![]() |
ਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ, ਜਲੰਧਰ ਦਾ ਮਹੀਨਾਵਾਰੀ ਸਮਾਗਮ ਅਤੇ ਕਵੀ ਦਰਬਾਰ |
Punjab, Dec.2024 (The Hind Canadian Times) : ਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ, ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ. ਬੇਅੰਤ ਸਿੰਘ ਸਰਹੱਦੀ ਜੀ ਦੀ ਰਹਿਨੁਮਾਈ ਹੇਠ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਸਮਾਗਮ ਅਤੇ ਕਵੀ ਦਰਬਾਰ ਮਿਤੀ 15 ਦਸੰਬਰ 2024, ਦਿਨ ਐਤਵਾਰ ਨੂੰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸ੍ਰ. ਗਗਨਦੀਪ ਸਿੰਘ ਸੰਧੂ ਸਪੁੱਤਰ (ਸਾਬਕਾ ਵਾਈਸ ਚੇਅਰਮੈਨ ਸ੍ਰ. ਮੁਖਵਿੰਦਰ ਸਿੰਘ ਸੰਧੂ) ਅਤੇ ਵਿਸੇਸ਼ ਮਹਿਮਾਨ ਉੱਘੇ ਸਾਹਿਤਕਾਰ ਡਾ. ਮਨੋਜ ਫਗਵਾੜਵੀ ਸਨ। ਇਨ੍ਹਾਂ ਮਹਾਨ ਸ਼ਖਸੀਅਤਾਂ ਨੂੰ 'ਪੰਜਾਬੀ ਮਾਂ ਬੋਲੀ' ਦਾ ਮਾਣ' ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ 'ਚ ਉੱਘੇ ਸਾਹਿਤਕਾਰ, ਆਲੋਚਕ ਅਤੇ ਅਨੁਵਾਦਕ ਡਾ. ਬਲਦੇਵ ਸਿੰਘ ਬੱਦਨ, ਗਗਨਦੀਪ ਸਿੰਘ ਸੰਧੂ, ਡਾ. ਮਨੋਜ ਫਗਵਾੜਵੀ, ਸ੍ਰ. ਸੁਰਜੀਤ ਸਿੰਘ ਸਸਤਾ ਆਇਰਨ , ਹਰਭਜਨ ਸਿੰਘ ਨਾਹਲ ਅਤੇ ਹਰਜਿੰਦਰ ਕੌਰ ਧਰਮਪਤਨੀ ਸ੍ਰ. ਮੁਖਵਿੰਦਰ ਸਿੰਘ ਸੰਧੂ ਵੀ ਸ਼ਾਮਿਲ ਸਨ।
ਸਭਾ ਦੇ ਸ਼ੁਰੂ ਵਿੱਚ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਕਵੀਆਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ। ਹਰ ਵਾਰ ਦੀ ਤਰ੍ਹਾਂ ਕਵੀ ਦਰਬਾਰ ਵੀ ਕਰਾਇਆ ਗਿਆ, ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਨ੍ਹਾਂ ਕਵੀਆਂ ਤੋਂ ਇਲਾਵਾ ਗਗਨਦੀਪ ਸਿੰਘ ਸੰਧੂ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਅਤੇ ਡਾ. ਮਨੋਜ ਫਗਵਾੜਵੀ ਨੇ ਵੀ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਪ੍ਰਧਾਨਗੀ ਮੰਡਲ ਵਿੱਚੋਂ ਬਲਦੇਵ ਸਿੰਘ ਬੱਦਨ ਨੇ ਅਪਣੇ ਕੀਮਤੀ ਵਿਚਾਰਾਂ ਅਤੇ ਆਪਣੀਆਂ ਗਜ਼ਲਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ ਅਤੇ ਸਭਾ ਵੱਲੋ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਸਟੇਜ ਸਕੱਤਰ ਦੀ ਭੂਮਿਕਾ ਪਰਮਦਾਸ ਹੀਰ ਨੇ ਬਾਖੂਬੀ ਨਿਭਾਈ। ਉਹਨਾਂ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਰੇ ਮੈਂਬਰ ਸਾਹਿਬਾਨ ਜੀ ਦਾ ਸਵਾਗਤ ਅਤੇ ਧੰਨਵਾਦ ਵੀ ਕੀਤਾ। ਇਸ ਵਾਰ ਦੇ ਕਵੀ ਦਰਬਾਰ ਦਾ ਵਿਸ਼ਾ 'ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ, ਜਨਰਲ ਸੱਕਤਰ ਪਰਮਦਾਸ ਹੀਰ, ਗੁਰਦੀਪ ਸਿੰਘ ਉਜਾਲਾ ਅਤੇ ਸੁਰਜੀਤ ਸਿੰਘ ਸਸਤਾ ਆਇਰਨ ਨੇ ਮੁੱਖ ਮਹਿਮਾਨ ਗਗਨਦੀਪ ਸਿੰਘ ਸੰਧੂ, ਵਿਸ਼ੇਸ਼ ਮਹਿਮਾਨ ਮਨੋਜ ਫਗਵਾੜਵੀ ਦਾ ਸਭਾ ਵੱਲੋ 'ਪੰਜਾਬੀ ਮਾਂ ਬੋਲੀ' ਦਾ ਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਮੈਡਮ ਗੁਰਮਿੰਦਰ ਕੌਰ ਨੇ ਹਰਜਿੰਦਰ ਕੌਰ ਧਰਮਪਤਨੀ (ਸ੍ਰ. ਮੁਖਵਿੰਦਰ ਸਿੰਘ ਸੰਧੂ) ਨੂੰ ਸਨਮਾਨਿਤ ਕੀਤਾ।
ਇਸ ਪ੍ਰੋਗਰਾਮ ਵਿੱਚ ਪ੍ਰਧਾਨ ਹਰਭਜਨ ਸਿੰਘ ਨਾਹਲ, ਬਲਦੇਵ ਸਿੰਘ ਬੱਦਨ, ਗਗਨਦੀਪ ਸਿੰਘ ਸੰਧੂ, ਪਰਮਦਾਸ ਹੀਰ (ਜਨਰਲ ਸਕੱਤਰ), ਸੁਖਦੇਵ ਸਿੰਘ ਗੰਢਵਾਂ, ਮਨੋਜ ਫਗਵਾੜਵੀ, ਸਾਹਿਬਾ ਜੀਟਨ ਕੌਰ, ਸੰਦੀਪ ਕੌਰ ਚੀਮਾ, ਹਰਬੰਸ ਸਿੰਘ ਕਲਸੀ, ਉਰਮਲਜੀਤ ਸਿੰਘ ਵਾਲੀਆ, ਮੈਡਮ ਗੁਰਮਿੰਦਰ ਕੌਰ, ਗੁਰਦੀਪ ਸਿੰਘ ਉਜਾਲਾ, ਸੁਰਜੀਤ ਸਿੰਘ ਸਸਤਾ ਆਇਰਨ, ਹਰਵਿੰਦਰ ਸਿੰਘ ਅਲਵਾਦੀ, ਦਲਜੀਤ ਸਿੰਘ, ਜਸਪਾਲ ਜੀਰਵੀ, ਪਰਮਜੀਤ ਸਿੰਘ, ਅਵਤਾਰ ਸਿੰਘ ਖਾਲਸਾ, ਪਰਮਜੀਤ ਸਿੰਘ ਨੈਨਾਂ, ਅੰਗਦਬੀਰ ਸਿੰਘ ਅਤੇ ਏਕਸਜੋਤ ਕੌਰ ਸੰਧੂ ਵੀ ਸ਼ਾਮਿਲ ਹੋਏ। ਏਕਸਜੋਤ ਕੌਰ ਸੰਧੂ ਪੋਤਰੀ ਮੁਖਵਿੰਦਰ ਸਿੰਘ ਸੰਧੂ ਨੇ ਭਾਵੁਕ ਹੁੰਦਿਆਂ ਆਪਣੇ ਦਾਦਾ ਜੀ ਨੂੰ ਯਾਦ ਕਰਦਿਆਂ ਇੱਕ ਰਚਨਾ ਪੇਸ਼ ਕੀਤੀ। ਅੰਤ ਵਿੱਚ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।