ਪਾਲੀ ਭੁਪਿੰਦਰ ਦੇ ਚੋਣਵੇਂ ਨਾਟਕਾਂ ਦਾ ਨਾਰੀਵਾਦੀ ਅਧਿਐਨ - ਪੁਸਤਕ ਰੀਵਿਊ

 ਪੁਸਤਕ ਰੀਵਿਊ


* ਪੁਸਤਕ : ਪਾਲੀ ਭੁਪਿੰਦਰ ਦੇ ਚੋਣਵੇਂ ਨਾਟਕਾਂ ਦਾ ਨਾਰੀਵਾਦੀ ਅਧਿਐਨ 
* ਲੇਖਕਾ   : ਮਨਜਿੰਦਰ ਕੌਰ ਮੰਡੇਰ
* ਪ੍ਰਕਾਸ਼ਕ : ਟਵੰਟੀਫ਼ਸਟ ਸੈਂਚਰੀ ਪਬਲੀਕੇਸ਼ਨਜ਼, ਪਟਿਆਲਾ 
* ਪੰਨੇ       : 108
* ਮੁੱਲ       : 200/-

~ ਰੀਵਿਊਕਾਰ : ਪ੍ਰੋ. ਨਵ ਸੰਗੀਤ  ਸਿੰਘ 

   ਪਾਲੀ ਭੁਪਿੰਦਰ ਸਿੰਘ ਪੰਜਾਬੀ ਨਾਟਕ ਵਿੱਚ ਇੱਕ ਸਥਾਪਤ ਨਾਂ ਹੈ। ਉਹਨੇ ਹੁਣ ਤੱਕ 40 ਦੇ ਕਰੀਬ ਨਾਟ-ਕ੍ਰਿਤੀਆਂ ਦੀ ਰਚਨਾ ਕੀਤੀ ਹੈ। ਜੈਤੋ ਵਿੱਚ ਜਨਮੇ ਪਾਲੀ ਨੇ ਬ੍ਰਿਜਿੰਦਰ ਕਾਲਜ ਫਰੀਦਕੋਟ ਤੋਂ ਪੜ੍ਹਾਈ ਕਰਨ ਪਿੱਛੋਂ ਨਾਟਕੀ ਬਰੀਕੀਆਂ ਨੂੰ ਸਮਝਿਆ ਤੇ ਜਾਣਿਆ। ਲੰਮਾ ਸਮਾਂ ਮੋਗਾ ਕਾਲਜ ਵਿੱਚ ਪੜ੍ਹਾਉਣ ਤੋਂ ਬਾਦ ਹੁਣ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਾਰਜਸ਼ੀਲ ਹੈ। ਉਹਨੂੰ ਸਾਲ 2023 ਦਾ 'ਭਾਰਤੀ ਸੰਗੀਤ ਨਾਟਕ ਅਕਾਦਮੀ ਪੁਰਸਕਾਰ' ਪ੍ਰਾਪਤ ਹੋ ਚੁੱਕਾ ਹੈ।

   ਰੀਵਿਊ ਅਧੀਨ ਪੁਸਤਕ ਦੀ ਲੇਖਕਾ ਮਨਜਿੰਦਰ ਕੌਰ ਮੰਡੇਰ ਇਨ੍ਹੀਂ ਦਿਨੀਂ ਇੱਕ ਕਾਲਜ ਵਿੱਚ ਬਤੌਰ ਸਹਾਇਕ ਪ੍ਰੋਫ਼ੈਸਰ ਸੇਵਾ ਨਿਭਾ ਰਹੀ ਹੈ। ਉਹਨੇ ਆਪਣੀ ਕਾਲਜ ਪੜ੍ਹਾਈ ਦੌਰਾਨ ਵਿਭਿੰਨ ਪਰਫਾਰਮਿੰਗ ਆਰਟਸ ਵਿੱਚ ਭਾਗ ਲਿਆ ਹੈ, ਜਿਸ ਕਰਕੇ ਉਹਨੂੰ ਨਾਟਕੀ ਜੁਗਤਾਂ ਦ‍ਾ ਚੋਖਾ ਗਿਆਨ ਹੈ। ਮੰਡੇਰ ਨੇ ਪਾਲੀ ਦੇ ਕੁਝ ਚੋਣਵੇਂ ਨਾਟਕਾਂ ਨੂੰ ਕੇਂਦਰ ਵਿੱਚ ਰੱਖ ਕੇ ਉਨ੍ਹਾਂ ਦਾ ਨਾਰੀਵਾਦੀ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਖਕਾ ਨੇ ਇਸ ਸਮੀਖਿਆ ਪੁਸਤਕ ਦੇ ਪੰਜ ਅਧਿਆਇ ਬਣਾਏ ਹਨ। ਪਹਿਲਾ ਅਧਿਆਇ ਨਾਰੀਵਾਦ ਦੇ ਸਿਧਾਂਤਕ ਤੇ ਇਤਿਹਾਸਕ ਪਰਿਪੇਖ ਨਾਲ ਵਾਬਸਤਾ ਹੈ, ਜਿਸ ਵਿੱਚ ਨਾਰੀਵਾਦ ਦੀ ਪਰਿਭਾਸ਼ਾ, ਸਾਹਿਤ ਨਾਲ ਸੰਬੰਧ, ਨਾਰੀਵਾਦ ਦਾ ਇਤਿਹਾਸਕ ਪੱਖ, ਔਰਤ ਦੀ ਸਥਿਤੀ ਦ‍ਾ ਇਤਿਹਾਸਕ ਪਿਛੋਕੜ ਸਪਸ਼ਟ ਕੀਤਾ ਗਿਆ ਹੈ। ਇਸ ਅਧਿਐਨ ਵਿੱਚ ਲੇਖਕਾ ਨੇ ਪੰਜਾਬੀ ਆਲੋਚਕਾਂ ਦੇ ਨਾਲ ਨਾਲ ਜੂਲੀਆ ਕ੍ਰਿਸਟੀਵਾ, ਜੇ ਐੱਸ ਮਿਲ, ਇਮੈਨੁਅਲ ਕਾਂਤ ਸਮੇਤ ਮਹਾਭਾਰਤ, ਉਪਨਿਸ਼ਦਾਂ, ਨਾਥਾਂ ਜੋਗੀਆਂ ਦੇ ਕਥਨਾਂ ਨੂੰ ਢੁਕਵੇਂ ਹਵਾਲਿਆਂ ਵਜੋਂ ਵਰਤਿਆ ਹੈ। ਇਸ ਅਧਿਐਨ ਦਾ ਸਿੱਟਾ ਕਢਦਿਆਂ ਲੇਖਕਾ ਲਿਖਦੀ ਹੈ ਕਿ ਪਿੱਤਰ-ਸੱਤਾ ਸਮਾਜ ਵਿੱਚ ਘਰ ਪਰਿਵਾਰ, ਗਲੀ ਬਜ਼ਾਰ, ਦਫ਼ਤਰ ਰੋਜ਼ਗਾਰ ਆਦਿ ਥਾਂਵਾਂ ਤੇ ਔਰਤ ਦੀ ਸੁਰੱਖਿਆ ਨਿਗੂਣੀ ਹੈ। ਬਲਾਤਕਾਰ, ਦਾਜ, ਉਤਪੀੜਨ, ਭਰੂਣ ਹੱਤਿਆ ਜਿਹੀਆਂ ਨਾਰੀ ਵਿਰੋਧੀ ਕਾਰਵਾਈਆਂ ਦੀ ਭਰਮਾਰ ਹੈ। ਔਰਤਾਂ ਨੂੰ ਜਾਗਰੂਕ ਹੋਣ ਲਈ ਨਾਰੀਵਾਦ ਜਿਹੇ ਕਲਿਆਣਕਾਰੀ ਸੰਕਲਪਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। 
   ਪੁਸਤਕ ਦੇ ਦੂਜੇ, ਤੀਜੇ, ਚੌਥੇ ਤੇ ਪੰਜਵੇਂ ਅਧਿਆਇ ਵਿੱਚ ਪਾਲੀ ਭੁਪਿੰਦਰ ਸਿੰਘ ਦੇ ਚਾਰ ਨਾਟਕਾਂ ਨੂੰ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਅਧਿਐਨ ਦ‍ਾ ਵਿਸ਼ਾ ਬਣਾਇਆ ਗਿਆ ਹੈ। ਇਨ੍ਹਾਂ ਨਾਟਕਾਂ ਵਿੱਚ 'ਸਿਰਜਣਾ', 'ਚੰਦਨ ਦੇ ਓਹਲੇ', 'ਟੈਰੱਰਿਸਟ ਦੀ ਪ੍ਰੇਮਿਕਾ' ਅਤੇ 'ਦਿੱਲੀ ਰੋਡ ਇੱਕ ਹਾਦਸਾ' ਦੇ ਨਾਂ ਸ਼ਾਮਲ ਹਨ। 'ਸਿਰਜਣਾ' ਦੇ ਅਧਿਐਨ ਵਿੱਚ ਲੇਖਕਾ ਨੇ ਸਿੱਟਾ ਕੱਢਿਆ ਹੈ ਕਿ ਨਾਟਕ ਦੀ ਨਾਇਕਾ ਸਿਰਜਣਾ ਪੜ੍ਹੀ-ਲਿਖੀ ਹੋਣ ਦੇ ਨਾਲ ਨਾਲ ਨਾਰੀਵਾਦੀ ਹੋਣ ਦਾ ਸਬੂਤ ਵੀ ਦਿੰਦੀ ਹੈ। ਉਹ ਸਧਾਰਨ ਔਰਤ ਨਾਲੋਂ ਵਿੱਥ ਤੇ ਖੜ੍ਹੀ ਹੋ ਕੇ ਆਪਣੀ ਧੀ ਨੂੰ ਕੁੱਖ ਵਿੱਚ ਕਤਲ ਕਰਵਾਉਣ ਦੀ ਥਾਂ ਉਹਨੂੰ ਜਨਮ ਦੇਣ ਦਾ ਫ਼ੈਸਲਾ ਕਰਦੀ ਹੈ। ਫਿਰ ਉਹਦਾ ਪਤੀ ਵੀ ਹਮਾਇਤ ਕਰਦਾ ਹੈ। ਇਸ ਨਾਟਕ ਦੀ ਨਾਇਕਾ ਆਪਣੇ ਵਰਗੀਆਂ ਹੋਰ ਔਰਤਾਂ ਨੂੰ ਮੁੰਡੇ ਤੇ ਕੁੜੀ ਨੂੰ ਬਰਾਬਰ ਸਮਝਣ ਤੇ ਬਗ਼ਾਵਤ ਕਰਨ ਦਾ ਸੰਦੇਸ਼ ਦਿੰਦੀ ਹੈ। 'ਚੰਦਨ ਦੇ ਓਹਲੇ' ਦੀ ਨਾਇਕਾ ਮਾਣਾ ਰਾਹੀਂ ਪਾਲੀ ਭੁਪਿੰਦਰ ਨੇ ਧੀਆਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਪਰਦਾਫ਼ਾਸ਼ ਕੀਤਾ ਹੈ। ਮਾਪੇ ਧੀਆਂ ਨੂੰ ਪਰਵਾਸੀ ਬੁੱਢਿਆਂ ਨਾਲ ਵਿਆਹ ਕੇ ਉਹਦੇ ਰਾਹੀਂ ਆਪ ਵਿਦੇਸ਼ ਜਾਣ ਦੀ ਵਿਉਂਤ ਬਣਾ ਰਹੇ ਹਨ। 'ਟੈਰੱਰਿਸਟ ਦੀ ਪ੍ਰੇਮਿਕਾ' ਦੀ ਅਨੀਤ ਆਪਣੇ ਹੀ ਪਤੀ ਦੇ ਅੱਤਵਾਦੀ ਹੋਣ ਦਾ ਪਤਾ ਲੱਗਣ ਤੇ ਉਹਨੂੰ ਜਾਨੋਂ ਮਾਰ ਦਿੰਦੀ ਹੈ। ਅਨੀਤ ਸਮੁੱਚੀ ਮਾਨਵਤਾ ਨੂੰ ਸੱਚਾਈ ਦਾ ਸਾਥ ਦੇਣ ਅਤੇ ਜ਼ੁਲਮ ਦੇ ਖ਼ਿਲਾਫ਼ ਡਟਣ ਦਾ ਪੈਗ਼ਾਮ ਦਿੰਦੀ ਹੈ। 'ਦਿੱਲੀ ਰੋਡ ਇੱਕ ਹਾਦਸਾ' ਵਿੱਚ ਅਹੱਲਿਆ, ਰਾਮ, ਸੀਤਾ, ਰਾਵਣ, ਸਰੂਪਨਖਾ ਆਦਿ ਪਾਤਰਾਂ ਰਾਹੀਂ ਪੁਰਾਣੇ ਸਮੇਂ ਤੋਂ ਹੀ ਔਰਤ ਦੀ ਸਮਾਜ ਵਿੱਚ ਦੁਰਦਸ਼ਾ ਨੂੰ ਚਿੱਤਰਿਆ ਗਿਆ ਹੈ। ਇਸ ਨਾਟਕ ਵਿਚਲੀਆਂ ਔਰਤਾਂ ਸੀਮਾ, ਰੂਪਾ, ਦੁਆਰਕੀ ਆਦਿ ਨਵ-ਯਥਾਰਥ ਦੇ ਰੂਬਰੂ ਹਨ ਤੇ ਆਪਣੀ ਇੱਛਾ/ਹਾਲਾਤ ਮੁਤਾਬਕ ਫ਼ੈਸਲੇ ਲੈਂਦੀਆਂ ਹਨ।
   ਪੁਸਤਕ ਲੇਖਕਾ ਬੀਬਾ ਮਨਜਿੰਦਰ ਕੌਰ ਨੇ ਪਾਲੀ ਭੁਪਿੰਦਰ ਸਿੰਘ ਦੇ ਨਾਟਕਾਂ ਵਿਚਲੀਆਂ ਵਿਭਿੰਨ ਨਾਰੀਆਂ ਦਾ ਨਾਰੀਵਾਦੀ ਨਜ਼ਰੀਏ ਤੋਂ ਸੂਖ਼ਮ ਵਿਸ਼ਲੇਸ਼ਣ ਕਰਕੇ ਸਪਸ਼ਟ ਕੀਤਾ ਹੈ ਕਿ ਪਾਲੀ ਦੇ ਨਾਟਕਾਂ ਦੀ ਨਾਰੀ ਕੋਈ ਸਧਾਰਨ ਨਾਰੀ ਨਹੀਂ ਹੈ। ਉਹ ਆਪਣੇ ਨਾਲ ਹੋ ਰਹੀ ਕਿਸੇ ਵੀ ਵਧੀਕੀ ਨੂੰ ਸਹਿਣ ਨਹੀਂ ਕਰਦੀ ਤੇ ਉਸਦਾ ਜ਼ੋਰਦਾਰ ਵਿਰੋਧ ਕਰਦੀ ਹੈ। ਚੰਗਾ ਹੁੰਦਾ ਜੇਕਰ ਮਨਜਿੰਦਰ ਆਪਣੇ ਬਾਰੇ ਵੀ ਥੋੜ੍ਹੀ-ਬਹੁਤ ਜਾਣਕਾਰੀ ਦੇ ਦਿੰਦੀ। ਇਸੇ ਤਰ੍ਹਾਂ ਪਾਲੀ ਭੁਪਿੰਦਰ ਸਿੰਘ ਦੇ ਜੀਵਨ ਤੇ ਰਚਨਾਵਾਂ ਬਾਰੇ ਵੀ ਕੁਝ ਵਿਸਥਾਰ ਵਿੱਚ ਲਿਖਣਾ ਚਾਹੀਦਾ ਸੀ। ਲੇਖਕਾ ਵੱਲੋਂ ਕੀਤੇ ਗਏ ਇਸ ਅਧਿਐਨ ਨੂੰ ਇਸ ਵਿਸ਼ੇਸ਼ ਵਿਸ਼ੇ ਦੇ ਪਾਠਕ ਤੇ ਜਗਿਆਸੂ ਜੀ ਆਇਆਂ ਕਹਿਣਗੇ, ਅਜਿਹਾ ਮੇਰਾ ਵਿਸ਼ਵਾਸ ਹੈ! 
Prof.Nav Sangeet Singh Writer


Previous Post Next Post

نموذج الاتصال