ਪੰਜਾਬ ਵਿਚ 'ਨਵੀਆਂ ਕਲਮਾਂ, ਨਵੀਂ ਉਡਾਣ' ਸਾਹਿਤਕ ਕਾਨਫਰੰਸ ਲਈ ਵਿਸ਼ਵ ਪੱਧਰ 'ਤੇ ਲਾਮਬੰਦੀ
ਰਾਜ ਭਰ ਤੋਂ ਹਜ਼ਾਰਾਂ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀ ਕਾਨਫਰੰਸ 'ਚ ਹੋਣਗੇ ਸ਼ਾਮਿਲ
ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਨੇ ਪੰਜਾਬ ਭਰ ਦੇ ਸਕੂਲਾਂ ਤੋਂ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਕਿਤਾਬਾਂ ਦਾ ਸਿੰਗਾਰ ਬਣਾ ਦਿੱਤਾ
ਸਰੀ,2 ਅਕਤੂਬਰ (The Hind Canadian Times) - ਪੰਜਾਬ ਵਿਚ 'ਨਵੀਆਂ ਕਲਮਾਂ, ਨਵੀਂ ਉਡਾਣ' ਦੇ ਨਾਂਅ ਹੇਠ ਨਵੰਬਰ ਮਹੀਨੇ 'ਚ ਹੋਣ ਵਾਲੀ ਰਾਜ ਪੱਧਰੀ ਕਾਨਫਰੰਸ ਪੰਜਾਬੀ ਦੇ ਬਾਲੜੇ ਲੇਖਕਾਂ ਨੂੰ ਜਿਥੇ ਇਕ ਵਿਸ਼ਾਲ ਮੰਚ ਦੇਵੇਗੀ, ਉਥੇ ਸਕੂਲੀ ਵਿਦਿਆਰਥੀਆਂ ਅੰਦਰ ਛੁਪੀ ਸਾਹਿਤਕ ਪ੍ਰਤਿਭਾ ਨੂੰ ਵੀ ਲੋਕਾਂ 'ਚ ਉਜਾਗਰ ਕਰੇਗੀ | ਅਕਾਲ ਕਾਲਜ ਆਫ਼ ਫਿਜੀਕਲ ਮਸਤੂਆਣਾ ਦੇ ਸੰਤ ਤੇਜਾ ਸਿੰਘ ਯਾਦਗਾਰੀ ਹਾਲ ਵਿਖੇ ਮਿਤੀ 16 ਤੇ 17 ਨਵੰਬਰ ਨੂੰ ਹੋਣ ਵਾਲੀ ਇਸ ਕਾਨਫਰੰਸ 'ਚ ਸਾਹਿਤਕ ਰੁਚੀਆਂ ਨਾਲ ਜੁੜੇ ਉਹ ਸਕੂਲੀ ਬੱਚੇ ਭਾਗ ਲੈਣਗੇ, ਜਿਨ੍ਹਾਂ ਦੀ ਪ੍ਰਤਿਭਾ ਨੂੰ ਲੱਭਣ ਲਈ, ਉਸ ਵਿਦੇਸ਼ੀ ਧਰਤੀ ਕੈਨੇਡਾ ਤੋਂ ਉਪਰਾਲੇ ਹੋ ਰਹੇ ਹਨ, ਜਿਥੇ ਜਾ ਕੇ ਬਹੁਗਿਣਤੀ ਲੋਕਾਂ ਨੇ ਮਾਂ ਬੋਲੀ ਨਾਲ ਜੁੜੀਆਂ ਸਾਹਿਤਕ ਰੁਚੀਆਂ ਤਾਂ ਛੱਡੋ, ਆਪਣੇ ਸੱਭਿਆਚਾਰ ਵੱਲ ਵੀ ਪਿੱਠ ਕਰ ਲਈ ਹੈ | ਅੰਗਰੇਜਾਂ ਦੇ ਸ਼ਹਿਰ ਸਰੀ 'ਚ ਸਥਾਪਤ ਪੰਜਾਬ ਭਵਨ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਦੀ ਅਗਵਾਈ 'ਚ ਇਸ ਟੀਮ ਦਾ ਉਪਰਾਲਾ ਸੁਣ ਕੇ ਹਰ ਪੰਜਾਬੀ ਤੇ ਸਰਕਾਰਾਂ ਵੀ ਹੈਰਾਨ ਹੋ ਜਾਣਗੀਆਂ ਕਿ ਜਦੋਂ ਨਵੀਂ ਪੀਡ਼ੀ 'ਚ ਲਿਖਣ ਤੇ ਪੜ੍ਹਨ ਦੀਆਂ ਰੁਚੀਆਂ ਮਰ ਜਾਣ ਜਾਂ ਕੰਪਿਊਟਰ ਦੇ ਕੀ ਬੋਰਡ ਜਾਂ ਟੱਚ ਸਕਰੀਨ ਮਹਿੰਗੇ ਮੋਬਾਇਲ ਫੋਨਾਂ 'ਤੇ ਹੀ ਜਵਾਨੀ ਦੇ ਉਂਗਲਾਂ ਚਲਾਉਣ ਦਾ ਦੋਸ਼ ਮੜ੍ਹਕੇ ਹਰ ਕੋਈ ਪੱਲਾ ਝਾੜ ਰਿਹਾ ਤੇ ਯਤਨਾਂ ਤੋਂ ਕਿਨਾਰਾ ਕਰ ਰਿਹਾ, ਉਸ ਸਮੇਂ ਪੰਜਾਬ ਭਵਨ ਕੈਨੇਡਾ ਦੀ ਟੀਮ ਪੰਜਾਬ ਦੇ ਸਕੂਲਾਂ 'ਚੋਂ ਹਜ਼ਾਰਾਂ ਸਾਹਿਤਕ ਰੁਚੀਆਂ ਵਾਲੀਆਂ ਕਲਮਾਂ ਨੂੰ ਉਡਾਣ ਦਿੱਤੀ ਹੈ , ਭਾਵ ਅਨੇਕਾਂ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਉਨ੍ਹਾਂ ਨੂੰ 'ਨਵੀਆਂ ਕਲਮਾਂ, ਨਵੀਂ ਉਡਾਣ' ਦੇ ਨਾਂਅ ਹੇਠ ਕਿਤਾਬਾਂ 'ਚ ਪਰੋਇਆ |