ਡਾ. ਸੁਖਪਾਲ ਸੰਘੇੜਾ ਨਾਲ ਗੱਲਬਾਤ - ਰਵਿੰਦਰ ਸਿੰਘ ਸੋਢੀ ( ਭਾਗ-5, ਅੰਤਿਮ ਕਿਸ਼ਤ )

 

ਪਿਛਲੇ ਅੰਕ ਦੀ ਬਾਕੀ )

 ਬੀ.ਐਸ.ਸੀ. ਸਾਲ ਪਹਿਲਾ ਦਾ ਵਿਦਿਆਰਥੀ ਸੁਖਪਾਲ ਸੰਘੇੜਾ ਭਾਰਤ ਦੇ ਰਾਸ਼ਟਰਪਤੀ ਵੀ.ਵੀ. ਗਿਰੀ ਹੱਥੋਂ ਪੰਜਾਬੀ ਵਿਸ਼ੇ ਵਿੱਚ ਮੈਰਿਟ ਇਨਾਮ ਪ੍ਰਾਪਤ ਕਰਦਾ ਹੋਇਆ; ਡੀ.ਏ.ਵੀ. ਕਾਲਜ, ਜਲੰਧਰ, ਪੰਜਾਬ।

?ਤੁਸੀਂ ਖੁੱਲ੍ਹੀ ਕਵਿਤਾ ਵੀ ਲਿਖੀ ਹੈ ਤੇ ਪ੍ਰਗੀਤਕ ਵੀ। ਇਹ ਫੈਸਲਾ ਕਿਵੇਂ ਕਰਦੇ ਉਂ ਕਿ ਕਦੋਂ ਖੁੱਲ੍ਹੀ ਕਵਿਤਾ ਲਿਖਣੀ ਆਂ ਤੇ ਕਦੋਂ ਗੀਤ ਦੇ ਰੂਪ ਵਿਚ ਜਾਂ ਪ੍ਰਗੀਤਕ?

——ਕਵਿਤਾ ਦਾ ਖੁੱਲ੍ਹੀ  ਜਾਂ ਪ੍ਰਗੀਤਕ ਹੋਣਾ ਕਾਵਿ-ਰੂਪ ਦਾ ਮਸਲਾ ਹੈ, ਤੇ ਕਵਿਤਾ ਵਿਚਲਾ ਖਿਆਲ ਤੇ ਮਸਾਲਾ ਕਵਿਤਾ ਦਾ ਵਿਸ਼ਾ-ਵਸਤੂ ਹੁੰਦਾ ਆ। ਕੋਈ ਵਿਸ਼ਾ-ਵਸਤੂ ਖੁੱਲ੍ਹੀ ਕਵਿਤਾ ਵਿਚ ਜ਼ਿਆਦਾ ਅਸਰਦਾਇਕ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਤੇ ਕੋਈ ਹੋਰ ਵਿਸ਼ਾ-ਵਸਤੂ ਪ੍ਰਗੀਤਕ ਕਵਿਤਾ ਵਿਚ। ਸੋ, ਮੇਰੇ ਵਿਚਾਰ ਅਨੁਸਾਰ, ਕਾਵਿ ਰੂਪ ਆਮ ਤੌਰ 'ਤੇ ਵਿਸ਼ਾ-ਵਸਤੂ ਉੱਪਰ ਨਿਰਭਰ ਕਰਦਾ। ਬਾਕੀ, ਹਰੇਕ ਕਵੀ ਦਾ ਕਵਿਤਾ ਲਿਖਣ ਦਾ ਆਪਣਾ ਹੀ ਢੰਗ ਹੁੰਦਾ (ਜਾਂ ਹੋਣਾ ਚਾਹੀਦਾ) ਜਿਹਨੂੰ ਕਾਵਿ-ਵਿਧੀ ਕਹਿ ਸਕਦੇ ਆਂ; ਇਹ ਕਾਵਿ-ਵਿਧੀ ਅਕਸਰ ਤਜਰਬੇ, ਯਾਣਿ experience, ‘ਚੋਂ ਉੱਸਰਦੀ ਆ। ਮੌਲਿਕਤਾ ਪੈਦਾ ਕਰਨ ਲਈ ਕਵੀ ਵਾਸਤੇ ਬੜਾ ਜ਼ਰੂਰੀ ਹੁੰਦਾ ਆ ਕਿ ਉਹ ਆਪਣੀ ਅਲੱਗ ਕਾਵਿ-ਵਿਧੀ ਵਿਕਸਿਤ ਕਰੇ। ਇਹ ਕਾਵਿ-ਵਿਧੀ ਵੀ ਇਸ ਫੈਸਲੇ ਵਿਚ ਰੋਲ ਅਦਾ ਕਰਦੀ ਆ ਕਿ ਕੋਈ ਵਿਸ਼ਾ-ਵਸਤੂ ਖੁੱਲ੍ਹੀ ਕਵਿਤਾ ਦੇ ਜ਼ਿਆਦਾ ਮੇਚ ਆਊ ਜਾਂ ਪ੍ਰਗੀਤਕ ਕਵਿਤਾ ਦੇ। 


? ਕਵਿਤਾ ਦਾ ਖ਼ਿਆਲ ਆਓਣ ਤੋਂ ਲੈ ਕੇ ਕਵਿਤਾ ਪੂਰੀ ਤਰ੍ਹਾਂ ਲਿਖਣ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਹੈ ਤੁਹਾਡਾ?

——ਬੜਾ ਸੋਹਣਾ ਤੇ ਰੌਚਕ ਸੁਆਲ! ਤੁਸੀਂ ਠੀਕ ਬੁੱਝਿਆ; ਮੇਰੀ ਲਈ ਹਰ ‘ਕਵਿਤਾ ਉਸਾਰੀ’ ਇੱਕ ਸਫ਼ਰ ਹੈ, ਤੇ ਇਹ ਸਫ਼ਰ ਖ਼ਿਆਲ ਤੋਂ ਸ਼ੁਰੂ ਹੁੰਦਾ ਆ। ਖ਼ਿਆਲ ਆਉਣ ਲੱਗਾ ਥਾਂ ਤੇ ਸਮਾਂ ਨਹੀਂ ਵੇਖਦਾ, ਨਾ ਇਸ ਗੱਲ ਦੀ ਪ੍ਰਵਾਹ ਕਰਦਾ ਪਈ ਮੈਂ ਕਿਸ ਹਾਲਤ ਵਿੱਚ ਆ, ਕੀ ਕਰ ਰਿਹਾ, ਜਾਗਦਾ ਜਾਂ ਸੁੱਤਾ, ਇਤਿਆਦਿ। ਮੈਨੂੰ ਜਦ ਖਿਆਲ ਜਾਂ ਕਾਵਿ-ਖ਼ਿਆਲ ਆਉਂਦਾ ਤਾਂ ਮੈਂ ਫ਼ਟਾਫੱਟ ਲੈਪਟਾਪ ਚੁੱਕ ਕੇ ਕਵਿਤਾ ਲਿਖਣ ਨਹੀਂ ਲੱਗ ਪੈਂਦਾ। ਬਲਕਿ, ਮੈਂ ਖ਼ਿਆਲ ਨਾਲ ਘੁਲਦਾ ਰਹਿੰਦਾ ਹਾਂ ਉਹਦੇ ਵੱਖ ਵੱਖ ਪਹਿਲੂ ਟੋਹਣ ਲਈ, ਤੇ ਇਸ ਖ਼ਿਆਲ ਨੂੰ ਇਹਦੇ ਗੁਆਂਡੀ ਖ਼ਿਆਲਾਂ ਨਾਲ ਲੜਨ ਝਗੜਣ ਦਿੰਦਾ। ਫਿਰ ਕਵਿਤਾ ਸ਼ੁਰੂ ਹੋ ਜਾਂਦੀ ਆ, ਮਨ ਹੀ ਮਨ, ਕਵਿਤਾ ਘੁਲਦਾ ਆ, ਮਨ ਹੀ ਮਨ। ਆਖ਼ਰੀ ਕਦਮ ਆ, ਲੈਪਟਾਪ ਚੁੱਕ ਕੇ ਕਵਿਤਾ ਲਿਖਣੀ ਸ਼ੁਰੂ ਕਰਨਾ। ਖ਼ਿਆਲ ਦੀ ਆਮਦ ਤੋਂ ਕਵਿਤਾ ਲਿਖਣ ਦੇ ਸਫ਼ਰ ਦੌਰਾਨ, ਕਈ ਵਾਰ ਜੇ ਨਵ-ਆਏ ਖ਼ਿਆਲ ਉੱਪਰ ਬੈਠਾ ਹੀ ਰਹਾਂ, ਉਸ ਉੱਪਰ ਕੰਮ ਸ਼ੁਰੂ ਕਰਨ ਦੀ ਬਜਾਏ, ਤਾਂ ਖ਼ਿਆਲ ੳਡਾਰੀ ਮਾਰ ਜਾਂਦਾ ਆ। ਕਈ ਵਾਰ ਅਜੇਹਾ ਖ਼ਿਆਲ ਵਾਪਸ ਆ ਜਾਂਦਾ, ਕਈ ਵਾਰੀ ਨਹੀਂ:

ਪਤਾ ਨਹੀਂ ਕਿੱਧਰੋਂ ਆਇਆ

ਤੇ ਕਿੱਧਰ ਚਲਾ ਗਿਆ ਹੈ

ਉਹ ਮੇਰੇ ਆਸਣ ਦੀਆਂ

ਚੂਲ੍ਹਾਂ ਹਿਲਾ ਗਿਆ।


ਨਾ ਮਾਇਆ, ਨਾ ਸ਼ਹੁਰਤ

ਮਹਿਜ ਇੱਕ ਖ਼ਿਆਲ ਸੀ,

ਚਿੱਕੜ  ‘ਚੋਂ ਚੁੱਕ ਮੈਨੂੰ ‘ਪਰਖ਼ਿਆ’

ਚੋਟੀ ‘ਤੇ ਬਿਠਾ ਗਿਆ।

? ਕਵਿਤਾ ਵਿਚ ਸਿਆਸੀ ਦਖ਼ਲਅੰਦਾਜ਼ੀ ਬਾਰੇ ਤੁਹਾਡਾ ਕੀ ਵਿਚਾਰ ਆ। ਕਵਿਤਾ ਕਦੋਂ ਕਵਿਤਾ ਹੁੰਦੀ ਆ ਤੇ ਕਦੋਂ ਸਿਆਸੀ ਨਾਹਰੇਬਾਜ਼ੀ? 

   ——ਜੇ ਸੋਚੀਏ ਤਾਂ, ਇਹ ਮੁੱਦਾ ਬੜਾ ਸਧਾਰਨ ਤੇ ਸੌਖਾ ਆ। ਸਿਆਸਤ ਕਈ ਵਿਸ਼ਿਆਂ ਵਿੱਚੋਂ ਇਕ ਵਿਸ਼ਾ ਤੇ ਬੜਾ ਮਹੱਤਵਪੂਰਨ ਵਿਸ਼ਾ। ਜੇ ਬਾਕੀ ਦੇ ਵਿਸ਼ੇ ਕਵਿਤਾ ਵਿਚ ਦਖ਼ਲ ਅੰਦਾਜ਼ੀ ਕਰ ਸਕਦੇ ਆ ਤਾਂ ਸਿਆਸਤ ਕਿਉਂ ਨਹੀਂ? ਜੇ ਕਵਿਤਾ ਬਾਕੀ ਵਿਸ਼ਿਆਂ, ਮਿਸਾਲ ਵਜੋਂ ਪਿਆਰ, ਵਿਯੋਗ, ਤੇ ਧਰਮ, ਨੂੰ ਛੋਂਹਦੀ ਹੋਈ ਵੀ ਕਵਿਤਾ ਰਹਿ ਸਕਦੀ ਆ ਤਾਂ ਉਹ ਸਿਆਸਤ ਨੂੰ ਛੋਂਹਦਿਆਂ ਅਚਾਨਕ ਅਕਵਿਤਾ ਕਿਉਂ ਹੋ ਜਾਊ? ਕੁਝ ਤੱਤ ਨੇ ਜੋ ਮਿਲਕੇ ਕਿਸੇ ਰਚਨਾ ਨੂੰ ਕਵਿਤਾ ਬਣਾਉਂਦੇ ਨੇ, ਜਿਵੇਂ ਤੁਕਬੰਦੀ, ਬਿੰਬ, ਅਲੰਕਾਰ, ਤੇ ਮੂਰਤੀਮਾਨਤਾ (ਇਮੇਜਰੀ), ਤੇ ਕਵਿਤਾਉਣ ਦੇ ਢੰਗ ਤੇ ਤਕਨੀਕਾਂ ਆਦਿ; ਇਸ ਸੱਭ ਕੁਝ ਨੂੰ ਅਸੀਂ ਕਾਵਿ-ਸੰਦ ਕਹਿ ਸਕਦੇ ਹਾਂ। ਕਿਸੇ ਕਵਿਤਾ ਦਾ ਗੁਣਾਤਮਕ ਪੱਧਰ ਇਸ ਪੈਮਾਨਾ ਤੋਂ ਮਿਣਿਆਂ ਜਾਂਦਾ (ਜਾਂ ਮਿਣਿਆਂ ਜਾਣਾ ਚਾਹੀਦਾ) ਕਿ ਕਵੀ ਨੇ ਆਪਣੀ ਗੱਲ ਕਹਿਣ ਲਈ ਹਥਲੀ ਕਵਿਤਾ ਦੇ ਰੂਪ ਤੇ ਵਿਸ਼ੇ ‘ਤੇ ਆਧਾਰਿਤ ਉਚਿੱਤ ਤੇ ਢੁੱਕਵੇਂ ਕਾਵਿ-ਸੰਦਾ ਦੀ ਯੋਗ ਵਰਤੋਂ ਕਿੰਨੀ ਨਿਪੁੰਨਤਾ ਨਾਲ ਕੀਤੀ ਆ, ਨਾ ਕਿ ਕਵਿਤਾ ਵਿੱਚ ਸਿਆਸੀ ਅੰਸ਼ ਜਾਂ ਨਾਹਰੇ ਦੀ ਮੌਜ਼ੂਦਗੀ ਜਾਂ ਗੈਰਮੌਜੂਦਗੀ ਤੋਂ। ਪੰਜਾਬੀ ਕਵਿਤਾ ਦੇ ਬਾਹਲੇ ਆਲੋਚਕਾਂ ਨੇ ਕਵਿਤਾ ਦੀ ਪਹਿਲੀ ਜਮਾਤ ਦਾ ਇਹ ਸਬਕ ਜਾਂ ਪੜ੍ਹਿਆ ਨਹੀਂ ਜਾਂ ਉਹ ਜਾਣਬੁੱਝ ਕੇ ਭੁੱਲ ਜਾਂਦੇ ਆ ਕਿ ਕਵਿਤਾ ਦਾ ਕਾਵਿਕ ਮੁਲਅੰਕਣ ਉਹਦੇ ਵਿਚਲੇ ਵਿਸ਼ੇ ਜਾਂ ਫਲਸਫੇ ਤੋਂ ਨਹੀਂ ਸਗੋਂ ਉਹਦੇ ਵਿਚ ਵਰਤੇ ਗਏ ਕਾਵਿਕ ਤੱਤਾਂ ਤੇ ਕਾਵਿ ਵਿਧੀ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ।  

 ‘ਕਿੱਸਿਆਂ ਦੇ ਕੈਦੀ’ ਦਾ ਰੀਲੀਜ਼ ਸਮਾਗ਼ਮ, ‘ਦੇਸ਼ ਭਗਤ ਯਾਦਗਾਰੀ ਹਾਲ ਵਿਖੇ. ਡਾ. ਸੁਖਪਾਲ ਸੰਘੇੜਾ ‘ਕਿੱਸਿਆਂ ਦੇ ਕੈਦੀ’ ‘ਚੋਂ ਕਵਿਤਾ ਪਾਠ ਕਰਦੇ ਹੋਏ। ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਤ: ਸੁਖਪਾਲ ਦੇ ਸੱਜਿਓਂ ਡਾ. ਜਗਤਾਰ, ਗ਼ਦਰੀ ਬਾਬਾ ਭਗਤ ਸਿੰਘ ਬਿਲਗਾ, ਕਾ. ਗੰਧਰਵ ਸੈਣ, ਤੇ ਪ੍ਰੋ. ਅਵਤਾਰ ਜੌੜਾ। (ਫ਼ੋਟੋ: ਜਨਵਰੀ 1998 ਦੇ ਪਹਿਲੇ ਦੇ ਹਫ਼ਤੇ ਦਾ ਕੋਈ ਦਿਨ)

         ਇਨ੍ਹਾਂ ਤਕਨੀਕਬਾਜੀਆਂ (technicalities) ਤੋਂ ਇਲਾਵਾ ਵੀ, ਸਿਆਸਤ ਬਹੁਤ ਮਹੱਤਵਪੂਰਨ ਵਿਸ਼ਾ ਆ ਜਿਹਦੇ ਘੇਰੇ ਵਿੱਚ ਦੇਸ਼ਾਂ ਦੀਆਂ ਹਕੂਮਤਾਂ ਅਤੇ ਹਕੂਮਤਾਂ ਤੇ ਰਾਜਨੀਤਿਕ/ਸਮਾਜਿਕ ਪ੍ਰਬੰਧਾਂ ਵਿਰੁੱਧ ਲੜਨ ਸ਼ਕਤੀਆਂ ਵੀ ਆਉਂਦੀਆਂ ਨੇ। ਇੰਝ ਇਹ ਵਿਸ਼ਾ, ਸਿਰਫ਼ ਵਿਸ਼ਵ ਮਹੱਤਤਾ ਵਾਲਾ ਹੀ ਨਹੀਂ, ਸਗੋਂ ਇਸ ਧਰਤੀ ‘ਤੇ ਮਨੁੱਖਤਾ ਦਾ ਇਤਿਹਾਸ ਸਿਰਜਣ ਵਿੱਚ ਅਹਿਮ ਰੋਲ ਅਦਾ ਕਰਦਾ ਆ। ਇੰਨੀ, ਜਾਂ ਵੱਧ, ਮਹੱਤਤਾ ਵਾਲਾ ਹੋਰ ਵਿਸ਼ਾ ਸਿਰਫ਼ ਵਿਗਿਆਨ ਹੈ। ਇਸ ਤੋਂ ਇਲਾਵਾ, ਇਹ ਦੋਨੋਂ ਵਿਸ਼ੇ ਬਾਕੀ ਦੇ ਕਰੀਬ ਸਾਰੇ ਵਿਸ਼ਿਆਂ ਨੂੰ ਪ੍ਰਭਾਵਿਤ ਕਰਦੇ ਆ। ਇਸ ਲਈ ਜੇ ਕਵਿਤਾ, ਜਾਂ ਸਾਹਿਤ ਦੇ ਕਿਸੇ ਹੋਰ ਰੂਪ, ਨੇ ਮਨੁੱਖੀ ਪ੍ਰਗਤੀ ਦੇ ਰਾਹ ਉੱਪਰ ਮਾਰਚ ਕਰ ਰਹੇ ਹਰਾਵਲ ਦਸਤੇ ਵਿੱਚ ਸ਼ਾਮਲ ਰਹਿਣਾ, ਜਾਂ ਸ਼ਾਮਲ ਹੋਣਾ,  ਤਾਂ ਉਹਨੂੰ ਬਾਕੀ ਵਿਸ਼ਿਆਂ ਦੇ ਨਾਲ ਨਾਲ ਸਿਆਸਤ ਤੇ ਵਿਗਿਆਨ ਨੂੰ ਬੜ੍ਹੀ ਸ਼ਿੱਦਤ ਨਾਲ ਨਿਭਾਉਣਤ ਕਰਨਾ ਪਊ, ਅੱਖੋਂ ਪਰੋਖੇ ਕਰਨ ਦੀ ਥਾਂ।  


? ਲੇਖਕ ਦੀ ਪ੍ਰਤੀਬੱਧਤਾ ਬਾਰੇ ਕੀ ਖਿਆਲ ਆ? 

 ——ਨਿਰਭਰ ਕਰਦਾ ਕਿ ਪ੍ਰਤੀਬੱਧਤਾ ਦੀ ਕੀ ਪ੍ਰੀਭਾਸ਼ਾ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਨਾ। ਜੇ ਮਨੁੱਖੀ ਤੇ ਕਿਰਤੀ ਹੱਕਾਂ ਦਾ ਝੰਡਾ-ਬਰਦਾਰ ਮਾਨਵਵਾਦੀ ਲੇਖਕ ਆ, ਤੇ ਇਨ੍ਹਾਂ ਹੱਕਾਂ ਦੇ ਖ਼ਿਲਾਫ ਭੁਗਤ ਕੋਈ ਸੰਸਥਾ ਜਾਂ ਹਕੂਮਤ ਮੈਨੂੰ ਸਾਹਿਤਕ ਜਾਂ ਹੋਰ ਇਨਾਮ/ਸਨਮਾਨ/ਉਪਾਧੀ ਦੇਣਾ ਚਾਹੇ ਤਾਂ ਮੈਨੂੰ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦੇਣਾ ਚਾਹੀਦਾ। ਇੰਨੀ ਕੁ ਪ੍ਰਤੀਬੱਧਤਾ ਲੇਖਕ ਦੀ ਆਪਣੀ ਰਚਨਾ ਪ੍ਰਤੀ ਤਾਂ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਕਈ ਵਾਰੀ ਪ੍ਰਤੀਬੱਧਤਾ ਦੇ ਵਿਸ਼ੇ ਨੂੰ ਲੈ ਕੇ ਲੇਖਕਾਂ ਪ੍ਰਤੀ ਕੁਝ ਜ਼ਿਆਦਾ ਈ ਸਖਤੀ ਵਾਲਾ ਰਵਈਆਂ ਅਖਤਿਆਰ ਕਰਦੇ ਰਹੇ ਆਂ। ਮਿਸਾਲ ਵਜੋਂ, ਜੇ ਕਿਸੇ ਲੇਖਕ ਦੀਆਂ ਲਿਖਤਾਂ ਵਿੱਚਲੀ ਸੋਚ ਕਿਸੇ ਰਾਜਨੀਤਿਕ ਪਾਰਟੀ ਦੀ ਸੋਚ ਨਾਲ ਮੇਲ ਖਾਂਦੀ ਹੋਵੇ, ਤਾਂ ਜ਼ਰੂਰੀ ਨਹੀਂ ਕਿ ਉਹ ਲੇਖਕ ਉਸ ਪਾਰਟੀ ਦਾ ਮੈਂਬਰ ਜਾਂ ਸਰਗਰਮ ਕਰਿੰਦਾ ਬਣੇ। ਜਦੋਂ ਕੋਈ ਲੇਖਕ ਆਪਣਾ ਵਕਤ ਤੇ ਦੀਮਾਗ ਖਰਚ ਕੇ ਕੋਈ ਰਚਨਾ ਸਿਰਜਦਾ, ਇਹ ਆਪਣੇ ਆਪ ਵਿਚ ਇਕ ਪ੍ਰਤੀਬੱਧਤਾ ਆ, ਜਿੰਨਾ ਚਿਰ ਉਹ ਮੁੱਦਿਆਂ ਬਾਰੇ ਲਿਖਣ ਤੇ ਅਮਲੀ ਜਿੰਦਗੀ ਦੇ ਅਭਿਆਸ ਵਿੱਚ ਦਕੀਆਨੂਸੀ ਪਹੁੰਚ ਨਾ ਅਪਣਾਵੇ। 


?ਪਿਛੇ ਜਿਹੇ ਕੁਝ ਸਮੇਂ ਲਈ ਪੰਜਾਬੀ ਲੇਖਕਾਂ/ਅਲੋਚਕਾਂ ਦੇ ਇਕ ਖੇਮੇ ਵਲੋਂ ਉਤਰ-ਆਧੁਨਿਕਤਾ ਦੇ ਡੰਕੇ ਬੜੇ ਜ਼ੋਰ ਸ਼ੋਰ ਨਾਲ ਵਜਾਏ ਗਏ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? 

 ——ਸੁਆਲ ਪੈਦਾ ਹੁੰਦਾ ਕਿ ਉਤਰ ਆਧੁਨਿਕਤਾ ਹੀ ਕੀ? ਇਸ ਫਲਸਫੇ ਦਾ ਇਕ ਧਰਾਤਲ ਹੈ ਵਿਗਿਆਨ ਦੀ ਗਿਆਨ ਪ੍ਰਾਪਤੀ ਦੀਆਂ ਸੀਮਾਵਾਂ ਤੋਂ ਪੈਦਾ ਹੋਈ ਨਿਰਾਸ਼ਤਾ। ਮੈਂ ਇਸ ਫਲਸਫੇ ਨਾਲ ਸਹਿਮਤ ਹੋਵਾਂ ਜਾਂ ਨਾ, ਪਰ ਇਸ ਗੱਲ ਨਾਲ ਜ਼ਰੂਰ ਸਹਿਮਤ ਹਾਂ ਕਿ ਪੱਛਮ ਵਿਚ ਰੋਜ਼ਾਨਾ ਸਮਾਜਕ ਜ਼ਿੰਦਗੀ ਦੇ ਮਾਨਸਿਕ ਤੇ ਪਦਾਰਥਕ ਖੇਤਰਾਂ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਵਿਗਿਆਨ ਦਾ ਬੜਾ ਮਹੱਤਵਪੂਰਨ ਰੋਲ ਆ; ਇੱਥੋਂ ਤੱਕ ਕਿ ਆਮ ਜਨ-ਸੋਚਣੀ ਵਿੱਚ ਵੀ। ਸੋ, ਉੱਤਕ ਨਿਰਾਸ਼ਾ ਬਿਲਕੁਲ ਅਰਥਹੀਣ ਨਹੀਂ ਹੋ ਸਕਦੀ। ਪਰ ਪੰਜਾਬ ਵਰਗੇ ਸੂਬੇ ਵਿਚ ਜਿੱਥੇ, ਬਾਕੀ ਭਾਰਤ ਵਾਂਗ, ਅਜੇ ਤੱਕ ਵੀ ਜਗੀਰੂ ਕਦਰਾਂ ਕੀਮਤਾਂ ਭਾਰੂ ਨੇ, ਜਿੱਥੇ ਮਾਨਸਿਕ ਤੇ ਪਦਾਰਥਿਕ ਖੇਤਰਾਂ ਵਿਚ ਮੌਜੂਦਾ ਵਿਗਿਆਨਕ ਗਿਆਨ ਜਾਂ ਤਕਨਾਲੋਜੀ ਦਾ ਬਹੁਤ ਹੀ ਘੱਟ ਲਾਭ ਉਠਾਇਆ ਗਿਆ ਹੈ, ਉੱਥੇ ਵਿਗਿਆਨਕ ਗਿਆਨ ਪ੍ਰਾਪਤੀ ਦੀਆਂ ਸੀਮਾਵਾਂ ਬਾਰੇ ਨਿਰਾਸ਼ਤਾ ਦਾ ਆਧਾਰ ਹੀ ਨਹੀਂ। ਸੋ ਸਪਸ਼ਟ ਆ ਕਿ ਕੁਝ ਲੇਖਕਾਂ/ਅਲੋਚਕਾਂ ਨੇ ਉੱਤਰ ਆਧੁਨਿਕਤਾ ਨੂੰ ਪੱਛਮੀ ਦੇਸ਼ਾਂ 'ਚੋਂ ਨਕਲ ਕੀਤਾ, ਇਹਦਾ ਭਾਰਤ ਵਿਚ ਕੋਈ ਸਮਾਜਕ ਆਧਾਰ ਨਹੀਂ। ਇਸ ਪ੍ਰਸੰਗ ਵਿੱਚ ਸੁਆਲ ਪੁੱਛਣਾ ਬਣਦਾ ਕੀ ਪੰਜਾਬੀ ਸਾਹਿਤਕਾਰਾਂ ਨੇ ਪ੍ਰਾਪਤ ਵਿਗਿਆਨਕ ਗਿਆਨ ਦਾ ਪੂਰਾ ਲਾਭ ਉਠਾ ਲਿਆ ਆ? ਇਸ ਗਿਆਨ ਨੂੰ ਉਨ੍ਹਾਂ ਕਿਸੇ ਵੀ ਤਰਾਂ ਕਿਸੇ ਵੀ ਸੰਦਰਭ ਵਿਚ ਆਪਣੀਆਂ ਰਚਨਾਵਾਂ ਵਿਚ ਕਿੰਨਾ ਕੁ ਅਪਣਾਇਆ? ਜੁਆਬ ਹੈ: ਕਰੀਬ ਸਿਫ਼ਰ ਜਾਂ ਆਟੇ ਵਿੱਚ ਲੂਣ ਬਰਾਬਰ। ੳਤਰ ਆਧੁਨਿਕਤਾ ਦੀ ਕਵਿਤਾ ਅਮਰੀਕਾ ਵਿਚ 1950 ਵਿਚ ਸ਼ੁਰੂ ਹੋ ਗਈ ਸੀ। ਕਰੀਬ ਪੌਣੀ ਸਦੀ ਬਾਅਦ ਹੁਣ ਹਿੰਦੋਸਤਾਨ ਵਰਗੇ ਦੇਸ਼ ਵਿਚ ਜਿੱਥੇ ਅਜੇ ਪੂਰੀ ਤਰਾਂ ਆਧੁਨਿਕਤਾ ਵੀ ਨਹੀਂ ਆਈ, ਉੱਥੇ ਅੱਜ ਜਾਂ ਅੱਜ ਤੋਂ ਪਹਿਲਾਂ ਉਤਰ ਆਧੁਨਿਕਤਾ ਦਾ ਰਾਮ-ਰੌਲਾ ਸੁਣ ਕੇ ਮੇਰਾ ਤਾਂ ਚੁੱਪ ਰਹਿਣ ਜਾਂ ਰੋਣ ਨੂੰ ਹੀ ਜੀਅ ਕਰੇਗਾ। ਇਹ ਵਰਤਾਰਾ ਵੀ ਮਿਆਰੀ ਮਾਪ-ਦੰਡਾਂ ਦੇ ਆਧਾਰ 'ਤੇ ਗੰਭੀਰ ਅਲੋਚਨਾ ਦੀ ਥਾਂ ਫ਼ਤਵੇਬਾਜ਼ੀਆਂ, ਧੜੇਬੰਦੀਆਂ, ਤੇ ਯਾਰ ਪੂਜਾ ਵਾਲੀ ਅਲੋਚਨਾ ਦੀ ਹੀ ਇਕ ਹੋਰ ਉਦਾਹਰਣ ਹੈ। 


? ਭਾਵੇਂ ਤੁਸੀਂ ਪੰਜਾਬੀ ਸਾਹਿਤ ਦੀ ਸਥਾਪਤੀ ਤੇ ਆਲੋਚਕਾਂ ਦੀਆਂ ਨਜ਼ਰਾਂ ਤੋਂ ਅਕਸਰ ਬਚਦੇ ਰਹੇ ਹੋ, ਪਰ ਜਿਹਨੂੰ ਤੁਸੀਂ ਉੱਨੀ ਸੌ 70ਵਿਆਂ ਦੇ ਪੰਜਾਬ ਦੀ ਮਿੰਨੀ ‘ਸਾਹਿਤਕ ਸੱਭਿਆਚਾਰਕ ਰੇਨਾਸਾਂਸ ਲਹਿਰ’ ਦਾ ਕੇਂਦਰੀ ‘ਰੇਨਾਸਾਂਸ ਮੈਨ’ ਕਹਿੰਦੇ ਓਂ, ਉਹਦੀ ਨਜ਼ਰ ਤੋਂ ਨਾ ਬਚ ਸਕੇ। "ਕਿੱਸਿਆਂ ਦੇ ਕੈਦੀ” ਕਾਵਿ ਸੰਗ੍ਰਹਿ ‘ਤੇ ਟਿੱਪਣੀ ਕਰਦੇ ਹੋਏ ਆਪਣੇ 12 ਅਪਰੈਲ 1997 ਦੇ ‘ਇਹੁ ਹਮਾਰਾ ਜੀਵਣਾ’ ਕਾਲਮ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਹੁਣਾਂ ਤੁਹਾਡੀ “ਕਵਿਤਾ ਨੂੰ ਇਕ ਇਤਿਹਾਸਕ ਘਟਨਾ ਸਵੀਕਾਰ” ਕੀਤਾ ਸੀ। ਫਿਰ ਵੀ, “ਕਿੱਸਿਆਂ ਦੇ ਕੈਦੀ" ਤੋਂ ਸ਼ੁਰੂ ਹੋ ਕੇ ਤੁਹਾਡੀ ਕਵਿਤਾ ਤੇ ਲੇਖਾਂ ਵਿਚ ਪੰਜਾਬੀ ਵਿਰਸੇ ਦੇ ‘ਪਿਛਾਂਹ ਖਿਚੂ’ ਪੱਖਾਂ ਦੀ ਬੜੀ ਭੰਡੀ ਆ। ਕਈ ਵਾਰ ਤਾਂ ਪੜ੍ਹਨ ਵਾਲੇ ਨੂੰ ਇੰਝ ਲੱਗਣ ਸਕਦਾ ਕਿ ਜਿਵੇਂ ਤੁਹਾਨੂੰ ਪੰਜਾਬੀ ਵਿਰਸੇ ਦਾ ‘ਅਗਾਂਹ ਵਧੂ’ ਪੱਖ ਦਿਸਦਾ ਈ ਨਾ ਹੋਵੇ। ਇਹਦੇ ਬਾਰੇ ਕੁਝ ਕਹੋਗੇ? 

 ——ਦੋਖੋ ਸੋਢੀ ਜੀ, ਗੱਲ ਬੜੀ ਆਸਾਨ ਤੇ ਕੁਦਰਤੀ ਆ, ਅੱਜ ਵਿਚ ਜੀਣ ਦਾ ਅਰਥ ਹੈ ਕੱਲ੍ਹ ਨੂੰ ਵਿਦਾ ਕਰਕੇ ਭਲਕ ਵੱਲ ਨੂੰ ਕਦਮ ਪੁੱਟਣਾ। ਜੋ ਸਮਾਜ ਇਹ ਕਦਮ ਪੁੱਟਣ ਤੋਂ ਇਨਕਾਰੀ ਹੋ ਜਾਂਦਾ, ਉਹ ਚੱਲਦੇ ਫਿਰਦੇ ਮੁਰਦਿਆਂ ਦਾ ਸਮਾਜ ਹੋ ਕੇ ਰਹਿ ਜਾਂਦਾ। ਮੇਰੀ ਕਵਿਤਾ ਦਾ ਇਕ ਲਕਸ਼ ਆਂ ਪੰਜਾਬੀ ਬੰਦੇ ਨੂੰ ਇਹ ਕਦਮ ਚੁੱਕਣ ਤੇ ਚੁੱਕਦੇ ਲਈ ਹੁੱਝਾਂ ਮਾਰਨੀਆਂ। ਵਿਰਸੇ ਦੇ ਚੰਗੇ/ਮਾੜੇ, ਜਾਂ ਅਗਾਂਹ ਵਧੂ /ਪਿਛਾਂਹ ਖਿਚੂ ਪੱਖਾਂ ਦੀਆਂ ਸਿਫਤਾਂ ਬਥੇਰੀ ਕੀਤੀਆਂ ਜਾ ਚੁੱਕੀਆਂ ਆ ਤੇ ਬਥੇਰੀਆਂ ਕੀਤੀਆ ਜਾ ਰਹੀਆਂ ਆ, ਬਥੇਰਿਆਂ ਵਲੋਂ। ਪੰਜਾਬੀ ਸਾਹਿਤ ਵਿਚ ਘਾਟ ਰਹੀ ਆ ਪੰਜਾਬੀ ਵਿਰਸੇ ਤੇ ਸੁਭਾਅ ਦੇ ਪਿਛਾਂਹ ਖਿੱਚੂ ਕਿਰਦਾਰ ਉੱਪਰ ਉਂਗਲੀ ਧਰਨ ਦੀ। ਸ਼ਿਵ ਕੁਮਾਰ ਦੀ "ਲੂਣਾ" ਵਰਗੇ ਉਂਗਲਾਂ ਤੇ ਗਿਣੇ ਜਾਣ ਯੋਗੇ ਯਤਨ ਨੇ ਜਿਨ੍ਹਾਂ ਨੇ ਪੰਜਾਬੀ ਬੰਦੇ ਦੀ ਭੂਤਮੁੱਖੀ ਜਗੀਰੂ ਹਾਂ ਅਰਧ-ਜਾਗੀਰੂ ਸੋਚ ਨੂੰ ਚੁਣੌਤੀ ਦਿੱਤੀ ਅਗਾਂਹ ਵਧੂ ਦਿਸ਼ਾ ਵਿੱਚ। ਜੇ ਅਸੀਂ ਆਪਣੀਆਂ ਕਮਜ਼ੋਰੀਆਂ ਤੇ ਬੇਪ੍ਰਵਾਹੀਆਂ ਨੂੰ ਏਦਾਂ ਹੀ ਵਡਿਆਉਂਦੇ ਰਹੇ, ਪੂਰਨ ਸਿੰਘ ਦੇ “ਬੇਪ੍ਰਵਾਹ ਜਵਾਨ ਪੰਜਾਬ ਦੇ” ਬਣ ਕੇ ਤਾਂ ਅੰਦਰੋਂ ਹੋਰ ਹੋਰ ਖੋਖਲੇ ਹੁੰਦੇ ਜਾਵਾਂਗੇ। ਭਾਵੇਂ ਢਾਡੀ ਜਥੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਤਿਹਾਸਕ ਹਾਰਾਂ ਨੂੰ ਜਿੱਤਾਂ ਬਣਾ ਬਣਾ ਕੇ ਪੇਸ਼ ਕਰਨ ਨਾਲ ਕੋਈ ਵੀ ਕੌਮ ਬਹਾਦਰ ਜਾਂ ਜੇਤੂ ਨਹੀਂ ਬਣ ਜਾਂਦੀ, ਸਗੋਂ ਭਵਿਖ ਵਿਚ ਆਪਣੀ ਹਾਰ ਦੇ ਬੀਜ ਈ ਬੀਜਦੀ ਆ। ਮੇਰੀ ਕਵਿਤਾ ਤੇ ਗ਼ਦ ਰਚਨਾ ਦਾ ਇਕ  ਲਕਸ਼ ਆ ਪੰਜਾਬੀ ਬੰਦੇ ਨੂੰ ਆਪਣੇ ਇਤਿਹਾਸ, ਗਿਆਨ, ਤੇ ਵਿਸ਼ਵਾਸ਼ ਪ੍ਰਬੰਧ ਦੀ ਪਰਖ਼ ਪੜਤਾਲ ਲਈ ਉਤਸ਼ਾਹਤ ਕਰਨਾ ਜਾਂ ਉਕਸਾਉਣਾ। ਗੁਫ਼ਾ/ਜੰਗਲ ਤੋਂ ਚੱਲ ਕੇ ਅੱਜ ਤੱਕ ਪਹੁੰਚਣ ਲਈ ਮਨੁੱਖ ਨੇ ਬੜਾ ਲੰਬਾ ਪੈਂਡਾ ਤਹਿ ਕੀਤਾ ਆ। ਕਈ ਯੁਗ ਪਲਟਾਊ ਇਨਕਲਾਬਾਂ 'ਚੀਂ ਲੰਘਣ ਤੋਂ ਬਾਅਦ ਅੱਜ ਉਹ ਸੂਚਨਾ ਇਨਕਲਾਬ ਵਿਚੀਂ ਗੁਜ਼ਰ ਰਿਹਾ। ਇਸ ਇਨਕਲਾਬ ਦੀ ਅਸਰ ਸ਼ਕਤੀ ਤੇ ਅਸਰ ਘੇਰਾ ਇਸ ਧਰਤੀ ਉਪਰ ਪਹਿਲਾਂ ਹੋਏ ਕਿਸੇ ਵੀ ਇਨਕਲਾਬ ਨਾਲੋਂ ਕਿਤੇ ਵੱਧ ਹੋਣਾ; ਜਿਵੇਂ ਮੈਂ ਮੇਰ਼ੀ ਪਿਛਲੀ ਗੱਲਬਾਤ ਦੌਰਾਨ ਕਿਹਾ ਸੀ ਕਿ ਇਸ ਇਨਕਲਾਬ ਨਾਲ “ਆਦਮੀ ਨੇ ਸੂਚਨਾ ਯੁਗ ਵਿਚ ਦਾਖਲ ਹੋ ਜਾਣਾ ਤੇ ਸਾਰੀ ਦੁਨੀਆਂ ਨੇ ਇਕ ਪਿੰਡ ਵਿਚ ਬਦਲ ਜਾਣਾ। ਜੇ ਤੁਸੀਂ ਇਸ ਪਿੰਡ ਵਿਚ ਕਮਲ ਕੁੱਟਿਆ ਤਾਂ ਉਹਦੀ ਭੰਡੀ ਇਕ ਗਲੀ ਵਿਚ ਜਾਂ ਪਿੰਡ ਦੇ ਇਕ ਪਾਸੇ ਨਹੀਂ ਹੋਣੀ ਸਗੋਂ ਸਾਰੇ ਸੰਸਾਰ ਵਿਚ ਹੋਣੀ ਆਂ।”  ਇਸ ਯੁਗ ਦੇ ਹਾਣ ਦਾ ਹੋਣ ਲਈ ਪੰਜਾਬੀ ਬੰਦੇ ਨੂੰ ਆਪਣੀ ਮਾਨਸਿਕਤਾ ਵਿਚ ਝੂਲ ਰਹੀਆਂ ਰਜਵਾੜਾਸ਼ਾਹੀ ਦੀਆਂ ਕਲਗੀਆਂ ਤੇ ਨੱਚ ਰਹੀਆਂ ਗ਼ੁਲਾਮੀ ਦੀਆਂ ਪੂਛਾਂ ਦੋਵਾਂ ਵਿਰੁਧ ਇਕ ਲੜਾਈ ਲੜਨੀ ਪੈਣੀ ਆਂ। ਮੇਰੀ ਕਵਿਤਾ ਦੇ ਗ਼ਦ ਦਾ ਇੱਕ ਲਕਸ਼ ਆ ਇਸ ਲੜਾਈ ਲਈ ਪੰਜਾਬੀ ਬੰਦੇ ਨੂੰ ਉਤਸ਼ਾਹਤ ਕਰਨਾ, ਮੇਰੇ ਸਮੇਤ।


? ਸੰਨ 2004 ਵਿੱਚ ‘ਚੇਤਨਾ ਪ੍ਰਕਾਸ਼ਨਾ’ ਵਲੋਂ ਤੁਹਾਡੇ ਕਾਵਿ-ਸੰਗ੍ਰਹਿ ‘ਭੂਤ ਨਗਰੀ’ ਦੀ ਪ੍ਰਕਾਸ਼ਨਾ ਤੋਂ ਬਾਅਦ ਤੁਹਾਡੀ ਅਗਲੀ ਕਿਤਾਬ ਪ੍ਰਕਾਸ਼ਤ ਹੁੰਦੀ ਹੈ 2020 ਵਿੱਚ, ਪੰਜਾਬ ਪੀਪਲਜ਼ ਫ਼ੋਰਮ ਵਲੋਂ, ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)’, ਗ਼ਦ ਦੇ ਖ਼ੇਤਰ ‘ਚੇ, ਪਰ ਕਵਿਤਾ ਦੀ ਕੋਈ ਕਿਤਾਬ 2004 ਤੋਂ ਬਾਅਦ ਅਜੇ ਤੱਕ ਵੀ ਨਹੀਂ ਆਈ, ਭਾਵੇਂ ਕਿ ਤੁਹਾਡੀਆਂ ਨਵੀਂਆਂ ਕਵਿਤਾਵਾਂ ਇੱਧਰ ਉੱਧਰ ਛਪਦੀਆਂ ਰਹਿੰਦੀਆਂ ਨੇ। ਕਿਤਾਬੀ ਰੂਪ ਵਿੱਚ ਕਾਵਿ-ਸੰਗ੍ਰਹਿ ਪ੍ਰਕਾਸ਼ਨਾ ਤੋਂ ਇੰਨੀ ਲੰਬੀ ਛੁੱਟੀ ਦਾ ਕਾਰਣ? 

——ਗ਼ਦ ਦੀ ਕਿਤਾਬ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)’ ਤਾਂ ਪ੍ਰਕਾਸ਼ਤ ਹੋ ਗਈ ਕਿਉਂਕਿ ਉਹਨੂੰ ‘ਅਸਲੀ ਪ੍ਰਕਾਸ਼ਕ’ ਲੱਭ ਪਿਆ ‘ਪੰਜਾਬ ਪੀਪਲਜ਼ ਫ਼ੋਰਮ’ ਦੇ ਰੂਪ ਵਿੱਚ। ਕਵਿਤਾ ਲਿਖਣੀ ਵੀ ਬੰਦ ਨਹੀਂ ਹੋਈ। ਤਿੰਨ ਕਾਵਿ ਸੰਗ੍ਰਿਹਾਂ ਦੇ ਖਰੜੇ ਤਿਆਰ ਪਏ ਨੇ ਪ੍ਰਕਾਸ਼ਤ ਹੋਣ ਲਈ: ਖੁੱਲ੍ਹੀ ਕਵਿਤਾ ਦਾ, ਪ੍ਰਗੀਤਕ ਲਗੂ ਕਵਿਤਾ, ਤੇ ਪ੍ਰਗੀਤਕ ਆਮ-ਆਕਾਰ ਕਵਿਤਾ ਦਾ। ਜਦੋਂ ਇਨ੍ਹਾਂ ਕਾਵਿ ਸੰਗ੍ਰਿਹਾਂ ਲਈ ਕੋਈ ‘ਅਸਲੀ ਪ੍ਰਕਾਸ਼ਕ’ ਮਿਲ ਗਿਆ ਤਾਂ ਜ਼ਰੂਰ ਪ੍ਰਕਾਸ਼ਤ ਹੋਣਗੇ; ‘ਪੀਪਲਜ਼ ਫ਼ੋਰਮ’ ਵਾਲਿਆਂ ਦੇ ਪ੍ਰਕਾਸ਼ਕੀ ਘੇਰੇ ਵਿੱਚ ਕਵਿਤਾ ਆਮ ਤੌਰ ‘ਤੇ ਨਹੀਂ ਆਉਂਦੀ। 


? ‘ਅਸਲੀ ਪ੍ਰਕਾਸ਼ਕ’  ਤੋਂ ਤੁਹਾਡਾ ਕੀ ਮਤਲਬ?

——ਪੰਜਾਬੀ ਵਿੱਚ ਆਮ ਲੇਖਕਾਂ ਲਈ ਬਾਹਲੇ, ਜੇ ਸਾਰੇ ਨਹੀਂ, ਤਥਾ-ਕਥਿਕ ਪ੍ਰਕਾਸ਼ਕ ਅਸਲੋਂ ‘ਮਹਿੰਗੇ’ ਵਾਲੇ ਛਾਪਕ ਹੀ ਹੁੰਦੇ ਨੇ ਜੋ ਪ੍ਰਕਾਸ਼ਕ ਹੋਣ ਢੌਂਗ ਰਚਾ ਕੇ ਲੇਖਕ ਕੋਲੋਂ ਪੇਸੇ ਭੋਟ ਕੇ ‘ਮਹਿੰਗੇ’ ਭਾਅ ‘ਉਹਦੇ ਹਿੱਸੇ ਦੀਆਂ’ ਕਿਤਾਬ ਦੀਆਂ ਕਾਪੀਆਂ ਛਪਾ ਕੇ  “ਆ ਕੇ ਚੁੱਕ ਲੈ ਜਾਓ” ਦਾ ਸੁਨੇਹਾ ਘੱਲ ਦਿੰਦੇ ਆ, ਪਰ ਪਾਠਕ ਤੱਕ ਕਿਤਾਬ ਪਹੁੰਚਾਉਣ ਲਈ ਕੋਈ ਗੰਭੀਰ ਜਾਂ ਅਸਰਦਾਇਕ ਯਤਨ ਤੱਕ ਵੀ ਨਹੀਂ ਕਰਦੇ। ਐਸੇ ‘ਨਕਲੀ ਪ੍ਰਕਾਸ਼ਕ’ ਕਿਸੇ ਵੀ ਲੇਖਕ ਦੀ ਕੋਈ ਵੀ ਕਿਤਾਬ ਛਾਪ ਦੇਣਗੇ ਕਿਉਂਕਿ ਉਨ੍ਹਾਂ ਨੇ ਛਪਾਈ ਵਿੱਚ ਹੀ ਮੁਨਾਫ਼ਾ ਕਮਾਉਣਾ ਹੁੰਦਾ ਹੈ, ਲੇਖਕ ਤੋਂ ਉਗਾਰਾਹੇ ਪੈਸਿਆਂ ‘ਚੋਂ, ਕਿਤਾਬ ਪਾਠਕਾਂ ਤੱਕ ਤਾਂ ਪਹੁੰਚਾਉਂਣੀ ਹੀ ਨਹੀਂ ਹੁੰਦੀ। ਪਹੁੰਚਾਉਂਦੇ ਵੀ ਨੇ, ਪਰ ਕੇਵਲ ਆਪਣੇ ਚਹੇਤੇ ਲੇਖਕਾਂ ਦੀਆਂ ਕਿਤਾਬਾਂ ਹੀ, ਬਾਕੀ ਲੇਖਕਾਂ ਨੂੰ ਲੁੱਟਦੇ ਨੇ ਆਪਣੀ ਪ੍ਰਾਕਾਸ਼ਕੀ ਦੇ ਨਾਂ ਉੱਤੇ। ਇਹਦੇ ਉਲਟ, “ਅਸਲੀ ਪ੍ਰਕਾਸ਼ਕ” ਦੇ ਕੁਝ ਅਸੂਲ ਹੁੰਦੇ ਨੇ।  ਉਹ ਐਸੀ ਕਿਤਾਬ ਹੀ ਛਾਪੇਗਾ ਜੋ ਉਹਦੇ ਜਾਂ ਪ੍ਰਕਾਸ਼ਨਾ ਦੇ ਅਸੂਲਾਂ ਤੇ ਗੁਣਵੱਤਾ ਪੱਧਰ ‘ਤੇ ਪੂਰੀ ਉੱਤਰਦੀ ਹੋਵੇ, ਤੇ ਪਾਠਕਾਂ ਤੱਕ ਪਹੁੰਚਾ ਕੇ ਉਹ ਘੱਟੋ ਘੱਟ ਕਿਤਾਬ-ਛਪਾਈ ਖ਼ਰਚਾ ਕੱਢ ਸਕੇ। ਮਿਸਾਲ ਵਜੋਂ, ‘ਪੰਜਾਬ ਪੀਪਲਜ਼ ਫ਼ੋਰਮ’ ਵਾਲਿਆਂ ਮੇਰੇ ਕੋਲੋਂ ਇੱਕ ਵੀ ਪੈਸਾ ਵਸੂਲ ਕੀਤੇ ਬਗ਼ੈਰ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)’ ਕਿਤਾਬ ਛਾਪ ਕੇ ਪਾਠਕਾਂ ਪਹੁੰਚਾਈ ਤੇ ਸੰਭਾਵਿਕ ਪਾਠਕਾਂ ਲਈ ਉਪਲੱਬਧ ਕਰਵਾਈ। ਇਹਨੂੰ ਕਹਿੰਦੇ ਨੇ “ਅਸਲੀ ਪ੍ਰਕਾਸ਼ਕ”। ਹੋਰ ਅਸਲੀ ਪ੍ਰਕਾਸ਼ਕਾਂ ਦੀ ਮੇਰੀ ਲਿਸਟ ਵਿੱਚ ਸ਼ਾਮਲ ਨੇ ਜਿਹਨਾਂ ਮੇਰੀਆਂ ਕਿਤਾਬਾਂ ਪ੍ਰਕਾਸ਼ਤ ਕੀਤੀਆਂ: ਭਾਅ ਜੀ ਗੁਰਸ਼ਰਨ ਸਿੰਘ ਹੁਣਾਂ ਦੀ ‘ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ’, ਪਲਸ ਮੰਚ ਪ੍ਰਕਾਸ਼ਨ, ਸੁਰਖ ਰੇਖਾ ਪ੍ਰਕਾਸ਼ਨ, ਤੇ ਸ਼ਹੀਦ ਪ੍ਰਕਾਸ਼ਨ।

  

? ਅੱਜਕੱਲ੍ਹ ਕੀ ਲਿਖ ਰਹੇ ਉਂ? 

——ਕਵਿਤਾ ਲਿਖਣ ਦਾ ਕੰਮ ਤਾਂ ਚੱਲਦਾ ਈ ਰਹਿੰਦਾ ਹੌਲੀ ਹੌਲੀ, ਇਹ ਕਿਹੜੀ ਕਿਸੇ ਨੂੰ ਪੁੱਛ ਕੇ ਆਉਂਦੀ ਆ। ਹੋਰ, ਮਿੱਥ ਕੇ ਕਰਨੇ ਵਾਲੇ ਦੋ ਪ੍ਰੋਜੈਕਟ ਆ ਮਨ ਵਿੱਚ, ਅੱਜ-ਭਲਕ। ਇੱਕ ਕਾਵਿ-ਨਾਟ, ਜਾਂ ਕਹਿ ਲਓ ਓਪੇਰਾ, ਕੁਦਰਤ ਬਾਰੇ, ਜਿਸ ਵਿੱਚ ਦਿਖ਼ਾਇਆ ਜਾਏਗਾ ਕਿ ਕਿੰਝ ਕੁਦਰਤ ਹੀ ਕਾਦਰ ਆ, ਯਾਣਿ “ਸਤਿਨਾਮੁ ਕਰਤਾ ਪੁਰਖੁ” ਆ, ਤੇ ਇਹਨੂੰ ਕੀ ਤੇ ਕਿਵੇਂ ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਤੇ ਗੁਰ ਪ੍ਰਸਾਦਿ ਬਣਾਉਂਦੇ ਨੇ। ਦੂਸਰਾ ਪ੍ਰੋਜੈਕਟ ਆ ਗ਼ਦ ਵਿੱਚ, ਤਰਕਸ਼ੀਲਤਾ ਤੇ ਵਿਗਿਆਨਕ ਤਰਕ ਵਿਧਾਨ ਸੰਗ ਆਮ ਪਾਠਕ ਨੂੰ ਲੈਸ ਕਰਦੀ ਕਿਤਾਬ ਲਿਖਣ ਦਾ, ਤਾਂ ਜੋ ਪਾਠਕ ਤਰਕਹੀਣ ਜਾਂ ਖ਼ੋਟੇ ਤਰਕ ਦੇ ਅਧਾਰਿਤ ਪਰਚਾਰ ਤੋੰ ਆਪਣੀ ਰਾਖੀ ਕਰ ਸਕੇ ਅਤੇ ਖ਼ੁਦ ਵਿਗਿਆਨਕ ਤਰਕ ਵਿਧਾਨ ਦੇ ਆਧਾਰ ‘ਤੇ ਖ਼ਰੀਆ ਦਲੀਲਾਂ ਨੂੰ ਉਸਾਰ ਕੇ ਵਿਚਾਰਾਂ ਨੂੰ ਉਸਾਰ, ਅਪਨਾ, ਜਾਂ ਠੁਕਰਾ ਸਕੇ। 


? ‘ਕੁਦਰਤ’ ਤੁਹਾਡੇ ਹੁਣ ਦੇ ਕਾਵਿ ਵਿੱਚ ਕਾਫ਼ੀ ਆਉਂਦੀ ਹੈ। ਪੰਜਾਬੀ ਕਵਿਤਾ ਵਿੱਚ ਹੁਣ ਤੱਕ ਆਮ ਤੌਰ ‘ਤੇ ‘ਕੁਦਰਤ’ ਵਿਸ਼ੇ ਉੱਪਰ ਧਰਮਿਕ ਜਾਂ ਅਧਿਆਤਮਿਕਵਾਦੀ ਜਾਂ ਇਨ੍ਹਾਂ ਰੰਗਾਂ ਵਾਲੀ ਕਵਿਤਾ ਹੀ ਭਾਰੂ ਰਹੀ ਹੈ, ਨਾ ਕਿ ਪ੍ਰਗਤੀਸ਼ੀਲ ਕਵਿਤਾ। ਸਵਾਲ ਪੁੱਛਣਾ ਬਣਦਾ ਕਿ ਅਧਿਆਤਮਿਕਵਾਦੀ ਕਵਿਤਾ ਵਿੱਚਲੀ ‘ਕੁਦਰਤ’ ਤੇ ਤੁਹਾਡੀ ਕਾਵਿ ਦੀ ‘ਕੁਦਰਤ’ ਵਿੱਚ ਜੇ ਕੋਈ ਫਰਕ ਹੈ, ਤਾਂ ਉਹ ਕੀ ਹੈ?

——  ਪੰਜਾਬੀ ਪ੍ਰਗਤੀਸ਼ੀਲ ਕਵਿਤਾ ਵਿੱਚ ‘ਕੁਦਰਤ’ ਐਨੀ ਸ਼ਾਮਲ ਨਹੀਂ, ਕਿਉਂਕਿ ਪੰਜਾਬੀ ਵਿੱਚ ਹੋਰਨਾਂ ਵਾਂਗ ਬਾਹਲੇ, ਜੇ ਸਾਰੇ ਨਹੀ, ਪ੍ਰਗਤੀਸ਼ੀਲ ਕਵੀ ਵੀ ਬਹੁਤੇ ਜਾਂ ਥੋੜੇ ਭੂਤੀਮੁੱਖੀ ਸੋਚ ਤੇ ਪਹੁੰਚ ਦੇ ਸ਼ਿਕਾਰ ਰਹੇ ਨੇ, ਨਾ ਕਿ ਉੱਨੇ ਵਿਗਿਆਨਕ ਸੋਚ ਤੇ ਪਹੁੰਚ ਦੇ। ਆਮ ਤੌਰ ‘ਤੇ ਅਸੀਂ ਪ੍ਰਤੀਬੱਧਤਾ ਦੀ ਘਾਟ ਕਾਰਨ ਵਿਗਿਆਨ ਤੇ ਵਿਗਿਆਨਕ ਸੋਚ ਪ੍ਰਤੀ ਦਕੀਆਨੂਸੀ ਪਹੁੰਚ ਅਪਨਾਉਂਦੇ ਰਹੇ ਆ; ਮਿਸਾਲ ਵਜੋਂ ਵਿਗਿਆਨੀ ਹੋਣ ਦੇ ਬਾਵਜੂਦ, ਆਪਣੀ ਪੰਜਾਬੀ ਕਵਿਤਾ ਵਿੱਚ ਪ੍ਰੋਃ ਪੂਰਨ ਸਿੰਘ ਦੀ ਲਾਗੂ ਸੋਚ ਤੇ ਪਹੁੰਚ ਜ਼ਿਆਦਾਤਰ ਭੂਤਮੁੱਖੀ ਤੇ ਜੜ੍ਹਤਾਬੰਦ ਸੀ/ਹੈ। ਬਾਕੀ, ਅਧਿਆਤਮਿਕਵਾਦੀ ਤੇ ਮੇਰੇ ਕਾਵਿ ਵਿੱਚਲੀ ‘ਕੁਦਰਤ’ ਵਿਚਾਲੇ ਕੀ ਫਰਕ ਹੈ? ਮੇਰੇ ਕਾਵਿ ਵਿੱਚਲੀ ਕੁਦਰਤ ਉਹ ਹੈ ਜਿਹਦੇ ਭੇਤ ਖੋਲ੍ਹਦੇ ਨਿਯਮਾਂ ਨੂੰ ਖੋਜਦਿਆਂ ਖੋਜਦਿਆਂ ਵਿਗਿਆਨੀਆਂ ਨੇ ਵਿਗਿਆਨ ਦਾ ਇਤਿਹਾਸ ਰਚਿਆ ਹੈ; ਇਹ ਕੁਦਰਤ ਮਾਦੇ ਤੇ ਊਰਜਾ ਦਾ ਇੱਕ ਸਵੈ-ਸਿਰਜਿਕ, ਸਵੈ-ਨਾਸ਼ਿਕ, ਤੇ ਸਵੈ-ਚਾਲਿਕ ਢਾਂਚਾ ਹੈ, ਜਿਹਨੂੰ ਕਿਸੇ ਸਿਰਜਨਹਾਰ ਤੇ ਡਰਾਈਵਰ, ਯਾਣਿ ਕਾਦਰ, ਦੀ ਜਰੂਰਤ ਨਹੀਂ; ਇਹਦੇ ਨਿਯਪ ਹੀ ਇਹਦੇ ਕਾਦਰ ਨੇ, ਤੇ ਨਿਯਮ ਹੀ ਕਾਦਰ, ਯਾਨਿ ਕਰਤਾ-ਪੁਰਖੁ, ਨੂੰ ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਤੇ ਗੁਰ ਪ੍ਰਸਾਦਿ ਬਣਾਉਂਦੇ ਨੇ, ਮਿਸਾਲ ਵਜੋਂ ਜਿੱਦਾਂ ਮੈਂ ਆਪਣੀ ਕਵਿਤਾ ‘ਵਿਗਿਆਨ ਦਾ ਮੂਲਮੰਤਰ’ ਵਿੱਚ ਬਿਆਨਿਆ ਹੈ, ਤੇ ਜਿੱਦਾਂ ਇਹਦਾ ਵਰਣਨ ਆਪਣੀ ਕਿਤਾਬ “ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨੇਸਾਂਸ ਦੇ ਪ੍ਰਸੰਗ ਵਿੱਚ” ਦੇ ਇੱਕ ਪੂਰੇ ਅਧਿਆਏ "ਪੰਜਾਬ ਜਾਗਰਤੀ ਲਹਿਰ ਵਿਗਿਆਨ ਦੀ ਸਰਦਲ ‘ਤੇ: ਕੀ ਗੁਰਬਾਣੀ ਤੇ ਵਿਗਿਆਨ ਦਾ ਮੂਲ ਮੰਤਰ ਇੱਕੋ ਹੀ?” ਵਿੱਚ ਕੀਤਾ ਆ। ਵਿਗਿਆਨੀਆਂ ਵਲੋਂ ਇਨ੍ਹਾਂ ਨਿਯਮਾਂ ਦੀਆਂ ਖੋਜਾਂ ਦੇ ਆਧਾਰ ‘ਤੇ ਹੀ ਮਨੁੱਖ ਗੁਫ਼ਾਵਾਂ/ਜੰਗਲਾਂ ਦੇ ਪੱਥਰ ਯੁੱਗ ਤੋਂ ਅਜੋਕੇ ਆਧੁਨਿਕ ਯੁੱਗ ਤੱਕ ਪਹੁੰਚ ਸਕਿਆਂ ਹੈ। ਇਸ ਤਰ੍ਹਾਂ ਧਰਤੀ ‘ਤੇ ਮਨੁੱਖਤਾ ਦਾ ਪੱਥਰ ਯੁੱਗ ਤੋਂ ਅਜੋਕੇ ਆਧੁਨਿਕ ਯੁੱਗ ਤੱਕ ਦਾ ਇਤਿਹਾਸ ਸਿਰਜਨ ਵਿੱਚ ਤਿੰਨ ਚੀਜ਼ਾਂ ਦਾ ਮੁੱਖ ਰੋਲ ਰਿਹਾ ਹੈ: ਕੁਦਰਤ ਦੇ ਨਿਯਮ, ਵਿਗਿਆਨ, ‘ਤੇ ਕਿਰਤ।


? ਮੈਗਜ਼ੀਨ ‘ਹੁਣ’ ਦੇ ਜਨਵਰੀ-ਅਪ੍ਰੈਲ 2024 ਅੰਕ ‘ਬੁੱਢਾਪਾਨਾਮਾ’ ਸ਼ੀਰਸ਼ੱਕ ਤਹਿਤ ਤੁਹਾਡੀਆਂ ਬੁੱਢਾਪੇ ਤੇ ਰਿਟਾਇਰਮੈਂਟ ਉੱਪਰ ਕਵਿਤਾਵਾਂ ਪੜ੍ਹੀਆਂ ਤਾਂ ਖਿਆਲ ਆਇਆ ਕਿ ਤੁਹਾਡੇ ਹੁਣ ਦੇ ਕਾਵਿ ਵਿੱਚ ਵਿਸ਼ਿਆਂ ਦਾ ਘੇਰਾ ਬੜਾ ਵਿਸ਼ਾਲ ਹੁੰਦਾ ਜਾ ਰਿਹਾ; ਕੁਦਰਤ, ਬ੍ਰਹਿਮੰਡ, ਵਿਕਾਸਵਾਦ, ਇਤਿਹਾਸ, ਭੂਤਮੁੱਖੀ ਸੋਚ ਤੇ ਪਹੁੰਚ, ਮਾਨਸਿਕ ਗੁਲਾਮੀ, ਮਨੁੱਖਵਾਦ, ਮਨੁੱਖ ਦੀ ਮਨੁੱਖ ਹੋਥੋਂ ਲੁੱਟ-ਖਸੁੱਟ, ਪਰਵਾਸਵਾਦ, ਆਦਿ ਤੇ ਇਨ੍ਹਾਂ ਦੇ ਉਪ ਵਿਸ਼ੇ। ਕਾਵਿ ਵਿਸ਼ਿਆਂ ਦੇ ਘੇਰੇ ਦੀ ਇਸ ਵਿਸ਼ਾਲਤਾ ਦਾ ਰਾਜ਼?

—- ਜਿਵੇਂ ਮੈਂ ਪਹਿਲਾ ਕਿਹਾ,  ਧਰਤੀ ‘ਤੇ ਮਨੁੱਖਤਾ ਦਾ ਪੱਥਰ ਯੁੱਗ ਤੋਂ ਅਜੋਕੇ ਆਧੁਨਿਕ ਯੁੱਗ ਤੱਕ ਦਾ ਇਤਿਹਾਸ ਸਿਰਜਨ ਵਿੱਚ ਤਿੰਨ ਚੀਜ਼ਾਂ ਦਾ ਮੁੱਖ ਰੋਲ ਰਿਹਾ ਹੈ: ਕੁਦਰਤ ਦੇ ਨਿਯਮ, ਵਿਗਿਆਨ, ‘ਤੇ ਕਿਰਤ। ਜਦ ਬੰਦੇ ਨੂੰ ਕੁਦਰਤ ਦਾ ਚਸਕਾ ਲੱਗ ਜਾਵੇ, ਤਾਂ ਕੁਦਰਤ ਵਿੱਚ ਤਾਂ, ਇਸ ਸੂਰਜ ਥੱਲੇ ਦੇ ਹੀ ਨਹੀਂ, ਬ੍ਰਹਿਮੰਡ ਵਿੱਚਲੇ ਸਾਰੇ ਵਿਸ਼ੇ ਆ ਜਾਂਦੇ ਨੇ। ਵਿਗਿਆਨ ਤੇ ਮਨੁੱਖੀ ਕਿਰਤ ਨੂੰ ਹਾਈਲਾਈਟ ਕਰਕੇ ਤਾਂ ਵਿਸ਼ਿਆਂ ਦੇ ਘੇਰੇ ਦਾ ਆਕਾਰ ਬੇਅੰਤਤਾ ਨੂੰ ਪਹੁੰਚ ਜਾਂਦਾ ਆ। ਵਿਸ਼ਿਆਂ ਦੀ ਬੇਅੰਤਤਾ ਦੇ ਸਮੁੰਦਰ ਵਿੱਚੋਂ  ਮੈਂ ਤਾਂ ਅਜੇ ਬੂੰਦ ਭਰ ਵਿਸ਼ੇ ਵੀ ਨਹੀਂ ਛੋਹੇ; ਪਰ ਤੁਹਾਡੀ ਫ਼ਿਰਾਕ-ਦਿਲੀ ਲਈ ਸ਼ੁਕਰੀਆ, ਸੋਢੀ ਜੀ।


?  ਤੁਹਾਡੀ ਪਿਛਲੀ ਗੱਲਬਾਤ ਦੋਰਾਨ “ਅੱਜਕੱਲ੍ਹ ਕੀ ਲਿਖ ਰਹੇ ਉਂ?” ਦੇ ਜੁਆਬ ਵਿੱਚ ਤੁਸੀਂ ਕਿਹਾ ਸੀ, “ਕਿਤਾਬ ‘ਭੂਤ ਨਗਰੀ’ ਛਪਣ ਲਈ ਤਿਆਰ ਪਈ ਆ। ਇਕ ਨਾਵਲ ‘ਕਲਗੀ’ ਛੇਤੀ ਹੀ  ਛਪਣ ਲਈ ਤਿਆਰ ਹੋਣ ਵਾਲਾ।” ਕਾਵਿ ਸੰਗ੍ਰਹਿ ‘ਭੂਤ ਨਗਰੀ’ ਤਾਂ ‘ਚੇਤਨਾ ਪ੍ਰਕਾਸ਼ਨ’ ਵਲੋਂ ਪ੍ਰਕਾਸ਼ਤ ਹੋ ਗਿਆ ਸੀ, ਪਰ ਨਾਵਲ ‘ਕਲਗੀ’ ਨਹੀਂ ਦਿਸਿਆ ਕਿਤੇ; ਇਸ ਕਿਸ ਵਿਸ਼ੇ ਬਾਰੇ ਹੈ?

——ਤੁਸੀਂ ਠੀਕ ਓਂ, ਸੋਢੀ ਜੀ, ‘ਕਲਗੀ’ ਲਿਖਿਆ ਪਿਆ ਕਦੋਂ ਦਾ ਹੀ, ਪਰ ਅਜੇ ਪ੍ਰਕਾਸ਼ਤ ਨਹੀਂ ਹੋਇਆ। ਮੇਰੀ ਹਰ ਰਚਨਾ ਨੂੰ ਮੇਰਾ ਖ਼ੁਦ ਲਗਾਇਆ ਮਿਆਰ ਪਾਸ ਕਰਨਾ ਪੈੰਦਾ, ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਪ੍ਰਕਾਸ਼ਤ ਹੋਣ ਲਈ ਭੇਜ ਸਕਾਂ। ‘ਕਲਗੀ’ ਦੇ ਦੋ ਸੰਸਕਰਨ, ਯਾਣਿ ਵਰਜ਼ਨ, ਲਿਖ ਚੁੱਕਿਆ, ਪਰ ਅਜੇ ਗੱਲ ਬਣੀ ਨਹੀਂ। ਵਿਸ਼ਾ? ਇਹ ਨਾਵਲ ਉੱਨੀ ਸੌ 70ਵਿਆਂ ਦੇ ਪੰਜਾਬ ਵਿੱਚ ਚੱਲਦੀ ਇਨਕਲਾਬੀ ਲਹਿਰ ਵਿੱਚੀਂ ਲੰਘਦੇ ਨਿਆਣੇ ਨੌਜਵਾਨ ਦੀ ਕਹਾਣੀ ਦੱਸਦਾ ਜਾਂ ਇਹ ਕਹਿ ਲਓ ਕਿ ਲਹਿਰ ਦੀ ਕਹਾਣੀ ਉਸ ਨੌਜਵਾਨ ਦੇ ਦ੍ਰਿਸ਼ਟੀਕੋਣ ਤੋਂ। 


? ਉਵੇਂ ਤਾਂ ਭਾਵੇਂ ਹਰ ਲੇਖਕ ਦਾ ਸਮੇਂ ਦੇ ਨਾਲ ਨਾਲ ਵਿਕਾਸ਼ ਹੁੰਦਾ ਰਹਿੰਦਾ, ਪਰ ਫਿਰ ਵੀ ਦਿੱਤੇ ਸਮੇਂ ‘ਤੇ ਹਰ ਲੇਖਕ ਦਾ ਇੱਕ ਕੋਡ ਜਾਂ ਕੁੰਜੀ ਹੁੰਦੀ ਏ, ਜਿਹੜੀ ਉਹਦੇ ‘ਲਿਖਣ ਸੰਸਾਰ’ ਵੱਲ ਨੂੰ ਦਰਵਾਜ਼ਾ ਖੋਹਲ ਸਕਦੀ ਆ। ਜੇ ਮੈੰ ਪੁੱਛਾਂ ਕਿ ਤੁਹਾਡੇ ‘ਲਿਖਣ ਸੰਸਾਰ’ ਦਾ ਕੋਡ ਕੀ ਆ, ਤੇ “ਕੋਡ ਕੋਈ ਨਹੀਂ” ਗਲਤ ਉੱਤਰ ਹੋਵੇ, ਤਾਂ ਤੁਹਾਡਾ ਜੁਆਬ ਕੀ ਹੋਵੇਗਾ?

ਅ-ਹ-ਮ…ਓ ਕੇ…ਕੋਡ:

ਭੇਤ ਜਦ ਉਸ ਦੇ ਲੱਭਣ ਤੁਰਿਆ

ਮੈਂ ਕੁਦਰਤ ਦਾ ਬੰਦਾ,

ਪਰਖ਼ਪੁਰੀ ਦਾ ਜਾਇਆ ਰਾਹੀ

‘ਪਰਖ਼ਾ’ ਨਾਮ ਹੈ ਮੇਰਾ।


ਨਕਸਲਬਾੜੀ ਪੇਕੇ ਮੇਰੇ

ਰੇਨਾਸਾਂਸ ਨੇ ਸਹੁਰੇ,

ਇੰਨਲਾਈਟਨਮੈਂਟ ਦੀ ਲੋਏ ਚੱਲਦਾ

ਹਰ ਕੋਈ ਮੇਰਾ ਡੇਰਾ।


? ਅੰਤ ਵਿਚ ਕੁਝ ਨਿੱਜੀ ਜ਼ਿੰਦਗੀ ਬਾਰੇ ਵੀ ਹੋ ਜਾਏ। ਪਿੱਛੇ ਜਿਹੇ ਸੁਣਿਆ, ਤੁਹਾਡੀ ਸਿਹਤ ਨੂੰ ਕੋਈ ਆਫ਼ਿਤ ਆਣ ਪਈ ਸੀ। ਇਸ ਸਬੰਧ ਵਿੱਚ ਕੁਝ ਸਾਂਝਾ ਕਰਨਾ ਚਾਹੋਗੇ? ਨਿੱਜੀ ਲਹਿਜੇ ਵਿੱਚ ਨਹੀਂ, ਤਾਂ ਤਜ਼ਰਬੇ, ਯਾਨੀ ‘ਕੀ ਸਿੱਖਿਆਂ ਕੀ ਪਾਇਆ’, ਦੇ ਨਜ਼ਰੀਏ ਤੋਂ ਹੀ ਸਹੀ।

——ਕਿਸੇ ਜਮਾਤ ਵਿੱਚ ਫੇਲ੍ਹ, ਯਾਣਿ ਐੱਫ਼ ਗਰੇਡ, ਤੋਂ ਲੈ ਕੇ ਫ਼ਸ਼ਟ ਕਲਾਸ, ਯਾਣਿ ਏ ਗਰੇਡ, ਤੱਕ ਦੇ ਵਿੱਦਆਰਥੀ ਹੁੰਦੇ ਨੇ; ਵਿੱਚ ਵਿਚਾਲੇ ਡੀ, ਸੀ, ਤੇ ਬੀ ਆਦਿ ਗਰੇਡ ਆ ਜਾਂਦੇ ਨੇ। ਇਸੇ ਤਰ੍ਹਾਂ, ਹਰ ਕਿੱਤੇ ਵਿੱਚ ਕਿੱਤਾਕਾਰ ਵੀ ਆਪਣੇ ਕੰਮ ਦੀ ਗੁਣਵੱਤਾ (quality) ਦੇ ਆਧਾਰ ‘ਤੇ ਵੀ ਗਰੇਡ ਐੱਫ ਤੋਂ ਏ ਤੱਕ ਜਾਂਦੇ ਨੇ। ਹੋਇਆ ਇਹ ਕਿ ਕਿਸੇ ਡੀ ਜਾਂ ਸੀ ਗਰੇਡ ਡਾਕਟਰ ਦੁਆਰਾ ਗਲਤ-ਨਿਦਾਨ (misdiagnose) ਜ਼ਰੀਏ ਮੈਂ ਇੱਕ ਸੇਹਤ ਸਮੱਸਿਆ ਵਿੱਚ ਫ਼ਸ ਗਿਆ, ਜਿਸ ਨੇ ਮੇਰੇ ਬੋਲਣ ਗੁਣ ਤੇ ਦਿਮਾਗ਼ ‘ਤੇ ਅਸਰ ਪਾਇਆ। ਮੇਰੀ ‘ਬੋਲਦੀ’ ਬਿੱਲਕੁੱਲ ਬੰਦ ਹੋ ਗਈ, ਤੇ ਪੜ੍ਹਨ ਲਿਖਣ ਗੁਣਾਂ ਦੀ ਸੂਈ ਸਿਫ਼ਰ ‘ਤੇ ਆਣ ਡਿਗੀ। ਇਸ ਕਾਰਣ, ਕਿਉਂਕਿ ਖੋਜ ਤੇ ਅਧਿਆਪਨ ਕੰਮ ਨੂੰ ਬਰੇਕਾਂ ਲੱਗ ਗਈਆਂ, ਮੈਂ ਆਪਣੇ ਦਿਮਾਗ਼ ਨੂੰ ਚੈਲਿੰਜ਼ ਜਾਂ ਰੀਬੂਟ ਕਰਨ ਲਈ ਨਵੇਂ ਵਿਸ਼ੇ ‘ਤੇ ਗਰੇਜੂਏਟ ਡਿਗਰੀ ਸ਼ੁਰੂ ਕਰ ਦਿੱਤੀ: ਮਾਸਟਰ ਇਨ ਬਾਇਓ ਇੰਜਨੀਅਰਿੰਗ। ਇਹ ਸਭ ਤੋਂ ਵਧੀਆ ਥੈਰੇਪੀ ਸਾਬਤ ਹੋਈ ਮੇਰਾ ਦਿਮਾਗ਼ ਰਿਸ਼ਟ-ਪੁਸ਼ਟ ਕਰਨ ਲਈ। ਇਸ ਸਿਹਤ-ਸੰਕਟ ‘ਚੋਂ ਬਾਇਓ ਇੰਜੀਨੀਅਰਿੰਗ ਐੈਮ.ਐਸ.ਸੀ. ਦੀ ਡਿਗਰੀ ਤੇ ਗਿਆਨ ਪ੍ਰਾਪਤ ਕਰਨ ਤੋਂ ਇਲਾਵਾ ਇੱਕ ਹੋਰ ਫ਼ਾਇਦਾ ਹੋਇਆ। ਇਸ ਸੰਕਟ ਤੋਂ ਪਹਿਲਾਂ, ਕੁਝ ਪੰਜਾਬੀ ਸਾਹਿਤਕ ਜਗਤ ਵਿੱਚਲੀ ਸਥਾਪਤੀ, ਸਰਗਰਮੀਆਂ/ਕਾਰਵਾਈਆਂ, ਤੇ ਆਮ ਵਾਤਾਵਰਣ ਹੱਥੋਂ ਬੋਰ ਤੇ ਸਤਿਆ ਹੋਇਆ ਅਤੇ ਕੁਝ  ਰੋਜ਼ਾਨਾਂ ਜ਼ਿਦਗੀ ਦੇ ਕੰਮਾਂ ਵਿੱਚ ਮਸ਼ਰੂਫ਼, ਮੈਂ ਪੰਜਾਬੀ ਤੇ ਪੰਜਾਬੀ ਸਾਹਿਤ ਨਾਲੋਂ ਟੁੱਟਦਾ ਟੁੱਟਦਾ ਲੱਗਭਗ ਟੁੱਟ ਹੀ ਚੁੱਕਾ ਸਾਂ। ਪਰ, ਇਸ ਸੰਕਟ ਦੌਰ ਵਿੱਚ ਅੰਗਰੇਜ਼ੀ ਵਾਂਗ ਹੀ ਪੰਜਾਬੀ ਵੀ ਅੱਖਰਾਂ ਤੋਂ ਸ਼ੁਰੂ ਕਰਕੇ ਦੁਬਾਰਾ ਪੜ੍ਹਣ/ਲਿਖਣ/ਬੋਲਣ ਸਿੱਖਣ ਦੇ ਅਭਿਆਸ ਦੌਰਾਨ ਪੰਜਾਬੀ ਤੇ ਪੰਜਾਬੀ ਸਾਹਿਤ ਨਾਲ ਦੁਬਾਰਾ ਜੁੜਣ ਦੀ ਇੱਛਾ ਜਾਗ ਪਈ। 

ਇਸ ਸਿਹਤ-ਸੰਕਟ ਦੌਰਾਨ ਮੈਂ ਨਾ ਪੜ੍ਹ, ਨਾ ਲਿਖ, ਤੇ ਨਾ ਬੋਲ ਸਕਦਾ ਸੀ। ਮਾਨੋ ਕੁਦਰਤ ਨੇ ਅੱਖ-ਝਪਾਕੇ ਮੈਂਨੂੰ ਬੰਦ (ਸ਼ੱਟ-ਡਾਊਨ) ਕਰਕੇ ਆਪਣੇ ਲਲਕਾਰੇ ਬੰਦਿਆਂ ਦੀ ਦੁਨੀਆਂ ਵਿੱਚ ਸੁੱਟ ਦਿੱਤਾ ਸੀ, ਦੁਬਾਰਾ ਸ਼ੁਰੂ (ਰੀਬੂਟ) ਹੋਣ ਦੀ ਚੁਨੌਤੀ ਸੰਗ: “ਹੁਣ ਉਠੇਂ ਤਾਂ ਜਾਣਾਂ।” ਕੀ ਸਿੱਖਿਆਂ? ਜੇ ਕੋਈ ਕੁਦਰਤ ਦੇ ਲਲਕਾਰੇ ਬੰਦਿਆਂ ਦੀ ਅਜੇਹੀ ਦੁਨੀਆਂ ਕੋਈ ਡਿਗ ਪਿਆ ਹੋਵੇ ਜਿੱਥੇ ਕੁਦਰਤ ਨੇ ਉਹਨੂੰ ਉੱਠ ਕੇ ਬਾਹਰ ਨਿੱਕਲਣ ਦੀ ਚੁਨੌਤੀ ਦਿੱਤੀ ਹੋਵੇ, ਤਾਂ ਮੈਂ ਆਪਣੇ ਤਜਰਬੇ ਅਧਾਰ ‘ਤੇ ਕਹਾਂਗਾ: ਦੂਸਰਿਆਂ ਤੋਂ ਆਸ ਮੱਤ ਰੱਖੋ ਕਿ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਉਸ ਡਿਗੀ ਦੁਨੀਆਂ ‘ਚੋਂ ਬਾਹਰ ਆ ਗਏ ਹੋ ਜਾਂ ਕਿੰਨਾਂ ਕੁ। ਇਹ ਫ਼ੈਸਲਾ ਤੇ ਐਲਾਨ ਤੁਹਾਨੂੰ ਆਪਣੇ ਆਪ ਲਈ ਖ਼ੁਦ ਹੀ ਕਰਨਾ ਪਏਗਾ ਅਤੇ ਇਸ ਫ਼ੈਸਲੇ ਤੇ ਐਲਾਨ ਨੂੰ ਆਪਣੀ ਰੋਜ਼ਾਨਾ ਜ਼ਿਦਗੀ ਦੀਆਂ ਗਤੀਵਿਧੀਆਂ ਰਾਹੀਂ ਅਮਲੀ ਤੌਰ ‘ਤੇ ਲਾਗੂ ਕਰਨਾ ਹੋਵੇਗਾ। ਇੱਥੇ ਹੀ ਬੱਸ ਨਹੀਂ; ਇਸ ਫ਼ੈਸਲੇ ਤੇ ਐਲਾਨ ‘ਤੇ ਪਹਿਰਾ ਦਿੰਦੇ ਹੋਏ ਤੁਹਾਨੂੰ ਡਿਗੀ ਦੁਨੀਆਂ ਵਿੱਚ ਨੂੰ ਵਾਪਸ ਧਕੇਲਣ ਦੀਆਂ ਅਚੇਤ ਤੇ ਸੁਚੇਤ ਕੋਸ਼ਿਸ਼ਾਂ/ਸ਼ਕਤੀਆਂ ਨੂੰ ਵੀ ਪਛਾੜਨਾ ਪਏਗਾ, ਆਪਣੀਆਂ ਰੋਜ਼ਾਨਾ ਅਮਲੀ ਜੀਵਨ ਦੀਆਂ ਗਤੀਵਿਧੀਆਂ ਜਾਰੀ ਰੱਖ ਕੇ।

ਜ਼ਿੰਦਗੀ ਜਿੰਦਾਬਾਦ! 


? ਜਿੰਦਾਬਾਦ!!  ਜਿੰਦਾਬਾਦ!!! 

ਸ਼ਾਲਾ ਲੰਬੀ ਸਿਹਤਮੰਦ ਉਮਰ ਹੋਵੇ; ਪਰ ਇਸ ਗੱਲਬਾਤ ਦੇ ਆਖਰੀ ਸ਼ਬਦ?

—- ਤੁਹਾਡੀ ਲੰਬੀ ਸਿਹਤਮੰਦ ਉਮਰ ਦੀ ਦੁਆ, ਸੋਢੀ ਜੀ!


ਜ਼ਿੰਦਗੀ ਦੇ ਇਸ ਸਫ਼ਰ ਵਿੱਚ

ਆਡ ਆਡ ਤੋਂ ਲੈ ਕੇ 

ਸਮੁੰਦਰ ਸਮੁੰਦਰ ਤੱਕ ਦਾ ਪਾਣੀ ਡੱਫਿਆ ਹੈ, 

ਫਿਰ ਵੀ ਹਰ ਸਫਰ ਦੇ ਹਰ ਅੰਤ 'ਤੇ 

‘ਪਰਖ਼ਿਆ', ਪਿਆਸ ਤੋਂ ਬਿਨਾਂ ਸਾਡੇ ਕੋਲ 

ਕੁਝ ਨਹੀਂ ਬਚਿਆ ਹੈ। 

  ਸਮਾਪਤ 


Previous Post Next Post

نموذج الاتصال