ਪੰਜਾਬ ਵਿਧਾਨ ਸਭਾ ਸਪੀਕਰ ਨੇ ਸੰਤ ਅਵਤਾਰ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ

ਨਿਰਮਲ ਕੁਟੀਆ ਸੀਚੇਵਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 37ਵੀ ਬਰਸੀ

ਸੰਤ ਅਵਤਾਰ ਸਿੰਘ ਜੀ ਦੀਆਂ ਸਿੱਖਿਆਵਾਂ ਸਦਕਾ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ 'ਚ ਸੰਤ ਸੀਚੇਵਾਲ ਦਾ ਯੋਗਦਾਨ ਅਹਿਮ : ਕੁਲਤਾਰ ਸਿੰਘ ਸੰਧਵਾਂ

ਧਰਤੀ ਨੂੰ ਰੁੱਖਾਂ ਨਾਲ ਭਰਨ ਨਾਲ ਹੀ ਆਲਮੀ ਤਪਸ਼ ਤੋਂ ਮਿਲੇਗੀ ਨਿਜ਼ਾਤ : ਸੰਤ ਸੀਚੇਵਾਲ



ਸੀਚੇਵਾਲ/ਜਲੰਧਰ, 27 ਮਈ : (The Hind Canadian Times) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰੰਘ ਸੰਧਵਾਂ ਨੇ ਨਿਰਮਲ ਕੁਟੀਆ ਸੀਚੇਵਾਲ ਵਿੱਚ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 37ਵੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸੰਤ ਅਵਤਾਰ ਸਿੰਘ ਦੀਆਂ ਸਿੱਖਿਆਵਾਂ ਸਦਕਾ ਹੀ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਾਬੇ ਨਾਨਕ ਦੀ ਪਵਿੱਤਰ ਵੇਈਂ ਹੋਵੇ, ਭਾਵੇਂ ਚਿੱਟੀ ਵੇਈਂ ਜਾਂ ਬੁੱਢਾ ਦਰਿਆ ਹੋਵੇ।

   ਸ਼੍ਰੀ ਸੰਧਵਾਂ ਨੇ ਕਿਹਾ ਕਿ ਲੁਧਿਆਣੇ ਦਾ ਬੁੱਢਾ ਨਾਲਾ ਹੁਣ ਬੁੱਢੇ ਦਰਿਆ ਵਿੱਚ ਤਬਦੀਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਖੇਤਰ ਵਿਚ ਕੀਤੇ ਜਾ ਰਹੇ ਅਜਿਹੇ ਮਹਾਨ ਕਾਰਜਾਂ ਸਦਕਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੁਨੀਆ ਵਿੱਚ ਇੱਕ ਮਿਸਾਲ ਬਣ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਸਿਰਫ ਬੁੱਢੇ ਦਰਿਆ ਬਾਰੇ ਗੱਲਾਂ ਹੀ ਹੋਈਆਂ ਸਨ, ਜਦ ਕਿ ਸੰਤ ਸੀਚੇਵਾਲ ਜੀ ਨੇ ਇਸ ਵੱਡੇ ਤੇ ਮਹਾਨ ਕਾਰਜ ਦੀ ਸ਼ੁਰਆਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਦੀ ਸੰਪੂਰਨਤਾ ਲਈ ਗੁਰੂ ਸਾਹਿਬ ਆਪ ਮੇਹਰ ਕਰਨਗੇ।

   ਸ਼੍ਰੀ ਸੰਧਵਾਂ ਨੇ ਕਿਹਾ ਕਿ ਜਿਹੜੀ ਨਦੀ ਵਿੱਚ ਜੀਵਨ ਨਾ ਹੋਵੇ, ਉਹ ਨਦੀ ਜੀਵਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸੰਤ ਅਵਤਾਰ ਸਿੰਘ ਜੀ ਦੀਆਂ ਸਿੱਖਿਆਵਾਂ ਦਾ ਅਸਰ ਪੂਰੀ ਦੁਨੀਆਂ ਦੇਖ ਰਹੀ ਹੈ ਅਤੇ ਸੰਤ ਸੀਚੇਵਾਲ ਇਹਨਾਂ ਸਿੱਖਿਆਵਾਂ 'ਤੇ ਚੱਲ ਕੇ ਮਹਾਨ ਕਾਰਜ ਕਰ ਰਹੇ ਹਨ।

   ਸਪੀਕਰ ਪੰਜਾਬ ਵਿਧਾਨ ਸਭਾ ਨੇ ਕਣਕ ਦੇ ਨਾੜ ਨੂੰ ਅੱਗਾਂ ਲਾਏ ਜਾਣ ‘ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ  ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉਲਟ ਹੈ। ਉਨ੍ਹਾਂ  ਕਿਹਾ ਕਿ ਆਓ ਸਾਰੇ ਵਾਤਾਵਰਨ ਦੀ ਸੰਭਾਲ ਲਈ ਪ੍ਰਣ ਕਰੀਏ ਅਤੇ ਆਪਣੇ ਪੰਜਾਬ ਨੂੰ ਹਰਿਆ-ਭਰਿਆ ਰੰਗਲਾ ਪੰਜਾਬ ਬਣਾਈਏ।

   ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਰਲਮਿਲ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਧਰਤੀ ਨੂੰ ਜਦੋਂ ਤੱਕ ਰੁੱਖਾਂ ਨਾਲ ਨਹੀਂ ਭਰਿਆ ਜਾਂਦਾ, ਉਦੋਂ ਤੱਕ ਆਲਮੀ ਤਪਸ਼ ਤੋਂ ਨਿਜ਼ਾਤ ਨਹੀਂ ਪਾਈ ਜਾ ਸਕਦੀ।

   ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢਾ ਦਰਿਆ ਪੰਜਾਬ ਦਾ ਸਭ ਤੋਂ ਦੂਸ਼ਿਤ ਦਰਿਆ ਹੈ। ਇਸ ਵਿੱਚ ਗੰਦਗੀ ਕੋਈ ਬਾਹਰੋਂ ਆਕੇ ਨਹੀਂ ਪਾ ਗਿਆ, ਸਗੋਂ ਇਹ ਸਾਡੀ ਲਾਪ੍ਰਵਾਹੀ ਅਤੇ ਜੁੰਮੇਵਾਰ ਅਧਿਕਾਰੀਆਂ ਦਾ ਆਪਣੀ ਸੰਵਿਧਾਨਕ ਜੁੰਮੇਵਾਰੀ ਤੋਂ ਭੱਜਣਾ ਹੈ।

  ਸਮਗਾਮ ਦੌਰਾਨ ਦੂਰ ਦਰਾਡੇ ਤੋਂ ਆਏ ਸੰਤਾਂ ਮਹਾਪੁਰਖਾਂ, ਬੁੱਧੀਜੀਵੀਆਂ ਤੇ ਰਾਜਨੀਤਿਕ ਆਗੂਆਂ ਨੇ ਸੰਤ ਅਵਤਾਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹਨਾਂ ਆਪਣੇ ਸੰਬੋਧਨ ਦੌਰਾਨ ਸੰਗਤਾਂ ਨੂੰ ਸੰਤ ਅਵਤਾਰ ਸਿੰਘ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਕਿ ਕਿਵੇਂ ਉਹਨਾਂ ਦੇ ਬਚਨਾਂ ਸਦਕਾ ਅੱਜ ਸੀਚੇਵਾਲ ਦਾ ਨਾਂਅ ਪੂਰੇ ਵਿਸ਼ਵ ਵਿੱਚ ਹੈ।

  ਆਏ ਬੁਲਾਰਿਆਂ ਨੇ ਦੱਸਿਆ ਕਿ ਸੰਤ ਅਵਤਾਰ ਸਿੰਘ ਜੀ ਵੱਲੋਂ ਇਸ ਪਿੰਡ ਵਿੱਚ ਗੁਰਬਾਣੀ ਤੇ ਵਾਤਾਵਰਣ ਦੀ ਲਹਿਰ ਪ੍ਰਤੀ ਲਾਈ ਚਿਣਗ ਦੀ ਅੱਜ ਪੂਰੀ ਦੁਨੀਆਂ ਵਿੱਚ ਚਰਚਾ ਹੋ ਰਹੀ ਹੈ। ਸਮਾਗਮ ਦੌਰਾਨ ਸੰਤ ਸੀਚੇਵਾਲ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਬੂਟਾ ਪ੍ਰਸ਼ਾਦ ਨਾਲ ਸਨਮਾਨਿਤ ਵੀ ਕੀਤਾ ਗਿਆ।

   ਇਸ ਮੌਕੇ ਨਿਰਮਲਾ ਪੰਚਾਇਤੀ ਅਖਾੜਾ ਦੇ ਸ਼੍ਰੀਮਹੰਤ ਗਿਆਨੀ ਗਿਆਨ ਦੇਵ ਸਿੰਘ ਜੀ, ਸੰਤ ਤੇਜ਼ਾ ਸਿੰਘ ਐਮਏ, ਦਰਸ਼ਨ ਸ਼ਾਸ਼ਤਰੀ, ਸੰਤ ਮੰਡਲ ਦੇ ਪ੍ਰਧਾਨ ਸੰਤ ਸੰਤੋਖ ਸਿੰਘ ਥਲਾ, ਜਨਰਲ ਸਕੱਤਰ ਸੰਤ ਜੀਤ ਸਿੰਘ ਰੜ੍ਹਾ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਸੁਖਵੰਤ ਸਿੰਘ, ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਆਪ ਦੇ ਹਲਕਾ ਇੰਚਾਰਜ ਪਿੰਦਰ ਸਿੰਘ ਪੰਡੋਰੀ, ਡੀ.ਐਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ, ਕਨੇਡਾ ਤੋਂ ਆਪਣਾ ਰੇਡੀਓ ਦੀ ਸੀਨੀਅਰ ਪੱਤਰਕਾਰ ਮਨਧੀਰ ਕੌਰ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ।

  ਇਸ ਤੋਂ ਪਹਿਲਾਂ ਨਿਰਮਲ ਕੁਟੀਆ ਦੇ ਹਾਜ਼ੂਰੀ ਰਾਗੀ ਭਾਈ ਤੇਜਿੰਦਰ ਸਿੰਘ ਦੇ ਜੱਥੇ ਨੇ ਰਸਭਿੰਨਾ ਕੀਰਤਨ ਕੀਤਾ। ਸਟੇਜ਼ ਸਕੱਤਰ ਦੀ ਭੂਮਿਕਾ ਸੰਤ ਸੁਖਜੀਤ ਸਿੰਘ ਨੇ ਨਿਭਾਈ।

Previous Post Next Post

نموذج الاتصال