ਚੇਅਰਮੈਨ ਨੇ ਸੰਤ ਸਮਾਜ ਨੂੰ ਪਿੰਡ ਮਹਿੰਦਪੁਰ ਵਿਖੇ ਜ਼ਮੀਨ ਦੀ ਨਿਸ਼ਾਨਦੇਹੀ ਦਾ ਮਸਲਾ ਜਲਦ ਹੱਲ ਕਰਵਾਉਣ ਦਾ ਦਿਵਾਇਆ ਭਰੋਸਾ

ਪੰਜਾਬ ਸਰਕਾਰ ਦੇ ਧਿਆਨ ’ਚ ਲਿਆ ਕੇ ਮੁੱਦੇ ਦਾ ਢੁੱਕਵਾਂ ਹੱਲ ਕਰਵਾਇਆ ਜਾਵੇਗਾ : ਜਸਵੀਰ ਸਿੰਘ ਗੜ੍ਹੀ


ਜਲੰਧਰ, 18 ਜਨਵਰੀ (The Hind Canadian Times) : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਅੱਜ ਸੰਤ ਸਮਾਜ ਨੂੰ ਪਿੰਡ ਮਹਿੰਦਪੁਰ, ਤਹਿਸੀਲ ਨੰਗਲ ਜ਼ਿਲ੍ਹਾ ਰੂਪਨਗਰ ਵਿਖੇ 36 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਦਾ ਮਸਲਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ।

ਸੰਤ ਸਮਾਜ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੂੰ ਉਕਤ ਜ਼ਮੀਨ ਦੀ ਨਿਸ਼ਾਨਦੇਹੀ ਦੇ ਮਸਲੇ ਨੂੰ ਹੱਲ ਕਰਵਾਉਣ ਦੀ ਅਪੀਲ ਕੀਤੀ ਗਈ ਸੀ। 

ਜਿਸ ’ਤੇ ਸ਼੍ਰੀ ਗੜ੍ਹੀ ਇਥੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ, ਬਾਬੇ ਜੋੜੇ, ਰਾਏਪੁਰ ਰਸੂਲਪੁਰ ਵਿਖੇ ਪਹੁੰਚੇ ਸਨ, ਜਿਥੇ ਉਨ੍ਹਾਂ ਨਤਮਸਤਕ ਹੋਣ ਉਪਰੰਤ ਸੰਤ ਸਮਾਜ ਦੀ ਗੱਲ ਨੂੰ ਬੜੇ ਗਹੁ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਸਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪ੍ਰਕਿਰਿਆ ਵਿੱਚ ਸ਼ਾਮਲ ਕਰਕੇ ਜ਼ਮੀਨ ਦੀ ਨਿਸ਼ਾਨਦੇਹੀ ਸਬੰਧੀ ਸਾਰੀ ਕਾਰਵਾਈ ਜਲਦ ਤੋਂ ਜਲਦ ਪੂਰੀ ਕਰਵਾਈ ਜਾਵੇਗੀ। 

ਇਸ ਤੋਂ ਪਹਿਲਾਂ ਸ਼੍ਰੀ ਗੜ੍ਹੀ ਨੇ ਸੰਤ ਬਾਬਾ ਨਿਰਮਲ ਦਾਸ ਜੀ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਰਵਿਦਾਸ ਭਾਈਚਾਰੇ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਇਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਜੋ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਦੁਨੀਆ ਦੇ ਹਰ ਕੋਨੇ ਤੱਕ ਪ੍ਰਚਾਰ ਪਸਾਰ ਕੀਤਾ ਜਾ ਸਕੇ।

ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਚੇਅਰਮੈਨ ਸੰਤ ਬਾਬਾ ਸਰਵਣ ਦਾਸ ਜੀ ਬੋਹਣ, ਜਨਰਲ ਸਕੱਤਰ ਸੰਤ ਬਾਬਾ ਇੰਦਰਦਾਸ, ਸੰਤ ਬਾਬਾ ਪਰਮਜੀਤ ਦਾਸ ਨਗਰ ਖ਼ਜ਼ਾਨਚੀ, ਸੰਤ ਪ੍ਰਸ਼ੋਤਮ ਦਾਸ, ਸੰਤ ਜਗੀਰ ਸਿੰਘ, ਸੰਤ ਧਰਮਪਾਲ, ਸੰਤ ਸਰਵਣ ਦਾਸ ਸਲੇਮ ਟਾਬਰੀ, ਸੰਤ ਬਾਬਾ ਰਮੇਸ਼ ਦਾਸ, ਸੰਤ ਬਾਬਾ ਰਾਮ ਸੇਵਕ, ਸੰਤ ਬਾਬਾ ਬਲਕਾਰ ਸਿੰਘ, ਸੰਤ ਬਾਬਾ ਕੁਲਦੀਪ ਸਿੰਘ, ਸੰਤ ਬਾਬਾ ਮਨਜੀਤ ਸਿੰਘ, ਸੰਤ ਬਾਬਾ ਮਨਹੋਰ ਦਾਸ, ਸੰਤ ਸੰਸਾਰ ਦਾਸ, ਭੈਣ ਸੰਤੋਸ਼ ਕੁਮਾਰੀ, ਸੰਤ ਸਤਵਿੰਦਰ ਸਿੰਘ ਹੀਰਾ ਪ੍ਰਧਾਨ ਆਦਿ ਧਰਮ ਮਿਸ਼ਨ ਸਮੇਤ ਸਾਧੂ ਸੰਪਰਦਾਇ ਦੇ ਸਮੂਹ ਮੈਂਬਰ ਸਹਿਬਾਨ, ਸਰਪੰਚ ਵਿਜੇ ਨੰਗਲ, ਜਥੇਦਾਰ ਸੰਤ ਮਾਨ ਸਿੰਘ, ਜਥੇਦਾਰ ਜਗਮੋਹਨ ਸਿੰਘ, ਗੁਰਲਾਲ ਸੈਲਾ ਆਦਿ ਵੀ ਮੌਜੂਦ ਸਨ।

Previous Post Next Post

نموذج الاتصال