~ ਪ੍ਰੋ. ਨਵ ਸੰਗੀਤ ਸਿੰਘ
ਗੁਰੂ ਤੇਗ ਬਹਾਦਰ ਜੀ (1621-1675) ਦੇ ਰਚੇ ਹੋਏ 59 ਸ਼ਬਦ ਅਤੇ 57 ਸ਼ਲੋਕ ਆਦਿ ਗ੍ਰੰਥ ਵਿੱਚ ਸੰਕਲਿਤ ਹਨ। ਇਹ ਸ਼ਬਦ ਕੁੱਲ 15 ਰਾਗਾਂ (ਗਉੜੀ, ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ, ਜੈਜਾਵੰਤੀ) ਅਧੀਨ ਦਰਜ ਹਨ, ਜਿਨ੍ਹਾਂ 'ਚੋਂ ਜੈਜਾਵੰਤੀ ਰਾਗ ਵਿਚ ਕੇਵਲ ਆਪ ਜੀ ਦੇ ਹੀ ਰਚੇ ਹੋਏ ਚਾਰ ਸ਼ਬਦ ਹਨ, ਹੋਰ ਕਿਸੇ ਗੁਰੂ/ਭਗਤ-ਕਵੀ ਨੇ ਇਸ ਰਾਗ ਵਿੱਚ ਬਾਣੀ ਨਹੀਂ ਰਚੀ।
ਗੁਰੂ ਸਾਹਿਬ ਦੀ ਸਮੁੱਚੀ ਜ਼ਿੰਦਗੀ ਵੱਲ ਵੇਖੀਏ, ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਸਾਰਾ ਜੀਵਨ ਹੀ ਤਿਆਗ, ਧਰਮ- ਰੱਖਿਅਕ, ਪ੍ਰੇਮ-ਭਗਤੀ, ਤਪੱਸਿਆ ਅਤੇ ਸ਼ਾਂਤੀ ਵਾਲਾ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਦਿਨ ਵੀ ਅਜਿਹਾ ਨਹੀਂ ਬੀਤਿਆ, ਜਦੋਂ ਉਹ ਰੱਬੀ-ਨਾਮ ਦੇ ਸਿਮਰਨ ਤੋਂ ਬਿਨਾਂ ਰਹੇ ਹੋਣ। ਸੰਸਾਰਿਕ ਸੁੱਖਾਂ ਵਿੱਚ ਜੀਵਨ ਬਿਤਾਉਣ ਦੀ ਇੱਛਾ ਉਨ੍ਹਾਂ ਦੇ ਮਨ ਵਿੱਚ ਕਦੇ ਪੈਦਾ ਨਹੀਂ ਹੋਈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਸਮੁੱਚੀ ਮਾਨਵ-ਜਾਤੀ ਨੂੰ ਨੈਤਿਕਤਾ ਦੀ ਸਿੱਖਿਆ ਦਿੱਤੀ ਹੈ।
ਮਾਨਵ-ਜੀਵਨ ਵਿੱਚ ਮਨੁੱਖ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲੀ ਬੁਰਾਈ ਲਾਲਚ ਹੈ। ਇਸ ਤੋਂ ਦੂਰ ਰਹਿ ਕੇ ਹੀ ਮਨੁੱਖ ਵਾਸਤਵ ਵਿੱਚ ਲੋਕ-ਕਲਿਆਣ ਕਰ ਸਕਦਾ ਹੈ। ਇਸ ਯਥਾਰਥ ਦਾ ਬੋਧ ਗੁਰੂ ਸਾਹਿਬ ਨੂੰ ਆਪਣੇ ਜੀਵਨ ਦੇ ਆਰੰਭਕ-ਕਾਲ ਵਿਚ ਹੀ ਹੋ ਗਿਆ ਸੀ। ਜਵਾਨੀ ਤੋਂ ਪ੍ਰੌਢ ਅਵਸਥਾ ਤੱਕ ਪਹੁੰਚਦੇ ਉਨ੍ਹਾਂ ਨੇ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਡੂੰਘਾ ਅਧਿਐਨ ਕੀਤਾ ਤੇ ਆਪਣੀ ਬਾਣੀ ਵਿਚ ਲਾਲਚ ਦੀ ਭਾਵਨਾ ਨੂੰ ਮਾਨਵ-ਕਲਿਆਣ ਦੇ ਰਸਤੇ ਵਿੱਚ ਰੁਕਾਵਟ ਦੱਸਿਆ। ਉਨ੍ਹਾਂ ਨੇ ਲਾਲਚ ਲਈ 'ਲੋਭ' ਸ਼ਬਦ ਦੀ ਵਰਤੋਂ ਕੀਤੀ ਹੈ। ਉਦਾਹਰਣ ਵਜੋਂ:
ਕਰਣੋ ਹੁਤੋ ਸੁ ਨਾ ਕੀਉ
ਪਰਿਓ ਲੋਭ ਕੈ ਫੰਧ॥
ਨਾਨਕ ਸਮਿਓ ਰਮਿ ਗਇਓ
ਅਬ ਕਿਉ ਰੋਵਤ ਅੰਧ॥
(ਸਲੋਕ ੩੬)
ਸੁਖੁ ਦੁਖੁ ਜਿਹ ਪਰਸੈ ਨਹੀ
ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ
ਸੋ ਮੂਰਤਿ ਭਗਵਾਨ॥
(ਸਲੋਕ ੧੩)
ਸੰਸਾਰਕ ਪਦਾਰਥਾਂ ਨੂੰ ਪ੍ਰਾਪਤ ਕਰਕੇ ਮਨੁੱਖ ਅਭਿਮਾਨੀ ਹੋ ਜਾਂਦਾ ਹੈ। ਉਸ ਵਿੱਚ ਹੰਕਾਰ ਤੇ ਹਉਮੈ ਦੀ ਭਾਵਨਾ ਇੰਨੀ ਪ੍ਰਬਲ ਹੋ ਜਾਂਦੀ ਹੈ ਕਿ ਉਸ ਨੂੰ ਆਪਣੇ-ਪਰਾਏ ਵਿੱਚ ਵੀ ਫ਼ਰਕ ਨਜ਼ਰ ਨਹੀਂ ਆਉਂਦਾ। ਗੁਰੂ ਸਾਹਿਬ ਨੇ ਮਨੁੱਖ ਨੂੰ ਅਭਿਮਾਨ ਦਾ ਤਿਆਗ ਕਰਨ ਅਤੇ ਹਰਿ-ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਜੋ ਮਨੁੱਖ ਹੰਕਾਰ ਨੂੰ ਛੱਡ ਦਿੰਦਾ ਹੈ, ਉਸੇ ਨੂੰ ਹੀ ਅਸਲ ਵਿੱਚ 'ਕਰਤਾ-ਪੁਰਖ' ਦਾ ਗਿਆਨ ਹੁੰਦਾ ਹੈ:
ਜਿਹਿ ਪ੍ਰਾਨੀ ਹਉਮੈ ਤਜੀ
ਕਰਤਾ ਰਾਮੁ ਪਛਾਨਿ॥
ਕਹੁ ਨਾਨਕ ਵਹੁ ਮੁਕਤਿ ਨਰੁ
ਇਹ ਮਨ ਸਾਚੀ ਮਾਨ॥
(ਸਲੋਕ ੧੯)
ਤੀਰਥ ਬਰਤ ਅਰੁ ਦਾਨ ਕਰਿ
ਮਨ ਮੈ ਧਰੈ ਗੁਮਾਨੁ॥
ਨਾਨਕ ਨਿਹਫਲ ਜਾਤ ਤਿਹ
ਜਿਉ ਕੁੰਚਰ ਇਸਨਾਨੁ॥
(ਸਲੋਕ ੪੬)
ਤਜਿ ਅਭਿਮਾਨ ਮੋਹ ਮਾਇਆ ਫੁਨਿ
ਭਜਨ ਰਾਮ ਚਿਤੁ ਲਾਵਉ॥
(ਗਉੜੀ ਮਹਲਾ ਨੌਵਾਂ)
ਕਾਮ ਤੇ ਕ੍ਰੋਧ ਵਿੱਚ ਗ੍ਰਸਿਆ ਹੋਇਆ ਵਿਅਕਤੀ ਸਹੀ- ਗਲਤ ਦੀ ਪਛਾਣ ਨਹੀਂ ਕਰ ਸਕਦਾ। ਇਹ ਦੋਵੇਂ ਬਹੁਤ ਸ਼ਕਤੀਸ਼ਾਲੀ ਵਿਕਾਰ ਹਨ। ਜਿਸ ਵਿਅਕਤੀ ਤੇ ਕਾਮ ਹਾਵੀ ਹੋ ਜਾਂਦਾ ਹੈ, ਉਹ ਇੰਨਾ ਅੰਨ੍ਹਾ ਹੋ ਜਾਂਦਾ ਹੈ ਕਿ ਕਿਸੇ ਦੂਜੇ ਦਾ ਉਪਦੇਸ਼ ਨਹੀਂ ਸੁਣਦਾ। ਇਨ੍ਹਾਂ ਬੁਰਾਈਆਂ ਦੀ ਝਲਕ ਵਿੱਚ ਮਨੁੱਖ ਨੂੰ ਵਾਸਤਵਿਕ ਪ੍ਰਭੂ ਦਾ ਰੂਪ ਨਜ਼ਰ ਨਹੀਂ ਆਉਂਦਾ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਇਨ੍ਹਾਂ ਤੋਂ ਬਚਣ ਦੀ ਪ੍ਰੇਰਨਾ ਕੀਤੀ ਹੈ:
ਸਾਧੋ ਮਨ ਕਾ ਮਾਨ ਤਿਆਗਉ॥
ਕਾਮਿ ਕ੍ਰੋਧ ਸੰਗਤਿ ਦੁਰਜਨ ਕੀ
ਤਾ ਤੇ ਅਹਿਨਿਸ ਭਾਗਉ॥
(ਗਉੜੀ ਮਹਲਾ ਨੌਵਾਂ)
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ
ਹਰਿ ਮੂਰਤਿ ਬਿਸਰਾਈ॥
(ਗਉੜੀ ਮਹਲਾ ਨੌਵਾਂ)
ਕਾਮ ਕ੍ਰੋਧ ਜਿਹ ਪਰਸੈ ਨਾਹਿਨ
ਤਿਹ ਘਟਿ ਬ੍ਰਹਮ ਨਿਵਾਸਾ॥
(ਸੋਰਠਿ ਮਹਲਾ ਨੌਵਾਂ)
ਸੰਸਾਰਕ ਜੀਵਨ ਵਿੱਚ ਧਨੀ ਪੁਰਸ਼ ਨੂੰ ਬਹੁਤ ਜ਼ਿਆਦਾ ਮਹੱਤਾ ਦਿੱਤੀ ਜਾਂਦੀ ਹੈ। ਧਨਵਾਨ ਵਿਅਕਤੀ ਚਾਹੇ ਕਿੰਨਾ ਵੀ ਚਰਿੱਤਰਹੀਣ ਹੋਵੇ ਜਾਂ ਅਤਿਆਚਾਰੀ ਕਿਉਂ ਨਾ ਹੋਵੇ, ਲੋਕ ਉਹਦੇ ਔਗੁਣਾਂ ਵੱਲ ਧਿਆਨ ਨਹੀਂ ਦਿੰਦੇ। ਪਰ ਸੰਸਾਰ ਵਿਚ ਬਹੁਤੀਆਂ ਲੜਾਈਆਂ ਦਾ ਕਾਰਨ ਧਨ ਦੀ ਪ੍ਰਾਪਤੀ ਹੀ ਹੈ। ਹਰ ਕੋਈ ਦੂਜੇ ਤੋਂ ਵਧੇਰੇ ਧਨ ਹਥਿਆਉਣਾ ਚਾਹੁੰਦਾ ਹੈ। ਧਨ ਅਤੇ ਇਸਤ੍ਰੀ ਦੇ ਮਹੱਤਵ ਨੂੰ ਨਕਾਰਦੇ ਗੁਰੂ ਸਾਹਿਬ ਲਿਖਦੇ ਹਨ:
ਧਨੁ ਦਾਰਾ ਸੰਪਤਿ ਸਗਲ
ਜਿਨਿ ਅਪੁਨੀ ਕਰਿ ਮਾਨਿ॥
ਇਨ ਮੈ ਕਛੁ ਸੰਗੀ ਨਹੀ
ਨਾਨਕ ਸਾਚੀ ਜਾਨਿ॥
(ਸਲੋਕ ੫)
ਧਨੁ ਦਾਰਾ ਸੰਪਤਿ ਗ੍ਰੇਹ
ਕਛੁ ਸੰਗਿ ਨ ਚਾਲੈ ਸਮਝ ਲੇਹ॥
(ਬਸੰਤ ਮਹਲਾ ਨੌਵਾਂ)
ਇਸ ਸੰਸਾਰ ਵਿੱਚ ਸੁਖ ਦੀ ਪ੍ਰਾਪਤੀ ਲਈ ਉਪਰੋਕਤ ਵਿਕਾਰਾਂ ਤੋਂ ਬਿਨਾਂ ਵਿਅਕਤੀ ਨੂੰ ਮੋਹ-ਮਮਤਾ ਤੋਂ ਵੀ ਛੁਟਕਾਰਾ ਪਾਉਣ ਦੇ ਆਦੇਸ਼ ਦਿੱਤੇ ਗਏ ਹਨ। ਗੁਰੂ ਸਾਹਿਬ ਨੇ ਸੰਸਾਰ ਦੀ ਅਸਥਿਰਤਾ ਅਤੇ ਛਿਣ-ਭੰਗਰਤਾ ਦਾ ਜ਼ਿਕਰ ਕਰਦਿਆਂ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਕਿ ਮੋਹ-ਮਾਇਆ ਨੂੰ ਤਿਆਗਣਾ ਬਹੁਤ ਜ਼ਰੂਰੀ ਹੈ:
ਲੋਭ ਮੋਹ ਮਾਇਆ ਮਮਤਾ ਫੁਨਿ
ਜਿਹ ਘਟ ਮਾਹਿ ਪਛਾਨਉ॥
(ਧਨਾਸਰੀ ਮਹਲਾ ਨੌਵਾਂ)
ਸੁਖੁ ਦੁਖੁ ਜਿਹ ਪਰਸੈ ਨਹੀ
ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ
ਸੋ ਮੂਰਤਿ ਭਗਵਾਨ॥
(ਸਲੋਕ ੧੩)
ਅੱਜ ਵੀ ਸਾਰਾ ਸੰਸਾਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਵਿਸ਼ੇ-ਵਿਕਾਰਾਂ ਵਿੱਚ ਫਸਿਆ ਹੋਇਆ ਹੈ। ਉਸ ਨੂੰ ਆਪੇ ਦੀ ਸੋਝੀ ਨਹੀਂ ਰਹੀ। ਉਹ ਸੰਸਾਰਕ ਵਸਤੂਆਂ-- ਧਨ, ਜਵਾਨੀ ਤੇ ਪ੍ਰਭੁਤਾ ਨਾਲ ਪਿਆਰ ਪਾਈ ਬੈਠਾ ਹੈ। ਕਈ ਪ੍ਰਕਾਰ ਦੇ ਧਾਰਮਿਕ ਅਡੰਬਰ ਤੇ ਪਾਖੰਡ ਅੱਜ ਵੀ ਉਸੇ ਤਰ੍ਹਾਂ ਚੱਲ ਰਹੇ ਹਨ। ਗੁਰੂ ਸਾਹਿਬ ਨੇ ਆਪਣੀ ਸਾਰੀ ਬਾਣੀ ਵਿਚ ਇਸੇ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਹ ਸੰਸਾਰਿਕ ਪਦਾਰਥਾਂ ਦਾ ਮੋਹ ਛੱਡ ਦੇਵੇ, ਕਿਉਂਕਿ ਸਾਰੀਆਂ ਚੀਜ਼ਾਂ ਅਸਥਾਈ ਅਤੇ ਛਿਣ-ਭਰ ਲਈ ਹਨ। ਮਨੁੱਖ ਨੂੰ ਰਾਮ-ਨਾਮ ਦਾ ਸਹਾਰਾ ਲੈਣਾ ਚਾਹੀਦਾ ਹੈ ਅਤੇ ਦੌਲਤ ਜਾਂ ਸਾਕ-ਸਬੰਧੀਆਂ ਵਿੱਚ ਮਨ ਨਹੀਂ ਲਾਉਣਾ ਚਾਹੀਦਾ। ਕਿਉਂਕਿ ਸਾਰੀਆਂ ਵਸਤਾਂ ਅਸਥਿਰ ਹਨ। ਜੋ ਵਿਅਕਤੀ ਗ਼ਮੀ ਤੇ ਖੁਸ਼ੀ ਜਾਂ ਭਲਾਈ ਤੇ ਬੁਰਾਈ ਨੂੰ ਇੱਕੋ ਜਿਹਾ ਸਮਝਦਾ ਹੈ, ਕਿਸੇ ਵੀ ਵਕਤ ਖ਼ੁਸ਼ ਜਾਂ ਉਦਾਸ ਨਹੀਂ ਹੁੰਦਾ, ਉਹ ਹੀ ਇਸ ਜਗਤ ਨੂੰ ਸਮਝਣ ਵਾਲਾ ਹੈ। ਆਓ, ਅੱਜ ਦੇ ਇਸ ਵਿਕਾਰਗ੍ਰਸਤ ਸਮੇਂ ਵਿਚ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਪੱਲੇ ਨਾਲ ਬੰਨ੍ਹੀਏ! ਇਹੋ ਹੀ ਉਨ੍ਹਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ!
~ ਪ੍ਰੋ. ਨਵ ਸੰਗੀਤ ਸਿੰਘ