ਸਰੀ, 5 ਸਤੰਬਰ (ਹਰਦਮ ਮਾਨ)- ਬੀਤੇ ਦਿਨ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੀ ਕੋਰ ਕਮੇਟੀ ਵੱਲੋਂ ਸਰੀ ਦੀ ਮੇਅਰ ਬ੍ਰੈਂਡਾ ਲੌਕ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੇਅਰ ਨੇ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾ ਨਾਲ ਜਾਣ ਪਹਿਚਾਣ ਕੀਤੀ ਅਤੇ ਉਨਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਐਸੋਸੀਏਸ਼ਨ ਵੱਲੋਂ ਰੱਖੇ ਜਨਤਕ ਮੁੱਦਿਆਂ ਨੂੰ ਵੀ ਗੰਭੀਰਤਾ ਨਾਲ ਸੁਣਿਆ।
ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਡਾ. ਜਸਵਿੰਦਰ ਸਿੰਘ ਦਿਲਾਵਰੀ ਨੇ ਮੇਅਰ ਨੂੰ ਐਸੋਸੀਏਸ਼ਨ ਦੇ ਕਾਰਜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਮੇਅਰ ਬ੍ਰੈਂਡਾ ਲੌਕ ਨੇ ਐਸੋਸੀਏਸ਼ਨ ਦੇ ਇਹਨਾਂ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਡਾ. ਦਿਲਾਵਰੀ ਨੇ ਸ਼ਹਿਰ ਵਿੱਚ ਸੜਕ ਸੁਰੱਖਿਆ ਦਾ ਮੁੱਦਾ ਉਠਾਇਆ ਅਤੇ ਕੁੱਝ ਰਸਤਿਆਂ ਉਤੇ ਆਵਾਜਾਈ ਨੂੰ ਕੰਟਰੋਲ ਕਰਨ ਵਾਲੀਆਂ ਲਾਈਟਾਂ ਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹਨਾਂ ਰਸਤਿਆਂ ਉਤੇ ਹਰ ਪਲ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਐਸੋਸੀਏਸ਼ਨ ਵੱਲੋਂ ਸ਼ਹਿਰ ਦੇ ਕਿਸੇ ਪਾਰਕ ਜਾਂ ਸੜਕ ਦਾ ਨਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਉਤੇ ਰੱਖਣ ਸਬੰਧੀ ਚਰਚਾ ਕੀਤੀ ਗਈ ਤਾਂ ਕਿ ਇੱਥੋਂ ਦੀ ਅਗਲੀ ਪੀੜੀ ਸ਼ਹੀਦ ਖਾਲੜਾ ਦੀ ਜੱਦੋਜਹਿਦ ਅਤੇ ਬਲੀਦਾਨ ਤੋਂ ਸੇਧ ਲੈ ਸਕੇ।
ਮੇਅਰ ਬ੍ਰੈਂਡਾ ਲੌਕ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਲਈ ਹਰ ਤਰਾਂ ਦਾ ਸਹਿਯੋਗ ਅਤੇ ਚਰਚਿਤ ਮੁੱਦਿਆਂ ਉਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦੁਆਇਆ। ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਮੈਂਬਰ ਬਲਜੀਤ ਸਿੰਘ ਰਾਏ, ਅਵਤਾਰ ਸਿੰਘ ਧਨੋਆ, ਹਰਪ੍ਰੀਤ ਸਿੰਘ ਮਾਨਕਟਲਾ, ਇੰਦਰਜੀਤ ਸਿੰਘ ਲੱਧੜ, ਹਰਵਿੰਦਰ ਸਿੰਘ, ਨਿਰੰਜਨ ਸਿੰਘ ਲੇਹਲ ਅਤੇ ਦਮਨਦੀਪ ਸਿੰਘ ਸ਼ਾਮਲ ਹੋਏ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
The Hind Canadian Times
