ਵਿਦਿਆਰਥੀਆਂ ਨੂੰ ਪਲਾਸਟਿਕ ਪ੍ਰਦੂਸ਼ਣ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ’ਚ ਯੋਗਦਾਨ ਪਾਉਣ ਲਈ ਪ੍ਰੇਰਿਆ
ਪ੍ਰੋਗਰਾਮ ਦੀ ਸ਼ੁਰੂਆਤ ਐਸ.ਡੀ.ਓ. ਮਨਪ੍ਰੀਤ ਸਿੰਘ ਜੌੜਾ ਦੇ ਭਾਸ਼ਣ ਨਾਲ ਹੋਈ। ਉਪਰੰਤ ਜੇ.ਈ. ਹਰਪ੍ਰੀਤ ਸਿੰਘ ਬੱਲ ਅਤੇ ਐਸ.ਡੀ.ਓ. ਮਨਰਾਜ ਸਿੰਘ ਰੰਧਾਵਾ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਾਂ ਅਤੇ ਵਾਤਾਵਰਣ ਦੀ ਰੱਖਿਆ ਵਿੱਚ ਇਸਦੀ ਭੂਮਿਕਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਐਸ.ਡੀ.ਓ. ਮਨਵਿੰਦਰ ਸਿੰਘ ਹੁੰਦਲ ਨੇ ਵਿਸਥਾਰਿਤ ਪੇਸ਼ਕਾਰੀ ਦਿੰਦਿਆਂ ਵਿਦਿਆਰਥੀਆਂ ਵੱਲੋਂ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਲਈ ਚੁੱਕੇ ਜਾ ਸਕਣ ਵਾਲੇ ਵਿਹਾਰਕ ਕਦਮਾਂ 'ਤੇ ਜ਼ੋਰ ਦਿੱਤਾ।
ਉਨ੍ਹਾਂ ਵਿਦਿਆਰਥੀਆਂ ਨੂੰ ਲਿਫਾਫੇ, ਸਟਰਾਅ ਅਤੇ ਡਿਸਪੋਜ਼ੇਬਲ ਵਰਗੇ ਇਕ ਵਾਰ ਵਰਤੋਂ ’ਚ ਆਉਣ ਵਾਲੇ ਪਲਾਸਟਿਕ ਨੂੰ ਨਾ ਵਰਤਣ ਅਤੇ ਕੱਪੜੇ ਦੇ ਥੈਲੇ, ਮੈਟਲ ਦੀਆਂ ਬੋਤਲਾਂ ਅਤੇ ਹੋਰ ਵਿਕਲਪਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਲਈ 4R ਭਾਵ ਰਿਫਊਜ਼, ਰਿਡਿਊਸ, ਰੀਯੂਜ਼ ਅਤੇ ਰੀਸਾਈਕਲ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਸਫਾਈ ਮੁਹਿੰਮਾਂ ਵਿੱਚ ਹਿੱਸਾ ਲੈਣ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਦੌਰਾਨ ਇਸ ਸਾਲ ਦੇ ਵਿਸ਼ੇ ‘ਕੌਂਬੈਟ ਪਲਾਸਟਿਕ ਪਲਿਊਸ਼ਨ’ ’ਤੇ ਡਰਾਇੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਸਿਰਜਣਾਤਮਕਤਾ ਅਤੇ ਵਾਤਾਵਰਣ ਪ੍ਰਤੀ ਚੇਤਨਾ ਦਾ ਪ੍ਰਦਰਸ਼ਨ ਕੀਤਾ। ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਲਾਤਮਕ ਯੋਗਦਾਨ ਲਈ ਇਨਾਮ ਦਿੱਤੇ ਗਏ।
ਐਸ.ਡੀ.ਓ. ਰੋਜਰਟ ਧਮੀਜਾ ਨੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਵਿੱਚ ਸਕੂਲ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ।