ ਦੀ ਗੱਲ ਹੁੰਦਾ ਰਹੇ। ਵਾਹਿਗੁਰੂ ਕਰੇ ਮਹਿਫ਼ਲਾਂ ਸਜਦੀਆਂ ਰਹਿਣ ਤੇ ਦੁਨੀਆਂ ਭਰ ਵਿੱਚ ਲੱਗੀਆਂ ਜੰਗਾਂ ਰੁਕਣ ਹਰ ਪਾਸੇ ਪਿਆਰ, ਸ਼ਾਂਤੀ ਦਾ ਪਸਾਰਾ ਹੋਵੇ।

ਸਰਬਜੀਤ ਸਿੰਘ ਜਰਮਨੀ

Previous Post Next Post

نموذج الاتصال