ਰਵਿੰਦਰ ਸਿੰਘ ਸੋਢੀ ਦੀ ਡਾ. ਸੁਖਪਾਲ ਸੰਘੇੜਾ ਨਾਲ ਹੋਈ ਗੱਲਬਾਤ ਉਹਨਾਂ ਦੀ ਜਿੰਦਗੀ ਦੇ ਕਈ ਪਹਿਲੂਆਂ ਨੂੰ ਉਜਾਗਰ ਕਰਦੀ ਹੈ।
ਡਾ. ਸੁਖਪਾਲ ਸੰਘੇੜਾ ਪੰਜਾਬੀ ਕਵਿਤਾ ਦਾ ਪ੍ਰਮੁੱਖ ਹਸਤਾਖਰ ਹੈ। ਉਹਦੀਆਂ ਕਵਿਤਾਵਾਂ ਆਮ ਆਦਮੀ ਦੇ ਸਰੋਕਾਰਾਂ ਨਾਲ ਸੰਬੰਧਤ ਹਨ। ਗੱਲ ਕਹਿਣ ਦੀ ਸਹਿਜਤਾ ਤੇ ਸਾਦਗੀ ਬੌਧਿਕ ਡੁੰਘਾਈਆਂ ਦੇ ਬਾਵਜੂਦ ਵੀ ਉਹਦੀਆਂ ਕਵਿਤਾਵਾਂ 'ਤੇ ਬੋਝ ਨਹੀਂ ਪੈਣ ਦਿੰਦੀ। ਪੰਜਾਬ 'ਚ ਰਹਿੰਦਿਆਂ ਵੀ ਸਾਹਿਤਿਕ/ਵਿਦਿਆਰਥੀ ਖ਼ੇਤਰ ਤੌਰ ਵਿੱਚ ਕਾਫ਼ੀ ਸਰਗਰਮ ਰਿਹਾ। ਪੰਜਾਬ ਦੇ ਸਾਹਿਤਕਾਰਾਂ, ਰੰਗ ਮੰਚੀਆਂ, ਤੇ ਹੋਰ ਕਲਾਕਾਰਾਂ ਦੀ ਜਥੇਬੰਦੀ ‘ਪੰਜਾਬ ਲੋਕ ਸੱਭਿਆਂਚਾਰਿਕ ਮੰਚ’ ਦਾ ਬਾਨੀ ਜਨਰਲ ਸਕੱਤਰ ਰਹਿ ਚੁੱਕਿਆ ਹੈ, ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਬਾਨੀ ਪ੍ਰਧਾਨ ਨਾਲ; ਉੱਨੀ ਸੌ ਸੱਤਰਵਿਆਂ ਦੀ ਪੰਜਾਬ ਸਟੂਡੈਂਟ ਯੂਨੀਅਨ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ।
![]() |
ਡਾ. ਸੁਖਪਾਲ ਸੰਘੇੜਾ |
ਪ੍ਰੇਰਨਾ, ਮਿਨੀ ਰੇਨਾਸਾਂਸ, ਵਿਗਿਆਨ ਦਾ ਉਧਾਲਾ, ਤੇ ਪਰਵਾਸਵਾਦ
? ਲਿਖਣਾ ਕਦੋਂ ਸ਼ੁਰੂ ਕੀਤਾ? ਇਸ ਪਿੱਛੇ ਕੋਈ ਪ੍ਰੇਰਨਾ?
——ਲਿਖਣ ਦਾ ਸ਼ੌਕ, ਸੋਢੀ ਜੀ, ਬਹੁਤ ਨਿਆਣੇ ਹੁੰਦੇ ਨੂੰ ਹੀ ਪੈ ਗਿਆ ਸੀ। ਪ੍ਰਇਮਰੀ ਤੇ ਮਿਡਲ ਸਕੂਲ ਦੇ ਦਿਨਾਂ ਵਿਚ ਈ ਕਿਆਰੇ ਮੋੜਦਿਆਂ ਕਵਿਤਾ ਜੋੜੀ ਜਾਣੀ। ਪਰ ਉਨ੍ਹਾਂ ਪਹਿਲੀਆਂ ਪਹਿਲੀਆਂ ਕਵਿਤਾਵਾਂ ਵਿਚ ਸੁਭਾਵਕ ਈ ਮੌਲਿਕਤਾ ਥੋੜ੍ਹੀ ਸੀ ਤੇ ਬੌਧਿਕਤਾ ਪੱਖੋਂ ਨਿਆਣੀਆਂ। ਇਸ ਲਈ ਉਹ ਪ੍ਰਕਾਸ਼ਨਾ ਤੱਕ ਪਹੁੰਚਣ ਲਈ ਮੇਰਾ ਲਾਗੂ ਸਵੈ-ਸੈਂਸਰਸ਼ਿਪ ਵੀ ਪਾਸ ਨਾ ਕਰ ਸਕੀਆਂ। ਪ੍ਰੇਰਨਾ ਸਰੋਤ? ਮੇਰੇ ਦਾਦਾ ਫ਼ਕੀਰ ਦਾ ਸਕਾ ਭਰਾ ਕਾਮਰੇਡ ਬੰਤਾ ਸਿੰਘ ਨੂਰਮਹਿਲ ਇਲਾਕੇ ਵਿਚ ਖੱਬੀ ਜਮਹੂਰੀ ਲਹਿਰ ਦਾ ਜਾਣਿਆਂ ਪਹਿਚਾਣਿਆਂ ਸਰਗਰਮ ਹਮਦਰਦ ਸੀ। ਖੱਬੀ ਲਹਿਰ ਦੇ ਆਗੂਆਂ ਦਾ, ਭਾਵੇਂ ਉਹ ਭੂਮੀਗਤ ਹੋਣ ਜਾਂ ਭੂਮੀ ਉੱਪਰ, ਅਕਸਰ ਸਾਡੇ ਘਰਾਂ/ਖ਼ੂਹਾਂ ‘ਤੇ ਲੋੜ ਅਨੁਸਾਰ ਲੋਏ ਜਾਂ ਨ੍ਹੇਰੇ ਸਨ੍ਹੇਰੇ ਆਉਣਾ ਜਾਣਾ ਰਹਿੰਦਾ ਸੀ। ਸਾਡੇ ਖਾਨਦਾਨ ਦੀ ਸੋਚਣੀ ਨੂੰ ਲੋਕ ਪੱਖੀ ਦਿਸ਼ਾ ਵਿਚ ਸੇਧੀ ਰੱਖਣ ਵਿਚ ਕਾਮਰੇਡ ਬੰਤਾ ਸਿੰਘ ਦਾ ਬੜਾ ਹੱਥ ਸੀ। ਇਹੀ ਦਿਸ਼ਾ ਮੈਨੂੰ ਕਾਮਰੇਡਾਂ ਦੇ ਡਰਾਮੇ ਦੇਖਣ ਵੱਲ ਖਿੱਚ ਕੇ ਲੈ ਜਾਂਦੀ ਸੀ। ਉਂਝ ਮੇਰੇ ਬਾਪ, ਯਾਣਿ ਭਾਪਾ ਜੀ, ਦੀ ਬਾਹਲੇ, ਜੇ ਸਾਰੇ ਨਹੀਂ, ਬਾਪਾਂ ਵਾਂਗ ਇਹੀ ਇਛਾ ਸੀ ਕਿ ਭਗਤ ਸਿੰਘ ਜੰਮਣਾਂ ਤਾਂ ਗੁਆਂਢੀਆਂ ਦੇ ਘਰ ਈ ਜੰਮੇ।
![]() |
ਰਵਿੰਦਰ ਸਿੰਘ ਸੋਢੀ |
? ‘ਪ੍ਰਇਮਰੀ ਤੇ ਮਿਡਲ ਸਕੂਲ’ ਦੀ ਪੜ੍ਹਾਈ ਦੌਰਾਨ ਕਵਿਤਾ ਲਿਖਣ ਦੀ ਧੁੰਨ ਬੜੀ ਦਿਲਚਸਪ ਲੱਗੀ। ਇਸ ਲਈ ਕਿਸੇ ਵਿਅੱਕਤੀ-ਵਿਸ਼ੇਸ਼ ਕੋਲੋਂ ਮਿਲੀ ਪ੍ਰੇਰਨਾ ਜਾਂ ਇਹ ਧੁੰਨ ਕਾਇਮ ਰੱਖਣ ਵਿੱਚ ਕਿਸੇ ਵਿਅੱਕਤੀ-ਵਿਸ਼ੇਸ਼ ਦਾ ਰੋਲ?
—— ਠੀਕ ਕਹਿੰਦੇ ਓਂ,ਸੋਢੀ ਜੀ, ਮਾਹੌਲ ਤਾਂ ਰੋਲ ਨਿਭਾਉਂਦਾ ਹੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਤੱਖਰ ਵਿੱਚ ਪਿੰਡ ਸਮਰਾਵਾਂ ਦਾ ਮਾਸਟਰ ਸਾਧੂ ਸਿੰਘ ਹਰੇਕ ਹਫ਼ਤੇ ‘ਰੰਗਾ-ਰੰਗ ਪ੍ਰੋਗਰਾਮ’ ਦਾ ਆਯੋਜਨ ਕਰਦਾ ਹੁੰਦਾ ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ, ਜਾਂ ਹੋਰ ਦਿਲ-ਪ੍ਰਚਾਵਾ ਦੀਆਂ ਆਈਟਮਾਂ ਪੇਸ਼ ਕਰਨੀਆਂ ਹੁੰਦੀਆਂ ਸਨ। ਮੈਂ ਕਦੇ ਕਿਸੇ ਹੋਰ ਦਾ ਲਿਖਿਆ ਤੇ ਕਦੇ ਆਪਣਾ ਜੋੜਿਆ ਗੀਤ ਗਾ ਦਿੰਦਾ ਸੀ; ਮਾਸਟਰ ਜੀ ਤੋਂ ਸ਼ਾਬਾਸ਼ੇ ਮਿਲ ਜਾਂਦੀ ਸੀ। ਮਿਡਲ ਸਕੂਲ ਵਿੱਚ ਮੇਰੇ ਪੰਜਾਬੀ ਵਿਸ਼ੇ ਦੇ ਇੱਕ ਅਧਿਆਪਕ ਸਨ: ਜਗਤਾਰ, ਡਾ. ਜਗਤਾਰ ਬਣਨ ਤੋਂ ਪਹਿਲਾਂ, ਜਦੋਂ ਉਹ ਜਗਤਾਰ ਪਪੀਹਾ ਦੇ ਨਾਮ ਥੱਲੇ ਲਿਖਦੇ ਸਨ। ਜਮਾਤ ਵਿੱਚ, ਜਗਤਾਰ ਜੀ ਜਦੋਂ ਕਿਸੇ ਕਵਿਤਾ ਦੀ ਵਿਆਖਿਆ ਕਰਦੇ ਸਨ, ਤਾਂ ਜਿਵੇਂ ਉਸ ਵਿੱਚੋਂ ਭੇਤ ਨੂੰ ਉਧੇੜ ਸੁੱਟਦੇ ਸਨ, ਜਦੋਂ ਕਈ ਵਾਰੀ ਦੁਬਾਰਾ ਉਹੀ ਕਵਿਤਾ ਪੜਦੇ ਤਾਂ ਇੰਝ ਲੱਗਦਾ ਜਿਵੇਂ ਉਹੀ ਦੁਬਾਰਾ ਜਾਂ ਕੋਈ ਹੋਰ ਭੇਤ ਕਵਿਤਾ ਗ੍ਰਿਫਤਾਰ ਹੋ ਗਿਆ ਹੋਵੇ। ਮੈਨੂੰ ਇਹ ਭਾਣਾ ਇਕ ਹੱਥ ਅਜੀਬ ਤੇ ਦੂਜੇ ਹੱਥ ਦਿਲਚਸਪ ਲੱਗਦਾ; ਤੇ ਮੇਰਾ ਜੀਅ ਕਰਦਾ ਕਿ ਮੈਂ ਵੀ ਕੋਈ ਭੇਤ ਲੱਭ ਕੇ ਕਵਿਤਾ ਵਿੱਚ ਬੰਦ ਕਰ ਸਕਾਂ।
ਇਸ ਸਕੂਲ, ਜਾਣਿ ਸਰਕਾਰੀ ਹਾਈ ਸਕੂਲ ਗੋਰਾਇਆ, ਵਿੱਚ ਵਿਗਿਆਨ ਦੇ ਵਿਸ਼ੇ ਨਹੀਂ ਪੜਾਏ ਜਾਂਦੇ ਸਨ, ਜਿਨ੍ਹਾਂ ਵਿੱਚ ਮੇਰੀ ਦਿਲਚਸਪੀ ਜਾਗ ਉੱਠੀ ਸੀ। ਇਸ ਲਈ, ਅੱਠਵੀ ਪਾਸ ਕਰਨ ਤੋਂ ਬਾਅਦ ਹਾਈ ਸਕੂਲ ਪੂਰਾ ਕਰਨ ਲਈ, ਮੈਂ ਘਰਦਿਆਂ ਨੂੰ ਕਹਿ ਕੇ ਗੋਰਾਇਆ ਦੇ ਨੇੜੇ ਪਿੰਡ ਅੱਟਾ ਵਾਲੇ ਸਕੂਲ ਵਿੱਚ ਦਾਖ਼ਲਾ ਲੈ ਲਿਆ; ਜੋਰਾਵਰ ਸਿੰਘ ਫਤਹਿ ਹਰੀ ਖਾਲਸਾ ਹਾਇਰ ਸੈਕੰਡਰੀ ਸਕੂਲ, ਅੱਟਾ। ਉੱਥੇ ਇੱਕ ਅਧਿਆਪਕ ਸੀ ਜਿਹਨੂੰ ਕਵਿਤਾ ਬਾਰੇ ਬੜੀ ਸਮਝ ਸੀ, ਤੇ ਕਵਿਤਾ ਵਿੱਚ ਦਿਲਚਸਪੀ ਵੀ; ਉਨ੍ਹਾਂ ਦਾ ਨਾਮ ਸੀ: ਕਰਤਾਰ ਸਿੰਘ ਅਰਸ਼। ਭਾਵੇਂ ਅੱਟਾ ਵਾਲੇ ਸਕੂਲ ਵਿੱਚ ਮੈਂ ਵਿਗਿਆਨ ਤੇ ਹਿਸਾਬ ਦੇ ਵਿਸ਼ਿਆਂ ਕਾਰਨ ਆਇਆ ਸਾਂ, ਪਰ ਉਨ੍ਹਾਂ ਦੇ ਨਾਲ ਨਾਲ ਹੀ ਪੰਜਾਬੀ, ਹਿੰਦੀ, ਇੰਗਲਿਸ਼, ਤੇ ਇਤਿਹਾਸ ਦੇ ਵਿਸ਼ੇ ਹੀ ਮੈਂ ਲੈ ਰਿਹਾਂ ਸਾਂ, ਬਾਕੀ ਵਿਦਿਆਰਥੀਆਂ ਵਾਂਗ ਹੀ। ਕਰਤਾਰ ਸਿੰਘ ਅਰਸ਼ ਸਕੂਲ ਦੀ ਇੱਕ-ਕਮਰਾ ਸਾਈਜ਼ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਦਾ ਰੋਲ ਵੀ ਨਿਵਾਉਂਦਾ ਹੁੰਦਾ ਸੀ। ਮੈਂ ਅਕਸਰ ਲਾਇਬ੍ਰੇਰੀ ਵਿੱਚੋ ਕੋਈ ਨਾ ਕੋਈ ਕਿਤਾਬ ਕੱਢਾਉਂਦਾ ਰਹਿੰਦਾ ਸੀ, ਪੰਜਾਬੀ ਸਾਹਿਤ ਦੇ ਘੇਰੇ ਵਿੱਚੋਂ; ਜਸਵੰਤ ਸਿੰਘ ਕੰਵਲ ਤੇ ਨਾਨਕ ਸਿੰਘ ਆਦਿ ਦੇ ਨਾਵਲ ਵੀ ਮੈਂ ਇੱਥੋਂ ਪੜ੍ਹਣੇ ਸ਼ੁਰੂ ਕੀਤੇ। ਪਤਾ ਲੱਗਣ ਤੋਂ ਬਾਅਦ ਕਿ ਮੈਨੂੰ ਕਵਿਤਾ ਲਿਖਣ ਦਾ ਸ਼ੋਕ ਸੀ, ‘ਅਰਸ਼’ ਹੁਣੀਂ ਮੈਨੂੰ ਹੱਲਾ-ਸ਼ੇਰੀ ਦਿੰਦੇ ਰਹਿੰਦੇ। ਇੱਕ ਵਰਣਨਯੋਗ ਵਾਕਿਆ ਹੈ, ਜਦ ਇਕ ਸਾਲ ਗੁਰਪੁਰਬ ‘ਤੇ ਸਾਡੇ ਸਕੂਲ ਵਿੱਚ ਆਯੋਜਿਤ ਕੀਤਾ ਗਿਆ ‘ਰੰਗਾ-ਰੰਗ ਪ੍ਰੋਗਰਾਮ’ ਮੁਕਾਬਲਾ, ਜਿਸ ਵਿੱਚ ਇਲਾਕਾ ਭਰ ਦੇ ਸਕੂਲਾਂ ਨੇ ਹਿੱਸਾ ਲੈਣਾ ਸੀ; ਵਿਦਿਆਰਥੀਆਂ ਕਵਿਤਾ, ਗੀਤ ਆਦਿ ਆਈਟਮਾਂ ਪੇਸ਼ ਕਰ ਸਕਦੇ ਸਨ। ‘ਅਰਸ਼’ ਹੋਣਾਂ ਦੀ ਹੱਲਾ-ਸ਼ੇਰੀ ਨਾਲ ਮੈਂ ਆਪਣੀ ਕਵਿਤਾ ਲਿਖ ਕੇ ਉਸ ਪ੍ਰੋਗਰਾਮ ‘ਤੇ ਪੇਸ਼ ਕੀਤੀ, ਜੋ ਸ਼ੁਰੂ ਹੁੰਦੀ ਸੀ, “ਦਰਦਮੰਦਾਂ ਦਿਆਂ ਦਰਦੀਆ ਗੁਰੂ ਨਾਨਕ…”, ਨਾਲ, ਤੇ ਖ਼ਤਮ ਕੁਝ ਇਸ ਤਰ੍ਹਾਂ ਹੁੰਦੀ ਸੀ, “ਗੇੜ੍ਹਾ ਕੱਢੀ ਉਦਾਸੀ ਤੂੰ ਪੰਜਵੀ ਨੂੰ, ਕਲਮ ‘ਅਣਖੀ’ ਦੀ ‘ਵਾਜਾਂ ਮਾਰਦੀ ਏਂ”। ਜਮਾਤ ਵਿੱਚ ਮਾਸਟਰਾਂ ਨਾਲ ਦਲੀਲਬਾਜੀਆਂ ਕਰਨ ਬਦਲੇ ਸੰਗੀ ਵਿਦਿਆਰਥੀਆਂ ਨੇ ਮੇਰਾ ਨਾਮ ‘ਅਣਖੀ’ ਪਾਇਆ ਹੋਇਆ ਸੀ। ਖੈਰ, ਉਸੇ ਸਮਾਗਮ ਵਿੱਚ ਜਗਤਾਰ ਦੇ ਉਦੋਂ ਦੇ ਇੱਕ ਵਿਦਿਆਰਥੀ ਨੇ ਜਗਤਾਰ ਦੀ ਲਿਖੀ ਹੋਈ ਕਵਿਤਾ ਪੇਸ਼ ਕੀਤੀ, ਜੋ ਇਸ ਤਰ੍ਹਾਂ ਸ਼ੁਰੂ ਹੋਈ:
ਇਕ ਜੋਤ ਇਲਾਹੀ ਅਰਸ਼ਾਂ ਦੀ
ਅਰਸ਼ਾਂ ਤੋਂ ਆਈ ਧਰਤੀ ‘ਤੇ।
ਧਰਤੀ ਦਾ ਕਣ ਕਣ ਬੋਲ ਪਿਆ
ਫਿਰ ਗਈ ਦੁਹਾਈ ‘ਤੇ।
ਇਨ੍ਹਾਂ ਕਾਵਿ-ਸ਼ਤਰਾਂ ਵਿੱਚ ਨੱਚਦੇ ਸ਼ਬਦਾਂ ਦੇ ਤਾਲ ਦਾ ਜਾਦੂ ਤੁਸੀਂ ਖ਼ੁਦ ਮਹਿਸੂਸ ਕਰ ਸਕਦੇ ਹੋ। ਕੋਈ ਅਚੰਭਾ ਨਹੀਂ ਕਿ ਇਹ ਕਵਿਤਾ ਉਸ ਮੁਕਾਬਲੇ ਵਿੱਚ ਅੱਵਲ ਰਹੀ। ਭਾਵੇਂ ਮੇਰੀ ਕਵਿਤਾ ਅੱਬਲ ਨਹੀਂ ਆਈ, ਪਰ ਮੈਨੂੰ ਅਫ਼ਸੋਸ ਵੀ ਕੋਈ ਨਹੀਂ ਸੀ; ਆਖਰ ਇਹ ਮੇਰੇ ਅਧਿਆਪਕ ਦੀ ਕਵਿਤਾ ਨੂੰ ਹਾਰੀ ਸੀ। ਮੈਨੂੰ ਲੱਗਿਆ ਜਿਵੇਂ ਜਿੱਤੀ ਹੋਈ ਕਵਿਤਾ ਵਿੱਚੋਂ ਜਗਤਾਰ, ਮੇਰਾ ਅਧਿਆਪਕ, ਕਹਿ ਰਿਹਾ ਹੋਵੇ: “ਤੁਰਿਆ ਚੱਲ ਬੱਚੂ, ਅਜੇ ਲੰਬੇਰਾ ਪਾੜਾ ਏ।”
ਇੱਥੇ, ਇੱਕ ਹੋਰ ਵਾਕਿਆ ਦਾ ਜ਼ਿਕਰ ਕਰਨਾ ਚਾਹਾਂਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਾਈ ਸਕੂਲ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਮੈਂ ਦਿਹਾਤੀ ਪੰਜਾਬ ਵਿੱਚ ਦੂਜੇ ਨੰਬਰ ‘ਤੇ ਆਇਆ ਸੀ। ਮੈਂ ਤੇ ਇੱਕ ਦੋਸਤ ਮੱਖਣ ਸਿੰਘ, ਜਿਹਦਾ ਨਾਮ ਵੀ ਬੋਰਡ ਨਤੀਜਿਆ ‘ਚੇ ਮੈਰਿਟ ਲਿਸਟ ਵਿੱਚ ਸ਼ਾਮਲ ਸੀ, ਦੋਨੋਂ ਡੀ.ਏ.ਵੀ ਕਾਲਜ ਜਲੰਧਰ ਦੇ ਪਰਿੰਸੀਪਲ ਭੀਮ ਸੈਨ ਬਹਿਲ ਨੂੰ ਸਿੱਧੇ ਜਾ ਮਿਲੇ, ਜਿਸ ਨੇ ਸਾਡੇ ਨਤੀਜੇ ਵੇਖ ਕੇ ਕਾਲਜ ਫ਼ੀਸ ਮੁਆਫ਼ ਸਮੇਤ ਕੁੱਝ ਹੋਰ ਰਿਆਇਤਾਂ ਪੇਸ਼ ਕੀਤੀਆਂ, ਜੇ ਅਸੀਂ ਉਹਦੇ ਕਾਲਜ ਵਿੱਚ ਦਾਖ਼ਲਾ ਲੈ ਲਈਏ ਤਾਂ। ਖ਼ੈਰ, ਦਾਖ਼ਲਾ ਲੈ ਲਿਆ, ਬੀ.ਐਸ.ਸੀ. ਸਾਲ ਪਹਿਲਾ ਵਿੱਚ। ਵਿਗਿਆਨ ਮੇਜਰ, ਭਾਵ ਮੁੱਖ ਵਿਸ਼ੇ ਵਿਗਿਆਨ ਦੇ, ਹੋਣ ਦੇ ਬਾਵਜੂਦ ਮੈਂ ਆਪਣਾ ਮਾਈਨਰ, ਯਾਨਿ ਨਾ-ਮੁੱਖ, ਵਿਸ਼ਾ ਪੰਜਾਬੀ ਚੁਣਿਆ। ਉੱਥੇ ਮੇਰੀ ਪੰਜਾਬੀ ਜਮਾਤ ਦਾ ਅਧਿਆਪਕ ਹੁੰਦਾ ਸੀ: ਪੂਰਾ ਨਾਂ ਤਾਂ ਮੈਨੂੰ ਯਾਦ ਨਹੀਂ, ਸ਼ਾਇਦ ਪ੍ਰੋ: ਸ਼ਿਗਾਰੀ। ਉਹ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੁਚੀ ਕਾਇਮ ਰੱਖਣ ਲਈ ਬੜਾ ਸਰਗਰਮ ਰਹਿੰਦਾ ਸੀ; ਅੰਤਰ-ਜਮਾਤ ਕਾਵਿ-ਮੁਕਾਬਲੇ ਕਰਵਉਣੇ ਆਦਿ। ਉਸ ਸਾਲ ਦੀ ਕਾਲਜ ਕਨਵੋਕੇਸ਼ਨ ਵਿੱਚ ਭਾਰਤ ਦੇ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਹੱਥ ਮਿਲਾ ਕੇ ਮੈਨੂੰ ਪੰਜਾਬੀ ਮਜ਼ਬੂਨ ਵਿੱਚ ਮੈਰਿਟ ਇਨਾਮ ਪ੍ਰਦਾਨ ਕੀਤਾ; ਇਹ ਉਸ ਸਮੇ ਵਿਦਿਆਰਥੀ ਵਜੋਂ ਬੇਸ਼ਕ ਲੋਹੜੇ ਦੀ ਹੌਸਲਾ ਅਫ਼ਜਾਈ ਸੀ।
? ਜਿਵੇਂ ਤੁਸੀਂ ਕਿਹਾ ਮਿਡਲ ਸਕੂਲ ਪਾਸ ਕਰਨ ਤੋਂ ਬਾਅਦ, ਤੁਸੀਂ ਵਿਗਿਆਨ ਦੇ ਵਿਸ਼ੇ ਲੈਣ ਲਈ ਗੋਰਾਇਆ ਸਕੂਲ ਛੱਡ ਕੇ ਅੱਟਾ ਸਕੂਲ ਵਿੱਚ ਦਾਖਲਾ ਲੈ ਲਿਆ। ਵਿਗਿਆਨ ਦੇ ਵਿੱਦਿਆਰਥੀ ਬਣਨ ਦੀ ਮੁੱਢਲੀ ਪ੍ਰੇਰਨਾ ਕਿੱਥੋਂ ਮਿਲੀ? ਤਾਂ ਪੁੱਛ ਰਿਹਾ, ਕਿਉਂਕਿ ਕਵਿਤਾ ਸਮੇਤ ਤੁਹਾਡੀ ਸਮੁੱਚੀ ਲੇਖਣੀ ਉੱਪਰ ਵਿਗਿਆਨ ਦਾ ਅਸਰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
—— ਕਿਰਸਾਨ ਪਰਵਾਰ ਵਿੱਚ ਜੰਮਿਆ ਪਲਿਆ; ਬਚਪਨ ਵਿੱਚ ਘਰੋਂ ਖੂਹ ਨੂੰ ਜਾਂਦਿਆਂ ਤੇ ਖੂਹ ਤੋਂ ਘਰ ਨੂੰ ਆਉਂਦਿਆਂ, ਪਗਡੰਡੀਆਂ ਤੇ ਰਾਹਾਂ ਤੋ ਇਲਾਵਾ ਪੈਰਾਂ ਨਾਲ ਕਬਰਾਂ, ਸਿਵੇ, ਤੇ ਫਸਲਾਂ ਵੀ ਗਾਹ ਮਾਰਨੀਆਂ। ਸਿਆੜਾਂ ਵਿੱਚ ਬੀਜੇ ਬੀਆਂ ਤੇ ਪੋਰੀਆਂ ਤੋਂ ਪੌਦਿਆਂ ਦਾ ਪੁੰਗਰਣਾ, ਪੌਦਿਆਂ ਦੀਆ ਫਸਲਾਂ ਦਾ ਬੜੇ ਹੋਣਾ, ਹਲ੍ਹਟ ਗੇੜ ਕੇ ਖੂਹ ਵਿੱਚੋਂ ਟਿੰਡਾਂ ਦੀ ਮਾਹਲ ਨਾਲ ਪਾਣੀ ਕੱਢਣਾ, ਆਡਾਂ ਰਾਹੀਂ ਪਾਣੀ ਦਾ ਆਪਣੇ ਆਪ ਹੀ ਖੇਤਾਂ ਦੇ ਕਿਆਰਿਆਂ ਵੱਲ ਨੂੰ ਵਗਣਾ, ਚੱਲਦੇ ਵੇਲਣੇ ‘ਤੇ ਗੰਨਿਆਂ ਦਾ ਟੋਕੇ ਤੇ ਗੁੜ ਦਾ ਬਦਲਣਾ, ਪੰਛੀਆਂ ਦਾ ਆਂਡੇ ਦੇਣਾ ਤੇ ਉਨ੍ਹਾਂ ਵਿੱਚੋਂ ਚੂਚੇ ਪੰਛੀਆਂ ਦਾ ਨਿਕਲਣਾ, ਗਾਈਆ, ਮੱਝਾਂ, ਤੇ ਕੁੱਤੀਆਂ ਦਾ ਸੂਣਾ…ਇਹ ਸਾਰੀ ਹਲਚਲ ਮੈਨੂੰ ਦਿਲਚਸਪ ਤੇ ਭੇਤਭਰੀ ਲੱਗਦੀ। ਇੱਥੇ ਹੀ ਬੱਸ ਨਹੀਂ: ਆਪਣੇ ਆਪ ਹੀ ਹਰ ਰੋਜ਼ ਸੂਰਜ ਦਾ ਆਸਮਾਨ ਦੇ ਇੱਕ ਪਾਸਿਆਂ ਨਿੱਕਲਣਾ ਤੇ ਦੂਜੇ ਪਾਸੇ ਡੁੱਬ ਜਾਣਾ, ਫਿਰ ਹੌਲੀ ਹੌਲੀ ਆਸਮਾਨ ਦਾ ਜਗਦੇ ਤਾਰਿਆਂ ਸਗ ਭਰ ਜਾਣਾ, ਚਾਣਨੀਆਂ ਰਾਤਾਂ ਦਾ ਹੋਣਾ, ਬੱਦਲਾਂ ਦਾ ਆਉਣਾ ਤੇ ਵਰ੍ਹ ਜਾਣਾ, ਸੱਭ ਕੁੱਝ ਗਿੱਲਾ ਗਿੱਲਾ, ਢਿੱਲਾ ਢਿੱਲਾ, ਤੇ ਕੁਝ ਚੋਂਦਾ ਚੋਂਦਾ ਕਰ ਜਾਣਾ…ਇਤਿਆਦਿ। ਇਸ ਸੱਭ ਕੁਝ ਜ਼ਰੂਰੀ ਤੌਰ ‘ਤੇ ਰੋਮਾਂਟਿਕ ਨਹੀਂ ਸੀਂ ਜਿੰਨਾ ਇੱਥੇ ਲਿਖਿਆ ਲੱਗ ਸਕਦਾ ਹੈ ਕਈਆਂ ਨੂੰ, ਪਰ ਇਹ ਹਕੀਕਤ ਸੀ ਜਿਸ ਵਿੱਚ ਹੇਠਲੀਆਂ ਸ਼ੈਆਂ ਵੀ ਸ਼ਾਮਲ ਸਨ: ਖੇਤਾਂ ਤੇ ਘਰਾਂ ਵਿੱਚ ਸੱਪਾਂ, ਚੂਹਿਆਂ, ਮੱਖੀਆਂ, ਮੱਛਰਾਂ ਦਾ ਵਸਣਾ; ਪੱਠੇ ਵੱਢਦਿਆਂ ਦਾਤਰੀ ਨਾਲ ਉਂਗਲ ਦਾ ਥੌੜਾ/ਬਹੁਤਾ ਜਿਹਾ ਵੱਢਿਆ ਜਾਣਾ ਤੇ ਇਲਾਜ ਵਜੋਂ ਉਂਗਲ ‘ਤੇ ਮੂਤ ਕਰਕੇ ਲੀਰ ਦੀ ਪੱਟੀ ਬੰਨਣਾ, ਹਰ ਗਰਮੀ ਰੁਤੇ ਮੱਛਰਾਂ ਦੇ ਖਾਧਿਆਂ ਨੂੰ ਬੁਖਾਰਾਂ ਦਾ ਚੜ੍ਹਨਾ, ਅਨਸੰਤੁਲਤ ਖੁਰਾਕ ਖਾਣ ਸਦਕਾ ਠਿੱਡ-ਪੀੜ ਤੇ ‘ਦਿਲ ਕੱਚਾ ਕੱਚਾ ਹੋਣ’ ਦਾ ਆਮ ਬਣ ਜਾਣਾ। ਇਸ ਸਾਰੀ ਹਲਚਲ, ਯਾਨਿ ਚੀਜ਼ਾਂ ਤੇ ਵਰਤਾਰਿਆਂ, ਨੂੰ ਵੇਖਣਾ ਜਾਂ/ਤੇ ਹੰਢਾੳੇੁਣਾ ਮੇਰੇ ਮਨ ਵਿੱਚ ਕਿਸੇ ਨਾ ਕਿਸੇ ਰੂਪ ‘ਚੇ “ਕੀ, ਕਿੱਦਾਂ, ਕਿਓਂ” ਵਰਗੇ ਪ੍ਰਸ਼ਨ ਖੜ੍ਹੇ ਕਰਦਾ ਸੀ। ਪਰ, ਸਾਡੇ ਪਿੰਡ ਤੇ ਖੂਹਾਂ ਉੱਤੇ ‘ਰੱਬ’ ਰਹਿੰਦਾ, ਉੱਪਰ ਆਸਮਾਨ ਵਿੱਚ ਕਿਤੇ; ਸੱਭ ਕੁਝ ਉਸ ਦੀ ਮਰਜ਼ੀ ਨਾਲ ਹੀ ਹੁੰਦਾ ਸੀ: ਸੂਰਜ ਦਾ ਨਿੱਕਲਣਾ ਤੇ ਡੁੱਬਣਾ, ਬੋਏ ਬੀਆਂ ਦਾ ਫਸਲਾਂ ਬਣ ਜਾਣਾ, ਮੀਹਾਂ ਦਾ ਵਰ੍ਹਣਾ, ਬੰਦਿਆਂ ਦਾ ਜੰਮਣਾ ਤੇ ਮਰਨਾ…ਆਦਿ…ਸੱਭ ਕੁਝ, ਉਹ ਹੀ “ਕੀ, ਕਿੱਦਾਂ, ਕਿਓਂ” ਵਰਗੇ ਪ੍ਰਸ਼ਨਾਂ ਦਾ ਉੱਤਰ ਸੀ। ਪ੍ਰਇਮਰੀ ਸਕੂਲ ‘ਰੱਬ’ ਦੀ ਛਤਰ ਛਾਇਆ ਹੇਠ ਲੰਘ ਗਿਆ। ਇਹਦਾ ਮਤਲਬ ਇਹ ਨਹੀਂ ਕਿ ਚੀਜ਼ਾਂ ਤੇ ਵਰਤਾਰੇ ਮੈਨੂੰ ਦਿਲਚਸਪ ਲੱਗਣੋ ਜਾਂ ਹੈਰਾਨ ਕਰਨੋਂ ਹਟ ਗਏ, ਪਰ “ਕੀ, ਕਿੱਦਾਂ, ਕਿਓਂ” ਨੇ ਇੰਨਾ ਪ੍ਰੇਸ਼ਾਨ ਨਹੀਂ ਕੀਤਾ। ਜੋ ਕੁਝ ਵੀ ਹੋ ਰਿਹਾ ਸੀ, ‘ਰੱਬ’ ਦੀ ਮਰਜ਼ੀ ਨਾਲ ਹੋ ਰਿਹਾ ਸੀ, ਉਹ ਸੱਭ ਜਾਣੀ-ਜਾਨ ਸੀ ਕਿ ਉਹ ਕੀ ਕਰ ਰਿਹਾ ਤੇ ਕਿਓਂ, ਉਹਦੀਆਂ ਉਹੀ ਜਾਣੇ…। ਪਰ ਮਿਡਲ ਸਕੂਲ ਦੀ ਪੜ੍ਹਾਈ ਦੌਰਾਨ ਅਖੀਰ ਜਹੇ ‘ਤੇ ਇੱਕ ਗੜਬੜ ਹੋ ਗਈ, ਜਦੋਂ ਇਲਾਕੇ ਦੇ ਇੱਕ ਭਰੋਸੇਯੋਗ ਕਾਮਰੇਡ ਨੇ ਮੈਨੂੰ ਕਿਹਾ, ਜੋ ਮੇਰੇ ਲਈ ਖ਼ਬਰ ਸੀ,”ਰੱਬ ਰੁੱਬ ਕੋਈ ਨਹੀਂ ਹੁੰਦਾ”। ਕਾਮਰੇਡ ਦੇ ਇਸ ਬਿਆਨ ਨੇ ਮੇਰੇ ਮਨ ਖਲਬਲੀ ਮਚਾ ਦਿੱਤੀ: ‘ਰੱਬ’ ਨਹੀ ਤਾਂ ਹੋਰ ਕੌਣ, ਜੋ ਕੁਝ ਚਲਾ ਰਿਹਾ ਕੁਦਰਤ ਦੀਆ ਚੀਜ਼ਾਂ ਤੇ ਵਰਤਾਰਿਆਂ ਨੂੰ? ਪੜ੍ਹ ਸੁਣ ਕੇ ਇਹ ਸੂਹ ਲੱਗ ਗਈ ਕਿ ਮੇਰੇ ਇਸ ਪ੍ਰਸ਼ਨ ਦਾ ਉੱਤਰ ਸ਼ਾਇਦ ਵਿਗਿਆਨ ਦੇ ਵਿਸ਼ਿਆਂ ਕੋਲ ਹੋਵੇ। ਸੋ, ਵਿਗਿਆਨ ਮੈਨੂੰ ਗੋਰਾਇਆਂ ਸਕੂਲ ਤੋਂ ਅਗਵਾ ਕਰਕੇ ਅੱਟਾ ਸਕੂਲ ਨੂੰ ਲੈ ਗਈ।
? ਤੁਸੀਂ ਉੱਨੀ ਸੌ 70ਵਿਆਂ ‘ਚੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਰਗਰਮ ਆਗੂ ਰਹੇ ਹੋ ਅਤੇ ਬਾਅਦ ਵਿਚ ਪੰਜਾਬ ਲੋਕ ਸੱਭਿਆਚਾਰਕ (ਪਲਸ ਮੰਚ) ਦੇ ਬਾਨੀ ਜਨਰਲ ਸਕੱਤਰ ਵੀ, ਬਾਨੀ ਪ੍ਰਧਾਨ ਗੁਰਸ਼ਰਨ ਸਿੰਘ ਨਾਲ, ਜੋ ਬਾਅਦ ਦੇ ਪੰਜਾਬ ਵਿੱਚ ‘ਭਾਈ ਮੰਨਾ ਸਿੰਘ’ ਦੇ ਨਾਮ ਨਾਲ ਵੀ ਜਾਣੇ ਜਾਣ ਲੱਗੇ। ਕੀ ਲਹਿਰਾਂ ਸਾਹਿਤਕ ਲਿਖਤਾਂ ਰਚਣ 'ਚ ਰੋਲ ਅਦਾ ਕਰਦੀਆਂ?
—— ਬਿਨਾਂ-ਸ਼ੱਕ! ਸਾਹਿਤਕ ਰਚਨਾਵਾਂ ਅਕਸਰ ਸਿੱਧੀਆਂ ਜਾਂ ਅਸਿੱਧੀਆਂ ਜਾਂ ਤਾਂ ਕਿਸੇ ਘਟਨਾ ਜਾਂ ਵਰਤਾਰੇ ਉੱਪਰ ਅਧਾਰਤ ਹੁੰਦੀਆਂ ਨੇ ਜਾਂ ਉਨ੍ਹਾਂ ਤੋਂ ਪ੍ਰਭਾਵਤ। ਘਟਨਾ ਕੋਲੋਂ ਲੰਘ ਗਏ ਹੀਰਾਂ ਦੇ ਝੁੰਡ ਜਿੰਨੀ ਛੋਟੀ ਵੀ ਹੋ ਸਕਦੀ ਆ ਤੇ ਭਗਤ ਸਿੰਘ ਦੇ ਫਾਂਸੀ ਚੜ੍ਹਨ ਜਿੰਨੀ ਵੱਡੀ ਵੀ। ਲਹਿਰਾਂ ਘਟਨਾਵਾਂ ਨਾਲ ਭਰਪੂਰ ਹੁੰਦੀਆਂ ਤੇ ਸਮਾਜ ਨੂੰ ਪ੍ਰਭਾਵਤ ਕਰਦੀਆਂ ਨੇ। ਇਸ ਤਰਾਂ ਲਹਿਰਾਂ ਸੁਭਾਵਕ ਤੌਰ ਤੇ ਹੀ ਸਾਹਿਤ ਰਚਨਾ ਵਿਚ ਆਪਣਾ ਯੋਗਦਾਨ ਪਾ ਦਿੰਦੀਆਂ; ਲਹਿਰਾਂ ਸਾਹਿਤਕ ਰਚਨਾਵਾਂ ਦੇ ਉੱਗਣ ਤੇ ਪਲਣ ਲਈ ਜ਼ਰਖੇਜ਼ ਜ਼ਮੀਨ ਦਾ ਕੰਮ ਕਰਦੀਆਂ ਨੇ। ਇਹਤੋਂ ਵੀ ਵੱਧ, ਕਿਉਂਕਿ ਲਹਿਰਾਂ ਆਮ ਤੌਰ 'ਤੇ ਅਸਾਧਾਰਨ ਹਾਲਤਾਂ ਜਾਂ ਹਾਲਾਤਾਂ, ਯਾਨਿ ਬੇ-ਜੜ੍ਹਤਾ, ਦੀ ਪੈਦਾਵਾਰ ਹੁੰਦੀਆਂ, ਇਸ ਲਈ ਉਹ ਅਸਾਧਾਰਨ ਸਾਹਿਤਕਾਰ ਵੀ ਪੈਦਾ ਕਰਦੀਆਂ ਜਿਵੇਂ ਰੂਸ ਵਿਚ ਗੋਰਕੀ, ਚਿੱਲੀ ਵਿਚ ਪਾਬਲੋ ਨੈਰੂਦਾ, ਤੇ ਪੰਜਾਬ ਵਿਚ ਸੰਤ ਰਾਮ ਉਦਾਸੀ ਤੇ ਪਾਸ਼।
ਵਿਅੱਕਤੀਗਤ ਪੱਧਰ ‘ਤੇ ਵੀ, ਮੇਰੀ ਪਹਿਲੀ ਕਵਿਤਾ/ਗੀਤ, ਉੱਨੀ ਸੌ 70ਵਿਆਂ ਦੇ ਪੰਜਾਬ ਵਿੱਚ, ਜੋ ਪ੍ਰਵਾਨ ਚੜ੍ਹਿਆ ਉਹ ਪੰਜਾਬ ਵਿੱਚ ਉਦੋਂ ਚੱਲ ਰਹੀ ਲਹਿਰ ਦੇ ਪ੍ਰਭਾਵ ਥੱਲੇ ਹੀ ਲਿਖਿਆ ਗਿਆ ਤੇ ਲਹਿਰਾਂ ਬਾਰੇ ਹੀ ਸੀ:
ਸੁਣ ਦਿੱਲੀ ਦੀਏ ਸਰਕਾਰੇ
ਤੇਰੇ ਸਾਡੇ ਵੈਰ ਕਰਾਰੇ
ਯੁੱਗੋਂ ਲੰਬੇ ਪਹਾੜੋਂ ਭਾਰੇ
ਕੱਚੀਆਂ ਗੜ੍ਹੀਆਂ ਮਹਿਲ ਮੁਨਾਰੇ
ਹਰ ਦਮ ਭਿੜਦੇ ਰਹਿਣੇ ਨੀ,
ਸੀਸ ਅਸਾਂ ਦੇ ਦਿੱਲੀ ਦੇ ਸੰਗ
ਮੁੜ ਮੁੜ ਖਹਿਣੇ ਨੀ।
ਮੇਰੀ ਇੱਕ ਨਵੀਂ ਕਵਿਤਾ ਦੀਆਂ ਕਾਵਿ-ਸ਼ਤਰਾਂ ਵੀ ਪੁੱਛੇ ਗਏ ਸੁਆਲ ਦਾ ਜੁਆਬ ਦਿੰਦੀਆਂ ਨੇ:
‘ਨਕਸਲਬਾੜੀ’ ਪੇਕੇ ਮੇਰੇ
‘ਰੇਨਾਸਾਂਸ’ ਨੇ ਸਹੁਰੇ,
‘ਇੰਨਲਾਈਟਨਮੈਂਟ’ ਦੀ ਲੋਏ ਚੱਲਦਾ
ਹਰ ਕੋਈ ਮੇਰਾ ਡੇਰਾ।
? ਲਹਿਰਾਂ ਤੇ ਰੇਨਾਸਾਂਸ ਦੀ ਗੱਲ ਚੱਲੀ ਹੈ ਤਾਂ ਮੈ, ਲੱਗਦੇ ਹੱਥ, ਇਸੇ ਹੀ ਲਾਇਨ ‘ਤੇ ਇੱਕ ਹੋਰ ਸੁਆਲ ਪੁੱਛ ਲਵਾਂ। ਪੰਜਾਬ ਪੀਪਲਜ਼ ਫ਼ੋਰਮ ਵਲੋਂ 2020 ਵਿੱਚ ਤੁਹਾਡੀ ਗ਼ਦ ਵਿੱਚ ਇੱਕ ਕਿਤਾਬ ਪ੍ਰਕਾਸ਼ਤ ਕੀਤੀ ਹੈ: “ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਜਾਗਰਤੀ ਦੇ ਪ੍ਰਸੰਗ ਵਿੱਚ)” । ਇਸ ਕਿਤਾਬ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ ਨੂੰ ਪਛਾਣਦੀ ਤੇ ਪ੍ਰਭਾਸ਼ਤ ਕਰਦੀ ਹੋਈ ਇਹਦੀ ਤੁਲਨਾ ਯੂਰਪੀਅਨ ਰੇਨਾਸਾਂਸ ਲਹਿਰ ਨਾਲ ਕਰਦੀ ਹੈ। ਇਹ ਕਿਤਾਬ ਲਿਖਣ ਲਈ ਕੋਈ ਪ੍ਰੇਰਨਾ ਸਰੋਤ?
——ਪ੍ਰੇਰਨਾ ਸਰੋਤ? ਆਪਣੀ ਜਨਮ-ਭੂਮੀ, ਪੰਜਾਬ/ਭਾਰਤ ਵਿੱਚ ਚੜ੍ਹਦੀ ਜਵਾਨੀ ਤੱਕ ਜੀਣ ਤੋਂ ਬਾਅਦ, ਕੈਨੇਡਾ, ਅਮਰੀਕਾ, ਤੇ ਯੋਰਪ ਸਮੇਤ ਪੱਛਮ ਵਿੱਚ ਪੱਛਮ ਨਾਲ ਰਲਗੱਡ ਹੋ ਕੇ ਜੀਣਾ, ਇਹਨੂੰ ਤੇ ਇਹਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ। ਕੈਨੇਡਾ ਤੇ ਅਮਰੀਕਾ ਦੀਆਂ ਯੁਨੀਵਰਸੀਟੀਆਂ ਪੜਿਆ ਹਾਂ, ਵਿਦਿਆਰਥੀ-ਹੋਸਟਲਾਂ ਵਿੱਚ ਰਿਹਾਂ ਹਾਂ, ਤੇ ਇੱਥੋਂ ਦੀਆਂ ਯੁਨੀਵਰਸੀਟੀਆਂ ਵਿੱਚ ਪੜਾਉਣ ਤੇ ਰੀਸਰਚ ਵਿੱਚ ਸ਼ਾਮਲ ਰਹਿੰਦਾ ਚਲਿਆਂ ਆ ਰਿਹਾ ਹਾਂ। ਰੀਸਰਚ ਕੰਮ ਲਈ ਮੈਂ ਯੂਰਪ ਵਿੱਚ ਵੀ ਜਾਂਦਾ ਤੇ ਉੱਥੇ ਰਹਿੰਦਾ ਰਿਹਾ ਹਾਂ। ਇਹ ਸੱਭ ਕੁਝ ਮੈਂ ਇੱਕ ਨਾਗਰਿਕ ਦੇ ਰੂਪ ਵਿੱਚ ਕਰਦਾ ਕਰਦਾ ਰਿਹਾ ਹਾਂ; ਇੱਥੋਂ ਦੀ ਜਿੰਦਗੀ ਵਿੱਚ ਟੁੱਭੀਆਂ ਲਾਉਂਦਾ, ਅੱਜ ਦਾ ਹਿੱਸਾ ਬਣ ਕੇ, ਨਾ ਕਿ ਜ਼ਿੰਦਗੀ ਭਰ ਸੈਲਾਨੀ, ਪ੍ਰਵਾਸੀ, ਜਾਂ ਬਿਦੇਸ਼ੀ ਹੋਣ ਦਾ ਆਪੇ ਸਿਰਜਿਆ ਸੰਤਾਪ ਹੰਡਾਉਂਦਿਆਂ।
ਮੇਰੇ ਇੱਕ ਕੰਨ ਵਿੱਚ ਜੇ ਪਾਸ਼, ਉਦਾਸੀ, ਸ਼ਿਵ ਤਾਂ ਦੂਸਰੇ ਕੰਨ ਵਿੱਚ ਅਮਰੀਕਾ ਦਾ ਕਾਰਲ ਸੈਂਡਬਰਗ ਤੇ ਵੁੱਡੀ ਗੱਥਰੀ, ਅਤੇ ਫ਼ਰਾਂਸ ਦਾ ਯੋਜੀਨ ਪੋਤੀਓ ਵੀ ਰਿਹਾ ਹੈ। ਮੈਂ ਜੇ ਸਿਆਲਾਂ ਦੇ ਚੂਚਕ ਦੀ ਦੁਰਕਾਰ ਜਾਂ ਕਰੋਪੀ ਹੰਡਾਈ ਹੈ, ਤਾਂ ਰੈਨਾਸਾਂਸ ਵਿੱਚੋਂ ਜਨਮੀ ਇੰਨਲਾਈਟਨਮੈਂਟ ਲਹਿਰ ਦੇ ਇੱਕ ਨੇਤਾ ਇਮਮੈਨੁਅਲ ਕਾਂਤ ਦਾ ਜ਼ਿੰਦਗੀ ਭਰ ਲੰਬਾ ਆਸੀਰਵਾਦ ਵੀ ਜੀਵਿਆਂ; ਤੇ ਮੈਂ ਜੇ ਪਾਸ਼ ਦੇ ਕਹਿਣ ਵਾਂਗ “ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੁੱਲ ਭੁੱਲਾਈਆਂ ਵਿੱਚ ਮਿਆਕਦਾ” ਦੇਖਿਆ ਹੈ, ਤਾਂ ਇੰਨਲਾਈਟਨਮੈਂਟ ਲਹਿਰ ਦੀ ਜ਼ਮੀਨ ਵਿੱਚੋਂ ਮਾਰਕਸ ਦਾ ਸਿਰ ਉੱਗਦਾ ਦੀ ਤੱਕਿਆ ਹੈ।
ਇਸ ਤੁਲਨਾਮਿਕ ਜੀਵਨ-ਤਜਰਬੇ ਤੇ ਤੱਕਣੀ ਦੀ ਲੋਏ ਮੈਨੂੰ ਮੱਧਕਾਲੀ ਪੰਜਾਬ ਦੀ ਤਿੰਨ ਲਹਿਰਾਂ (ਸਿੱਖ ਲਹਿਰ, ਭਗਤੀ ਲਹਿਰ, ਤੇ ਸੂਫੀ ਲਹਿਰ) ਇੱਕ, ਯਾਨਿ ਯੁਨੀਫ਼ਾਈਡ, ਹੁੰਦੀਆਂ ਦਿਸੀਆਂ, ਜਿਹਨੂੰ ਮੈਂ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ’ ਦਾ ਨਾਮ ਦਿੱਤਾ। ਕੁਝ ਹੋਰ ਨੇੜੇ ਹੋ ਕੇ ਤੱਕਿਆ ਤਾਂ ਪੰਜਾਬ ਦੀ ਇਸ ਜਾਗਰਤੀ ਲਹਿਰ ਦੇ ਨੈਣ-ਨਕਸ਼ ਤੇ ਅਕੀਦੇ ਮੈਨੂੰ ਇਸੇ ਸਮੇਂ ਚੱਲੀ ਯੋਰਪੀਅਨ ਰੇਨਾਂਸਾਂਸ ਲਹਿਰ ਨਾਲ ਮਿਲਦੀ-ਜੁਲਦੇ ਲੱਗੇ। ਅਤੇ ਇਤਿਹਾਸ ਗਵਾਹ ਹੈ: ਯੋਰਪੀਅਨ ਰੇਨਾਂਸਾਂਸ ਲਹਿਰ ਤੇ ਇਹਤੋਂ ਜਨਮੀ ਇੰਨਲਾਈਟਨਮੈਂਟ ਲਹਿਰ ਨੇ ਪੱਛਮ ਨੂੰ ਮੱਧਯੁੱਗ ਵਿਚੋਂ ਕੱਢ ਕੇ ਮਾਡਰਨ ਯੁੱਗ ਨਾਲ ਜੋੜਦੇ ਹੋਏ ਜਮਹੂਰੀਅਤ, ਜਮਹੂਰੀ ਅਦਾਰੇ, ਤੇ ਵਿਗਿਆਨਕ ਯੁੱਗ ਦਿੱਤੇ। ਮੁਕਾਬਲਤਨ, ਪੰਜਾਬ ਦੀ ਜਾਗਰਤੀ ਲਹਿਰ ਸਾਨੂੰ ਕੀ ਦਿੱਤਾ? ਮਹਾਂਰਾਜਾ ਰਣਜੀਤ ਸਿੰਘ ਦੇ ਸਿਰ ਉੱਪਰ ਝੂਲਦੀ ਸ਼ਾਹੀ ਕਲਗੀ! ਇਸ ਧਰਤੀ ਉੱਪਰ ਮਨੁੱਖੀ ਇਤਿਹਾਸ ਵਲੋਂ ਸਾਡੇ ਨਾਲ ਕੀਤਾ ਇਹ ਮਜ਼ਾਕ ਵੀ ਪ੍ਰੇਰਨਾ ਸਰੋਤ ਸੀ ਇਹ ਕਿਤਾਬ ਲਿਖਣ ਦਾ।
? ਜੇ ਪੁੱਛ ਸਕਾਂ ਤਾਂ, ਪੱਛਮ ਵਿੱਚ ਆਉਣ ਦਾ ਸਬੱਬ?
——ਉਦੋਂ ਮੈਂ ਭਾਰਤ ਦੀ ਹਿਮਾਂਚਲ ਪ੍ਰਦੇਸ਼ ਯੂਨੀਵਰਸਟੀ (HPU) ਸ਼ਿਮਲਾ ਵਿੱਚ ਦਾ ਭੌਤਿਕੀ, ਯਾਨਿ Physics, ਦਾ ਗ੍ਰੈਜੂਏਟ ਵਿਦਿਆਰਥੀ ਸੀ, ਤਾਂ ਦੁਨਿਆਂ ਹੋਰ ਯੂਨੀਵਰਸਿਟੀਆਂ ਨਾਲ ਤਾਲਮੇਲ ਤੇ ਪੁੱਛ ਪੁਛਾਅ ਦੇ ਜ਼ਰੀਏ ਮੈਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਪੱਛਮ ਵਿੱਚ ਭੌਤਿਕੀ ਸਮੇਤ ਵਿਗਿਆਨ ਦੀ ਵਿੱਦਿਆ ਤੇ ਖੋਜ, ਯਾਨਿ research, ਦਾ ਮਿਆਰ ਉੱਚੇਰਾ ਸੀ। ਵਿਗਿਆਨ ਮਿਆਰ ਚੁੰਬਕ ਹੈ ਤੇ ਮੈਂ ਉਸ ਵੱਲ ਨੂੰ ਖਿੱਚਿਆ ਜਾਣ ਵਾਲਾ ਲੋਹਾ। ਸੋ ਜਿੱਦਾਂ ਵਿਗਿਆਨ ਮੈਨੂੰ ਗੋਰਾਇਆਂ ਸਕੂਲ ਤੋਂ ਅਗਵਾ ਕਰਕੇ ਅੱਟਾ ਸਕੂਲ ਵਿੱਚ ਲੈ ਗਈ ਸੀ, ਉੱਦਾ ਹੀ ਵਿਗਿਆਨ ਮੈਨੂੰ ਸ਼ਿਮਲਾ ਵਾਲੀ ਯੂਨੀਵਰਸਟੀ ਤੋੰ ਅਗਵਾ ਕਰਕੇ ਕੈਨੇਡਾ ਦੇ ਗ੍ਰੇਟਰ ਵੈਨਕੋਵਰ ਵਿੱਚਲੀ ਸਾਇਮਨ ਫ੍ਰੇਜ਼ਰ ਯੁਨੀਵਰਸਟੀ ਤੇ ਬਾਅਦ ਵਿੱਚ ਓਟਾਵਾ ਦੀ ਕਾਰਲਿਟਨ ਯੁਨੀਵਰਸਟੀ ਵਿੱਚ ਲੈੰ ਗਈ, ਵਿਗਿਆਨ ਦੀ ਉੱਚ ਵਿਦਿਆ ਤੇ ਖੋਜ ਕੰਮ ਲਈ। ਇੱਥੋਂ ਮੇਰੀ ਪੱਛਮ ਵਿੱਚ ਜਿੰਦਗੀ, ਨਾ ਕਿ ਪਰਵਾਸ, ਦੀ ਕਹਾਣੀ ਸ਼ੁਰੂ ਹੁੰਦੀ ਆ।
? ਇੱਕ ਲਹਿਰ, ਉੱਨੀ ਸੌ 70ਵਿਆਂ ਦੀ ਪੰਜਾਬ ਦੀ, ਵਿੱਚੋੰ ਹੋਰਨਾਂ ਕਈਆਂ ਸਮੇਤ, ਤੁਸੀਂ ਵੀ ਲੰਘ ਕੇ ਆਏ। ਉਸ ਲਹਿਰ ਨੂੰ ਯੂਰਪੀਅਨ ਰੇਨਾਸਾਂਸ ਦੀ ਨਜ਼ਰ ਨਾਲ ਕਿੰਝ ਵੇਖੋਗੇ?
ਮੱਧਕਾਲੀ ਪੰਜਾਬ ਦੀ ਜਾਗਰਤੀ ਦੌਰਾਨ ਤੇ ਇਹਤੋਂ ਬਾਅਦ, ਆਪਣਾ ਰੇਨਾਸਾਂਸ ਪੂਰਾ ਕਰਨ ਦੀ ਅਸਫ਼ਲ ਕੋਸ਼ਿਸ ਜਾਂ ਰੇਨਾਸਾਂਸ ਨੂੰ ਫ਼ੇਲ ਕਰਨ ਦੀ ਸਫਲ ਕੋਸ਼ਿਸ਼ ਉਪਰੰਤ ਪੰਜਾਬੀ/ਭਾਰਤੀ ਕੌਮ ਸਿਰ ਮਨੁੱਖੀ ਇਤਿਹਾਸ ਦਾ ਇੱਕ ਭਾਰ, ਯਾਣੋ ਇੱਕ ਸਰਾਪ, ਚਲਿਆ ਆਉਂਦਾ ਹੈ: ਆਪਣਾ ਸਫ਼ਲ ਰੇਨਾਸਾਂਸ ਤੇ ਇੰਨਲਾਈਟਨਮੈਂਟ ਨਾ ਕਰਨ ਦਾ ਭਾਰ, ਯਾਣੋ ਸਰਾਪ। ਮੈਂ ਉੱਨੀ ਸੌ ਦੇਰ-60ਵਿਆਂ ਤੇ ਸਾਰੇ 70ਵਿਆਂ ਦੇ ਪੰਜਾਬ ਦੀ ਲਹਿਰ ਨੂੰ, ਇਹਦੇ ਸਾਹਿਤਕ ਤੇ ਸੱਭਿਆਚਾਰਕ ਪੱਖ ਤੋਂ ਦੇਖਦਾ ਹੋਇਆ, ਇਹਨੂੰ ਆਪਣੀ ਕਿਸਮ ਦਾ ਮਿੰਨੀ ਰੇਨਾਸਾਂਸ ਸਮਝਦਾ ਹਾਂ, ਜਿਸ ਵਿੱਚ ਉਦਾਸੀ ਤੇ ਪਾਸ਼ ਵਰਗੇ ਲੇਖਕ ਸਾਡੇ ‘ਰੇਨਾਸਾਂਸ ਮਿੰਨ’ ਸਨ, ਅਤੇ ਭਾਅ ਜੀ ਗੁਰਸ਼ਰਨ ਸਿੰਘ ਸੱਭ ਤੋਂ ਵੱਡਾ ਤੇਂ ਕੇਂਦਰੀ ‘ਰੇਨਾਸਾਂਸ ਮੈਨ’ ਸੀ। ਇਹ ਤੁਲਨਾ ਕਰਦੇ ਹੋਏ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਯੋਰਪੀਅਨ ਰੇਨਾਸਾਂਸ ਦੀ ਸਫ਼ਲਤਾ ਦਾ ਇੱਕ ਮੁੱਖ ਰਾਜ਼ ਸੀ ਕਿ ਇਸ ਲਹਿਰ ਦੇ ਸੰਚਾਲਕ ਚਲੇ ਆਉਂਦੇ ਜਾਗੀਰੂ-ਰਾਜਾਸ਼ਾਹੀ ਤੇ ‘ਧਰਮ (ਚਰਚ) ਪ੍ਰਧਾਨ’ ਯੁੱਗ ਉੱਪਰੋਂ ਛੜੱਪਾ ਮਾਰ ਕੇ ਗਰੀਕ ਫ਼ਿਲਾਸਫਰਾਂ ਦੇ ਯੁੱਗ ਪਹੁੰਚ ਗਏ, ਆਪਣੇ ‘ਅੱਜ’ ਦੀ ਰੌਸ਼ਨੀ ਵਿੱਚ ਗਰੀਕ ਫ਼ਿਲਾਸਫਰਾਂ ਦੇ ਯੁੱਗ ਦੀ ਸੋਚ, ਸਾਹਿਤ-ਕਲਾ, ਤੇ ਸੱਭਿਆਚਾਰ ਦੀ ਚੀਰ-ਫ਼ਾੜ ਕਰਕੇ, ਤੇ ਇੰਝ ਉਸ ਯੁੱਗ ਵਿੱਚੋਂ ‘ਤਰਕ’ ਨੂੰ ਅਤੇ ਜਮਹੂਰੀਅਤ ਤੇ ਵਿਗਿਆਨ ਦੇ ਬੀਜ-ਵਿਚਾਰਾਂ ਨੂੰ ਅਪਨਾ ਕੇ; ਉਨ੍ਹਾਂ ਵਿਚਾਰਾਂ ਨੂੰ ਵਿਕਸਿਤ ਕੀਤਾ ਭਵਿੱਖ ਵੱਲ ਨੂੰ ਅੱਗੇ ਵਧਣ ਲਈ। ਇੱਥੇ ਕੁੰਜੀ-ਨੁਕਤਾ (key point) ਇਹ ਆ ਕਿ ਉਨ੍ਹਾ ਨੇ ਜਾਗੀਰੂ-ਰਾਜਾਸ਼ਾਹੀ ਪ੍ਰਬੰਧ ਤੇ ਉਸ ਦੀਆਂ ਕਦਰਾਂ-ਕੀਮਤਾਂ ਨੂੰ ਠੁਕਰਾਇਆ, ਅੱਗੇ ਵਧਣ ਲਈ, ਮਨੁੱਖੀ ਵਿਕਾਸ ਦੇ ਰਾਹ ਉੱਪਰ। ਜਦ ਕਿ ਉਨੀਂ ਸੌ ਦੇਰ-60ਵਿਆਂ ਤੇ ਸਾਰੇ 70ਵਿਆਂ ਦਾ ਪੰਜਾਬ, ਬਾਕੀ ਭਾਰਤ ਸਮੇਤ ਹੀ, ਅਰਧ-ਜਾਗੀਰੂ ਸੀ (ਤੇ ਹੈ): ਆਪਣੇ ਸਮਾਜਿਕ, ਆਰਥਿਕ, ਰਾਜਨੀਤਿਕ, ਤੇ ਕਦਰਾਂ-ਕੀਮਤਾਂ ਦੇ ਢਾਂਚਿਆਂ ਤੋਂ। ਅਜੇਹੇ ਮਾਹੌਲ ਵਿੱਚ, ਉੱਚ ਜਾਤੀ ਜਾਂ ਅਮੀਰ/ਮੱਧ ਵਰਗਾਂ ਦੇ ਮਨਾਂ ਵਿੱਚ ਅਕਸਰ ਜਾਗੀਰੂ-ਰਾਜਾਸ਼ਾਹੀ ਕਲਗੀਆਂ ਝੁੱਲਦੀਆ ਨੇ। ਜਾਗੀਰੂ ਜਾਂ ਅਰਧ-ਜਾਗੀਰੂ ਸਮਾਜ ਵਿੱਚ ‘ਅਗਾਂਹ-ਵਧੂ’ ਜਾਂ ‘ਇੰਨਕਲਾਬੀ’ ਸੋਚ ਦੇ ਬੰਦੇ ਵੀ ਇਸੇ ਹੀ ਮਾਹੌਲ ਵਿੱਚ ਹੀ ਜੰਮੇ ਪਲੇ ਹੁੰਦੇ ਹਨ; ਨਤੀਜਣ ਉਨ੍ਹਾਂ ਦੇ ਮਨੀ ਵੀ ਕਲਗੀਆਂ ਉੱਗੀਆਂ ਹੁੰਦੀਆਂ ਨੇ। ਚੱਲ ਰਹੀ ਲਹਿਰ ਵਿੱਚ ਇਹ ਜਾਗੀਰੂ-ਰਾਜਾਸ਼ਾਹੀ ਕਲਗੀਆਂ ਝੱਖੜ ਬਣ ਝੁੱਲਦੀਆ ਨੇ, ਤੇ ਲਹਿਰ ਵਿੱਚ ਬੜਾ ਨੁਕਸਾਨ-ਦੇਹ ਖ਼ਲਾਰਾ ਪਾਉਂਦੀਆਂ ਨੇ; ਮਿਸਾਲ ਵਜੋ ਅੰਤਰ-ਪਾਰਟੀ ਭੇਦਾਂ ਨਾਲ ਵਿਗਿਆਨਕ ਤਰਕ ਸੰਗ ਸਿੱਝਣ ਦੀ ਬਜਾਏ ਸਰਦਾਰੀ/ਚੌਧਰ ਕਾਇਮ ਰੱਖਣ ਲਈ ਪਾਰਟੀ ਦੀਆਂ ਫ਼ਾਕੜਾਂ ਕਰੀ ਜਾਣੀਆਂ, ਇੱਕ ਤੋਂ ਦੋ, ਦੋ ਤੋਂ ਚਾਰ ਆਦਿ। ਸਾਡੇ ਬਾਹਲੇ ਲੋਕ-ਨਾਇਕ ਵੀ, ਕੁੱਲ ਮਿਲਾ ਕੇ, ਜਾਗੀਰੂ ਕਦਰਾਂ-ਕੀਮਤਾਂ ਤੇ ਆਨਾ-ਸ਼ਾਨਾਂ ਨਾਲ ਬੱਝੇ ਹੋਏ ਨੇ। ਇੰਝ, ਪੰਜਾਬ/ਭਾਰਤ ਵਿੱਚ, ਜਾਗੀਰੂ ਕਦਰਾਂ-ਕੀਮਤਾਂ ਅਤੇ ਲਹਿਰ ਦੀ ਇਨ੍ਹਾਂ ਸੰਗ ਅਸਰਦਾਇਕ ਢੰਗ ਨਾਲ ਨਜਿੱਠਣ ਵਿੱਚ ਅਯੋਗਤਾ ਮੂਲ ਰੂਪ ਵਿੱਚ ਪ੍ਰਗਤੀਸ਼ੀਲ ਲਹਿਰਾਂ ਦੀ ਅਸਫ਼ਲਤਾ ਦਾ ਇੱਕ ਵੱਡਾ ਕਾਰਨ ਬਣਦੀ ਚੱਲੀ ਆ ਰਹੀ ਹੈ।
(-ਬਾਕੀ ਅਗਲੇ ਅੰਕ 'ਚ )